ਪੰਜਾਬ ਸਰਕਾਰ ਵੱਲੋਂ ਬਿਜਲੀ ਖੇਤਰ ਦੇ ਨਿਜੀਕਰਣ ਵੱਲ ਇੱਕ ਹੋਰ ਪੁਲਾਂਘ!
ਹੜਤਾਲਾਂ ਦੇ ਜਮਹੂਰੀ ਹੱਕਾਂ ਨੂੰ ਕੁਚਲਣ ਲਈ ਨਿੱਜੀ ਸਪੈਸ਼ਲ ਗੈਂਗ ਤਿਆਰ
ਪੰਜਾਬ ਨੈੱਟਵਰਕ, ਚੰਡੀਗੜ੍ਹ
ਇਨਕਲਾਬੀ ਜਮਹੂਰੀ ਫਰੰਟ ਪੰਜਾਬ ਦੇ ਕਨਵੀਨਰ ਗੁਰਦਿਆਲ ਸਿੰਘ ਭੰਗਲ ਅਤੇ ਸੂਬਾ ਆਗੂ ਸੁਖਵੰਤ ਸਿੰਘ ਸੇਖੋਂ ਵਲੋਂ ਇੱਕ ਪ੍ਰੈਸ ਬਿਆਨ ਰਾਹੀਂ ਪਾਵਰ ਕਾਰਪੋਰੇਸ਼ਨ ਦੀ, ਮੁਲਾਜ਼ਮ ਹੜਤਾਲਾਂ ਦੇ ਜਮਹੂਰੀ ਹੱਕ ਨੂੰ ਕੁਚਲਣ ਲਈ ਬਣਾਈਆਂ ਜਾ ਰਹੀਆਂ ਸਪੈਸ਼ਲ ਗੈਗਾਂ ਦੀ ਜ਼ੋਰਦਾਰ ਸ਼ਬਦਾਂ ਵਿਚ ਨਿਖੇਧੀ ਕਰਦੇ ਹੋਏ ਇਸ ਨੂੰ ਕਾਮਾ ਹੜਤਾਲ ਦੇ ਜਮਹੂਰੀ ਅਧਿਕਾਰ ਨੂੰ ਕੁਚਲਣ, ਅਤੇ ਇਸਨੂੰ ਬਿਜਲੀ ਖੇਤਰ ਦੇ ਨਿਜੀਕਰਣ ਵੱਲ ਇੱਕ ਹੋਰ ਪੁਲਾਂਘ ਦਾ ਨਾਂ ਦੇ ਕੇ ਇਸ ਦੀ ਜ਼ੋਰਦਾਰ ਸ਼ਬਦਾਂ ਵਿਚ ਨਿਖੇਧੀ ਕਰਦੇ ਹੋਏ ਸਮੁੱਚੇ ਪੰਜਾਬ ਦੇ ਰੈਗੂਲਰ, ਆਊਟਸੋਰਸਡ ਅਤੇ ਇਨਲਿਸਟਮੈਟ ਮੁਲਾਜ਼ਮਾਂ ਨੂੰ ਸਰਕਾਰ ਦੇ ਇਸ ਮੁਲਾਜ਼ਮ ਦੋਖੀ ਫੈਸਲੇ ਦੀ ਜ਼ੋਰਦਾਰ ਵਿਰੋਧ ਅਤੇ ਨਿਖੇਧੀ ਕਰਨ ਦੀ ਅਪੀਲ ਕੀਤੀ ਗਈ ਹੈ।
