ਪੰਜਾਬ ਕਿਸਾਨ ਯੂਨੀਅਨ ਵੱਲੋਂ 26 ਅਗਸਤ ਨੂੰ ਡੱਬਵਾਲੀ ਸੋਲਸ ਟਰੈਕਟਰ ਏਜੰਸੀ ਅੱਗੇ ਦਿੱਤਾ ਜਾਵੇਗਾ ਧਰਨਾ
ਪੰਜਾਬ ਨੈੱਟਵਰਕ, ਮਾਨਸਾ-
ਪਿਛਲੇ ਦੋ ਸਾਲ ਤੋਂ ਪਿੰਡ ਅਕਲੀਆ ਤਲਵੰਡੀ ਦੇ ਕਿਸਾਨ ਦਾ ਟਰੈਕਟਰ ਦੀ ਕਾਪੀ ਬਣਾਉਣ ਨੂੰ ਲੈ ਕੇ ਏਜੰਸੀ ਨਾਲ ਉਲਝਿਆ ਮਸਲਾ ਅੰਤ ਸੰਘਰਸ ਦੇ ਰਾਹ ਤੱਕ ਪਹੁੰਚ ਗਿਆ ਹੈ। ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਪੰਜਾਬ ਕਿਸਾਨ ਯੂਨੀਅਨ ਦੇ ਜਿਲਾ ਜਰਨਲ ਸਕੱਤਰ ਪੰਜਾਬ ਸਿੰਘ ਤਲਵੰਡੀ ਅਕਲੀਆ,ਆਗੂ ਤਰਸੇਮ ਸਿੰਘ ਤਲਵੰਡੀ ਅਕਲੀਆ ਤੇ ਪ੍ਰੈਸ ਸਕੱਤਰ ਨਰਿੰਦਰ ਕੌਰ ਬੁਰਜ ਹਮੀਰਾ ਨੇ ਕਿਹਾ ਕਿ ਹਰਿਆਣਾ ਦੀ ਸੋਲਸ ਟਰੈਕਟਰ ਏਜੰਸੀ ਡੱਬਵਾਲੀ ਕੋਲੋਂ ਪੀੜਤ ਕਿਸਾਨ ਨੇ 2 ਸਾਲ ਪਹਿਲਾਂ 8 ਲੱਖ ਰੁਪਏ ਨਗਦ ਦੈ ਕੇ ਸੋਲਸ ਟਰੈਕਟਰ ਖਰੀਦਿਆ ਸੀ।
ਏਜੰਸੀ ਨੇ ਟਰੈਕਟਰ ਦੇ ਕਾਗਜ ਤਿਆਰ ਕਰਕੇ ਕਿਸਾਨ ਨੂੰ ਦੇਣੇ ਸਨ,ਤਦ ਹਰਿਆਣਾ ਦੀ ਖੱਟਰ ਸਰਕਾਰ ਵੱਲੋਂ ਐਲਾਨ ਕਰ ਦਿੱਤਾ ਗਿਆ ਕਿ ਦੋ ਮਹੀਨੇ ਬਾਅਦ 50 ਹਾਊਸ ਪਾਵਰ ਤੋਂ ਉਪਰਲੇ ਇੰਜਣ ਸੀ.ਆਰ.ਡੀ ਕਰ ਦਿੱਤੇ ਜਾਣਗੇ ਤੇ ਉਕਤ ਮਸੀਨਰੀ ਤੇ ਕਾਪੀ ਨਹੀਂ ਬਣਾਈ ਜਾ ਸਕੇਗੀ। ਟਰੈਕਟਰ ਏਜੰਸੀਆਂ ਨੂੰ ਕਾਗਜ ਪੂਰੇ ਕਰਨ ਲਈ ਦੋ ਮਹੀਨੇ ਦਾ ਸਮਾਂ ਦਿੱਤਾ ਸੀ, ਕਿਸਾਨ ਨੇ ਏਜੰਸੀ ਤੱਕ ਪਹੁੰਚ ਕਰਕੇ ਟਰੈਕਟਰ ਦੀ ਕਾਪੀ ਬਣਾਕੇ ਦੇਣ ਦੀ ਗੁਜਾਰਿਸ ਕੀਤੀ,ਪ੍ਰੰਤੂ ਏਜੰਸੀ ਦੀ ਲਾਪਰਵਾਹੀ ਦੇ ਕਾਰਨ ਸਰਕਾਰ ਵੱਲੋਂ ਤਹਿ ਕੀਤਾ ਦੋ ਮਹੀਨੇ ਦਾ ਸਮਾਂ ਪੂਰਾ ਹੋ ਗਿਆ ਤੇ ਕਾਗਜੀ ਕਾਰਵਾਈ ਉਲਝ ਗਈ । ਜਿਸਦਾ ਖਮਿਆਜ਼ਾ ਕਿਸਾਨ ਨੂੰ ਭੁਗਤਨਾ ਪਿਆ ਕਿ ਉਹ ਟਰੈਕਟਰ ਦੀ ਕਾਪੀ ਦੇ ਚੱਕਰਾਂ ਵਿੱਚ ਪ੍ਰਸਾਸਨ ਰਾਹੀਂ ਏਜੰਸੀ ਦੇ ਚੱਕਰ ਕੱਟਦਾ ਰਿਹਾ।
ਆਗੂਆਂ ਕਿਹਾ ਕਿ ਪ੍ਰਸਾਸਨ ਦੀ ਦਖਲ ਅੰਦਾਜ਼ੀ ਸਦਕਾ ਸਾਢੇ ਸੱਤ ਲੱਖ ਰੂਪੈ ਪੀੜਤ ਕਿਸਾਨ ਨੂੰ ਮੋੜਕੇ ਟਰੈਕਟਰ ਏਜੰਸੀ ਨੂੰ ਸੌਂਪਣ ਦਾ ਸਮਝੌਤਾ ਕਰਵਾ ਦਿੱਤਾ। ਜਿਕਰਯੋਗ ਹੈ ਕਿ ਕਿਸਾਨ ਵੱਲੋਂ ਸੁਰੂਆਤੀ ਦੌਰ ਵਿੱਚ ਹੀ ਕਾਪੀ ਬਣਾਉਣ ਦੀ 5 ਹਜਾਰ ਰੂਪੈ ਫੀਸ ਅਲੱਗ ਤੋਂ ਜਮਾਂ ਕਰਵਾਈ ਜਾ ਚੁੱਕੀ ਹੈ,ਦੇਣ ਲੈਣ ਦਾ ਲਿਖਤੀ ਰਿਕਾਰਡ ਪੀੜਤ ਕਿਸਾਨ ਦੇ ਕੋਲ ਹੋਣ ਦੇ ਬਾਵਜੂਦ ਟਰੈਕਟਰ ਏਜੰਸੀ ਸਮਝੌਤੇ ਤੋਂ ਮੁੱਕਰ ਗਈ, ਜਿਸਦੇ ਚੱਲਦਿਆਂ ਕਿਸਾਨ ਨੇ ਜੱਥੇਬੰਦੀ ਤੱਕ ਪਹੁੰਚ ਕੀਤੀ। ਪੰਜਾਬ ਕਿਸਾਨ ਯੂਨੀਅਨ ਦੀ ਜਿਲਾ ਕਮੇਟੀ ਮੀਟਿੰਗ ਉਪਰੰਤ ਮਤਾ ਪਾਸ ਕੀਤਾ ਗਿਆ ਕਿ ਉਕਤ ਏਜੰਸੀ ਨਾਲ ਨਿਪਟਣ ਲਈ ਤੇ ਕਿਸਾਨ ਨੂੰ ਇਨਸਾਫ ਦਿਵਾਉਣ ਲਈ 26 ਅਗਸਤ ਨੂੰ ਟਰੈਕਟਰ ਏਜੰਸੀ ਦੇ ਦਫਤਰ ਡੱਬਵਾਲੀ ਅੱਗੇ ਇੱਕ ਰੋਜਾ ਸੰਕੇਤਕ ਧਰਨਾ ਦਿੱਤਾ ਜਾਵੇਗਾ। ਮਸਲਾ ਨਾਂ ਸੁਲਝਣ ਤੇ ਅਗਲਾ ਐਕਸਨ ਉਲੀਕਿਆ ਜਾਵੇਗਾ।