Doctors strike: ਕਲਕੱਤਾ ‘ਚ ਲੇਡੀ ਡਾਕਟਰ ਦੇ ਬਲਾਤਕਾਰ ਅਤੇ ਕਤਲ ਕਾਂਡ ਵਿਰੁੱਧ ਉਠਾਓ ਅਵਾਜ!

All Latest NewsGeneral NewsHealth NewsNews FlashPunjab NewsTop BreakingTOP STORIES

 

Doctors strike: ਪਿਛਲੇ ਦਿਨੀਂ ਕਲਕੱਤੇ ਸ਼ਹਿਰ ਦੇ ਨਿੱਜੀ ਹਸਪਤਾਲ ਵਿੱਚ ਇੱਕ 31 ਸਾਲਾ ਡਾਕਟਰ ਨਾਲ਼ ਬਲਾਤਕਾਰ ਤੇ ਕਤਲ ਦਾ ਘਿਣਾਉਣਾ ਮਾਮਲਾ ਸਾਹਮਣੇ ਆਇਆ, ਜਿਸ ਨੇ ਨਾ ਸਿਰਫ ਮੁੜ ਤੋਂ ਦੇਸ਼ ਵਿੱਚ ਔਰਤਾਂ ਦੀ ਅਸੁਰੱਖਿਅਤ ਹਾਲਤ ਨੂੰ ਲੈ ਕੇ ਚਰਚਾ ਛੇੜ ਦਿੱਤੀ ਹੈ ਸਗੋਂ ਲੋਟੂ ਸਰਕਾਰਾਂ ਦੇ ਔਰਤ ਵਿਰੋਧੀ ਕਿਰਦਾਰ ਨੂੰ ਨੰਗਿਆਂ ਕੀਤਾ ਹੈ।

8 ਅਗਸਤ ਦੀ ਰਾਤ ਕਲਕੱਤੇ ਦੇ ਇੱਕ ਨਿੱਜੀ ਹਸਪਤਾਲ ਆਰ.ਜੀ. ਕਾਰ ਹਸਪਤਾਲ ਵਿੱਚ ਪੀੜਤ ਡਾਕਟਰ ਰਾਤ ਨੂੰ ਆਪਣੇ ਸਹਿ-ਕਰਮੀਆਂ ਨਾਲ਼ ਖਾਣਾ ਖਾਣ ਤੋਂ ਬਾਅਦ ਕੁੱਝ ਦੇਰ ਅਰਾਮ ਕਰਨ ਲਈ ਸੈਮੀਨਾਰ ਹਾਲ ਵਿੱਚ ਚਲੀ ਗਈ ਸੀ।

ਜਿਕਰਯੋਗ ਹੈ ਕਿ ਪੀੜਤ ਬਾਕੀ ਜੂਨੀਅਰ ਡਾਕਟਰਾਂ ਵਾਂਗੂੰ ਲੰਬੀ ਡਿਊਟੀ ਉੱਤੇ ਸੀ ਅਤੇ ਉੱਪਰੋਂ ਹਸਪਤਾਲ ਵਿੱਚ ਡਾਕਟਰਾਂ ਲਈ ਕੋਈ ਅਰਾਮ ਕਮਰਾ ਨਾ ਹੋਣ ਕਾਰਨ ਸੈਮੀਨਾਰ ਹਾਲ ਵਿੱਚ ਹੀ ਕੁੱਝ ਸਮਾਂ ਅਰਾਮ ਕਰਨ ਲਈ ਸੌਂ ਗਈ ਸੀ।

ਸਵੇਰੇ ਸਫਾਈ ਦੌਰਾਨ ਉਸਦੀ ਅੱਧਨੰਗੀ ਤੇ ਖੂਨ ਨਾਲ਼ ਲੱਥਪੱਥ ਲਾਸ਼ ਮਿਲ਼ਣ ਮਗਰੋਂ ਘਿਣਾਉਣੀ ਵਾਰਦਾਤ ਦਾ ਪਤਾ ਚੱਲਿਆ। ਹਸਪਤਾਲ ਪ੍ਰਸ਼ਾਸਨ ਨੇ ਮਾਮਲੇ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਪਰ ਓਥੇ ਪੜ੍ਹਦੇ ਵਿਦਿਆਰਥੀਆਂ, ਡਾਕਟਰਾਂ ਤੇ ਮਗਰੋਂ ਕਲਕੱਤੇ ਭਰ ਦੇ ਵਿਦਿਆਰਥੀਆਂ ਦੇ ਸੜਕਾਂ ਉੱਤੇ ਆ ਗਏ। ਜਨਤਕ ਦਬਾਅ ਹੇਠ ਲਾਸ਼ ਦਾ ਪੋਸਟਮਾਰਟਮ ਕਰਵਾ ਜਾਂਚ ਕੀਤੀ ਗਈ।

