All Latest NewsPunjab News

ਤਰਕਸ਼ੀਲ ਸੁਸਾਇਟੀ ਪੰਜਾਬ ਵੱਲੋਂ ਬੱਚਿਆਂ ਨੂੰ ਵਿਗਿਆਨਕ ਸੋਚ ਅਪਣਾਉਣ ਦਾ ਸੱਦਾ

 

ਛੇਵੀਂ ਵਿਦਿਆਰਥੀ ਚੇਤਨਾ ਪਰਖ਼ ਪ੍ਰੀਖਿਆ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ

ਦਲਜੀਤ ਕੌਰ, ਸੰਗਰੂਰ:

ਲੋਕਾਂ ਦੀ ਸੋਚ ਨੂੰ ਵਿਗਿਆਨਕ ਬਣਾਉਣ ਲਈ ਯਤਨਸ਼ੀਲ ਤਰਕਸ਼ੀਲ ਸੁਸਾਇਟੀ ਪੰਜਾਬ ਇਕਾਈ ਸੰਗਰੂਰ ਦੇ ਆਗੂਆਂ ਮਾਸਟਰ ਪਰਮਵੇਦ, ਸੀਤਾ ਰਾਮ ਬਾਲਦ ਕਲਾਂ, ਸੁਰਿੰਦਰ ਪਾਲ ਉਪਲੀ ਤੇ ਗੁਰਦੀਪ ਸਿੰਘ ਲਹਿਰਾ ਆਧਾਰਿਤ ਤਰਕਸ਼ੀਲ ਟੀਮ ਵੱਲੋਂ ਵਿਦਿਆਰਥੀਆਂ ਅੰਦਰ ਵਿਗਿਆਨਕ ਚੇਤਨਾ ਵਿਕਸਤ ਕਰਨ ਹਿੱਤ ਚਲਾਈ ਮੁਹਿੰਮ ਦੀ ਲੜੀ ਵਿੱਚ ਅੱਜ ਸਥਾਨਕ ਬਚਪਨ ਇੰਗਲਿਸ਼ ਸਕੂਲ ਵਿਖੇ ਇਕ ਸਿੱਖਿਆਦਾਇਕ , ਤਰਕਸ਼ੀਲ ਪਰੋਗਰਾਮ ਦਿੱਤਾ। ਸਕੂਲ ਕੋਆਰਡੀਨੇਟਰ ਮੈਡਮ ਮੋਨਿਕਾ ਨੇ ਤਰਕਸ਼ੀਲ ਟੀਮ ਦਾ ਸਵਾਗਤ ਕਰਦਿਆਂ, ਤਰਕਸ਼ੀਲਤਾ ਬਾਰੇ ਜਾਣਕਾਰੀ ਦਿੱਤੀ।

ਇਸ ਮੌਕੇ ਤਰਕਸ਼ੀਲ ਆਗੂ ਮਾਸਟਰ ਪਰਮ ਵੇਦ ਨੇ ਹਾਜ਼ਰੀਨ ਨੂੰ ਅੰਧਵਿਸ਼ਵਾਸ਼ਾਂ, ਵਹਿਮਾਂ ਭਰਮਾਂ, ਲਾਈਲਗਤਾ ਤੇ ਰੂੜੀਵਾਦੀ ਵਿਚਾਰਾਂ ਦੇ ਹਨੇਰੇ ਵਿਚੋਂ ਨਿਕਲ ਕੇ ਵਿਗਿਆਨਕ ਵਿਚਾਰਾਂ ਦੀ ਰੋਸ਼ਨੀ ਵਿੱਚ ਆਉਣ ਦਾ ਸੁਨੇਹਾ ਦਿੱਤਾ।

ਇਸ ਮੌਕੇ ਉਨ੍ਹਾਂ ਛੇਵੀਂ ਵਿਦਿਆਰਥੀ ਚੇਤਨਾ ਪਰਖ਼ ਪ੍ਰੀਖਿਆ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੰਦਿਆਂ ਕਿਹਾ ਕਿ ਪ੍ਰੀਖਿਆ ਦਾ ਉਦੇਸ਼ ਵਿਦਿਆਰਥੀਆਂ ਦਾ ਦ੍ਰਿਸ਼ਟੀਕੋਣ ਵਿਗਿਆਨਕ ਬਣਾਉਣਾ ਹੈ।

ਇਹ ਪ੍ਰੀਖਿਆ ਸਤੰਬਰ ਟੈਸਟ ਤੋਂ ਛੇਤੀ ਬਾਅਦ ਹੋਵੇਗੀ ਤੇ ਇਸ ਪ੍ਰੀਖਿਆ ਵਿੱਚ ਛੇਵੀਂ ਤੋਂ ਬਾਰ੍ਹਵੀਂ ਤਕ ਦੇ ਵਿਦਿਆਰਥੀ ਸ਼ਾਮਿਲ ਹੋ ਸਕਦੇ ਹਨ। ਪ੍ਰੀਖਿਆ ਓ ਐਮ ਆਰ ਸ਼ੀਟ ਤੇ ਹੋਵੇਗੇ, ਰੋਲ ਨੰਬਰ ਛਪੇ ਹੋਣਗੇ, 100 ਬਹੁ-ਚੋਣਾਵੀ ਪ੍ਰਸ਼ਨ ਹੋਣਗੇ ਤੇ ਕੰਪਿਊਟਰ ਦੁਆਰਾ ਚੈਕ ਹੋਣਗੇ। ਮਿਡਲ ਤੇ ਸੈਕੰਡਰੀ ਪੱਧਰ ਤੇ ਦੋ ਪ੍ਰਸ਼ਨ ਪੱਤਰ ਹੋਣਗੇ। ਸੂਬਾ, ਜੋਨ ਤੇ ਇਕਾਈ ਪੱਧਰੀ ਕਲਾਸ ਵਾਇਜ਼ ਮੈਰਿਟ ਬਣੇਗੀ।

