All Latest NewsNews FlashPunjab News

ਪੰਜਾਬ ਦੇ ਹਜ਼ਾਰਾਂ ਅਧਿਆਪਕ ਬਦਲੀ ਕਰਵਾਉਣ ਤੋਂ ਵਾਂਝੇ: DTF ਦੀ ਮੰਗ- ਸਿੱਖਿਆ ਵਿਭਾਗ ਬਦਲੀਆਂ ਸਬੰਧੀ ਅਧਿਆਪਕਾਂ ਦੀਆਂ ਦਿੱਕਤਾਂ ਨੂੰ ਕਰੇ ਦੂਰ

 

ਡੀ.ਟੀ.ਐਫ. ਵੱਲੋਂ ਅਧਿਆਪਕਾਂ ਨੂੰ ਡਾਟਾ ਦਰੁਸਤ ਕਰਨ ਦਾ ਢੁੱਕਵਾਂ ਸਮਾਂ ਦੇਣ ਦੀ ਮੰਗ

27 ਅਗਸਤ ਨੂੰ ਡੀ ਟੀ ਐੱਫ ਦੇ ਸਮੂਹਿਕ ਵਫਦ ਵੱਲੋਂ ਡੀ.ਐੱਸ.ਈ. (ਸੈਕੰਡਰੀ) ਨਾਲ ਕੀਤੀ ਜਾਵੇਗੀ ਮੁਲਾਕਾਤ

ਪੰਜਾਬ ਨੈੱਟਵਰਕ, ਚੰਡੀਗੜ੍ਹ

ਲੰਬੇ ਸਮੇਂ ਤੋਂ ਬਦਲੀਆਂ ਦੀ ਉਡੀਕ ਲਾਈ ਬੈਠੇ ਅਧਿਆਪਕਾਂ ਨੂੰ ਉਸ ਸਮੇਂ ਨਿਰਾਸ਼ਾ ਦਾ ਸਾਹਮਣਾ ਕਰਨਾ ਪਿਆ ਜਦੋਂ ਬਦਲੀ ਸਬੰਧੀ ਪੋਰਟਲ ਉੱਪਰ ਸਟੇਸ਼ਨ ਦੀ ਚੋਣ ਦੇ ਮੌਕੇ ਉਨ੍ਹਾਂ ਨੂੰ ਡਾਟਾ ਮਿਸ ਮੈਚ ਹੋਣ ਕਰਕੇ ਬਦਲੀ ਤੋਂ ਵਾਂਝੇ ਕਰ ਦਿੱਤਾ ਗਿਆ। ਜਿਸ ਕਾਰਨ ਡਾਟਾ ਮਿਸਮੈਚ ਦੇ ਕੁਚੱਕਰ ਵਿੱਚ ਫਸੇ ਅਧਿਆਪਕਾਂ ਦੇ ਅੰਦਰ ਬਹੁਤ ਵੱਡੀ ਬੇਚੈਨੀ ਫੈਲ ਗਈ। ਇਹ ਵੀ ਜਾਣਕਾਰੀ ਮਿਲੀ ਹੈ ਕਿ ਸਿਆਸੀ ਰਸੂਖ ਰੱਖਣ ਵਾਲੇ ਕਈ ਲੋਕਾਂ ਨੇ ਆਪਣਾ ਡਾਟਾ ਪਹਿਲਾ ਹੀ ਅੰਦਰ ਖਾਤੇ ਦਰੁਸਤ ਕਰਵਾ ਲਿਆ ਸੀ। ਪ੍ਰੰਤੂ ਸਾਰੇ ਅਧਿਆਪਕਾਂ ਨੂੰ ਡਾਟਾ ਦਰੁਸਤ ਕਰਾਉਣ ਦਾ ਮੌਕਾ ਨਾ ਦੇਣਾ ਬਦਲੀਆਂ ਦੇ ਮੌਕੇ ਦੇਣ ਵਿਚ ਸਿਆਸੀ ਦਖਲਅੰਦਾਜੀ ਦਾ ਹੀ ਸਬੂਤ ਹੈ।