ਆਗੂਆਂ ਵਲੋਂ ਪ੍ਰੈਸ ਬਿਆਨ ਰਾਹੀਂ ਦੱਸਿਆ ਗਿਆ ਕਿ ਮਿਤੀ 4-4-2025 ਨੂੰ ਮੀਮੋ ਨੰਬਰ 2552/56 ਰਾਹੀਂ ਬਿਜਲੀ ਕਾਰਪੋਰੇਸ਼ਨ ਦੇ ਮੁੱਖ ਇੰਜੀਨੀਅਰ ਦੱਖਣੀ ਜੋਨ ਪਟਿਆਲਾ ਰਾਹੀਂ ਇੱਕ ਪੱਤਰ ਜਾਰੀ ਕੀਤਾ ਗਿਆ ਹੈ ਜਿਸ ਦਾ ਮਕਸਦ ਖਪਤਕਾਰਾਂ ਨੂੰ ਨਿਰਵਿਘਨ ਸੁਪਲਾਈ ਦੇਣ ਹਿੱਤ ਰੈਗੂਲਰ/ ਸੀ ਐਚ ਬੀ/ਸੀ ਐਚ ਡਬਲਿਊ ਕਾਮਿਆਂ ਦੀ ਜਗ੍ਹਾ ਟੈਂਪਰੇਰੀ ਤੌਰ ਤੇ ਗੈਂਗ ਮੁੱਹਈਆ ਕਰਵਾਉਣ ਲਈ ਕੋਂਟਨਜੈਂਟ ਪਲੈਨ ਤਿਆਰ ਕੀਤੀ ਗਈ ਹੈ। ਜਿਸ ਦੇ ਮਕਸਦ ਵਾਰੇ ਚਰਚਾ ਕਰਦੇ ਹੋਏ ਕਿਹਾ ਗਿਆ ਕਿ ਇਨ੍ਹਾਂ ਵਿਭਾਗੀ ਕਾਮਿਆਂ ਦੇ ਹੜਤਾਲ ’ਤੇ ਜਾਣ ਦੇ ਸਮੇਂ ਖਪਤਕਾਰਾਂ ਨੂੰ ਨਿਰਵਿਘਨ ਸਪਲਾਈ ਦੇਣ ਦੀ ਲੋੜ ਨੂੰ ਪੂਰਾ ਕਰਨ ਲਈ ਇਹ ਕੌਂਟਨਜੈਂਟ ਪਲੈਨ ਤਿਆਰ ਕੀਤਾ ਗਿਆ ਹੈ।
ਇਸ ਪਲੈਨ ਮੁਤਾਬਕ ਜਿਸ ਦਿਨ ਬਿਜਲੀ ਮੁਲਾਜ਼ਮ ਹੜਤਾਲ ’ਤੇ ਜਾਂਦੇ ਹਨ ਜਾਂ ਉਹ ਕੰਮ ’ਤੇ ਨਹੀਂ ਆਉਂਦੇ ਉਸ ਦਿਨ ਇੱਕ ਨੰਬਰ ਗੈਂਗ ਪ੍ਰਤੀ ਮੰਡਲ, ਜਿਸ ਵਿੱਚ 8 ਨੰਬਰ ਤਕਨੀਕੀ ਕਾਮੇ, ਇੱਕ ਨੰਬਰ ਗੱਡੀ, ਸੇਫਟੀ ਕਿਟਾਂ ਮੌਜੂਦ ਹੋਣ ਨੂੰ ਆਊਟਸੋਰਸਡ ਰਾਹੀਂ ਹਾਇਰ ਕਰਕੇ ਇਸ ਦੀ ਵਰਤੋਂ ਹੜਤਾਲ ਸਮੇਂ ਦੌਰਾਨ ਨਿਰਵਿਘਨ ਬਿਜਲੀ ਸਪਲਾਈ ਦੇਣ ਲਈ ਕੀਤੀ ਜਾਵੇਗੀ। ਇਸ ਪੱਤਰ ਮੁਤਾਬਕ ਹਰ ਮੰਡਲ ਦੇ ਅਧਿਕਾਰੀ ਨੂੰ ਹਿਦਾਇਤ ਕੀਤੀ ਗਈ ਹੈ ਕਿ ਉਹ ਆਪਣੇ ਮੰਡਲ ਦੀ ਮੰਗ ਅਨੁਸਾਰ ਮਿਤੀ 7-4-2025 ਸਵੇਰੇ 11 ਵਜੇ ਤੱਕ ਇਸ ਦਫ਼ਤਰ ਨੂੰ ਭੇਜੀ ਜਾਵੇ।
