ਉੱਘੀ ਕਵਿੱਤਰੀ ਗਗਨਦੀਪ ਕੌਰ ਧਾਲੀਵਾਲ ਦੀ ਕਿਤਾਬ ਇਤਿਹਾਸ ‘ਬੋਧ ਭਾਗ ਦੂਜਾ’ ਆਰੀਆ ਭੱਟ ਕਾਲਜ (ਚੀਮਾ ਜੋਧਪੁਰ) ਬਰਨਾਲਾ ਵਿਖੇ ਕੀਤੀ ਗਈ ਲੋਕ ਅਰਪਣ
ਪੰਜਾਬ ਨੈੱਟਵਰਕ, ਬਰਨਾਲਾ-
ਉੱਘੀ ਕਵਿੱਤਰੀ ਗਗਨਦੀਪ ਕੌਰ ਧਾਲੀਵਾਲ ਨੇ ਜਿੱਥੇ ਅਨੇਕਾਂ ਪੁਸਤਕਾਂ ਸੰਪਾਦਿਤ ਕਰਕੇ ਪੰਜਾਬੀ ਸਾਹਿਤ ਜਗਤ ਦੀ ਝੋਲੀ ਪਾਈਆ ਉੱਥੇ ਆਏ ਦਿਨ ਵੱਖ-ਵੱਖ ਵਿਸ਼ਿਆ ਨੂੰ ਛੂਹਦੀਆਂ ਰਚਨਾਵਾਂ ਅਖਬਾਰਾਂ, ਰਸਾਲਿਆਂ ‘ਚ ਪ੍ਰਕਾਸ਼ਿਤ ਹੋਣ ਕਾਰਨ ਧਾਲੀਵਾਲ ਕਿਸੇ ਜਾਣ-ਪਹਿਚਾਣ ਦੀ ਮੁਹਤਾਜ ਨਹੀਂ ਰਹੀ।
ਜਿੱਥੇ ਪਿਛਲੇ ਸਮੇਂ ਗਗਨਦੀਪ ਕੌਰ ਧਾਲੀਵਾਲ ਨੇ ਗੀਤਕਾਰ ਸੁਖਚੈਨ ਸਿੰਘ ਕੁਰੜ ਨਾਲ ਵਿਆਹ ਬੰਧਨ ‘ਚ ਬੱਝਣ ਮੌਕੇ ਆਪਣਾ ਨਵ ਪ੍ਰਕਾਸ਼ਿਤ ਕਾਵਿ ਸੰਗ੍ਰਹਿ “ਵਿਰਸੇ ਦਾ ਚਾਨਣ” ਕਿਤਾਬ ਲੋਕ ਅਰਪਨ ਕਰਕੇ ਸਮਾਜ ‘ਚ ਨਵੀਂ ਪਿਰਤ ਪਾਈ ਹੈ।
ਉੱਥੇ ਹੀ ਆਰੀਆ ਭੱਟ ਕਾਲਜ (ਚੀਮਾ ਜੋਧਪੁਰ) ਬਰਨਾਲਾ ਵਿਖੇ ਅਧਿਆਪਕ ਦਿਵਸ ਦੇ ਮੌਕੇ ‘ਤੇ ਪ੍ਰੋ. ਗਗਨਦੀਪ ਕੌਰ ਧਾਲੀਵਾਲ ਦੀ ਕਿਤਾਬ ‘ਇਤਿਹਾਸ ਬੋਧ-ਭਾਗ ਦੂਜਾ’ ਲੋਕ ਅਰਪਨ ਕੀਤੀ ਗਈ, ਜੋ ਕਿ ਪੁਲਾਂਘ ਪ੍ਰਕਾਸ਼ਨ (ਨਵਚੇਤਨ ਬੁੱਕ ਡਿਪੂ) ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।
ਕਾਲਜ ਦੇ ਪ੍ਰਿੰਸੀਪਲ ਡਾ.ਭਵੇਤ ਗਰਗ ਨੇ ਦੱਸਿਆ ਕਿ ਕਿਸੇ ਵੀ ਸੰਸਥਾ ਲਈ ਅਜਿਹੇ ਪਲ ਬਹੁਤ ਮਾਣਮੱਤੇ ਅਤੇ ਅਣਮੁੱਲੇ ਹੁੰਦੇ ਹਨ, ਜਦੋਂ ਉਸ ਸੰਸਥਾ ਦਾ ਪ੍ਰੋਫ਼ੈਸਰ ਨਵੀਆਂ ਪੁਲਾਂਘਾ ਪੁੱਟ ਕੇ ਨਵੀਨ ਰਾਹਾਂ ਦਾ ਧਾਰਨੀ ਬਣਦਾ ਹੈ। ਸਾਡੀ ਹੋਣਹਾਰ ਪ੍ਰੋਫੈ਼ਸਰ ਗਗਨਦੀਪ ਕੌਰ ਧਾਲੀਵਾਲ ਕਾਵਿਕ ਰੁਚੀਆਂ ਦੀ ਮਾਲਕ ਹੋਣ ਦੇ ਨਾਲ-ਨਾਲ ਲਵਲੀ ਯੂਨੀਵਰਸਿਟੀ ਡਿਸਟੈਂਸ ਐਜੁਕੇਸ਼ਨ ਵਿੱਚੋਂ ਅਵੱਲ ਰਹੀ ਹੈ।
