ਪਰਮਿੰਦਰ ਸੋਢੀ ਦੂਜੇ ਭੂਸ਼ਨ ਧਿਆਨਪੁਰੀ ਵਾਰਤਕ ਅਵਾਰਡ ਨਾਲ ਸਨਮਾਨਿਤ
ਪੰਜਾਬ ਨੈੱਟਵਰਕ, ਪਟਿਆਲਾ-
ਸਵਪਨ ਫਾਊਂਡੇਸ਼ਨ ਪਟਿਆਲਾ(ਰਜਿ.) ਵੱਲੋਂ ਟੀ. ਐਸ. ਸੈਂਟਰਲ ਸਟੇਟ ਲਾਇਬ੍ਰੇਰੀ, ਚੰਡੀਗੜ੍ਹ ਵਿਖੇ ਦੂਜਾ ਭੂਸ਼ਨ ਧਿਆਨਪੁਰੀ ਯਾਦਗਾਰੀ ਸਨਮਾਨ ਸਮਾਗਮ ਤੇ ਕਵੀ ਦਰਬਾਰ ਕਰਵਾਇਆ ਗਿਆ। ਸਭ ਤੋਂ ਪਹਿਲਾਂ ਸਵਪਨ ਫਾਊਂਡੇਸ਼ਨ ਦੇ ਪ੍ਰਧਾਨ ਡਾ. ਕੁਲਪਿੰਦਰ ਸ਼ਰਮਾ ਨੇ ਆਏ ਮਹਿਮਾਨਾ ਦਾ ਸੁਆਗਤ ਕੀਤਾ। ਇਸ ਤੋਂ ਬਾਅਦ ਨੌਜਵਾਨ ਆਲੋਚਕ ਡਾ. ਤੇਜਿੰਦਰ ਨੇ ਅੱਜ ਦੀ ਸਨਮਾਨਿਤ ਸਖ਼ਸ਼ੀਅਤ ਉੱਘੇ ਵਾਰਤਕਕਾਰ ਤੇ ਕਵੀ ਪਰਮਿੰਦਰ ਸੋਢੀ ਬਾਰੇ ਬੋਲਦਿਆਂ ਕਿਹਾ ਕਿ ਪਰਮਿੰਦਰ ਸੋਢੀ ਦੇ ਲੇਖਨ ਨੇ ਪੰਜਾਬੀ ਨੂੰ ਬਹੁਤ ਪਾਠਕ ਦਿੱਤੇ; ਇਹਨਾਂ ਦੀ ਵਾਰਤਕ ਮਨੁੱਖ ਬਣਨ ਦਾ ਸੰਦੇਸ਼ ਦਿੰਦੀ ਹੈ।
ਇਸ ਤੋਂ ਬਾਅਦ ਪਰਮਿੰਦਰ ਸੋਢੀ ਹੋਰਾਂ ਦਾ ਭੂਸ਼ਨ ਧਿਆਨਪੁਰੀ ਵਾਰਤਕ ਅਵਾਰਡ ਨਾਲ਼ ਸਨਮਾਨ ਕੀਤ ਗਿਆ। ਪ੍ਰਧਾਨਗੀ ਮੰਡਲ ਵਿੱਚੋਂ ਸਭ ਤੋੱ ਪਹਿਲਾਂ ਉੱਘੇ ਆਲੋਚਕ ਡਾ. ਰੌਣਕੀ ਰਾਮ ਨੇ ਬੋਲਦਿਆਂ ਕਿਹਾ ਕਿ ਸੋਢੀ ਦੀ ਵਾਰਤਕ ਨੂੰ ਤੁਸੀਂ ਮਾਣਨ ਦੇ ਨਾਲ ਨਾਲ ਸਿੱਖਿਆ ਵੀ ਗ੍ਰਹਿਣ ਕਰਦੇ ਹੋ। ਇਸ ਉਪਰੰਤ ਉੱਘੇ ਲੇਖਕ ਜੰਗ ਬਹਾਦੁਰ ਗੋਇਲ ਨੇ ਕਿਹਾ ਕਿ ਉਹ ਪਰਮਿੰਦਰ ਸੋਢੀ ਨੂੰ ਇਕ ਕਵੀ ਵਜੋਂ ਜਾਣਦੇ ਹਨ, ਪਰ ਹੁਣ ਉਹਨਾਂ ਦੀ ਵਾਰਤਕ ਪੜ੍ਹ ਕੇ ਉਹਨਾਂ ਦੇ ਮੁਰੀਦ ਹੋ ਗਏ ਹਨ। ਪ੍ਰੋ ਸੁਰਜੀਤ ਜੱਜ ਨੇ ਸੋਢੀ ਹੋਰਾਂ ਦੇ ਲਿਖਤਾਂ ਦੀ ਸੀਮਾ ਬਾਰੇ ਦੱਸਿਆ।
