ਕਿਤਾਬਾਂ ਮਨੁੱਖ ਦੀਆਂ ਸੱਚੀਆਂ ਮਿੱਤਰ ਹਨ, ਇਹ ਚੇਤਨਾ ਦਾ ਪ੍ਰਸਾਰ ਕਰਦੀਆਂ ਨੇ
ਜਸਵੀਰ ਸੋਨੀ, ਬੁਢਲਾਡਾ
ਤਰਕਸ਼ੀਲ ਸੁਸਾਇਟੀ ਪੰਜਾਬ ਇਕਾਈ ਬੁਢਲਾਡਾ ਵੱਲੋਂ ਤਰਕਸ਼ੀਲ ਚੇਤਨਾ ਪਰਖ ਪ੍ਰਿਖਿਆ ਤਹਿਤ ਵੱਖ ਵੱਖ ਸਕੂਲਾਂ ਵਿੱਚ ਪਹੁੰਚ ਕੀਤੀ ਜਾ ਰਹੀ ਹੈ। ਇਸੇ ਲੜੀ ਤਹਿਤ ਅੱਜ ਸਰਕਾਰੀ ਸਿਨੀਅਰ ਸਕੈਡੰਰੀ ਸਕੂਲ (ਲੜਕੀਆਂ) ਬੁਢਲਾਡਾ ਵਿਖੇ ਇਕਾਈ ਦੀ ਟੀਮ ਪਹੁੰਚੀ, ਅਤੇ ਬੱਚਿਆਂ ਨੂੰ ਕਿਤਾਬਾਂ ਦੇ ਮਹੱਤਵ ਬਾਰੇ ਜਾਣੂ ਕਰਵਾਇਆ।
ਇਸ ਮੌਕੇ ਤਰਕਸ਼ੀਲ ਆਗੂ ਜਸਵੀਰ ਸੋਨੀ ਨੇ ਸੰਬੋਧਨ ਕਰਦਿਆਂ ਕਿਹਾ ਕਿ ਦੁਨੀਆਂ ਭਰ ਵਿੱਚ ਜੋ ਵੀ ਸਾਡੇ ਕੋਲ ਜਾਣਕਾਰੀ ਹੈ, ਉਹ ਕਿਤਾਬਾਂ ਦੀ ਬਦੌਲਤ ਹੀ ਹੈ। ਦੁਨੀਆਂ ਦੇ ਇਤਿਹਾਸ, ਸਭਿਆਚਾਰਕ, ਰੀਤੀ ਰਿਵਾਜ, ਆਦਿ ਦੀ ਸੰਪੂਰਨ ਜਾਣਕਾਰੀ ਦੀ ਦੇਣ ਕਿਤਾਬਾਂ ਹਨ। ਮਨੁੱਖ ਦੇ ਮਾਨਸਿਕ ਵਿਕਾਸ ਦਾ ਮੁੱਖ ਸੋਮਾ ਵੀ ਕਿਤਾਬਾਂ ਹੀ ਹਨ।
ਕਿਤਾਬਾਂ ਨਾਲ ਜੁੜਿਆ ਮਨੁੱਖ ਕਦੇ ਵੀ ਨਿਰਾਸ਼ ਨਹੀਂ ਹੁੰਦਾ ਅਤੇ ਨਾ ਹੀ ਇਕੱਲਾਪਨ ਮਹਸੂਸ ਕਰਦਾ ਹੈ, ਕਿਤਾਬਾਂ ਮਨੁੱਖ ਦੀਆਂ ਸੱਚੀਆਂ ਮਿੱਤਰ ਹਨ, ਉਸਾਰੂ ਕਿਤਾਬਾਂ ਜਿੱਥੇ ਮਨੁੱਖ ਲਈ ਚੰਗੀ ਜ਼ਿੰਦਗੀ ਜਿਉਂਣ ਦਾ ਰਾਹ ਦਸੇਰਾ ਬਣਦੀਆਂ ਹਨ, ਉੱਥੇ ਹੀ ਇਹ ਚੰਗੇ ਰੋਜ਼ਗਾਰ ਦਾ ਸਾਧਨ ਵੀ ਬਣਦੀਆਂ ਹਨ।