ਡੈਮੋਕ੍ਰੈਟਿਕ ਟੀਚਰਜ਼ ਫ਼ਰੰਟ ਪੰਜਾਬ ਵੱਲੋਂ ਸੂਬਾ ਪ੍ਰਧਾਨ ਵਿਕਰਮ ਦੇਵ ਸਿੰਘ ਦੀ ਅਗਵਾਈ ਵਿੱਚ ਆਨ ਲਾਈਨ ਮੀਟਿੰਗ ਕਰਦਿਆਂ ਬਦਲੀਆਂ ਸਬੰਧੀ ਮਾਮਲਿਆਂ ਦਾ ਵਾਜਿਬ ਹੱਲ ਨਾ ਹੋਣ ਦੀ ਸੂਰਤ ਵਿੱਚ 27 ਅਗਸਤ ਨੂੰ ਪੀੜਿਤ ਅਧਿਆਪਕਾਂ ਨੂੰ ਨਾਲ ਲੈ ਕੇ ਸਵੇਰੇ 10:30 ਵਜੇ ਡਾਇਰੈਕਟਰ ਸਕੂਲ ਸਿੱਖਿਆ (ਸੈਕੰਡਰੀ) ਨੂੰ ਸਮੂਹਿਕ ਵਫ਼ਦ ਦੇ ਰੂਪ ਮਿਲਣ ਦਾ ਫੈਸਲਾ ਕੀਤਾ ਗਿਆ ਹੈ।

ਡੀ.ਟੀ.ਐੱਫ. ਦੇ ਜਨਰਲ ਸਕੱਤਰ ਮਹਿੰਦਰ ਕੌੜਿਆਂਵਾਲੀ ਅਤੇ ਵਿੱਤ ਸਕੱਤਰ ਅਸ਼ਵਨੀ ਅਵਸਥੀ ਨੇ ਦੱਸਿਆ ਕਿ ਇਸੇ ਤਰ੍ਹਾਂ ਗੰਭੀਰ ਬੀਮਾਰੀਆਂ ਵਾਲੇ ਮਾਪਿਆਂ ਅਤੇ ਖੁਦ ਗੰਭੀਰ ਬੀਮਾਰੀ ਨਾਲ ਪੀੜਿਤ ਅਧਿਆਪਕਾਂ ਨੂੰ ਸਟੇਅ ਸਮੇਂ ਵਿੱਚ ਛੋਟ ਵੀ ਹਮੇਸ਼ਾ ਦਿੱਤੀ ਜਾਂਦੀ ਰਹੀ ਹੈ ਲੇਕਿਨ ਇਸ ਵਾਰ ਦੀ ਬਦਲੀਆਂ ਵਿੱਚ ਉਹਨਾਂ ਤੋਂ ਇਹ ਛੋਟ ਵੀ ਖੋਹ ਲਈ ਗਈ ਹੈ ਜੋ ਕਿ ਮੰਦਭਾਗਾ ਹੈ। ਅੰਮ੍ਰਿਤਸਰ ਅਤੇ ਤਰਨਤਾਰਨ ਜਿਲ੍ਹਿਆਂ ਦੇ ਕੰਪਿਊਟਰ ਅਧਿਆਪਕਾਂ ਨੂੰ ਵੀ ਅੰਤਰ ਜ਼ਿਲਾ ਬਦਲੀ ਦਾ ਮੌਕਾ ਨਹੀਂ ਦਿੱਤਾ ਗਿਆ, ਜੋ ਕਿ ਇਹਨਾਂ ਅਧਿਆਪਕਾਂ ਦੇ ਨਾਲ ਸਰਾਸਰ ਧੱਕਾ ਹੈ।

ਇਸ ਦਾ ਸਖਤ ਨੋਟਿਸ ਲੈਂਦਿਆਂ ਹੋਇਆ ਪ੍ਰੈੱਸ ਨੂੰ ਬਿਆਨ ਜਾਰੀ ਕਰਦਿਆਂ ਹੋਇਆਂ ਆਗੂਆਂ ਨੇ ਕਿਹਾ ਕਿ ਵਿਭਾਗ ਵੱਲੋਂ ਡਾਟਾ ਮਿਸਮੈਚ ਨੂੰ ਦਰੁਸਤ ਕਰਨ ਦੇ ਲਈ ਅਧਿਆਪਕਾਂ ਨੂੰ ਢੁਕਵਾਂ ਸਮਾਂ ਦਿੱਤਾ ਜਾਵੇ। ਕਰੋਨੀਕਲ ਬਿਮਾਰੀਆਂ ਵਾਲੇ ਅਧਿਆਪਕਾਂ ਨੂੰ ਸਟੇਅ ਸਮੇਂ ਦੇ ਵਿੱਚ ਛੋਟ ਦਿੱਤੀ ਜਾਵੇ ਅਤੇ ਕੰਪਿਊਟਰ ਅਧਿਆਪਕਾਂ ਨੂੰ ਅੰਤਰ ਜਿਲਾ ਬਦਲੀ ਦਾ ਮੌਕਾ ਦਿੱਤਾ ਜਾਵੇ।

ਇਸ ਤੋਂ ਇਲਾਵਾ ਅਗਸਤ ਮਹੀਨੇ ਪਰਖ ਸਮਾਂ ਪੂਰਾ ਕਰ ਚੁੱਕੇ ਸਮੂਹ ਨਵ-ਨਿਯੁਕਤ 2392 ਅਧਿਆਪਕਾਂ, ਖੇਤੀਬਾੜੀ ਅਧਿਆਪਕਾਂ ਸਮੇਤ ਈ.ਟੀ.ਟੀ. 6635, ਨਵ ਨਿਯੁਕਤ ਲੈਕਚਰਾਰਾਂ, ਲਾਇਬਰੇਰੀਅਨਾਂ ਅਤੇ 4161 ਅਧਿਆਪਕਾਂ ਨੂੰ ਵੀ ਪਰਖ ਸਮੇਂ ਦੀ ਸ਼ਰਤ ਤੋਂ ਛੋਟ ਦੇ ਕੇ ਬਦਲੀ ਕਰਵਾਉਣ ਦਾ ਵਿਸ਼ੇਸ਼ ਮੌਕਾ ਦਿੱਤਾ ਜਾਵੇ। ਆਗੂਆਂ ਨੇ ਮੰਗ ਕੀਤੀ ਕਿ ਜਿੰਨ੍ਹਾਂ ਸਕੂਲਾਂ ਵਿੱਚ ਨਵੇਂ ਸਟਰੀਮ ਦਿੱਤੇ ਗਏ ਹਨ ਉਨ੍ਹਾਂ ਸਕੂਲਾਂ ਵਿੱਚ ਸਟਰੀਮ ਅਨੁਸਾਰ ਨਵੀਆਂ ਮਨਜ਼ੂਰਸ਼ੁਦਾ ਅਸਾਮੀਆਂ ਦਿੰਦੇ ਹੋਏ ਬਦਲੀਆਂ ਵਿੱਚ ਅਧਿਆਪਕਾਂ ਨੂੰ ਮੌਕਾ ਦਿੱਤਾ ਜਾਣਾ ਚਾਹੀਦਾ ਹੈ।

ਮੀਟਿੰਗ ਵਿੱਚ ਉਪਰੋਕਤ ਤੋਂ ਇਲਾਵਾ ਡੀ.ਐੱਮ.ਐੱਫ. ਦੇ ਸੂਬਾ ਪ੍ਰਧਾਨ ਜਰਮਨਜੀਤ ਸਿੰਘ, ਡੀ.ਟੀ.ਐੱਫ. ਦੇ ਸੂਬਾ ਮੀਤ ਪ੍ਰਧਾਨ: ਰਾਜੀਵ ਬਰਨਾਲਾ, ਗੁਰਪਿਆਰ ਕੋਟਲੀ, ਬੇਅੰਤ ਸਿੰਘ ਫੁੱਲੇਵਾਲਾ, ਜਗਪਾਲ ਬੰਗੀ, ਹਰਜਿੰਦਰ ਵਡਾਲਾ ਬਾਂਗਰ ਅਤੇ ਰਘਵੀਰ ਭਵਾਨੀਗੜ੍ਹ, ਸੂਬਾਈ ਆਗੂ ਮੁਕੇਸ਼ ਕੁਮਾਰ, ਸੁਖਵਿੰਦਰ ਗਿਰ, ਰੁਪਿੰਦਰ ਪਾਲ ਗਿੱਲ, ਰਜਿੰਦਰ ਗੁਰੂ, ਕੁਲਜੀਤ ਡੰਗਰ ਖੇੜਾ, ਜਸਵੀਰ ਸਿੰਘ ਸੰਧੂ, ਉਪਕਾਰ ਸਿੰਘ, ਲਖਵਿੰਦਰ ਸਿੰਘ, ਜਸਵੀਰ ਭੰਮਾ ਅਤੇ ਅਮਰਦੀਪ ਸਿੰਘ ਤਰਨਤਾਰਨ ਆਦਿ ਹਾਜਰ ਸਨ।

Leave a Reply

Your email address will not be published. Required fields are marked *