All Latest NewsNews FlashPunjab News

Punjab News: ਲਾਰਿਆਂ ਤੋਂ ਅੱਕੇ NPS ਮੁਲਾਜ਼ਮਾਂ ਨੇ ਰੋਸ ਮਾਰਚ ਕਰਕੇ ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੂੰ ਕੀਤੇ ਸਵਾਲ ਅਤੇ ਸੌਂਪਿਆ ਮੰਗ ਪੱਤਰ

 

ਦੋ ਸਾਲ ਬੀਤ ਜਾਣ ਤੇ ਸਰਕਾਰ ਦਾ ਪੁਰਾਣੀ ਪੈਨਸ਼ਨ ਸਬੰਧੀ ਨੋਟੀਫਿਕੇਸ਼ਨ ਕੇਵਲ ਊਂਠ ਦਾ ਲਟਕਦਾ ਬੁੱਲ ਹੀ ਸਾਬਤ ਹੋਇਆ

ਪੰਜਾਬ ਨੈੱਟਵਰਕ, ਪਟਿਆਲਾ

ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਪੰਜਾਬ ਦੀ ਸੂਬਾ ਕਮੇਟੀ ਦੇ ਫ਼ੈਸਲੇ ਅਨੁਸਾਰ ਅੱਜ ਕੈਬਨਿਟ ਮੰਤਰੀ ਡਾ ਬਲਬੀਰ ਸਿੰਘ ਘਰ ਦਾ ਘਿਰਾਓ ਜ਼ਿਲ੍ਹਾ ਕਨਵੀਨਰ ਹਿੰਮਤ ਸਿੰਘ ਖੋਖ ਦੀ ਪ੍ਰਧਾਨਗੀ ਹੇਠ ਵੱਡੀ ਗਿਣਤੀ ਵਿੱਚ ਜ਼ਿਲੇ ਪਟਿਆਲੇ ਦੇ ਐਨ ਪੀ ਐਸ ਮੁਲਾਜ਼ਮਾਂ ਨੇ ਭਾਗ ਲਿਆ। ਜਿਲਾ ਪੱਧਰੀ ਧਰਨੇ ਨੂੰ ਸੰਬੋਧਨ ਕਰਦਿਆਂ ਹਿੰਮਤ ਸਿੰਘ ਖੋਖ, ਹਰਪ੍ਰੀਤ ਸਿੰਘ ਉੱਪਲ, ਜਸਵਿੰਦਰ ਸਿੰਘ ਸਮਾਣਾ, ਪੁਸ਼ਪਿੰਦਰ ਸਿੰਘ ਹਰਪਾਲਪੁਰ ਨੇ ਕਿਹਾ ਕਿ ਪੰਜਾਬ ਸਰਕਾਰ ਦੇ ਲਾਰਾ ਲਾਊ ਰੱਵਈਆ ਦਾ ਸਖਤ ਨੋਟਿਸ ਲੈਂਦਿਆਂ ਸੂਬਾ ਕਮੇਟੀ ਦੇ ਫ਼ੈਸਲੇ ਅਨੁਸਾਰ ਜਿਲ੍ਹਾ ਪੱਧਰੀ 29 ਸਤੰਬਰ ਨੂੰ ਦੇ ਡਾ ਬਲਬੀਰ ਸਿੰਘ ਦੇ ਘਰ ਅੱਗੇ ਰੋਸ ਮਾਰਚ ਕਰਕੇ ਉਹਨਾਂ ਨੂੰ ਸਵਾਲ ਕਰਨ ਦਾ ਫ਼ੈਸਲਾ ਕੀਤਾ ਗਿਆ ਸੀ।

ਹਾਕਮ ਸਿੰਘ ਖਨੌੜਾ, ਨਿਰਭੈ ਸਿੰਘ ਜਰਗ,ਹਰਦੀਪ ਸਿੰਘ ਪਟਿਆਲਾ, ਭੀਮ ਸਿੰਘ ਸਮਾਣਾ, ਜੁਗਪ੍ਰਗਟ ਸਿੰਘ , ਸ਼ਿਵਪ੍ਰੀਤ ਨੇ ਕਿਹਾ ਕਿ ਭਗਵੰਤ ਮਾਨ ਸਰਕਾਰ ਚੋਣਾਂ ਸਮੇਂ ਪੁਰਾਣੀ ਪੈਨਸ਼ਨ ਬਹਾਲੀ ਦੇ ਕੀਤੇ ਵਾਅਦੇ ਤੋਂ ਭੱਜ ਗਈ ਹੈ ਅਤੇ ਹੋਰ ਰਾਜਾਂ ਵਿੱਚ ਜਿਹੜਾ ਚੋਣਾਂ ਨੂੰ ਨੂੰ ਦੇਖਦੇ ਹੋਏ ਜਿਹੜਾ ਪੁਰਾਣੀ ਪੈਨਸ਼ਨ ਬਹਾਲੀ ਦਾ ਲੰਗੜਾ ਨੋਟੀਫਿਕੇਸ਼ਨ ਜਾਰੀ ਕੀਤਾ ਸੀ ਉਹ ਵੀ ਪੰਜਾਬ ਦੇ ਦੋ ਲੱਖ ਕਰਮਚਾਰੀਆਂ ਲਈ ਦੋ ਸਾਲ ਬੀਤ ਜਾਣ ਬਾਅਦ ਵੀ ਕੇਵਲ ਊਂਠ ਦਾ ਲਟਕਦਾ ਬੁੱਲ ਹੀ ਸਾਬਤ ਹੋਇਆ ਹੈ।

ਇਸ ਡੰਗ ਟਪਾਉ ਨੀਤੀ ਤੋਂ ਅੱਕੇ ਮੁਲਾਜ਼ਮਾਂ ਨੇ ਸਰਕਾਰ ਖ਼ਿਲਾਫ਼ ਮੋਰਚਾ ਖੋਲ ਦਿੱਤਾ ਹੈ ਅਸੀ ਆਪਣੇ ਮੰਤਰੀ ਤੋ ਮੰਗ ਕਰਦੇ ਹਾਂ ਕਿ ਸਰਕਾਰ ਆਪਣਾ ਚੋਣ ਵਾਅਦਾ ਤੁਰੰਤ ਪੂਰਾ ਕਰੇ ਜੇਕਰ ਸਰਕਾਰ ਨੇ ਅੱਜ ਦੇ ਇਸ ਵਿਸ਼ਾਲ ਘਿਰਾਓ ਨੂੰ ਗੰਭੀਰਤਾ ਨਾਲ ਨਹੀਂ ਲਿਆ ਤਾਂ ਚਾਰੇ ਜਿਮਨੀ ਚੋਣਾਂ ਹਲਕਿਆਂ ਚੱਬੇਵਾਲ,ਡੇਰਾ ਬਾਬਾ ਨਾਨਕ,ਬਰਨਾਲਾ ਅਤੇ ਗਿੱਦੜਬਾਹਾ ਵਿੱਚ ਚੋਣਾਂ ਦੀਆਂ ਮਿਤੀਆਂ ਦੇ ਐਲਾਨ ਤੋ ਤੁਰੰਤ ਬਾਅਦ ਵੱਡੀਆਂ ਰੈਲੀਆਂ ਇਹਨਾਂ ਹਲਕਿਆਂ ਵਿੱਚ ਕੀਤੀਆਂ ਜਾਣਗੀਆਂ ਜਿਸ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਕਰਮਚਾਰੀ ਭਾਗ ਲੈਣਗੇ।

ਪੰਜਾਬ ਸਰਕਾਰ ਵੱਲੋਂ ਪਿੱਛਲੇ ਸਾਲ 18 ਨਵੰਬਰ 2022 ਨੂੰ ਪੁਰਾਣੀ ਪੈਂਨਸ਼ਨ ਬਹਾਲ ਕਰਨ ਦਾ ਨੋਟੀਫਿਕੇਸ਼ਨ ਜ਼ਾਰੀ ਹੋਇਆ ਸੀ ਇਸ ਨੋਟੀਫਿਕੇਸ਼ਨ ਅਜੇ ਤੱਕ ਪੰਜਾਬ ਸਰਕਾਰ ਵੱਲੋਂ ਲਾਗੂ ਨਹੀਂ ਕੀਤਾ ਗਿਆ। ਮੌਜੂਦਾ ਪੰਜਾਬ ਸਰਕਾਰ ਵੱਡੇ ਵੱਡੇ ਕੰਮਾਂ ਨੂੰ ਥੋੜੇ ਸਮੇਂ ਵਿੱਚ ਕਰਕੇ ਦਿਖਾਉਣ ਦਾ ਦਾਅਵਾ ਕਰਦੀ ਹੈ ਪਰ ਖੁਦ ਦੇ ਪੁਰਾਣੀ ਪੈਂਨਸ਼ਨ ਬਹਾਲੀ ਸਬੰਧੀ ਲਿਖਤੀ ਕੀਤੇ ਵਾਅਦੇ ਨੂੰ ਦੋ ਸਾਲ ਹੋ ਚੱਲਿਆ ਤੇ ਮੁੱਖਮੰਤਰੀ ਦੇ ਐਲਾਨ ਨੂੰ ਵੀ ਦੋ ਸਾਲ ਹੋ ਗਿਆ ਹੈ ਪਰ ਸਰਕਾਰ ਅਮਲੀ ਜਾਮਾ ਪਾਉਣ ਲਈ ਨਾਕਾਮ ਰਹੀ ਹੈ।

