ਕਲਕੱਤਾ ਮੈਡੀਕਲ ਕਾਲਜ ਦੀ ਡਾਕਟਰ ਦੇ ਸਮੂਹਕ ਬਲਾਤਕਾਰ ਅਤੇ ਹੱਤਿਆਰੇ ਦੋਸ਼ੀਆਂ ਨੂੰ ਸਖਤ ਸਜ਼ਾਵਾਂ ਦੇਣ ਦੀ ਮੰਗ
ਡਾਕਟਰਾਂ ਦੇ ਵਿਰੋਧ ਪ੍ਰਦਰਸ਼ਨ ਉਪਰ ਹਮਲਾ ਕਰਨ ਵਾਲੇ ਗੁੰਡੇ ਅਨਸਰਾਂ ਦੀ ਪੁਸ਼ਤਪਨਾਹੀ ਬੰਦ ਕੀਤੀ ਜਾਵੇ, ਡਾਕਟਰਾਂ ਵਲੋਂ ਕੀਤੇ ਜਾ ਰਹੇ ਸੰਘਰਸ਼ ਨਾਲ ਇਕਮੁੱਠਤਾ ਦਾ ਪ੍ਰਗਟਾਵਾ
ਦਲਜੀਤ ਕੌਰ, ਸੰਗਰੂਰ
ਅੱਜ ਸੰਗਰੂਰ ਜ਼ਿਲ੍ਹੇ ਦੀਆਂ ਵੱਖ-ਵੱਖ ਜਨਤਕ ਜਮਹੂਰੀ ਜਥੇਬੰਦੀਆਂ ਦੇ ਆਗੂਆਂ ਨੇ ਬਰਨਾਲਾ ਕੈਂਚੀਆਂ ਸੰਗਰੂਰ ਵਿਖੇ ਇਕੱਠੇ ਹੋ ਕੇ ਕਲਕੱਤਾ ਦੇ ਆਰ ਜੀ ਕਰ ਮੈਡੀਕਲ ਕਾਲਜ ਵਿੱਚ ਇੱਕ ਮਹਿਲਾ ਰੈਜੀਡੈਂਟ ਡਾਕਟਰ ਨਾਲ ਡਿਊਟੀ ਸਮੇਂ ਕੀਤੇ ਸਮੂਹਿਕ ਬਲਾਤਕਾਰ ਅਤੇ ਕਤਲ ਦੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਅਤੇ ਇਸ ਘਟਨਾ ਖ਼ਿਲਾਫ਼ ਲੜੇ ਜਾ ਰਹੇ ਸੰਘਰਸ਼ ਨਾਲ ਇਕਮੁੱਠਤਾ ਦਾ ਪ੍ਰਗਟਾਵਾ ਕੀਤਾ।
ਜਥੇਬੰਦੀਆਂ ਦੇ ਆਗੂਆਂ ਨੇ ਕਲਕੱਤਾ ਮੈਡੀਕਲ ਕਾਲਜ ਵਿੱਚ ਇਸ ਘਟਨਾ ਦੇ ਵਿਰੋਧ ਵਿੱਚ ਪ੍ਰਦਰਸ਼ਨ ਕਰ ਰਹੇ ਜੂਨੀਅਰ ਡਾਕਟਰਾਂ ਉੱਤੇ 14-15 ਅਗਸਤ ਦੀ ਅੱਧੀ ਰਾਤ ਨੂੰ ਗੁੰਡਾ ਅਨਸਰਾਂ ਵੱਲੋਂ ਹਸਪਤਾਲ ਵਿੱਚ ਦਾਖ਼ਲ ਹੋਕੇ ਡਾਕਟਰਾਂ ਦੀ ਕੁੱਟ ਮਾਰ ਕਰਨ ਅਤੇ ਹਸਪਤਾਲ ਦੀ ਭੰਨਤੋੜ ਕਰਕੇ ਡਾਕਟਰਾਂ ਨੂੰ ਦਹਿਸ਼ਤਜਦਾ ਕਰਨ ਦੀ ਕਾਰਵਾਈ ਦਾ ਗੰਭੀਰ ਨੋਟਿਸ ਲੈਂਦਿਆਂ ਕਿਹਾ ਕਿ 9 ਅਗਸਤ ਦੀ ਰਾਤ ਨੂੰ ਕਲਕੱਤੇ ਦੇ ਆਰਜੀ ਕਰ ਮੈਡੀਕਲ ਕਾਲਜ ਤੇ ਹਸਪਤਾਲ ਵਿੱਚ ਇੱਕ ਡਾਕਟਰ ਜੋ ਲਗਾਤਾਰ 36 ਘੰਟੇ ਦੀ ਡਿਊਟੀ ਦੌਰਾਨ ਹਸਪਤਾਲ ਅੰਦਰਲੇ ਸੈਮੀਨਾਰ ਰੂਮ ਵਿੱਚ ਆਰਾਮ ਕਰ ਰਹੀ ਸੀ, ਨਾਲ ਵਹਿਸ਼ੀਆਨਾ ਢੰਗ ਨਾਲ ਨਾ ਸਿਰਫ ਸਮੂਹਿਕ ਬਲਾਤਕਾਰ ਕੀਤਾ ਗਿਆ।
ਸਗੋਂ ਅੰਤਾਂ ਦੀ ਬੇਰਹਿਮੀ ਨਾਲ ਉਸਦਾ ਕਤਲ ਵੀ ਕਰ ਦਿੱਤਾ ਗਿਆ। ਕਾਲਜ ਪ੍ਰਸਾਸ਼ਨ ਨੇ ਪਹਿਲਾਂ ਇਸਨੂੰ ਆਤਮਹੱਤਿਆ ਦਾ ਮਾਮਲਾ ਕਹਿਕੇ ਦਬਾਉਣ ਦੀ ਕੋਸ਼ਿਸ਼ ਕੀਤੀ ਪਰ ਜਦੋਂ ਮੈਡੀਕਲ ਜਾਂਚ ਵਿੱਚ ਬਲਾਤਕਾਰ ਤੇ ਨਿਰਦਈ ਵਹਿਸ਼ੀਪੁਣੇ ਨਾਲ ਕੀਤੇ ਕਤਲ ਦੇ ਤੱਥ ਸਾਹਮਣੇ ਆਏ ਤਾਂ ਸੰਜੇ ਰਾਏ ਨਾਮ ਦੇ ਦੋਸ਼ੀ ਜੋ ਪੁਲੀਸ ਦਾ ਵਲੰਟੀਅਰ ਦੱਸਿਆ ਜਾ ਰਿਹਾ ਹੈ, ਨੂੰ ਗ੍ਰਿਫ਼ਤਾਰ ਕਰਕੇ ਮਾਮਲਾ ਟਾਲਣ ਦੀ ਕੋਸ਼ਿਸ਼ ਕੀਤੀ ਗਈ।
ਜਦੋਂ ਇਸ ਮਾਮਲੇ ਨੇ ਦੇਸ਼ ਭਰ ਦੇ ਮੈਡੀਕਲ ਕਾਲਜਾਂ ਤੇ ਹਸਪਤਾਲਾਂ ਵਿੱਚ ਰਾਤ ਦੀ ਡਿਊਟੀ ਸਮੇਂ ਔਰਤ ਡਾਕਟਰਾਂ ਅਤੇ ਨਰਸਾਂ ਤੇ ਸਿਹਤ ਕਰਮਚਾਰੀਆਂ ਦੀ ਸੁਰੱਖਿਆ ਦੇ ਮਾਮਲੇ ਨੂੰ ਲੈ ਕੇ ਆਵਾਜ਼ ਉਠਾਈ ਅਤੇ ਇਸ ਘਿਣਾਉਣੇ ਕਾਂਡ ਵਿੱਚ ਸ਼ਾਮਲ ਹੋਰ ਦੋਸ਼ੀਆਂ ਦੀ ਪਹਿਚਾਣ ਕਰਨ ਤੇ ਗ੍ਰਿਫ਼ਤਾਰ ਕਰਨ ਦੀ ਮੰਗ ਕੀਤੀ ਤਾਂ ਸਰਕਾਰ ਵੱਲੋਂ ਹੜਤਾਲੀ ਡਾਕਟਰਾਂ ਨੂੰ ਸੁਪਰੀਮ ਕੋਰਟ ਦੇ ਫੈਸਲਿਆਂ ਨੂੰ ਅਧਾਰ ਬਣਾ ਕੇ ਉਨ੍ਹਾਂ ਖਿਲਾਫ ਕਾਰਵਾਈ ਕਰਨ ਦੀਆਂ ਧਮਕੀਆਂ ਦੇ ਕੇ ਹੜਤਾਲ ਨੂੰ ਖ਼ਤਮ ਕਰਨ ਲਈ ਕਿਹਾ ਅਤੇ ਇਸ ਕਾਲਜ ਦੇ ਪ੍ਰਿੰਸੀਪਲ ਨੂੰ ਕਿਸੇ ਦੂਸਰੇ ਕਾਲਜ ਵਿੱਚ ਬਦਲ ਕੇ ਵੀ ਉਸ ਸਚਾਈ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਹੈ।
ਆਰਜੀ ਕਰ ਕਾਲਜ ਵਿੱਚ ਹਿੰਸਕ ਹਜ਼ੂਮ ਨੇ ਅੱਧੀ ਰਾਤ ਦਾਖ਼ਲ ਹੋ ਕਾਲਜ ਦੇ ਡਾਕਟਰ, ਨਰਸਾਂ ਅਤੇ ਔਰਤ ਕਰਮਚਾਰੀਆਂ ਦੀ ਕੁਟਮਾਰ ਕੀਤੀ ਅਤੇ ਕਾਲਜ ਦੇ ਐਮਰਜੈਂਸੀ ਵਾਰਡ, ਗਾਇਨੀ, ਈ ਐਨ ਟੀ ਵਾਰਡ ਦੀ ਭੰਨ ਤੋੜ ਕੀਤੀ, ਡਾਕਟਰਾਂ, ਕਰਮਚਾਰੀਆਂ ਮਰੀਜਾਂ ਤੇ ਮਰੀਜਾਂ ਦੇ ਰਿਸ਼ਤੇਦਾਰਾਂ ਨੂੰ ਵੀ ਕੁੱਟਿਆ ਤੇ ਇਸ ਅੰਦਰਲੇ ਸਮਾਨ ਨੂੰ ਭੰਨਿਆ ਤੋੜਿਆ। ਇਸ ਹਿੰਸਕ ਭੀੜ ਨੇ ਘਟਨਾ ਵਾਲੇ ਸੈਮੀਨਾਰ ਰੂਮ ਦੀ ਭੰਨ ਤੋੜ ਕੀਤੀ, ਕਾਰਾਂ ਤੇ ਗੱਡੀਆਂ ਨੂੰ ਨੁਕਸਾਨ ਪਹੁੰਚਾਇਆ, ਨਰਸਾਂ ਨੂੰ ਬਲਾਤਕਾਰ ਦੀਆਂ ਧਮਕੀਆਂ ਦਿੱਤੀਆਂ, ਜਦੋਂ ਕਿ ਪੁਲਸ ਮੂਕ ਦਰਸ਼ਕ ਬਣੀ ਰਹੀ।
ਅਜਿਹੀ ਹੀ ਇੱਕ ਘਟਨਾ ਵਿੱਚ ਉਤਰਾ ਖੰਡ ਦੇ ਉਧਮ ਸਿੰਘ ਨਗਰ ਦੇ ਰੁਦਰਪੁਰ ਵਿੱਚ ਇੱਕ ਪ੍ਰਾਈਵੇਟ ਹਸਪਤਾਲ ਵਿੱਚ ਕੰਮ ਕਰਦੀ, ਡਿਊਟੀ ਦੇ ਕੇ ਆਪਣੇ ਘਰ ਜਾ ਰਹੀ ਨਰਸ ਦੀ ਕੁੱਟ ਮਾਰ ਕਰਕੇ ਸਕਾਰਫ ਨਾਲ ਗਲਾ ਘੁੱਟਣ ਪਿੱਛੋਂ ਉਸ ਨਾਲ ਦੋਸ਼ੀ ਵੱਲੋਂ ਬਲਾਤਕਾਰ ਕੀਤਾ ਗਿਆ। ਬਿਹਾਰ ਦੇ ਮੁਜ਼ੱਫਰਪੁਰ ਵਿੱਚ ਇੱਕ ਨਾਬਾਲਗ ਵਿਦਿਆਰਥਣ ਨੂੰ ਘਰਦਿਆਂ ਤੋਂ ਖੋਹ ਕੇ ਉਸ ਨਾਲ ਸਮਹੂਕ ਬਲਾਤਕਾਰ ਕੀਤਾ ਗਿਆ ਅਤੇ ਹੈਵਾਨੀਅਤ ਨਾਲ ਉਸ ਦੀਆਂ ਛਾਤੀਆਂ ਕੱਟ ਕੇ ਹੱਤਿਆ ਕਰ ਦਿੱਤੀ ਗਈ ਹੈ।
ਇਸ ਤਰ੍ਹਾਂ ਦੇਸ਼ ਭਰ ਵਿੱਚ ਕੰਮ ਕਾਜੀ ਔਰਤਾਂ ਨੂੰ ਆਪਣੀ ਸੁਰੱਖਿਆ ਵਿਸ਼ੇਸ਼ ਕਰਕੇ ਰਾਤ ਦੀ ਡਿਉਟੀ ਸਮੇਂ ਸੁਰੱਖਿਆ ਨੂੰ ਲੈਕੇ ਡਰ ਵਾਲਾ ਮਹੌਲ ਪੈਦਾ ਹੋ ਗਿਆ ਹੈ। ਆਗੂਆਂ ਨੇ ਘਟਨਾ ਪਿੱਛੋਂ ਵੱਖ ਵੱਖ ਰਾਜਸੀ ਪਾਰਟੀਆਂ ਵੱਲੋਂ ਕੀਤੀ ਜਾ ਰਹੀ ਬਿਆਨ ਬਾਜੀ ਦਾ ਸਖ਼ਤ ਨੋਟਿਸ ਲੈਂਦਿਆਂ ਕਿਹਾ ਕਿ ਰਾਜਸੀ ਪਾਰਟੀਆਂ ਸਮੱਸਿਆ ਦੇ ਹੱਲ ਲੱਭਣ ਦੀ ਥਾਂ ਰਾਜਸੀ ਖੇਡ ਖੇਡਣ ਵਿੱਚ ਲੱਗੀਆਂ ਹੋਈਆਂ ਹਨ। ਉਹਨਾਂ ਮੰਗ ਕੀਤੀ ਕਿ ਕੰਮਕਾਜੀ ਔਰਤਾਂ ਦੀ ਹਰ ਅਦਾਰੇ ਵਿੱਚ ਸਰੱਖਿਆ ਯਕੀਨੀ ਬਣਾਈ ਜਾਵੇ, ਹਸਪਤਾਲਾਂ ਵਿੱਚ ਸੁਰੱਖਿਆ ਲਈ ਲੋੜੀਂਦੇ ਕਦਮ ਚੁੱਕੇ ਜਾਣ, ਦੋਸ਼ੀਆਂ ਨੂੰ ਪਾਰਦਰਸ਼ੀ ਢੰਗ ਨਾਲ ਚਿੰਨਤ ਕਰਕੇ ਉਨ੍ਹਾਂ ਉੱਤੇ ਸਖ਼ਤ ਧਾਰਾਵਾਂ ਤਹਿਤ ਕੇਸ ਦਰਜ ਕਰਦਿਆਂ ਸਖ਼ਤ ਸਜ਼ਾਵਾਂ ਦਿੱਤੀਆਂ ਜਾਣ।
ਇਸ ਸਮੇਂ ਜਮਹੂਰੀ ਅਧਿਕਾਰ ਸਭਾ ਦੇ ਜ਼ਿਲ੍ਹਾ ਪ੍ਰਧਾਨ ਜਗਜੀਤ ਸਿੰਘ ਭੁਟਾਲ, ਸਕੱਤਰ ਕੁਲਦੀਪ ਸਿੰਘ, ਸੂਬਾ ਆਗੂ ਸਵਰਨਜੀਤ ਸਿੰਘ, ਤਰਕਸ਼ੀਲ ਸੁਸਾਇਟੀ ਦੇ ਆਗੂ ਮਾਸਟਰ ਪਰਮ ਵੇਦ ਅਤੇ ਸੀਤਾਰਾਮ, ਖੇਤੀਬਾੜੀ ਅਤੇ ਕਿਸਾਨ ਵਿਕਾਸ ਫਰੰਟ ਦੇ ਪ੍ਰਧਾਨ ਮਹਿੰਦਰ ਸਿੰਘ ਭੱਠਲ, ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਆਗੂ ਮਹਿੰਦਰ ਸਿੰਘ, ਕਿਰਤੀ ਕਿਸਾਨ ਯੂਨੀਅਨ ਦੇ ਯੂਥ ਵਿੰਗ ਦੇ ਪ੍ਰਧਾਨ ਭੁਪਿੰਦਰ ਸਿੰਘ ਲੌਂਗੋਵਾਲ, ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਦੇ ਪ੍ਰਧਾਨ ਸੰਜੀਵ ਮਿੰਟੂ, ਡੀ ਟੀ ਐੱਫ਼ ਦੇ ਜ਼ਿਲ੍ਹਾ ਪ੍ਰਧਾਨ ਦਾਤਾ ਸਿੰਘ, ਅਦਾਰਾ ਤਰਕਸ਼ ਵਲੋਂ ਇੰਨਜਿੰਦਰ, ਪੀਐਸਯੂ ਦੇ ਆਗੂ ਸੁਖਦੀਪ ਹਥਨ, ਡੈਮੋਕ੍ਰੇਟਿਕ ਮੁਲਾਜ਼ਮ ਫੈਡਰੇਸ਼ਨ ਦੇ ਆਗੂ ਬਬਨ ਪਾਲ, ਪੈਰਾ ਮੈਡੀਕਲ ਅਤੇ ਸਿਹਤ ਕਰਮਚਾਰੀ ਫਰੰਟ ਦੇ ਆਗੂ ਚੰਦ ਸਿੰਘ ਧੂਰੀ, ਏ ਐਨ ਐਮ ਤੇ ਐਲ ਐਚ ਵੀ ਯੂਨੀਅਨ ਦੀ ਪ੍ਰਧਾਨ ਸੁਸ਼ਮਾ ਅਰੋੜਾ, ਨਰਸਿੰਗ ਐਸੋਸੀਏਸ਼ਨ ਦੀ ਆਗੂ ਯੋਗਿਤਾ, ਕੇਂਦਰੀ ਪੰਜਾਬੀ ਲੇਖਕ ਸਭਾ ਸ਼ੇਖੋਂ ਦੇ ਆਗੂ ਭਗਵੰਤ ਸਿੰਘ, ਮਜ਼ਦੂਰ ਮੁਕਤੀ ਮੋਰਚਾ ਦੇ ਆਗੂ ਘੁਮੰਡ ਸਿੰਘ, ਏਟਕ ਦੇ ਸੂਬਾ ਆਗੂ ਸੁਖਦੇਵ ਸ਼ਰਮਾ, ਆਈ ਡੀ ਪੀ ਦੇ ਸੂਬਾ ਆਗੂ ਫਲਜੀਤ ਸਿੰਘ, ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਦੇ ਸੂਬਾ ਆਗੂ ਪ੍ਰਗਟ ਸਿੰਘ ਕਾਲਾਝਾੜ, ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਆਗੂ ਬਿਕਰ ਸਿੰਘ ਹਥੋਆ ਆਦਿ ਸ਼ਾਮਲ ਸਨ।