All Latest NewsGeneralNews FlashPunjab NewsTop BreakingTOP STORIES

ਪੰਜਾਬ ਸਰਕਾਰ ਵੱਲੋਂ ਕਰੋੜਾਂ ਰੁਪਏ ਖਰਚ ਕੇ ਆਪਣੇ ਚਹੇਤੇ ਟੀਚਰਾਂ ਨੂੰ ਕਰਵਾਈ ਜਾ ਰਹੀ ਹੈ ਫਿਨਲੈਂਡ ਦੀ ਸੈਰ; ਗੌਰਮਿੰਟ ਟੀਚਰਜ਼ ਯੂਨੀਅਨ ਦਾ ਵੱਡਾ ਦੋਸ਼

 

ਪੱਲੇ ਨਹੀਂ ਧੇਲਾ ਕਰਦੀ ਮੇਲਾ ਮੇਲਾ ਵਾਲੀ ਸਥਿਤੀ ਬਣੀ ਪੰਜਾਬ ਸਰਕਾਰ ਦੀ

ਪਹਿਲਾਂ ਵੀ ਕਰੋੜਾਂ ਰੁਪਏ ਖਰਚ ਕੇ ਸਿੰਗਾਪੁਰ ਭੇਜੇ ਚਹੇਤੇ ਸਾਬਤ ਹੋ ਰਹੇ ਨੇ ਚਿੱਟੇ ਹਾਥੀ

ਪੰਜਾਬ ਨੈੱਟਵਰਕ, ਪਟਿਆਲਾ

ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ ਨੇ ਸਿੱਖਿਆ ਵਿਭਾਗ ਪੰਜਾਬ ਵੱਲੋਂ ਸਿਖਲਾਈ ਲਈ ਫਿਨਲੈਂਡ ਭੇਜੇ ਜਾ ਰਹੇ ਅਧਿਆਪਕਾਂ ਦੀ ਚੋਣ ਲਈ ਅਪਨਾਏ ਜਾ ਰਹੇ ਮਾਪ ਦੰਡਾਂ ਤੇ ਸਵਾਲ ਉਠਾਏ ਹਨ। ਗੌਰਮਿੰਟ ਟੀਚਰਜ਼ ਯੂਨੀਅਨ ਦੇ ਜ਼ਿਲ੍ਹਾ ਪਟਿਆਲਾ ਦੇ ਪ੍ਰਧਾਨ ਜਸਵਿੰਦਰ ਸਿੰਘ ਸਮਾਣਾ, ਜਰਨਲ ਸਕੱਤਰ ਪਰਮਜੀਤ ਸਿੰਘ ਪਟਿਆਲਾ ਨੇ ਦੱਸਿਆ ਕਿ ਰਾਜ ਵਿਦਿਅਕ ਖੋਜ ਅਤੇ ਸਿਖਲਾਈ ਪਰਿਸ਼ਦ ਪੰਜਾਬ ਵੱਲੋਂ ਸੂਬੇ ਦੇ 72 ਬਲਾਕ ਪ੍ਰਾਇਮਰੀ ਸਿੱਖਿਆ ਅਫਸਰ, ਸੈਂਟਰ ਹੈੱਡ ਟੀਚਰ, ਈਟੀਟੀ ਅਧਿਆਪਕਾਂ ਨੂੰ 21 ਦਿਨਾਂ ਦੀ ਟ੍ਰੇਨਿੰਗ ਲਈ ਫਿਨਲੈਂਡ ਭੇਜਿਆ ਜਾ ਰਿਹਾ ਹੈ।

ਅਧਿਆਪਕਾਂ ਦੇ ਅਪਲਾਈ ਕਰਨ ਦੀ ਮਿਤੀ 24 ਤੋਂ 26 ਸਤੰਬਰ ਸੀ। ਜਿਸ ਵਿੱਚ ਬਹੁਤੇ ਅਧਿਆਪਕ ਘੱਟ ਸਮੇਂ ਦੌਰਾਨ ਅਪਲਾਈ ਨਹੀਂ ਕਰ ਸਕੇ। ਸਿੱਖਿਆ ਵਿਭਾਗ ਵੱਲੋਂ ਵਿਦੇਸ਼ ਭੇਜਣ ਦੀ ਕਾਹਲੀ ਵਿੱਚ ਕੀਤੀ ਕਾਰਵਾਈ ਨੂੰ ਨੇਪਰੇ ਚਾੜਨ ਲਈ ਛੁੱਟੀ ਵਾਲੇ ਦਿਨ ਸ਼ਨੀਵਾਰ ਨੂੰ ਵੀ ਜ਼ਿਲ੍ਹਾ ਦਫ਼ਤਰ ਅੱਧੀ ਰਾਤ ਤੱਕ ਖੁੱਲੇ ਰੱਖੇ ਗਏ। ਆਗੂਆਂ ਨੇ ਦੱਸਿਆ ਕਿ ਏਨੇ ਘੱਟ ਸਮੇਂ ਵਿੱਚ ਬਹੁਤ ਤਜਰਬੇਕਾਰ ਟੀਚਰ ਅਪਲਾਈ ਹੀ ਨਹੀਂ ਕਰ ਸਕੇ। ਸਿੱਖਿਆ ਵਿਭਾਗ ਦੇ ਅਧਿਕਾਰੀਆਂ ਵਲੋਂ ਇਸ ਨੂੰ ਇੰਝ ਲਕੋਇਆ ਗਿਆ ਜਿਵੇਂ ਚੋਰ ਮੋਰੀ ਰਾਹੀ ਆਪਣੇ ਚਹੇਤਿਆਂ ਦੀ ਫਿਨਲੈਂਡ ਲਈ ਟਿਕਟ ਬੁੱਕ ਕਰਵਾਉਣੀ ਹੋਵੇ।ਇਸ ਤੋਂ ਪਹਿਲਾਂ ਵੀ 200 ਪ੍ਰਿੰਸੀਪਲਾਂ ਨੂੰ ਵੱਖ-ਵੱਖ ਬੈਂਚਾਂ ਵਿੱਚ ਅੰਤਰਰਾਸ਼ਟਰੀ ਸੰਸਥਾ ਸਿੰਗਾਪੁਰ ਭੇਜਿਆ ਗਿਆ।

ਟਰੇਨਿੰਗ ਪ੍ਰਾਪਤ ਪ੍ਰਿੰਸੀਪਲਾਂ ਵੱਲੋਂ ਸਕੂਲੀ ਸਿੱਖਿਆ ਵਿੱਚ ਕੀ ਸੁਧਾਰ ਕੀਤੇ ਗਏ ਉਹ ਅਜੇ ਤੱਕ ਬੁਝਾਰਤ ਹੀ ਬਣੇ ਹੋਏ ਹਨ। ਜੋ ਪ੍ਰਿੰਸੀਪਲ ਲੱਖਾਂ ਰੁਪਏ ਦੇ ਸਰਕਾਰੀ ਖਰਚੇ ਤੇ ਟ੍ਰੇਨਿੰਗ ਪ੍ਰਾਪਤ ਕਰਕੇ ਆਏ ਹਨ ਉਹ ਅੱਜ ਚਿੱਟੇ ਹਾਥੀ ਸਾਬਤ ਹੋ ਰਹੇ ਹਨ। ਇੱਕ ਪਾਸੇ ਤਾਂ ਪੰਜਾਬ ਸਰਕਾਰ ਹਰ ਮਹੀਨੇ ਹੀ ਕਰੋੜਾਂ ਰੁਪਏ ਦੇ ਕਰਜ਼ੇ ਚੱਕ ਕੇ ਮੁਲਾਜ਼ਮਾਂ ਨੂੰ ਮਸਾਂ ਤਨਖਾਹਾਂ ਦੇਣ ਤੱਕ ਸੀਮਤ ਹੈ ਤੇ ਦੂਜੇ ਪਾਸੇ ਕਰੋੜਾਂ ਰੁਪਏ ਖਰਚ ਕੇ ਆਪਣੇ ਚਹੇਤਿਆਂ ਨੂੰ ਸਰਕਾਰ ਫਿਨਲੈਂਡ ਲੈਣ ਦੀ ਸਾਰ ਕਰਵਾਉਂਣਾ ਚਾਹੁੰਦੀ ਹੈ। ਅੱਜ ਪੰਜਾਬ ਦਾ ਹਰ ਵਰਗ ਚਾਹੇ ਉਹ ਮੁਲਾਜ਼ਮ ਹੋਵੇ ਚਾਹੇ ਦੁਕਾਨਦਾਰ ਹੋਵੇ ਚਾਹੇ ਕਿਸਾਨ ਹੋਵੇ ਸਰਕਾਰ ਖਿਲਾਫ ਸੜਕਾਂ ਤੇ ਸੰਘਰਸ਼ ਕਰ ਰਿਹਾ ਹੈ।

