ਪੰਜਾਬ ਦੇ ਕੰਪਿਊਟਰ ਅਧਿਆਪਕਾਂ ਦਾ ਵੱਡਾ ਐਲਾਨ, ਭਗਵੰਤ ਮਾਨ ਦੇ ਘਰ ਅੱਗੇ 1 ਸਤੰਬਰ ਤੋਂ ਸ਼ੁਰੂ ਕਰਨਗੇ ਭੁੱਖ ਹੜਤਾਲ/ਮਰਨ ਵਰਤ
ਕੰਪਿਊਟਰ ਅਧਿਆਪਕਾਂ ਨੇ ਕਿਹਾ – ਪਹਿਲਾ ਵਿਸ਼ਾਲ ਰੋਸ ਰੈਲੀ ਕਰਾਂਗੇ, ਜੇਕਰ ਕੰਨ ਤੇ ਜੂੰ ਨਾ ਸਰਕੀ ਤਾਂ, ਵਿਢਾਗੇ ਅਗਲਾ ਸੰਘਰਸ਼
ਪੰਜਾਬ ਨੈੱਟਵਰਕ ਚੰਡੀਗੜ੍ਹ
ਪੰਜਾਬ ਸਰਕਾਰ ਦੁਆਰਾ ਲੰਬੇ ਸਮੇਂ ਤੋਂ ਕੰਪਿਊਟਰ ਅਧਿਆਪਕਾਂ ਦੇ ਮਸਲੇ ਹੱਲ ਨਹੀਂ ਕੀਤੇ ਜਾ ਰਹੇ ਅਤੇ ਮੰਗਾਂ ਪੂਰੀਆਂ ਨਹੀਂ ਕੀਤੀਆਂ ਜਾ ਰਹੀਆਂ। ਕੰਪਿਊਟਰ ਅਧਿਆਪਕਾਂ ਦੀ ਮੰਗ ਹੈ ਕਿ ਓਹਨਾਂ ਦੁਆਰਾ ਲੰਬੇ ਸਮੇਂ ਤੋਂ ਸਰਕਾਰੀ ਸਕੂਲਾਂ ਵਿੱਚ ਕੰਮ ਕੀਤਾ ਜਾ ਰਿਹਾ ਹੈ ਅਤੇ ਹੁਣ ਉਹਨਾਂ ਨੂੰ ਸਿੱਖਿਆ ਵਿਭਾਗ ਵਿੱਚ ਪੇ ਪ੍ਰੋਟੈਕਟ ਕਰਦੇ ਹੋਏ ਮਰਜ ਕੀਤਾ ਜਾਵੇ, ਓਹਨਾਂ ਤੇ ਨਿਯਮਾਂ ਅਨੁਸਾਰ ਬਣਦਾ ਛੇਵਾਂ ਪੇ ਕਮਿਸ਼ਨ ਲਾਗੂ ਕੀਤਾ ਜਾਵੇ ਅਤੇ ਗਵਰਨਰ ਦੁਆਰਾ ਹਸਤਾਖਰਤ ਨੋਟੀਫਿਕਸ਼ਨ ਇੰਨ ਬਿੰਨ ਲਾਗੂ ਕਰਦੇ ਹੋਏ ਪੰਜਾਬ ਸਿਵਿਲ ਸੇਵਾਵਾਂ ਨਿਜ਼ਮ ਲਾਗੂ ਕੀਤੇ ਜਾਣ।
