All Latest NewsPunjab News

ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀ ਵਿਗੜੀ ਪ੍ਰਸ਼ਾਸਨਿਕ ਹਾਲਤ! ਵਾਈਸ ਚਾਂਸਲਰ ਦੀ ਹਰ ਹਫਤੇ ਯੂਨੀਵਰਸਿਟੀ ਵਿੱਚ ਹਾਜ਼ਰੀ ਯਕੀਨੀ ਬਣਾਓ ਜਾਂ ਪੱਕੇ ਵਾਈਸ ਚਾਂਸਲਰ ਦੀ ਤੁਰੰਤ ਭਰਤੀ ਕਰੋਃ ਬਚਾਓ ਮੋਰਚਾ

 

ਪੰਜਾਬ ਨੈੱਟਵਰਕ, ਚੰਡੀਗੜ੍ਹ-

ਪੰਜਾਬੀ ਯੂਨੀਵਰਸਿਟੀ ਦੀਆਂ ਵੱਖ-ਵੱਖ ਵਿਦਿਆਰਥੀ ਅਧਿਆਪਕ ਅਤੇ ਕਰਮਚਾਰੀ ਜਥੇਬੰਦੀਆਂ ਵੱਲੋਂ ਯੂਨੀਵਰਸਿਟੀ ਦੀ ਮੌਜੂਦਾ ਸਮੇਂ ਬਣੀ ਸੰਕਟਗ੍ਰਸਤ ਪ੍ਰਸ਼ਾਸਨਿਕ ਸਥਿਤੀ ਦੀ ਪੜਚੋਲ ਕਰਦਿਆਂ ਪੰਜਾਬੀ ਯੂਨੀਵਰਸਿਟੀ ਬਚਾਓ ਮੋਰਚੇ ਦੀ ਮੀਟਿੰਗ ਸੱਦੀ ਗਈ। ਮੀਟਿੰਗ ਉਪਰੰਤ ਸਰਬ ਸੰਮਤੀ ਨਾਲ ਪਾਸ ਹੋਏ ਫੈਸਲੇ ਬਾਰੇ ਪ੍ਰੈੱਸ ਦੇ ਨਾਮ ਬਿਆਨ ਦਿੰਦਿਆਂ ਮੋਰਚੇ ਦੇ ਬੁਲਾਰਿਆਂ ਨੇ ਕਿਹਾ ਕਿ ਇਸ ਸਮੇਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਅਤੇ ਇਸਦੇ ਨਾਲ ਸੰਬੰਧਿਤ ਨੇਬਰਹੁੱਡ ਕੈਂਪਸ, ਕੰਸਟੀਚੁਐਂਟ ਕਾਲਜਾਂ ਦੀ ਪ੍ਰਸ਼ਾਸਨਿਕ ਸਥਿਤੀ ਸਭ ਤੋਂ ਹੇਠਲੇ ਪੱਧਰ ਤੇ ਪੰਹੁਚ ਚੁੱਕੀ ਹੈ।

ਉਹਨਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਕਾਰਜਕਾਰੀ ਤੌਰ ਤੇ ਪੰਜਾਬੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਨਿਯੁਕਤ ਕੀਤੇ ਉੱਚ ਸਿੱਖਿਆ ਸਕੱਤਰ ਕਮਲ ਕਿਸ਼ੋਰ ਯਾਦਵ ਦੀ ਡੇਢ ਮਹੀਨਾ ਦੀ ਯੂਨੀਵਰਸਿਟੀ ਤੋਂ ਲੰਬੀ ਗੈਰ ਹਾਜ਼ਰੀ ਸਮੱਸਿਆਵਾਂ ਪੈਦਾ ਕਰ ਰਹੀ ਹੈ। ਉਹਨਾਂ ਕਿਹਾ ਕੇ ਇਕ ਪਾਸੇ ਮੌਜੂਦਾ ਕਾਰਜਕਾਰੀ ਵਾਈਸ ਚਾਂਸਲਰ ਯੂਨੀਵਰਸਿਟੀ ਹਾਜ਼ਰ ਹੀ ਨਹੀਂ ਹੁੰਦੇ ਅਤੇ ਦੂਜੇ ਪਾਸੇ ਵੱਖ-ਵੱਖ ਦਫਤਰਾਂ ਦੀਆਂ ਸਾਰੀਆਂ ਸ਼ਕਤੀਆਂ ਨੂੰ ਉਨ੍ਹਾਂ ਆਪਣੇ ਅੰਤਿਮ ਫੈਸਲੇ ਤੱਕ ਸੀਮਤ ਕਰ ਰੱਖਿਆ ਹੈ।