ਮੁਲਾਜ਼ਮਾਂ ਦੀਆਂ ਲੱਖਾਂ ਰੁਪਏ ਦੀਆਂ ਅਦਾਇਗੀਆਂ ਸਰਕਾਰ ਵੱਲ ਪੈਂਡਿੰਗ ਹਨ ਪਰ ਸਰਕਾਰ ਆਪਣੇ ਚਹੇਤਿਆਂ ਨੂੰ ਵੱਡੇ ਪੱਧਰ ਤੇ ਸਰਕਾਰੀ ਖਰਚੇ ਤੇ ਸੈਰ ਕਰਵਾਉਣਾ ਚਾਹੁੰਦੀ ਹੈ। ਪੱਲੇ ਨਹੀਂ ਧੇਲਾ ਕਰਦੀ ਮੇਲਾ ਮੇਲਾ ਸਰਕਾਰ ਤੇ ਇਹ ਕਹਾਵਤ ਖੂਬ ਜੱਚਦੀ ਹੈ। ਇੱਕ ਪਾਸੇ ਤਾਂ ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ ਅਧਿਆਪਕਾਂ ਦੀ ਵੱਡੇ ਪੱਧਰ ਤੇ ਕਮੀ ਹੈ ਤੇ ਦੂਜੇ ਪਾਸੇ 21 ਦਿਨ ਲਈ ਸਰਕਾਰ ਪੇਪਰਾਂ ਦੇ ਦਿਨਾਂ ਵਿੱਚ ਅਧਿਆਪਕਾਂ ਨੂੰ ਵਿਦੇਸ਼ਾਂ ਵਿੱਚ ਭੇਜ ਰਹੀ ਹੈ। ਆਗੂਆਂ ਨੇ ਕਿਹਾ ਕਿ ਸਿੱਖਿਆ ਵਿਭਾਗ ਵਿੱਚ ਕੰਮ ਕਰਦੇ ਸਾਰੇ ਹੀ ਅਧਿਆਪਕ ਪੜ੍ਹੇ ਲਿਖੇ ਤੇ ਬੜੀ ਇਮਾਨਦਾਰੀ ਤਨਦੇਹੀ ਨਾਲ ਕੰਮ ਕਰ ਰਹੇ ਹਨ।

ਸਰਕਾਰ ਨੂੰ ਅਧਿਆਪਕਾਂ ਦੀਆਂ ਗੈਰ ਵਿੱਦਿਅਕ ਡਿਊਟੀਆਂ ਖਤਮ ਕਰਕੇ ਉਹਨਾਂ ਸਕੂਲਾਂ ਵਿੱਚ ਭੇਜਣਾ ਚਾਹੀਦਾ ਹੈ ਤੇ ਇਹਨਾਂ ਬੇਲੋੜੀਆਂ ਵਿਦੇਸ਼ੀ ਟ੍ਰੇਨਿੰਗਾਂ ਦੇ ਚੱਕਰਾਂ ਵਿੱਚੋ ਬਾਹਰ ਨਿਕਲਣਾ ਚਾਹੀਦਾ ਹੈ। ਚਹੇਤਿਆਂ ਨੂੰ ਫਿਨਲੈਂਡ ਘੁਮਾਉਣ ਦੇ ਚੱਕਰ ਵਿੱਚ ਕਰੋੜਾਂ ਰੁਪਏ ਦੇ ਕਰਜ਼ੇ ਲੈ ਰਹੀ ਹੈ ਪੰਜਾਬ ਸਰਕਾਰ ਨੂੰ ਲੱਖਾਂ ਮੁਲਾਜ਼ਮਾਂ ਦੇ ਰੁਕੇ ਹੋਏ ਡੀਏ, ਤੇ ਹੋਰ ਮੰਗਾਂ ਵੱਲ ਧਿਆਨ ਦੇਣਾ ਚਾਹੀਦਾ ਹੈ। ਆਗੂਆਂ ਨੇ ਮੁੱਖ ਮੰਤਰੀ ਪੰਜਾਬ, ਵਿੱਤ ਮੰਤਰੀ ਪੰਜਾਬ, ਤੇ ਸਿੱਖਿਆ ਮੰਤਰੀ ਪੰਜਾਬ ਨੂੰ ਅਪੀਲ ਕੀਤੀ ਕਿ ਇਹਨਾਂ ਟ੍ਰੇਨਿੰਗਾਂ ਤੇ ਫੌਰੀ ਤੌਰ ਤੇ ਰੋਕ ਕੇ ਕਰੋੜਾਂ ਰੁਪਏ ਪੰਜਾਬ ਦੇ ਵਿਕਾਸ ਕਾਰਜਾਂ ਤੇ ਖਰਚੇ ਜਾਣ।

 

Leave a Reply

Your email address will not be published. Required fields are marked *