ਹਰ ਕਲਾਸ ਵਿੱਚ ਪਹਿਲੇ ਤਿੰਨ ਸਥਾਨਾਂ ਤੇ ਆਉਣ ਵਾਲੇ ਵਿਦਿਆਰਥੀ ਸੂਬਾ ਪੱਧਰੀ ਮੈਰਿਟ ਵਿੱਚ ਹੋਣਗੇ ਤੇ ਉਨ੍ਹਾਂ ਨੂੰ 1500/- ਰੁਪਏ ਨਗਦ ਇਨਾਮ, ਵਿਗਿਆਨਕ ਵਿਚਾਰਾਂ ਦੀ ਪੁਸਤਕਾਂ, ਪੜ੍ਹਨ ਸਮੱਗਰੀ ਤੇ ਮੈਰਿਟ ਸਰਟੀਫਿਕੇਟ ਨਾਲ ਪ੍ਰਭਾਵਸ਼ਾਲੀ ਸਨਮਾਨ ਸਮਾਰੋਹ ਕਰਕੇ ਸਨਮਾਨਿਤ ਕੀਤਾ ਜਾਵੇਗਾ। ਇਸੇ ਤਰ੍ਹਾਂ ਜੋਨ ਤੇ ਇਕਾਈ ਪੱਧਰੀ ਮੈਰਿਟ ਵਿੱਚ ਆਉਣ ਵਾਲੇ ਵਿਦਿਆਰਥੀਆਂ ਨੂੰ ਵਿਗਿਆਨਕ ਸੋਚ ਵਾਲੀਆਂ ਪੁਸਤਕਾਂ, ਪੜ੍ਹਨ ਸਮੱਗਰੀ ਤੇ ਮੈਰਿਟ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਜਾਵੇਗਾ। ਉਨ੍ਹਾਂ ਕਿਹਾ ਇਸ ਸਾਲ ਬਚਪਨ ਇੰਗਲਿਸ਼ ਸਕੂਲ ਵੀ ਛੇਵੀਂ ਵਿਦਿਆਰਥੀ ਚੇਤਨਾ ਪਰਖ਼ ਪ੍ਰੀਖਿਆ ਦਾ ਪ੍ਰੀਖਿਆ ਕੇਂਦਰ ਹੋਵੇਗਾ।

ਉਨ੍ਹਾਂ ਵੱਧ ਤੋਂ ਵੱਧ ਵਿਦਿਆਰਥੀਆਂ ਨੂੰ ਸਿਲੇਬਸ ਪੁਸਤਕ ਲੈ ਕੇ ਚੇਤਨਾ ਪਰਖ਼ ਪ੍ਰੀਖਿਆ ਵਿੱਚ ਸ਼ਮੂਲੀਅਤ ਕਰਨ ਲਈ ਪ੍ਰੇਰਿਤ ਕੀਤਾ।

ਵਾਇਸ ਪ੍ਰਿੰਸੀਪਲ ਮੈਡਮ ਅੰਜੂ ਨੇ ਤਰਕਸ਼ੀਲ ਸੁਸਾਇਟੀ ਦੇ ਆਗੂਆਂ ਦਾ ਧੰਨਵਾਦ ਕੀਤਾ ਅਤੇ ਵੱਧ ਤੋਂ ਵੱਧ ਵਿਦਿਆਰਥੀਆਂ ਨੂੰ ਚੇਤਨਾ ਪਰਖ਼ ਪ੍ਰੀਖਿਆ ਵਿੱਚ ਸ਼ਮੂਲੀਅਤ ਕਰਵਾਉਣ ਦਾ ਵਿਸ਼ਵਾਸ ਦਵਾਇਆ। ਇਸ ਪ੍ਰੋਗਰਾਮ ਵਿੱਚ ਉਪਰੋਕਤ ਤੋਂ ਇਲਾਵਾ ਮੈਡਮ ਸ਼ਿਲਪਾ, ਮੈਡਮ ਸੁਸ਼ਮਾ, ਰੀਤੂ ਹੰਸ ਮੈਡਮ, ਗੁਰਵਿੰਦਰ ਕੌਰ ਮੈਡਮ, ਸਰਵਜੀਤ ਕੌਰ, ਲਵਦੀਪ ਅਤੇ ਵਿਦਿਆਰਥੀਆਂ ਨੇ ਸ਼ਮੂਲੀਅਤ ਕੀਤੀ।

Leave a Reply

Your email address will not be published. Required fields are marked *