ਜਦੋਂ ਕਿ ਗਵਾਂਢੀ ਸੂਬੇ ਦੀ ਸਰਕਾਰ ਨੇ ਬਾਅਦ ਵਿੱਚ ਸਰਕਾਰ ਬਣਾ ਕੇ ਵਾਅਦਾ ਪੂਰਾ ਕਰ ਵਿਖਾਇਆ ਹੈ। ਅੱਜ ਦੀ ਜਿਲਾ ਪੱਧਰੀ ਰੈਲੀ ਵਿੱਚ ਇਹ ਵੀ ਐਲਾਨ ਕੀਤਾ ਗਿਆ ਕਿ 2 ਅਕਤੂਬਰ ਦੇ ਪੰਜਾਬ ਮੁਲਾਜਮ ਅਤੇ ਪੈਨਸ਼ਨਰਜ ਸਾਂਝੇ ਫਰੰਟ ਦੇ ਅੰਬਾਲਾ ਝੰਡਾ ਮਾਰਚ ਵਿੱਚ ਭਾਗ ਲਿਆ ਜਾਵੇਗਾ ਤੇ ਪੰਜਾਬ ਸਰਕਾਰ ਦੀ ਵਾਅਦਾ ਖਿਲਾਫੀ ਤੋਂ ਹਰਿਆਣਾ ਦੇ ਕਰਮਚਾਰੀਆਂ ਨੂੰ ਜਾਣੂ ਕਰਵਾਇਆ ਜਾਵੇਗਾ ਤੇ ਸੂਬਾ ਕਮੇਟੀ ਦੇ ਫ਼ੈਸਲੇ ਅਨੁਸਾਰ ਜਿੱਥੇ ਵੀ ਮੁੱਖ ਮੰਤਰੀ ਪੰਜਾਬ ਜਾਣਗੇ ਉਹਨਾਂ ਦਾ ਕਾਲੀਆਂ ਝੰਡੀਆਂ ਨਾਲ ਜਿਲਾ ਪੱਧਰ ਤੇ ਸਵਾਗਤ ਕੀਤਾ ਜਾਵੇਗਾ।

ਇਸ ਮੌਕੇ ਕੰਵਲ ਨੈਣ ,ਦੀਦਾਰ ਸਿੰਘ, ਸੁਖਵਿੰਦਰ ਸਿੰਘ ਨਾਭਾ, ਜਗਪ੍ਰੀਤ ਸਿੰਘ ਭਾਟੀਆ ਜਸਵਿੰਦਰ ਪਾਲ ਸ਼ਰਮਾ ਲਖਵਿੰਦਰ ਚੀਮਾ, ਰਮਨ ਨਾਭਾ, ਪਵਨ ਕੁਮਾਰ ਦੁਲੱਦੀ ,ਪੰਜਾਬ ਸਰਵਿਸ ਫੈਡਰੇਸ਼ਨ ਤੋਂ ਦਰਸ਼ਨ ਸਿੰਘ ਬੇਲੂਮਾਜਰਾ ਜਸਵੰਤ ਸਿੰਘ ਨਾਭਾ,ਮੈਡਮ ਅਨੀਤਾ, ਮੈਡਮ ਸੁਖਦੀਪ ਕੌਰ,ਮੈਡਮ ਮੀਨਾ ਧਨੇਠਾ, ਮੈਡਮ ਪਰਮਜੀਤ ਕੌਰ ਗਿੱਲ, ਗੁਰਪ੍ਰੀਤ ਸਿੰਘ ਸਿੱਧੂ ਸੁਪਿੰਦਰ ਸ਼ਰਮਾ ਧਨੇਠਾ, ਰਜਿੰਦਰ ਸਿੰਘ ਜਵੰਧਾ, ਰਾਜਵਿੰਦਰ ਸਿੰਘ ਮਲਕਾਣਾ ਪੱਤੀ , ਮਨਜੀਤ ਸਿੰਘ ਪਟਿਆਲਾ, ਡਾ ਬਲਜਿੰਦਰ ਸਿੰਘ ਪਠੋਣੀਆਂ, ਲਖਵਿੰਦਰ ਸਿੰਘ ਰਾਜਪੁਰਾ ਆਦਿ ਆਗੂ ਵੀ ਹਾਜ਼ਰ ਰਹੇ।

 

One thought on “Punjab News: ਲਾਰਿਆਂ ਤੋਂ ਅੱਕੇ NPS ਮੁਲਾਜ਼ਮਾਂ ਨੇ ਰੋਸ ਮਾਰਚ ਕਰਕੇ ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੂੰ ਕੀਤੇ ਸਵਾਲ ਅਤੇ ਸੌਂਪਿਆ ਮੰਗ ਪੱਤਰ