Punjab News: ਸਿੱਖਿਆ ਵਿਭਾਗ ਵੱਲੋਂ ‘ਪਰਖ’ ਨਾਂ ਦੇ ਸਰਵੇਖਣ ਲਈ ਤਿਆਰੀਆਂ, ਸਕੂਲੀ ਸਿੱਖਿਆ ਲੀਹੋਂ ਲਾਹੀ: ਡੀਟੀਐੱਫ
Punjab News: ਪਹਿਲਾਂ ‘ਸਮਰੱਥ ਮਿਸ਼ਨ’ ਅਤੇ ਹੁਣ ਕੰਪੀਟੈਂਸੀ ਇਨਹਾਂਸਮੈਂਟ ਟੈਸਟਾਂ ਰਾਹੀਂ ਵਿਭਾਗ ਦੇ ਨਿਤ ਨਵੇਂ ਤਜ਼ਰਬੇ, ਪੰਜਾਬ ਦੀ ਸਕੂਲੀ ਸਿੱਖਿਆ ਤਜ਼ਰਬਿਆਂ ਨੇ ਮਾਰੀ : ਡੀ ਟੀ ਐੱਫ ਪੰਜਾਬ
ਦਲਜੀਤ ਕੌਰ, ਚੰਡੀਗੜ੍ਹ/ਸੰਗਰੂਰ:
ਡੈਮੋਕ੍ਰੈਟਿਕ ਟੀਚਰਜ਼ ਫਰੰਟ ਪੰਜਾਬ ਦੇ ਸੂਬਾ ਪ੍ਰਧਾਨ ਵਿਕਰਮ ਦੇਵ ਸਿੰਘ, ਜਨਰਲ ਸਕੱਤਰ ਮਹਿੰਦਰ ਕੌੜਿਆਂਵਾਲੀ, ਵਿੱਤ ਸਕੱਤਰ ਅਸ਼ਵਨੀ ਅਵਸਥੀ ਅਤੇ ਮੀਤ ਪ੍ਰਧਾਨ ਰਘਵੀਰ ਸਿੰਘ ਭਵਾਨੀਗੜ੍ਹ ਨੇ ਪੰਜਾਬ ਦੇ ਸਿੱਖਿਆ ਵਿਭਾਗ ਵੱਲੋਂ ਪਹਿਲਾਂ ਸਮਰੱਥ ਮਿਸ਼ਨ ਅਤੇ ਹੁਣ ਕੰਪੀਟੈਂਸੀ ਇਨਹਾਂਸਮੈਂਟ ਟੈਸਟਾਂ ਰਾਹੀਂ ਨਿਤ ਨਵੇਂ ਤਜਰਬੇ ਕਰਨ ਦੀ ਨੀਤੀ ਨੂੰ ਸਕੂਲੀ ਸਿੱਖਿਆ ਨੂੰ ਲੀਹੋ ਲਾਹੁਣ ਦੀ ਸਾਜ਼ਿਸ਼ ਦੱਸਿਆ।
ਉਹਨਾਂ ਦੱਸਿਆ ਕਿ ਸਿੱਖਿਆ ਵਿਭਾਗ ਪੰਜਾਬ ਵੱਲੋਂ ਪਹਿਲਾਂ ਅਪ੍ਰੈਲ, ਮਈ ਅਤੇ ਜੁਲਾਈ ਮਹੀਨਿਆਂ ਵਿੱਚ ਵਿਦਿਆਰਥੀਆਂ ਨੂੰ ਸਮਰੱਥ ਮਿਸ਼ਨ ਅਧੀਨ ਵੱਖ ਵੱਖ ਗਤੀਵਿਧੀਆਂ ਅਤੇ ਕਿਰਿਆਵਾਂ ਰਾਹੀ ਪੜ੍ਹਾਉਣ ਦਾ ਟੀਚਾ ਮਿਥਿਆ ਸੀ। ਜਿਸ ਦਾ ਉਦੇਸ਼ ਸਿੱਖਿਆ ਵਿੱਚ ਪੱਛੜ ਰਹੇ ਵਿਦਿਆਰਥੀਆਂ ਨੂੰ ਬਾਕੀਆਂ ਨਾਲ ਰਲਾਉਣਾ ਸੀ ਪਰ ਇਸ ਦਾ ਨੁਕਸਾਨ ਹੁਸ਼ਿਆਰ ਵਿਦਿਆਰਥੀ ਨੂੰ ਹੋਇਆ ਕਿਉਂਕਿ ਇਸ ਮਿਸ਼ਨ ਦੀਆਂ ਗਤੀਵਿਧੀਆਂ ਅਤੇ ਕਿਰਿਆਵਾਂ ਉਹਨਾਂ ਦੇ ਮਾਨਸਿਕ ਪੱਧਰ ਤੋਂ ਦਾ ਪੱਧਰ ਬਹੁਤ ਹੀ ਨੀਵਾਂ ਸੀ।