ਇਸ ਕਾਰਨ ਰਜਿਸਟਰਾਰ ਅਤੇ ਡੀਨ ਅਕਾਦਮਿਕ ਅਤੇ ਹੋਰ ਪ੍ਰਸ਼ਾਸਨਿਕ ਵਿਭਾਗਾਂ ਵਿੱਚ ਵਿਦਿਆਰਥੀਆਂ, ਅਧਿਆਪਕਾਂ ਅਤੇ ਨਾਨ ਟੀਚਿੰਗ ਕਰਮਚਾਰੀਆਂ ਦੇ ਰੋਜਮਰਾ ਦੇ ਕੰਮ ਵੀ ਨਹੀਂ ਹੋ ਰਹੇ। ਨਤੀਜਾ ਇਹ ਨਿਕਲਿਆ ਹੈ ਕਿ ਇਸ ਸਮੇਂ ਗੈਸਟ ਫੈਕਿਲਟੀ ਅਧਿਆਪਕ ਪਿਛਲੇ 40 ਦਿਨ ਤੋਂ ਧਰਨੇ ਤੇ ਬੈਠੇ ਹਨ, ਦੂਸਰੇ ਪਾਸੇ ਵਿਦਿਆਰਥੀ ਅਤੇ ਨਾਨ ਟੀਚਿੰਗ ਕਰਮਚਾਰੀ ਵੀ ਧਰਨੇ ਲਗਾ ਰਹੇ ਹਨ। ਇਨ੍ਹਾਂ ਕਾਰਨਾਂ ਕਰਕੇ ਵਿਦਿਆਰਥੀਆਂ ਦੀ ਪੜਾਈ ਤੇ ਬਹੁਤ ਬੁਰਾ ਅਸਰ ਪੈ ਰਿਹਾ ਹੈ। ਉਨ੍ਹਾਂ ਦੀਆਂ ਕਲਾਸਾਂ ਪੂਰੀਆਂ ਨਹੀਂ ਲੱਗ ਰਹੀਆਂ ਅਤੇ ਹੋਸਟਲਾਂ ਅਤੇ ਕਲਾਸ ਕਮਰਿਆਂ ਦੀ ਮੁਰੰਮਤ, ਆਦਿ ਦੇ ਕੰਮ ਵੀ ਬੰਦ ਪਏ ਹਨ।