ਆਗੂਆਂ ਵੱਲੋਂ ਇਸ ਪ੍ਰੈਸ ਬਿਆਨ ਰਾਹੀਂ ਪੰਜਾਬ ਦੇ ਸਮੂਹ ਆਊਟਸੋਰਸਡ ਇਨਲਿਸਟਮੈਟ ਅਤੇ ਰੈਗੂਲਰ ਮੁਲਾਜ਼ਮਾਂ ਨੂੰ ਇੱਕ ਜੋਰਦਾਰ ਅਪੀਲ ਰਾਹੀਂ ਕਿਹਾ ਗਿਆ ਕਿ ਕਾਰਪੋਰੇਸ਼ਨ ਦੇ ਇਸ ਪੱਤਰ ਨੂੰ ਸਧਾਰਣ ਸਰਕਾਰੀ ਪੱਤਰ ਦੇ ਰੂਪ ਵਿੱਚ ਦੇਖਣ ਦੀ ਥਾਂ ਇਸ ਨੂੰ ਗੰਭੀਰਤਾ ਨਾਲ ਲਿਆ ਜਾਵੇ, ਕਿਉਂਕਿ ਪਹਿਲੇ ਨੰਬਰ ’ਤੇ ਸਾਡੇ ਸੋਚਣ ਦਾ ਸਵਾਲ ਹੈ ਕਿ ਬਿਜਲੀ ਬੋਰਡ ਦਾ ਗਠਨ ਹੋਇਆ ਅੱਜ ਤੱਕ 77 ਸਾਲ ਦਾ ਅਰਸਾ ਬੀਤ ਚੁੱਕਿਆ ਹੈ ਤੇ ਇਸ ਅਰਸੇ ਦੌਰਾਨ ਬਿਜਲੀ ਮੁਲਾਜ਼ਮਾਂ ਵੱਲੋਂ ਆਪਣੇ ਹੱਕਾਂ ਦੀ ਰਾਖੀ ਅਤੇ ਪ੍ਰਾਪਤੀ ਲਈ ਸਮੇਂ ਸਮੇਂ ’ਤੇ ਸੰਘਰਸ਼ ਦੇ ਹੋਰ ਰੂਪਾਂ ਦੇ ਨਾਲ ਨਾਲ ਅਨੇਕਾਂ ਵਾਰ ਹੜਤਾਲਾਂ ਵੀ ਕੀਤੀਆਂ ਹਨ। ਇਨ੍ਹਾਂ ਸਾਲਾਂ ਦੌਰਾਨ ਵੀ ਖਪਤਕਾਰਾਂ ਨੂੰ ਨਿਰਵਿਘਨ ਬਿਜਲੀ ਸਪਲਾਈ ਦੀ ਲੋੜ ਸੀ ਪਰ ਉਸ ਸਮੇਂ ਹੜਤਾਲ ਦੌਰਾਨ ਕਾਰਪੋਰੇਸ਼ਨ ਦੀ ਮੈਨੇਜਮੈਂਟ ਨੂੰ ਲੋਕਾਂ ਨੂੰ ਨਿਰਵਿਘਨ ਬਿਜਲੀ ਸਪਲਾਈ ਦੇਣ ਲਈ ਅਜਿਹੀਆਂ ਗੈਗਾਂ ਬਣਾਉਣ ਦੀ ਯਾਦ ਕਿਉਂ ਨਾ ਆਈ। ਬਿਜਲੀ ਦੀ ਥੁੜ ਕਾਰਨ ਹਫ਼ਤੇ ਦੌਰਾਨ ਤਿੰਨ ਤਿੰਨ ਦਿਨਾਂ ਦੇ ਪਾਵਰ ਕੱਟ ਵੀ ਲਗਦੇ ਰਹੇ ਸਰਕਾਰ ਨੂੰ ਉਸ ਅਰਸੇ ’ਚ ਖਪਤਕਾਰਾਂ ਨੂੰ ਨਿਰਵਿਘਨ ਬਿਜਲੀ ਸਪਲਾਈ ਦੇਣ ਦੀ ਅਗਾਉਂ ਯਾਦ ਕਿਉਂ ਨਾ ਆਈ। ਇਸ ਅਰਸੇ ਦੌਰਾਨ ਵੀ ਕੰਮ ਭਾਰ ਮੁਤਾਬਕ ਅਸਾਮੀਆਂ ਦੀ ਰਚਨਾ ਨਾ ਕਰਨ ਦੀ ਨੀਤੀ ਕਾਰਣ ਸਟਾਫ ਦੀ ਘਾਟ ਹੈ।
ਜਿਸ ਕਾਰਣ ਨਿਰਵਿਘਨ ਬਿਜਲੀ ਸਪਲਾਈ ਸੰਭਵ ਨਹੀਂ ਹੋ ਰਹੀ, ਇਸ ਸਮੇਂ ਵੀ ਸਰਕਾਰ ਨੂੰ ਹੋਰ ਮੁਲਾਜ਼ਮਾਂ ਦੀ ਭਰਤੀ ਕਰਕੇ ਖਪਤਕਾਰਾਂ ਨੂੰ ਹੁਣ ਬਿਜਲੀ ਸਪਲਾਈ ਦੇਣ ਦੀ ਲੋੜ ਦੀ ਯਾਦ ਕਿਉਂ ਨਾ ਆਈ। ਆਗੂਆਂ ਵੱਲੋਂ ਮੁਲਾਜ਼ਮਾਂ ਅਤੇ ਖਪਤਕਾਰਾਂ ਨੂੰ ਇਸ ਸੁਨੇਹੇ ਰਾਹੀਂ ਸੁਚੇਤ ਕੀਤਾ ਗਿਆ ਕਿ ਸਰਕਾਰ ਦਾ ਇਹ ਫੈਸਲਾ ਸਧਾਰਣ ਅਤੇ ਬਹੁਗਿਣਤੀ ਖਪਤਕਾਰਾਂ ਨਾਲ ਹੇਜ ਵਿੱਚੋਂ ਨਹੀਂ ਲਿਆ ਗਿਆ। ਸਗੋਂ ਇਹ ਫੈਸਲਾ ਬਿਜਲੀ ਖੇਤਰ ਦਾ ਨਿਜੀਕਰਣ ਕਰਕੇ ਕਾਰਪੋਰੇਟ ਘਰਾਣਿਆਂ ਦੀ ਅੰਨੀ ਲੁੱਟ ਦੇ ਹਿੱਤਾਂ ਦੀ ਪੂਰਤੀ ਦੀ ਲੋੜ ਵਿੱਚੋਂ ਲਿਆ ਗਿਆ ਹੈ ਅਤੇ ਇਹ ਬਿਜਲੀ ਖੇਤਰ ਦੇ ਨਿਜੀਕਰਣ ਵੱਲ ਇੱਕ ਹੋਰ ਪੁਲਾਂਘ ਹੈ।
ਇਸ ਤੋਂ ਸਾਫ ਹੈ ਕਿ ਸਰਕਾਰ ਜਲਦੀ ਤੋਂ ਜਲਦੀ ਨਿਜੀਕਰਣ ਵੱਲ ਅੱਗੇ ਵਧ ਰਹੀ ਹੈ। ਇਸ ਹਾਲਤ ਵਿੱਚ ਸਰਕਾਰ ਜਾਣਦੀ ਹੈ ਕਿ ਇਸ ਹਮਲੇ ਵਿਰੁੱਧ ਬਿਜਲੀ ਮੁਲਾਜ਼ਮ ਲੰਬੀ ਹੜਤਾਲ ’ਤੇ ਜਾਣਗੇ। ਦੂਸਰੇ ਪਾਸੇ ਨਿਜੀਕਰਣ ਦੇ ਇਸ ਤਬਾਹ ਕਰੂ ਹਮਲੇ ਦਾ ਅਸਰ ਗਰੀਬ ਖਪਤਕਾਰਾਂ ਤੇ ਵੀ ਲਾਜ਼ਮੀ ਹੈ ਜਿਸ ਕਾਰਨ ਸਰਕਾਰ ਨੂੰ ਇਸ ਹਾਲਤ ਵਿੱਚ ਇਸ ਵਿਸ਼ਾਲ ਸਾਂਝੇ ਅਤੇ ਤਿੱਖੇ ਵਿਰੋਧ ਦਾ ਟਾਕਰਾ ਮੁਸ਼ਕਿਲ ਹੋਵੇਗਾ।
ਇਸ ਲੋੜ ’ਚੋਂ ਸਰਕਾਰ ਖਪਤਕਾਰਾਂ ਨਾਲ ਝੂਠਾ ਹੇਜ ਦਿਖਾ ਕੇ ਉਨਾਂ ਨੂੰ ਗੁੰਮਰਾਹ ਕਰ ਕੇ ਨਿਜੀਕਰਣ ਵਿਰੋਧੀ ਸਾਂਝੇ ਸੰਘਰਸ਼ ਤੋਂ ਲਾਂਭੇ ਰੱਖਣ ਦੀ ਬੇਈਮਾਨੀ ਦੇ ਰਾਹ ’ਤੇ ਹੈ। ਦੂਸਰੀ ਅਪੀਲ ਇਨ੍ਹਾਂ ਗੈਗਾਂ ਵਿੱਚ ਭਰਤੀ ਹੋਣ ਵਾਲੇ ਬੇਰੁਜ਼ਗਾਰ ਸਾਥੀਆਂ ਨੂੰ ਸਾਡੀ ਸਨਿਮਰ ਅਪੀਲ ਹੈ ਕਿ ਇਸ ਵਿੱਚ ਕੋਈ ਸ਼ੱਕ ਨਹੀਂ ਕਿ ਪਰਿਵਾਰਕ ਗੁਜ਼ਾਰੇ ਲਈ ਆਪ ਜੀ ਨੂੰ ਰੁਜ਼ਗਾਰ ਦੀ ਜਰੂਰੀ ਲੋੜ ਹੈ।
ਪਰ ਕਾਰਪੋਰੇਸ਼ਨ ਦੀ ਮੈਨੇਜਮੈਂਟ ਇਹ ਰੁਜ਼ਗਾਰ ਆਪ ਜੀ ਨੂੰ ਆਪ ਜੀ ਦੀ ਬੇਰੁਜ਼ਗਾਰੀ ਵਾਲੀ ਹਾਲਤ ’ਤੇ ਤਰਸ ਖਾਕੇ ਨਹੀਂ ਦੇ ਰਹੀ ਸਗੋਂ ਆਪ ਜੀ ਦੀ ਤਰ੍ਹਾਂ ਹੱਕਾਂ ਦੀ ਲੜਾਈ ਲੜ ਰਹੇ ਬਿਜਲੀ ਮੁਲਾਜ਼ਮਾਂ ਦੇ ਸੰਘਰਸ਼ ਨੂੰ ਅਸਫਲ ਬਣਾ ਕੇ ਕਾਰਪੋਰੇਟ ਲੁਟੇਰਿਆਂ ਦੇ ਹਿਤਾਂ ਦੀ ਪੂਰਤੀ ਲਈ ਕਰ ਰਹੀ ਹੈ। ਇਸ ਲਈ ਸਰਕਾਰ ਦੀਆਂ ਇਨ੍ਹਾਂ ਸਾਜਿਸ਼ਾਂ ਤੋਂ ਸੁਚੇਤ ਰਹਿ ਕੇ ਨਿਜੀਕਰਣ ਵਿਰੁੱਧ ਸੰਘਰਸ਼ ਦੀ ਹਮਾਇਤ ’ਚ ਆਉਣ ਦੀ ਲੋੜ ਹੈ।