ਹੁਣ ਕੰਪੀਟੈਂਸੀ ਇਨਹਾਂਸਮੈਂਟ ਟੈਸਟਾਂ ਰਾਹੀਂ ਵਿਭਾਗ ਵੱਲੋਂ ਸਾਰਿਆਂ ਬੱਚਿਆਂ ਦੇ ਉੱਚ ਪੱਧਰ ਦੀ ਮਾਨਸਿਕਤਾ ਦੀ ਪਰਖ ਕੀਤੀ ਜਾ ਰਹੀ ਜਿਸ ਵਿੱਚ ਅਸਲ ਵਿੱਚ ਕੁਝ ਕੁ ਵਿਦਿਆਰਥੀਆਂ ਨੂੰ ਛੱਡ ਕੇ ਬਾਕੀ ਸਾਰੇ ਵਿਦਿਆਰਥੀ ਕਾਫੀ ਪੱਛੜੇ ਹੋਏ ਹਨ। ਇੰਨ੍ਹਾਂ ਟੈਸਟਾਂ ਰਾਹੀਂ ਵਿਭਾਗ ਵੱਲੋਂ ਸਿੱਖਿਆ ਵਿੱਚ ਪੱਛੜੇ ਹੋਏ ਬੱਚਿਆਂ ਨੂੰ ਉੱਚ ਪੱਧਰੀ ਮਾਨਸਿਕਤਾ ਵਾਲੀ ਸਿੱਖਿਆ ਵਿੱਚ ਘੜੀਸਣ ਦੇ ਯਤਨ ਕੀਤੇ ਜਾ ਰਹੇ ਹਨ। ਇਸ ਨਾਲ ਅਧਿਆਪਕਾਂ ਸਾਹਮਣੇ ਪਹਿਲਾਂ ਜਿਹੜੇ ਵਿਦਿਆਰਥੀ ਮਿਸ਼ਨ ਸਮਰੱਥ ਅਧੀਨ ਕੱਛੂ ਦੀ ਚਾਲ ਨਾਲ ਸਿੱਖ ਰਹੇ ਸਨ, ਹੁਣ ਉਨ੍ਹਾਂ ਹੀ ਵਿਦਿਆਰਥੀਆਂ ਕੰਪੀਟੈਂਸੀ ਇਨਹਾਂਸਮੈਂਟ ਪਲਾਨ ਅਧੀਨ ਘੋੜੇ ਦੀ ਚਾਲ ਨਾਲ ਸਿਖਾਉਣ ਦੇ ਉੱਪਰੀ ਆਦੇਸ਼ਾਂ ਦੀ ਪਾਲਣਾ ਕਰਨ ਦੀ ਸਥਿਤੀ ਬਣ ਗਈ ਹੈ।
ਡੈਮੋਕ੍ਰੇਟਿਕ ਟੀਚਰਜ਼ ਫਰੰਟ ਪੰਜਾਬ ਦੇ ਸੂਬਾ ਪ੍ਰੈੱਸ ਸਕੱਤਰ ਪਵਨ ਕੁਮਾਰ ਨੇ ਦੱਸਿਆ ਕਿ ਅਸਲ ਵਿੱਚ ਇਹ ਸਭ ਨਵੰਬਰ 2024 ਵਿੱਚ ਹੋਣ ਵਾਲੇ ‘ਪਰਖ’ ਨਾਂ ਦੇ ਸਰਵੇਖਣ ਨੂੰ ਧਿਆਨ ਵਿੱਚ ਰੱਖ ਕੇ ਕੀਤਾ ਜਾ ਰਿਹਾ ਹੈ ਤਾਂ ਜੋ ਵਿਦਿਆਰਥੀਆਂ ਨੂੰ ਇਸ ਸਰਵੇਖਣ ‘ਪਰਖ’ ਦੀ ਤਿਆਰੀ ਕਰਾ ਕੇ ਪੰਜਾਬ ਦੀ ਸਿੱਖਿਆ ਨੂੰ ਬਹੁਤ ਵਧੀਆ ਸਾਬਿਤ ਕੀਤਾ ਜਾ ਸਕੇ। ਜਦਕਿ ਕਿਸੇ ਵੀ ਸਰਵੇਖਣ ਲਈ ਸਰਵੇਖਣ ਤੋਂ ਪਹਿਲਾਂ ਕਿਸੇ ਕਿਸਮ ਦੀ ਤਿਆਰੀ ਦੇ ਅਰਥ ਸਿਰਫ ਅਤੇ ਸਿਰਫ ਅਸਲ ਸਥਿਤੀ ਨੂੰ ਛੁਪਾਉਣ ਵਾਲੇ ਸਾਬਤ ਹੋਣਗੇ। ਭਾਵੇਂ ਇਹ ਸਰਵੇਖਣ ਤੀਸਰੀ, ਛੇਵੀਂ ਅਤੇ ਨੌਵੀਂ ਜਮਾਤ ਦੇ ਵਿਦਿਆਰਥੀਆਂ ਦਾ ਹੋਣਾ ਹੈ ਪਰ ਪੰਜਾਬ ਦੇ ਸਿੱਖਿਆ ਵਿਭਾਗ ਨੇ ਤੀਸਰੀ ਤੋਂ ਦਸਵੀਂ ਜਮਾਤ ਦੇ ਸਾਰੇ ਵਿਦਿਆਰਥੀਆਂ ਲਈ ਕੰਪੀਟੈਂਸੀ ਇਨਹਾਂਸਮੈਂਟ ਪਲਾਨ ਤਿਆਰ ਕਰਕੇ ਹਰ ਰੋਜ਼ ਵਰਕਸ਼ੀਟਾਂ ਰਾਹੀਂ ਅਧਿਆਪਕਾਂ ਨੂੰ ਸਿਲੇਬਸ ਦੇ ਨਾਲ ਨਾਲ ਉਹ ਸ਼ੀਟਾਂ ਤੋਂ ਕੰਮ ਕਰਾਉਣ ਦੇ ਹੁਕਮ ਚਾੜ੍ਹੇ ਗਏ ਹਨ।
ਅਧਿਆਪਕਾਂ ਵੱਲੋਂ ਇੰਨ੍ਹਾਂ ਇਨਹਾਂਸਮੈਂਟ ਟੈਸਟਾਂ ਦਾ ਡਾਟਾ ਇੰਦਰਾਜ਼ ਕਰਨ ਲਈ ਜੋ ਹੁਕਮ ਕੀਤੇ ਗਏ ਹਨ ਉਨ੍ਹਾਂ ਅਨੁਸਾਰ ਹਰ ਪੰਦਰਵਾੜੇ ਬਾਅਦ ਹੋਣ ਵਾਲੇ ਟੈਸਟਾਂ ਦੇ ਹਰੇਕ ਪ੍ਰਸ਼ਨ ਦਾ ਇੰਦਰਾਜ਼ ਕਰਨਾ ਹੈ। ਅਧਿਆਪਕਾਂ ਨੇ ਇਸਨੂੰ ਗੈਰ ਜਰੂਰੀ ਕ੍ਰਿਆ ਵਿੱਚ ਅਧਿਆਪਕਾਂ ਨੂੰ ਉਲਝਾ ਕੇ ਸਕੂਲੀ ਸਿੱਖਿਆ ਨੂੰ ਲੀਹੋਂ ਲਾਹੁਣ ਦੀ ਸਾਜ਼ਿਸ਼ ਕਿਹਾ ਜਾ ਰਿਹਾ ਹੈ। ਅਧਿਆਪਕਾਂ ਵੱਲੋਂ ਨੌਵੀਂ ਤੋਂ ਬਾਰਵੀਂ ਜਮਾਤ ਦੇ ਵਿਦਿਆਰਥੀਆਂ ਦੀ ਪੰਜਾਬ ਸਕੂਲ ਸਿੱਖਿਆ ਬੋਰਡ ਵਿੱਚ ਰਜਿਸਟ੍ਰੇਸ਼ਨ ਅਤੇ ਕੰਟੀਨਿਊਏਸ਼ਨ ਦੇ ਨਾਲ ਨਾਲ ਨੌਵੀਂ ਤੋਂ ਬਾਰਵੀਂ ਜਮਾਤ ਦੇ ਵਿਦਿਆਰਥੀਆਂ ਸਕਾਲਰਸ਼ਿਪ ਅਪਲਾਈ ਕਰਨ ਅਤੇ ਵੈਰੀਫਾਈ ਕਰਨ ਦਾ ਪਹਿਲਾਂ ਹੀ ਲੋੜੋਂ ਵੱਧ ਕੰਮ ਹੈ। ਸਕੂਲਾਂ ਵਿੱਚ ਕਲਰਕਾਂ ਦੀ ਘਾਟ ਹੋਣ ਕਾਰਨ ਕਲਰਕਾਂ ਵਾਲੇ ਅਨੇਕਾਂ ਕੰਮ ਅਧਿਆਪਕਾਂ ਵੱਲੋਂ ਹੀ ਕੀਤੇ ਜਾ ਰਹੇ ਹਨ।