ਪੰਜਾਬੀ ਯੂਨੀਵਰਸਿਟੀ ਬਚਾਓ ਮੋਰਚੇ ਦੇ ਆਗੂਆਂ ਨੇ ਕਿਹਾ ਕਿ ਇਹ ਪੰਜਾਬ ਸਰਕਾਰ ਦੀ ਨਾਕਾਮੀ ਹੈ ਕਿ ਚਾਰ ਮਹੀਨੇ ਦਾ ਲੰਬਾ ਸਮਾਂ ਲੰਘਣ ਬਾਅਦ ਵੀ ਪੰਜਾਬੀ ਯੂਨੀਵਰਸਿਟੀ ਦਾ ਪੱਕਾ ਵਾਈਸ ਚਾਂਸਲਰ ਨਹੀਂ ਲਗਾ ਸਕੀ। ਇਹ ਪੰਜਾਬ ਸਰਕਾਰ ਦਾ ਯੂਨੀਵਰਸਿਟੀ ਪ੍ਰਤੀ ਗੈਰ ਜ਼ਿੰਮੇਵਾਰ ਰਵੱਈਆ ਹੈ ਜਿਸਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਆਗੂਆਂ ਨੇ ਪੰਜਾਬ ਸਰਕਾਰ ਨੂੰ ਚਿਤਾਵਨੀ ਦਿੰਦਿਆਂ ਮੰਗ ਕੀਤੀ ਕਿ ਪੰਜਾਬੀ ਯੂਨੀਵਰਸਿਟੀ ਦੇ ਕਾਰਜਕਾਰੀ ਵਾਈਸ ਚਾਂਸਲਰ ਦਾ ਹਫਤੇ ਵਿੱਚ ਘੱਟੋ-ਘੱਟ ਦੋ ਦਿਨ ਯੂਨੀਵਰਸਿਟੀ ਵਿੱਚ ਹਾਜ਼ਰ ਹੋਣਾ ਯਕੀਨੀ ਬਣਾਇਆ ਜਾਵੇ ਅਤੇ ਨਾਲ ਹੀ ਯੂਨੀਵਰਸਿਟੀ ਲਈ ਨਿਯਮਾਂ ਮੁਤਾਬਕ ਤੁਰੰਤ ਪੱਕੇ ਵਾਈਸ ਚਾਂਸਲਰ ਦੀ ਚੋਣ ਕੀਤੀ ਜਾਵੇ।

ਜੇਕਰ ਇਸ ਸਮੱਸਿਆ ਦਾ ਹੱਲ ਨਾ ਕੀਤਾ ਗਿਆ ਤਾਂ ਮਜਬੂਰਨ ਪੰਜਾਬੀ ਯੂਨੀਵਰਸਿਟੀ ਬਚਾਓ ਮੋਰਚੇ ਵੱਲੋਂ ਆਉਣ ਵਾਲੇ ਦਿਨਾਂ ਵਿੱਚ ਸਰਕਾਰ ਵਿਰੁੱਧ ਸੰਘਰਸ਼ ਦਾ ਰਾਹ ਲਿਆ ਜਾਵੇਗਾ। ਇਸ ਮੌਕੇ ਗੈਸਟ ਫੈਕਿਲਟੀ ਅਧਿਆਪਕਾਂ ਵੱਲੋਂ, ਕੁਲਦੀਪ ਸਿੰਘ ਅਤੇ ਵਰਿੰਦਰ ਖੁਰਾਣਾ, ਰਿਟਾਇਰ ਪੈਨਸ਼ਨਰਾਂ ਵੱਲੋਂ ਡਾ. ਬਲਵਿੰਦਰ ਸਿੰਘ ਟਿਵਾਣਾ, ਵਿਦਿਆਰਥੀ ਆਗੂਆਂ ਵੱਲੋਂ ਰਸ਼ਪਿੰਦਰ ਜਿੰਮੀਂ, ਅੰਮ੍ਰਿਤ ਸਿੰਘ, ਪ੍ਰਿਤਪਾਲ ਸਿੰਘ, ਗੁਰਦਾਸ ਸਿੰਘ, ਹਰਪ੍ਰੀਤ ਸਿੰਘ, ਰਵਿੰਦਰ ਸਿੰਘ, ਅਤੇ ਨਾਨ ਟੀਚਿੰਗ ਕਰਮਚਾਰੀਆਂ ਵੱਲੋਂ ਜਗਤਾਰ ਸਿੰਘ, ਮਨੋਜ ਭਾਂਬਰੀ ਅਤੇ ਹਰਦਾਸ ਸਿੰਘ ਸ਼ਾਮਿਲ ਸਨ।

 

Leave a Reply

Your email address will not be published. Required fields are marked *