ਇਸ ਅਵਾਰਡ ਲਈ ਧੰਨ ਰਾਸ਼ੀ ਜੁਟਾਉਣ ਵਾਲ਼ੇ ਉੱਘੇ ਕਹਾਣੀਕਾਰ ਬਲੀਜੀਤ ਨੇ ਭੂਸ਼ਨ ਧਿਆਨਪੁਰੀ ਦੇ ਸਾਹਿਤ ਵਿਚ ਪਾਏ ਯੋਗਦਾਨ ਬਾਰੇ ਮਹੱਤਵਪੂਰਨ ਗੱਲਾਂ ਕੀਤੀਆਂ।ਇਸ ਉਪਰੰਤ ਸਨਮਾਨਿਤ ਸਖ਼ਸ਼ੀਅਤ ਪਰਮਿੰਦਰ ਸੋਢੀ ਨੇ ਆਪਣੇ ਲੇਖਨ ਸਫ਼ਰ ਬਾਰੇ ਗੱਲਾਂ ਕੀਤੀਆਂ ਤੇ ਕਿਹਾ ਕਿ ਇਹ ਸਨਮਾਨ ਲੈ ਕੇ ਉਹ ਆਪਣੇ ਆਪ ਨੂੰ ਵੱਢਭਾਗਾ ਸਮਸਝਦੇ ਨੇ। ਪ੍ਰਧਾਨਗੀ ਭਾਸ਼ਨ ਵਿਚ ਡਾ. ਮਨਮੋਹਨ ਨੇ ਕਿਹਾ ਕਿ ਸੋਢੀ ਹੋਰਾਂ ਨੇ ਪੰਜ ਹਜ਼ਾਰ ਪੁਰਾਣਾ ਭਾਰਤੀ ਗਿਆਨ ਲੈ ਕੇ ਉਸ ਦੀ ਰੌਸ਼ਨੀ ਵਿਚ ਜਾਪਾਨ ਵਿਚ ਰਹਿ ਕੇ ਮਹੱਤਵਪੂਰਨ ਲਿਖਤਾਂ ਨਾਲ ਯੋਗਦਾਨ ਪਾਇਆ।
ਦੂਸਰੇ ਸੈਸ਼ਨ ਵਿਚ ਕਵੀ ਦਰਬਾਰ ਕਰਵਾਇਆ ਗਿਆ। ਇਸ ਕਵੀ ਦਰਬਾਰ ਵਿਚ ਮਨਜੀਤ ਪੁਰੀ, ਡਾ. ਸੰਦੀਪ ਸ਼ਰਮਾ, ਰਣਧੀਰ, ਅਰਜਪ੍ਰੀਤ, ਗਗਨਦੀਪ ਸਿੰਘ, ਸਤਪਾਲ ਭੀਖੀ, ਗੁਰਪ੍ਰੀਤ ਨੇ ਆਪਣੀਆਂ ਰਚਨਾਵਾਂ ਨਾਲ਼ ਸਰੋਤਿਆਂ ਨੂੰ ਕੀਲ ਲਿਆ। ਇਸ ਕਵੀ ਦਰਬਾਰ ਦੇ ਪ੍ਰਧਾਨਗੀ ਮੰਡਲ ਵਿਚ ਗੁਰਪ੍ਰੀਤ, ਸੁਭਾਸ਼ ਭਾਸਕਰ, ਹਰਵਿੰਦਰ,ਉੱਘੇ ਨਾਟਕਕਾਰ ਡਾ. ਸਾਹਿਬ ਨੇ ਸ਼ਮੂਲੀਅਤ ਕੀਤੀ। ਇਸ ਸਾਰੇ ਸਮਾਗਮ ਦਾ ਸੰਚਾਲਨ ਸ਼ਾਇਰ ਤੇ ਵਾਰਤਕਕਾਰ ਤੇ ਸੰਸਥਾ ਦੇ ਜਨਰਲ ਸਕੱਤਰ ਜਗਦੀਪ ਸਿੱਧੂ ਨੇ ਬਾਖੂਬੀ ਨਿਭਾਇਆ। ਇਸ ਸਮਾਗਮ ਵਿਚ ਗੁਰਪ੍ਰੀਤ ਡੈਣੀ, ਵਰਿੰਦਰ ਸਿੰਘ, ਭੁਪਿੰਦਰ ਮਲਿਕ, ਪੂਨਮ ਸਿੰਘ, ਪਾਲ ਅਜਨਬੀ, ਸੰਜੀਬ ਸੈਣੀ, ਸ਼ਾਇਰ ਭੱਟੀ, ਸੁਖਵਿੰਦਰ ਸਿੱਧੂ, ਧਿਆਨ ਸਿੰਘ ਕਾਹਲੋਂ, ਸਰਦਾਰਾ ਸਿੰਘ ਚੀਮਾ, ਹਜ਼ਾਰਾ ਸਿੰਘ ਚੀਮਾ, ਵਿਸ਼ਾਲ ਬਿਆਸ, ਡਾ. ਵਿਕਰਮਜੀਤ ਹਾਜ਼ਰ ਸਨ।