ਇੱਕ ਦੋਸ਼ੀ ਸੰਜੇ ਰਾਏ ਨੂੰ ਫੜ੍ਹਿਆ ਗਿਆ ਹੈ ਜਿਹੜਾ ਕਲਕੱਤਾ ਪੁਲਸ ਨਾਲ਼ ਹੀ ਨਾਗਰਿਕ ਵਲੰਟੀਅਰ ਵਜੋਂ ਤੈਨਾਤ ਸੀ। ਮਮਤਾ ਸਰਕਾਰ ਦੀ “ਸੰਜੀਦਗੀ” ਦਾ ਆਲਮ ਇਹ ਹੈ ਕਿ ਭਾਵੇਂ ਦਬਾਅ ਵਿੱਚ ਆ ਕੇ ਕਾਲਜ ਦੇ ਪ੍ਰਿੰਸੀਪਲ ਸੰਦੀਪ ਘੋਸ਼ ਨੂੰ ਅਹੁਦੇ ਤੋਂ ਹਟਾ ਤਾਂ ਦਿੱਤਾ ਗਿਆ ਪਰ ਕੁੱਝ ਘੰਟਿਆਂ ਮਗਰੋਂ ਹੀ ਸਰਕਾਰ ਨੇ ਉਸ ਨੂੰ ਕਲਕੱਤਾ ਨੈਸ਼ਨਲ ਮੈਡੀਕਲ ਕਾਲਜ’ ਦਾ ਪ੍ਰਿੰਸੀਪਲ ਥਾਪ ਦਿੱਤਾ!

ਇਸ ਘਿਣਾਉਣੀ ਵਾਰਦਾਤ ਖਿਲਾਫ ਗੁੱਸਾ ਅੱਜ ਪੂਰੇ ਦੇਸ਼ ਵਿੱਚ ਫੈਲ ਗਿਆ ਹੈ ਤੇ ਵੱਖ-ਵੱਖ ਸ਼ਹਿਰਾਂ ਦੇ ਹਸਪਤਾਲਾਂ ਦੇ ਜੂਨੀਅਰ ਡਾਕਟਰ, ਵਿਦਿਆਰਥੀ ਆਦਿ ਇਨਸਾਫ ਲਈ ਮੰਗ ਕਰ ਰਹੇ ਹਨ। ਸਭਨਾਂ ਇਨਸਾਫਪਸੰਦ ਲੋਕਾਂ ਨੂੰ ਇਸ ਸੰਘਰਸ਼ ਵਿੱਚ ਸਾਥ ਦੇਣਾ ਚਾਹੀਦਾ ਹੈ। ਔਰਤ ਡਾਕਟਰਾਂ ਦੀ ਸੁਰੱਖਿਆ, ਡਾਕਟਰਾਂ ਲਈ ਆਰਾਮ ਘਰ, ਪੀੜਤ ਪਰਿਵਾਰ ਨੂੰ ਮੁਆਵਜਾ ਜਿਹੀਆਂ ਮੰਗਾਂ ਤੁਰੰਤ ਪੂਰੀਆਂ ਹੋਣੀਆਂ ਚਾਹੀਦੀਆਂ ਹਨ।

ਕਲਕੱਤਾ ਬਲਾਤਕਾਰ ਤੇ ਕਤਲ ਕਾਂਡ ਉੱਤੇ ਵਿਰੋਧੀ ਧਿਰਾਂ, ਖਾਸਕਰ ਭਾਜਪਾ, ਬੰਗਾਲ ਵਿੱਚ ਸਿਆਸਤ ਕਰ ਰਹੀਆਂ ਹਨ ਪਰ ਸੱਚਾਈ ਇਹ ਹੈ ਕਿ ਸਭੇ ਲੋਟੂ ਪਾਰਟੀਆਂ ਬਲਾਤਕਾਰੀਆਂ ਨੂੰ ਸ਼ਹਿ ਤੇ ਸੁਰੱਖਿਆ ਦਿੰਦੀਆਂ ਹਨ।