ਡੀ ਟੀ ਐੱਫ ਪੰਜਾਬ ਦੇ ਮੀਤ ਪ੍ਰਧਾਨਾਂ ਰਾਜੀਵ ਬਰਨਾਲਾ, ਜਗਪਾਲ ਬੰਗੀ, ਗੁਰਪਿਆਰ ਕੋਟਲੀ, ਬੇਅੰਤ ਫੂਲੇਵਾਲਾ, ਹਰਜਿੰਦਰ ਵਡਾਲਾ ਬਾਂਗਰ ਅਤੇ ਰਘਵੀਰ ਭਵਾਨੀਗੜ੍ਹ, ਸੰਯੁਕਤ ਸਕੱਤਰਾਂ ਮੁਕੇਸ਼ ਕੁਮਾਰ, ਕੁਲਵਿੰਦਰ ਜੋਸ਼ਨ ਅਤੇ ਜਸਵਿੰਦਰ ਔਜਲਾ, ਸਹਾਇਕ ਵਿੱਤ ਸਕੱਤਰ ਤਜਿੰਦਰ ਸਿੰਘ ਅਤੇ ਪ੍ਰਚਾਰ ਸਕੱਤਰ ਸੁਖਦੇਵ ਡਾਨਸੀਵਾਲ ਨੇ ਦੱਸਿਆ ਕਿ ਅਧਿਆਪਕਾਂ ਲਈ ਇਹ ਵੀ ਸਮੱਸਿਆ ਹੈ ਕਿ ਸਲਾਨਾ ਪ੍ਰੀਖਿਆ ਵਿੱਚ ਪੇਪਰ ਪੂਰੇ ਸਿਲੇਬਸ ਵਿੱਚੋਂ ਹੀ ਆਉਣਾ ਹੈ ਭਾਵੇਂ ਇਸ ਵਾਰ ਉਸ ਸਿਲੇਬਸ ਨੂੰ ਕਰਾਉਣ ਲਈ ਮਿਸ਼ਨ ਸਮਰੱਥ ਕਾਰਣ ਪੰਜਾਬੀ, ਅੰਗਰੇਜ਼ੀ ਅਤੇ ਗਣਿਤ ਵਿਸ਼ਿਆਂ ਲਈ ਤਿੰਨ ਮਹੀਨੇ ਦਾ ਘੱਟ ਸਮਾਂ ਮਿਲਿਆ ਹੈ।
ਇਸਦੇ ਨਾਲ ਹੀ ਪਹਿਲਾਂ ਤੋਂ ਤਿੰਨ ਮਹੀਨੇ ਸਿਲੇਬਸ ਵਿੱਚ ਪੱਛੜੇ ਹੋਏ ਅਧਿਆਪਕ ਕੰਪੀਟੈਂਸੀ ਇਨਹਾਂਸਮੈਂਟ ਪਲਾਨ ਨੂੰ ਲਾਗੂ ਕਰਦੇ ਹੋਏ ਆਪਣੇ ਆਪ ਨੂੰ ਕਸੂਤੀ ਸਥਿਤੀ ਵਿੱਚ ਮਹਿਸੂਸ ਕਰ ਰਹੇ ਹਨ ਅਤੇ ਇਸ ਸਭ ਨੂੰ ਵਿਦਿਆਰਥੀਆਂ ਦੇ ਮਨੋਵਿਗਿਆਨ ਦੇ ਉਲਟ ਮੰਨ ਰਹੇ ਹਨ। ਆਗੂਆਂ ਨੇ ਪੰਜਾਬ ਸਰਕਾਰ ਪਾਸੋਂ ਮੰਗ ਕੀਤੀ ਕਿ ਪੰਜਾਬ ਦੀ ਆਪਣੀ ਸਿੱਖਿਆ ਨੀਤੀ ਬਣਾਉਂਦੇ ਹੋਏ ਨਿੱਤ ਦੇ ਤਜਰਬਿਆਂ ਤੋਂ ਛੁਟਕਾਰਾ ਦਿਵਾਉਂਦੇ ਹੋਏ ਲੀਹੋਂ ਲੱਥੀ ਸਕੂਲੀ ਸਿੱਖਿਆ ਨੂੰ ਮੁੜ ਸੁਰਜੀਤ ਕੀਤਾ ਜਾਵੇ।