2023 ਵਿੱਚ ਪਰਿਵਰਤਨ ਸੰਸਥਾ ਧੂਰੀ ਵੱਲੋੰ ’ਧੀ ਪੰਜਾਬ ਦੀ ਐਵਾਰਡ’ ਵੀ ਪ੍ਰਾਪਤ ਕਰ ਚੁੱਕੀ ਹੈ। ਇਸ ਦੀਆਂ ਪ੍ਰਾਪਤੀਆਂ ਦੀ ਸੂਚੀ ਵਿੱਚ 15 ਸੰਪਾਦਿਤ ਪੁਸਤਕਾਂ, 3 ਉਪਯੋਗੀ ਅਤੇ 2 ਮੌਲਿਕ ਪੁਸਤਕਾਂ,400 ਦੇ ਕਰੀਬ ਪ੍ਰਕਾਸ਼ਿਤ ਆਰਟੀਕਲ, 3 ਰਿਕਾਰਡ ਹੋਏ ਗੀਤ ਅਤੇ ਕਈ ਸੰਸਥਾਵਾਂ ਤੋਂ ਮਾਣ-ਸਨਮਾਨ ਹਾਸਿਲ ਕਰ ਚੁੱਕੀ ਹੈ।
ਗਗਨਦੀਪ ਕੌਰ ਧਾਲੀਵਾਲ’ ਅੰਤਰ-ਰਾਸ਼ਟਰੀ ਮਹਿਲਾ ਕਾਵਿ-ਮੰਚ ਪੰਜਾਬ ਇਕਾਈ ਦੀ ਜਨਰਲ ਸਕੱਤਰ ਦੇ ਪਦ ਦੀ ਸ਼ੋਭਾ ਵੀ ਵਧਾ ਰਹੀ ਹੈ। ਇਸ ਮੌਕੇ ‘ਤੇ ਕਾਲਜ ਦੇ ਸਤਿਕਾਰਯੋਗ ਚੇਅਰਮੈਨ ਇੰਜਨੀਅਰ ਰਾਕੇਸ ਗੁਪਤਾ, ਕਾਲਜ ਡਾਇਰੈਕਟਰ ਡਾ.ਅਜੈ ਮਿੱਤਲ,ਪ੍ਰਿੰਸੀਪਲ ਡਾ.ਭਵੇਤ ਗਰਗ ਅਤੇ ਐੱਚ.ਓ.ਡੀ. ਪ੍ਰੋ. ਭਾਵੁਕਤਾ ਦੁਆਰਾ ਬੈਸਟ ਅਧਿਆਪਕ ਡਾਇਰੀ ਦਾ ਐਵਾਰਡ ਵੀ ਗਗਨਦੀਪ ਕੌਰ ਧਾਲੀਵਾਲ ਨੂੰ ਦਿੱਤਾ ਗਿਆ ਅਤੇ ਸਮੂਹ ਸਟਾਫ਼ ਨੂੰ ਵੀ ਅਧਿਆਪਕ ਦਿਵਸ ਦੇ ਮੌਕੇ ‘ਤੇ ਸਨਮਾਨਿਤ ਕੀਤਾ ਗਿਆ।
ਕਾਲਜ ਦੇ ਚੇਅਰਮੈਨ ਇੰਜਨੀਅਰ ਰਾਕੇਸ ਗੁਪਤਾ , ਡਾਇਰੈਕਟਰ ਡਾ. ਅਜੈ ਮਿੱਤਲ, ਡਾ. ਪ੍ਰਿੰਸੀਪਲ ਭਵੇਤ ਗਰਗ ਅਤੇ ਐੱਚ.ਓ.ਡੀ. ਪ੍ਰੋ. ਭਾਵੁਕਤਾ ਅਤੇ ਸਾਰੇ ਹੀ ਸਮੂਹ ਸਟਾਫ਼ ਵੱਲੋਂ ਗਗਨਦੀਪ ਕੌਰ ਧਾਲੀਵਾਲ ਨੂੰ ਉਸਦੀ ਪੁਸਤਕ ‘ਇਤਿਹਾਸ ਬੋਧ (ਭਾਗ-2): ਮੱਧਕਾਲੀਨ ਭਾਰਤ ਦਾ ਇਤਿਹਾਸ’ ਦੇ ਲੋਕ ਅਰਪਨ ਹੋਣ ‘ਤੇ ਵਧਾਈ ਦਿੰਦਿਆਂ ਆਉਣ ਵਾਲੇ ਜੀਵਨ ਵਿੱਚ ਹਰ ਕਦਮ ਉੱਤੇ ਸਫ਼ਲਤਾ ਹਾਸਲ ਕਰਨ ਲਈ ਸ਼ੁਭਕਾਮਨਾਵਾਂ ਦਿੱਤੀਆਂ।ਉਹਨਾਂ ਕਿਹਾ ਕਿ ਸਾਨੂੰ ਪੂਰਨ ਆਸ ਹੈ ਕਿ ਸਾਡੇ ਕਾਲਜ ਦੀ ਪ੍ਰੋ.ਗਗਨਦੀਪ ਕੌਰ ਧਾਲੀਵਾਲ ਭਵਿੱਖ ਵਿੱਚ ਹੋਰ ਬੁਲੰਦੀਆਂ ਨੂੰ ਸਰ ਕਰੇਗੀ।