ਇਸ ਦੇ ਨਾਲ਼ ਹੀ ਬਲਾਤਕਾਰ ਨੂੰ ਨਾ ਸਿਰਫ ਘਟੀਆ-ਲੋਟੂ ਸਿਆਸਤ ਦੇ ਹਥਿਆਰ ਵਜੋਂ ਵਰਤਿਆ ਜਾਂਦਾ ਹੈ ਜਿਵੇਂ ਕਿ ਚੁਰਾਸੀ ਦਾ ਸਿੱਖ ਕਤਲੇਆਮ ਜਾਂ 2002 ਦਾ ਗੁਜਰਾਤ ਮੁਸਲਮਾਨ ਕਤਲੇਆਮ, ਕਸ਼ਮੀਰ, ਉੱਤਰ ਪੂਰਬ ਆਦਿ ਸਗੋਂ ਕਠੂਆ, ਉਨਾਓ, ਬ੍ਰਿਜ ਭੂਸ਼ਣ ਜਿਹੇ ਮਾਮਲੇ ਦਿਖਾਉਂਦੇ ਹਨ ਕਿ ਬਲਾਤਕਾਰ ਦੀਆਂ ਵਿਅਕਤੀਗਤ ਘਟਨਾਵਾਂ ਵਿੱਚ ਵੀ ਸਰਕਾਰ ਦੋਸ਼ੀਆਂ ਨੂੰ ਹਰ ਹਾਲ ਬਚਾਉਣ ਤੱਕ ਜਾਂਦੀ ਹੈ। ਇਸ ਤੋਂ ਬਿਨਾਂ ਵੱਖ-ਵੱਖ ਹਾਕਮ ਪਾਰਟੀਆਂ ਦੇ ਲੀਡਰ ਸਟੇਜਾਂ ਉੱਤੋਂ ਔਰਤਾਂ ਖਿਲਾਫ ਬੇਹੱਦ ਘਟੀਆ ਬਿਆਨ ਦਾਗਦੇ ਰਹਿੰਦੇ ਹਨ ਪਰ ਉਹਨਾਂ ਉੱਤੇ ਕੋਈ ਕਾਰਵਾਈ ਨਹੀਂ ਹੁੰਦੀ।

ਇਸ ਦੇ ਨਾਲ਼ ਹੀ ਇਸ ਪੂਰੇ ਮਸਲੇ ਨੂੰ ਔਰਤਾਂ ਖਿਲਾਫ ਹੁੰਦੇ ਅਪਰਾਧਾਂ ਤੇ ਔਰਤਾਂ ਦੀ ਮੁਕਤੀ ਦੇ ਵਡੇਰੇ ਸਵਾਲ ਨਾਲ਼ ਜੋੜਕੇ ਸਮਝਣ ਦੀ ਵੀ ਲੋੜ ਹੈ। ਅਸਲ ਵਿੱਚ ਇਹ ਪੂਰਾ ਸਰਮਾਏਦਾਰਾ ਢਾਂਚਾ ਹੀ ਔਰਤ ਵਿਰੋਧੀ ਹੈ ਜਿੱਥੇ ਔਰਤ ਦੀ ਸਥਿਤੀ ਦੋਮ ਦਰਜੇ ਦੀ ਹੈ।

ਇਹ ਢਾਂਚਾ ਇੱਕ ਪਾਸੇ ਤਾਂ ਔਰਤ ਨੂੰ ਦਬਾਉਣ ਵਾਲ਼ੀ ਜਗੀਰੂ ਮਾਨਸਿਕਤਾ ਨੂੰ ਵੀ ਹੱਲਾਸ਼ੇਰੀ ਦਿੰਦਾ ਹੈ ਤੇ ਦੂਜੇ ਪਾਸੇ ਆਪਣੀ ਮੰਡੀ ਲਈ ਔਰਤ ਦੇ ਜਿਸਮ ਨੂੰ ਨੁਮਾਇਸ਼ ਵਜੋਂ ਵਰਤਦਾ ਹੈ। ਇਸ ਲਈ ਔਰਤਾਂ ਦੇ ਇਨਸਾਫ ਦੀ ਲੜਾਈ ਨੂੰ ਇਸ ਲੋਟੂ ਸਰਮਾਏਦਾਰਾ ਪ੍ਰਬੰਧ ਦੇ ਔਰਤ ਵਿਰੋਧੀ ਖਾਸੇ ਵੱਲ ਵੀ ਸੇਧਿਤ ਕਰਨਾ ਪਵੇਗਾ ਕਿਉਂਜੋ ਇਸ ਢਾਂਚੇ ਨੂੰ ਉਖਾੜੇ ਬਿਨਾਂ ਔਰਤਾਂ ਖਿਲਾਫ ਅਪਰਾਧਾਂ ਨੂੰ ਖਤਮ ਨਹੀਂ ਕੀਤਾ ਜਾ ਸਕਦਾ।

 

Media PBN Staff

Media PBN Staff

Leave a Reply

Your email address will not be published. Required fields are marked *