ਭਾਜਪਾ ਨੂੰ ਹਰਾਉਣ ਦਾ ਪਲਾਨ ਤਿਆਰ! ਕਾਂਗਰਸ ਅਤੇ ਨੈਸ਼ਨਲ ਕਾਨਫਰੰਸ ਮਿਲ ਕੇ ਲੜਨਗੀਆਂ ਚੋਣਾਂ
ਨੈਸ਼ਨਲ ਡੈਸਕ, ਨਵੀਂ ਦਿੱਲੀ/ਸ੍ਰੀਨਗਰ:
ਜੰਮੂ-ਕਸ਼ਮੀਰ ‘ਚ 10 ਸਾਲ ਬਾਅਦ ਵਿਧਾਨ ਸਭਾ ਚੋਣਾਂ ਹੋਣ ਜਾ ਰਹੀਆਂ ਹਨ। ਕਾਂਗਰਸ ਅਤੇ ਨੈਸ਼ਨਲ ਕਾਨਫਰੰਸ ਮਿਲ ਕੇ ਚੋਣਾਂ ਲੜਨਗੀਆਂ। ਰਾਹੁਲ ਗਾਂਧੀ ਨਾਲ ਮੁਲਾਕਾਤ ਤੋਂ ਬਾਅਦ ਨੈਸ਼ਨਲ ਕਾਨਫਰੰਸ ਦੇ ਮੁਖੀ ਅਤੇ ਸਾਬਕਾ ਸੀਐਮ ਫਾਰੂਕ ਅਬਦੁੱਲਾ ਨੇ ਇਹ ਐਲਾਨ ਕੀਤਾ। ਉਨ੍ਹਾਂ ਕਿਹਾ, “90 ਸੀਟਾਂ ਬਾਰੇ ਗੱਲਬਾਤ ਨੂੰ ਅੰਤਿਮ ਰੂਪ ਦਿੱਤਾ ਗਿਆ ਹੈ। ਅਸੀਂ ਇਕੱਠੇ ਚੋਣਾਂ ਲੜਾਂਗੇ।”
ਲੋਕ ਸਭਾ ‘ਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਅਤੇ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਬੁੱਧਵਾਰ ਨੂੰ ਫਾਰੂਕ ਅਬਦੁੱਲਾ ਦੀ ਰਿਹਾਇਸ਼ ‘ਤੇ ਮੁਲਾਕਾਤ ਕੀਤੀ। ਇਸ ਤੋਂ ਬਾਅਦ ਗਠਜੋੜ ਦਾ ਐਲਾਨ ਕੀਤਾ ਗਿਆ। ਸ਼ੀਟ ਸ਼ੇਅਰਿੰਗ ਨੂੰ ਲੈ ਕੇ ਸਵਾਲ ‘ਤੇ ਫਾਰੂਕ ਅਬਦੁੱਲਾ ਨੇ ਕਿਹਾ, “ਪਹਿਲੇ ਪੜਾਅ ਦੀ ਵੋਟਿੰਗ ਤੋਂ ਪਹਿਲਾਂ ਸਭ ਕੁਝ ਸਾਹਮਣੇ ਆ ਜਾਵੇਗਾ।” ਹਾਲਾਂਕਿ 86 ਸਾਲਾ ਫਾਰੂਕ ਅਬਦੁੱਲਾ ਨੇ ਇਹ ਸਪੱਸ਼ਟ ਨਹੀਂ ਕੀਤਾ ਕਿ ਉਹ ਵਿਧਾਨ ਸਭਾ ਚੋਣਾਂ ਲੜਨਗੇ ਜਾਂ ਨਹੀਂ।
ਫਾਰੂਕ ਅਬਦੁੱਲਾ ਨੇ ਕਿਹਾ, “ਸੀਪੀਆਈ (ਐਮ) ਦੇ ਨੇਤਾ ਵੀ ਸਾਡੇ ਨਾਲ ਹਨ। ਅਸੀਂ ਲੋਕਾਂ ਦੇ ਜੀਵਨ ਨੂੰ ਸੁਧਾਰਨ ਲਈ ਭਾਰੀ ਬਹੁਮਤ ਨਾਲ ਜਿੱਤਾਂਗੇ।” ਫਾਰੂਕ ਅਬਦੁੱਲਾ ਨੇ ਕਿਹਾ, “ਜੰਮੂ ਅਤੇ ਕਸ਼ਮੀਰ ਨੂੰ ਰਾਜ ਦਾ ਦਰਜਾ ਬਹਾਲ ਕਰਨਾ ਕਾਂਗਰਸ ਅਤੇ INDIA ਗਠਜੋੜ ਦੀ ਤਰਜੀਹ ਹੈ। ਅਸੀਂ ਉਮੀਦ ਕਰਦੇ ਹਾਂ ਕਿ ਜੰਮੂ-ਕਸ਼ਮੀਰ ਨੂੰ ਸਾਰੀਆਂ ਸ਼ਕਤੀਆਂ ਨਾਲ ਪੂਰਨ ਰਾਜ ਦਾ ਦਰਜਾ ਬਹਾਲ ਕੀਤਾ ਜਾਵੇਗਾ।”
ਨੈਸ਼ਨਲ ਕਾਨਫਰੰਸ ਦੇ ਮੁਖੀ ਫਾਰੂਕ ਅਬਦੁੱਲਾ ਨੇ ਕਿਹਾ, “ਰਾਜ ਦਾ ਦਰਜਾ ਸਾਡੇ ਸਾਰਿਆਂ ਲਈ ਬਹੁਤ ਮਹੱਤਵਪੂਰਨ ਹੈ। ਅਸੀਂ ਉਮੀਦ ਕਰਦੇ ਹਾਂ ਕਿ ਜਲਦੀ ਹੀ ਪੂਰਨ ਰਾਜ ਦਾ ਦਰਜਾ ਬਹਾਲ ਕੀਤਾ ਜਾਵੇਗਾ।
ਇਸ ਤੋਂ ਪਹਿਲਾਂ ਕਾਂਗਰਸ ਸਾਂਸਦ ਰਾਹੁਲ ਗਾਂਧੀ ਨੇ ਸ੍ਰੀਨਗਰ ਵਿੱਚ ਪਾਰਟੀ ਵਰਕਰਾਂ ਨੂੰ ਕਿਹਾ, “ਜੰਮੂ-ਕਸ਼ਮੀਰ ਦੀ ਨੁਮਾਇੰਦਗੀ ਕਰਨਾ ਅਤੇ ਇਸ ਨੂੰ ਮੁੜ ਰਾਜ ਦਾ ਦਰਜਾ ਦਿਵਾਉਣਾ ਸਭ ਤੋਂ ਜ਼ਰੂਰੀ ਹੈ। ਮੇਰਾ ਇੱਥੋਂ ਖੂਨ ਦਾ ਰਿਸ਼ਤਾ ਹੈ। ਇਸ ਲਈ ਉਮੀਦ ਹੈ ਕਿ ਲੋਕ ਚੋਣਾਂ ਵਿੱਚ ਸਾਡਾ ਸਮਰਥਨ ਕਰਨਗੇ।”
ਜੰਮੂ-ਕਸ਼ਮੀਰ ‘ਚ 3 ਪੜਾਵਾਂ ‘ਚ ਵੋਟਿੰਗ, 4 ਅਕਤੂਬਰ ਨੂੰ ਆਉਣਗੇ ਨਤੀਜੇ
ਜੰਮੂ-ਕਸ਼ਮੀਰ ਦੀਆਂ 90 ਵਿਧਾਨ ਸਭਾ ਸੀਟਾਂ ਲਈ 3 ਪੜਾਵਾਂ ‘ਚ ਚੋਣਾਂ ਹੋਣਗੀਆਂ। ਪਹਿਲੇ ਪੜਾਅ ਦੀ ਵੋਟਿੰਗ 18 ਸਤੰਬਰ ਨੂੰ, ਦੂਜੇ ਪੜਾਅ ਦੀ ਵੋਟਿੰਗ 25 ਸਤੰਬਰ ਅਤੇ ਤੀਜੇ ਪੜਾਅ ਦੀ ਵੋਟਿੰਗ 1 ਅਕਤੂਬਰ ਨੂੰ ਹੋਵੇਗੀ। ਨਤੀਜੇ 4 ਅਕਤੂਬਰ ਨੂੰ ਆਉਣਗੇ।