ਅਗਰ ਅਸੀਂ ਨਿਜੀਕਰਣ ਨੂੰ ਰੋਕਣ ਵਿੱਚ ਸਫਲਤਾ ਹਾਸਲ ਕਰ ਲਵਾਂਗੇ ਤਾਂ ਇਸ ਸਮੇਂ ਨੋਕਰੀ ’ਤੇ ਤੈਨਾਤ ਆਊਟਸੋਰਸਡ, ਇਨਲਿਸਟਮੈਟ , ਰੈਗੂਲਰ ਮੁਲਾਜ਼ਮਾਂ ਅਤੇ ਗਰੀਬ ਖਪਤਕਾਰਾਂ ਦੇ ਖ਼ਤਰੇ ਮੂੰਹ ਆਏ ਹਿਤਾਂ ਨੂੰ ਬਚਾਉਣ ਵਿੱਚ ਸਫਲਤਾ ਹਾਸਲ ਕਰਨ ਦੇ ਨਾਲ ਨਾਲ ਭਵਿੱਖ ਲਈ ਕੰਮ ਭਾਰ ਮੁਤਾਬਕ ਅਸਾਮੀਆਂ ਦੀ ਰਚਨਾ ਕਰਨ ਦੀ ਨੀਤੀ ਨੂੰ ਲਾਗੂ ਕਰਵਾ ਕੇ ਵੱਡੀ ਗਿਣਤੀ ਬੇਰੁਜ਼ਗਾਰਾਂ ਲਈ ਰੋਜ਼ਗਾਰ ਦਾ ਪ੍ਰਬੰਧ ਕਰਨ ਵਿੱਚ ਵੀ ਸਫਲਤਾ ਹਾਸਲ ਕਰ ਲਵਾਂਗੇ।
ਇਸ ਲਈ ਇਨਕਲਾਬੀ ਜਮਹੂਰੀ ਫਰੰਟ ਪੰਜਾਬ ਵੱਲੋਂ ਆਪ ਸਭ ਰੈਗੂਲਰ, ਆਊਟਸੋਰਸਡ, ਇਨਲਿਸਟਮੈਟ ਮੁਲਾਜ਼ਮਾਂ, ਪੈਨਸ਼ਨਰਾਂ, ਹਰ ਕਿਸਮ ਦੇ ਗ਼ਰੀਬ ਬਿਜਲੀ ਖਪਤਕਾਰਾਂ ਅਤੇ ਬੇਰੁਜ਼ਗਾਰਾਂ ਨੂੰ ਅਪੀਲ ਹੈ ਕਿ ਸਰਕਾਰ ਦੀਆਂ ਇਨ੍ਹਾਂ ਪਾਟਕ ਪਾਊ ਸਾਜਸ਼ਾਂ ਤੋਂ ਸੁਚੇਤ ਰਹਿੰਦਿਆਂ ਬਿਜਲੀ ਖੇਤਰ ਸਮੇਤ ਸਮੂਹ ਸਰਕਾਰੀ ਵਿਭਾਗਾਂ ਦੇ ਨਿਜੀਕਰਣ ਵਿਰੁੱਧ ਸਾਂਝੇ ਵਿਸ਼ਾਲ ਤਿੱਖੇ ਅਤੇ ਲੰਬੇ, ਸਾਂਝੇ ਸੰਘਰਸ਼ ਦਾ ਰਾਹ ਅਖਤਿਆਰ ਕਰੀਏ। ਇਹ ਹੀ ਇਕੋ ਇਕ ਆਪਣੇ ਸਾਂਝੇ ਹੱਕਾਂ ਦੀ ਰਾਖੀ ਦਾ ਠੀਕ ਰਾਹ ਹੈ।