ਪੰਜਾਬ ਸਰਕਾਰ ਦੁਆਰਾ ਪਹਿਲਾਂ ਵੀ ਲੰਬੇ ਸਮੇਂ ਤੋਂ ਕੰਪਿਊਟਰ ਅਧਿਆਪਕਾਂ ਨਾਲ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ, ਜਿੰਨਾ ਦਾ ਕੋਈ ਨਤੀਜਾ ਨਹੀਂ ਨਿਕਲਿਆ ਅਤੇ ਸਿਰਫ ਕੰਮ ਕੀਤੇ ਜਾਣ ਦਾ ਬਾਰ ਬਾਰ ਜੁਬਾਨੀ ਭਰੋਸਾ ਹੀ ਮਿਲਦਾ ਆ ਰਿਹਾ ਹੈ ਅਤੇ ਹਰ ਬਾਰ ਦੀ ਤਰ੍ਹਾਂ ਇਸ ਬਾਰ ਫਿਰ ਪੰਜਾਬ ਸਰਕਾਰ ਤੋਂ ਸਿਰਫ ਭਰੋਸਾ ਹੀ ਮਿਲਿਆ ਜਿਸਤੇ ਸਾਡੇ ਵੱਲੋਂ ਹੁਣ ਭਰੋਸਾ ਕਰਨਾ ਮੁਸ਼ਕਿਲ ਹੈ। ਬਾਰ ਬਾਰ ਪੰਜਾਬ ਸਰਕਾਰ ਦੁਆਰਾ ਮੀਟਿੰਗਾਂ ਮੁਲਤਵੀ ਕੀਤੀਆਂ ਜਾ ਰਹੀਆਂ ਹਨ।
ਪੰਜਾਬ ਸਰਕਾਰ ਵੱਲੋਂ ਕੋਈ ਠੋਸ ਹੱਲ ਨਹੀਂ ਕੱਢਿਆ ਜਾ ਰਿਹਾ। ਕੰਪਿਊਟਰ ਅਧਿਆਪਕਾਂ ਨੇ ਸਖ਼ਤੀ ਨਾਲ ਫੈਂਸਲਾ ਲਿਆ ਕਿ ਹੁਣ ਪੰਜਾਬ ਸਰਕਾਰ ਵਿਰੁੱਧ ਰੋਸ ਵੱਜੋਂ ਤਿੱਖਾ ਸੰਘਰਸ਼ ਕੀਤਾ ਜਾਵੇਗਾ ਅਤੇ ਹੁਣ 1 ਸਤੰਬਰ ਤੋਂ ਭੁੱਖ ਹੜਤਾਲ/ਮਰਨ ਵਰਤ ਦੀ ਸ਼ੁਰੂਆਤ ਕੰਪਿਊਟਰ ਅਧਿਆਪਕਾਂ ਦੁਆਰਾ ਧੂਰੀ (ਸੰਗਰੂਰ), ਮੁੱਖ ਮੰਤਰੀ ਦਫ਼ਤਰ ਦੇ ਸਾਹਮਣੇ ਵਿਸ਼ਾਲ ਰੋਸ਼ ਰੈਲੀ ਕਰਕੇ ਕੀਤੀ ਜਾਵੇਗੀ।
2 ਤੋਂ 4 ਸਤੰਬਰ ਤੱਕ ਵੱਖ ਵੱਖ MLAs ਰਾਹੀਂ ਚਲਦੇ ਪੰਜਾਬ ਵਿਧਾਨ ਸਭਾ ਸੈਸ਼ਨ ਵਿੱਚ ਮੁੱਦਾ ਚੁਕਵਾਉਣ ਲਈ ਦਿੱਤੇ ਜਾਣਗੇ ਮੰਗ ਪੱਤਰ, 5 ਸਤੰਬਰ ਨੂੰ ਅਧਿਆਪਕ ਦਿਵਸ ਮੌਕੇ ਭੁੱਖ ਹੜਤਾਲ ਦੇ ਨਾਲ ਨਾਲ ਮੁੱਖਮੰਤਰੀ ਭਗਵੰਤ ਮਾਨ ਦੇ ਸੂਬਾ ਪੱਧਰੀ ਸਮਾਗਮ ਵਿਖੇ ਕੀਤਾ ਜਾਵੇਗਾ ਰੋਸ ਪ੍ਰਦਰਸ਼ਨ, ਅਤੇ 11 ਸਤੰਬਰ ਨੂੰ ਵਿੱਤ ਮੰਤਰੀ ਨਾਲ ਮੀਟਿੰਗ ਅਤੇ ਮੀਟਿੰਗ ਬੇਸਿੱਟਾ ਰਹਿਣ ਤੇ ਪੰਜਾਬ ਸਿਵਿਲ ਸਕੱਤਰੇਤ, ਚੰਡੀਗੜ੍ਹ ਅੱਗੇ ਕੀਤਾ ਜਾਵੇਗਾ ਰੋਸ਼ ਪ੍ਰਦਰਸ਼ਨ ਅਤੇ ਜਾਰੀ ਰਹੇਗੀ ਭੁੱਖ ਹੜਤਾਲ, ਮਰਨ ਵਰਤ ਐਕਸ਼ਨ ਦੀ ਲੜੀ ਓਦੋਂ ਤੱਕ ਜਾਰੀ ਰਹੇਗੀ, ਜਦੋਂ ਤੱਕ ਪੰਜਾਬ ਸਰਕਾਰ ਦੁਆਰਾ ਕੰਪਿਊਟਰ ਅਧਿਆਪਕਾਂ ਦੇ ਮਸਲੇ ਹੱਲ ਨਹੀਂ ਕੀਤੇ ਜਾਂਦੇ।
ਮਸਲਿਆਂ ਦੇ ਹੱਲ ਤੇ ਸਹਿਮਤੀ ਬਣਦੇ ਹੋਏ ਕੋਈ ਲਿਖਤੀ ਸਹਿਮਤੀ ਪੱਤਰ ਜਾਂ ਨੋਟੀਫਿਕੇਸ਼ਨ ਜਾਰੀ ਨਹੀਂ ਕੀਤਾ ਜਾਂਦਾ। ਕੰਪਿਊਟਰ ਅਧਿਆਪਕਾਂ ਨੇ ਸਖ਼ਤੀ ਨਾਲ ਕਿਹਾ ਕਿ 1 ਸਤੰਬਰ ਦੀ ਭੁੱਖ ਹੜਤਾਲ ਮਰਨ ਵਰਤ ਕਿਸੇ ਵੀ ਹਾਲਾਤ ਵਿੱਚ ਸਿਰਫ ਮੀਟਿੰਗ ਦੇ ਭਰੋਸੇ ਮੁਲਤਵੀ ਜਾਂ ਰੱਦ ਨਹੀਂ ਕੀਤਾ ਜਾਵੇਗੀ। ਇਸ ਮੌਕੇ ਕੰਪਿਊਟਰ ਅਧਿਆਪਕ ਭੁੱਖ ਹੜਤਾਲ ਸੰਘਰਸ਼ ਕਮੇਟੀ ਦੇ ਮੈਂਬਰ ਪਰਮਵੀਰ ਸਿੰਘ ਪਟਿਆਲਾ, ਪਰਦੀਪ ਕੁਮਾਰ ਮਲੂਕਾ ਬਠਿੰਡਾ, ਰਜਵੰਤ ਕੌਰ ਅੰਮ੍ਰਿਤਸਰ, ਗੁਰਬਖਸ਼ ਲਾਲ ਬਠਿੰਡਾ, ਜਸਪਾਲ ਸਿੰਘ ਫ਼ਤਹਿਗੜ੍ਹ ਸਾਹਿਬ, ਜੋਨੀ ਸਿੰਗਲਾ ਬਠਿੰਡਾ, ਰਣਜੀਤ ਸਿੰਘ ਪਟਿਆਲਾ ਅਤੇ ਲਖਵਿੰਦਰ ਸਿੰਘ ਫਿਰੋਜ਼ਪੁਰ ਅਤੇ ਹੋਰ ਕੰਪਿਊਟਰ ਅਧਿਆਪਕ ਹਾਜਰ ਰਹੇ।