ਉਨ੍ਹਾਂ ਕਿਹਾ ਕਿ ਬੇਸ਼ੱਕ ਅੱਜ ਡਿਜੀਟਲ ਦੌਰ ਵਿੱਚ, ਸੋਸ਼ਲ ਮੀਡੀਆ ਤੇ ਲੋਕ ਜ਼ਿਆਦਾ ਐਕਟਿਵ ਹਨ, ਪਰ ਕਿਤਾਬਾਂ ਦੇ ਮਹੱਤਵ ਨੂੰ ਘਟਾ ਕੇ ਨਹੀਂ ਵੇਖਿਆ ਜਾ ਸਕਦਾ, ਅੱਜ ਵੀ ਬਹੁ ਗਿਣਤੀ ਲੋਕ ਕਿਤਾਬਾਂ ਨਾਲ ਜੁੜੇ ਹਨ ਅਤੇ ਜੁੜ ਰਹੇ ਹਨ।
ਬੱਚਿਆਂ ਨੂੰ ਪ੍ਰੇਰਨਾ ਦਿੰਦਿਆਂ ਕਿਹਾ ਕਿ ਅਪਣੇ ਨਿਜੀ ਰੁਝੇਵਿਆਂ (ਪੜਾਈ) ਤੋਂ ਸਮਾਂ ਕੱਢ ਕੇ ਕੁੱਝ ਸਮਾਂ ਅਪਣੇ ਸਕੂਲ ਦੀ ਲਾਇਬ੍ਰੇਰੀ ਵਿਚ ਜ਼ਰੂਰ ਬਿਤਾਓ ਅਤੇ ਕਿਤਾਬਾਂ ਨਾਲ ਜੁੜੋ।
ਇਸ ਸਮੇਂ ਇਕਾਈ ਮੈਂਬਰ ਅਮ੍ਰਿਤਪਾਲ ਨੇ ਵੀ ਅਪਣੇ ਵਿਚਾਰ ਰੱਖੇ, ਬਲਜੀਤ ਸਿੰਘ ਦਿਆਲਪੁਰਾ ਨੇ ਵੀ ਸ਼ਮੂਲੀਅਤ ਕੀਤੀ, ਡਾਕਟਰ ਜਸਵੀਰ ਸਿੰਘ ਅਤੇ ਵਿਮਲ ਜੈਨ ਨੇ ਤਰਕਸ਼ੀਲ ਟੀਮ ਨੂੰ ਜੀ ਆਇਆਂ ਕਿਹਾ।
ਪ੍ਰਿੰਸੀਪਲ ਗੁਰਮੀਤ ਸਿੰਘ ਅਤੇ ਸ਼ਮਸ਼ੇਰ ਸਿੰਘ ਨੇ ਟੀਮ ਦੀ ਅਗਵਾਈ ਕੀਤੀ, ਦੀਪਕ ਗੁਪਤਾ, ਹਰਪ੍ਰੀਤ ਸਿੰਘ, ਕ੍ਰਿਸ਼ਨ ਸਿੰਘ,ਮੈਡਮ ਰਾਜਵੀਰ ਕੌਰ, ਮੈਡਮ ਸੁਖਪਾਲਜੀਤ ਕੌਰ ਨੇ ਜਿਥੇ ਤਰਕਸ਼ੀਲ ਸੁਸਾਇਟੀ ਦੇ ਕੰਮਾਂ ਦੀ ਭਰਪੂਰ ਸ਼ਲਾਘਾ ਕੀਤੀ।
ਉਥੇ ਹੀ ਸੁਸਾਇਟੀ ਨੂੰ ਹਰ ਸੰਭਵ ਮਦਦ ਕਰਨ ਦਾ ਭਰੋਸਾ ਦਿੱਤਾ। ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਅਮ੍ਰਿਤਪਾਲ ਨੇ ਕਿਹਾ ਕਿ ਇਕਾਈ ਵੱਲੋਂ ਵੱਖ ਵੱਖ ਕਾਲਜਾਂ ਵਿੱਚ ਵੀ ਰਾਬਤਾ ਕਾਇਮ ਕੀਤਾ ਗਿਆ ਹੈ ਜਿਸ ਤਹਿਤ ਸਤੰਬਰ ਮਹੀਨੇ ਵਿੱਚ ਚਾਰ ਕਾਲਜਾਂ ਵਿੱਚ ਤਰਕਸ਼ੀਲ ਸੈਮੀਨਾਰ ਕੀਤੇ ਜਾਣਗੇ।