ਸ਼ਹੀਦ ਹਵਲਦਾਰ ਸੁਖਵਿੰਦਰ ਸਿੰਘ ਮਿਡਲ ਸਕੂਲ ਚੱਕ ਭਾਈ ਕੇ ਦੇ ਵਿਹੜੇ ਬਾਲ ਕਵਿਤਾ ਤੇ ਕਰਵਾਇਆ ਰੂ-ਬ-ਰੂ ਪ੍ਰੋਗਰਾਮ: ਰਾਣੀ ਸ਼ਰਮਾ
ਪੰਜਾਬ ਨੈੱਟਵਰਕ, ਮਾਨਸਾ-
ਸ਼ਹੀਦ ਹਵਲਦਾਰ ਸੁਖਵਿੰਦਰ ਸਿੰਘ ਮਿਡਲ ਸਕੂਲ ਚੱਕ ਭਾਈ ਕੇ ਵਿਖੇ ਬਾਲ ਕਵਿਤਾ ਤੇ ਬਾਲ ਕਵੀ ਅਮਨਦੀਪ ਸ਼ਰਮਾ ਨਾਲ ਰੂ-ਬ-ਰੂ ਪ੍ਰੋਗਰਾਮ ਕਰਵਾਇਆ ਗਿਆ। ਇਸ ਮੌਕੇ ਪ੍ਰੋਗਰਾਮ ਦੀ ਸ਼ੁਰੂਆਤ ਕਰਦਿਆਂ ਮੈਡਮ ਰਾਣੀ ਸ਼ਰਮਾ ਹਿੰਦੀ ਅਧਿਆਪਕਾਂ ਨੇ ਬੋਲਦਿਆਂ ਕਿਹਾ ਕਿ ਬਾਲ ਸਹਿਤ ਬੱਚਿਆਂ ਦੇ ਮਨਾਂ ਦਾ ਸਾਹਿਤ ਹੁੰਦਾ ਹੈ, ਉਹਨਾਂ ਨੂੰ ਬਾਲ ਸਾਹਿਤ ਨਾਲ ਜੁੜਨਾ ਪੰਜਾਬੀ ਮਾਂ ਬੋਲੀ ਨਾਲ ਜੁੜਨਾ ਅੱਜ ਦੇ ਸਮੇਂ ਦੀ ਮੁੱਖ ਲੋੜ ਹੈ। ਉਨਾਂ ਬਾਲ ਕਵੀ ਅਮਨਦੀਪ ਸ਼ਰਮਾ ਬਾਰੇ ਬੋਲਦਿਆਂ ਕਿਹਾ ਕਿ ਇਹਨਾਂ ਦੀਆਂ ਦੋ ਬਾਲ ਪੁਸਤਕਾਂ ਨੰਨੇ ਪਰਿੰਦੇ ਅਤੇ ਬੱਦਲੀਆਂ ਰਿਲੀਜ਼ ਹੋ ਚੁੱਕੀਆਂ ਹਨ ਅਤੇ ਛੇ ਦੇ ਲਗਭਗ ਪੁਸਤਕਾਂ ਉਡਾਨ ਪਬਲਿਕਸ਼ਨ ਮਾਨਸਾ ਕੋਲ ਰਿਲੀਜ਼ ਹੋਣ ਲਈ ਤਿਆਰ ਹਨ।
ਇਸ ਮੌਕੇ ਪ੍ਰੋਗਰਾਮ ਦੀ ਸ਼ੁਰੂਆਤ ਕਰਦਿਆਂ ਅਮਨਦੀਪ ਸ਼ਰਮਾ ਨੇ ਬੱਚਿਆਂ ਨੂੰ ਬਾਲ ਕਵਿਤਾਵਾਂ ਬਾਰੇ ਗੱਲਬਾਤ ਕਰਦਿਆਂ ਕਿਹਾ ਕਿ ਨਿੱਕੇ-ਨਿੱਕੇ ਵਿਸ਼ਿਆਂ ਤੇ ਉਹਨਾਂ ਨੂੰ ਚਾਹੀਦਾ ਹੈ ਕਿ ਉਹ ਆਪਣੀਆਂ ਕਵਿਤਾਵਾਂ ਖੁਦ ਲਿਖਣ ਅਤੇ 14 ਨਵੰਬਰ ਨੂੰ ਰਿਲੀਜ਼ ਹੋਣ ਵਾਲੇ ਮੈਗਜੀਨ ਵਿੱਚ ਸਾਰੇ ਬੱਚੇ ਵੱਧ ਤੋਂ ਵੱਧ ਕਵਿਤਾਵਾਂ ਲਿਖ ਕੇ ਆਪਣੀਆਂ ਰਚਨਾਵਾਂ ਨੂੰ ਛਪਵਾਉਣ। ਉਹਨਾਂ ਕਿਹਾ ਕਿ ਅੱਜ ਦਾ ਸਮਾਂ ਆਧੁਨਿਕੀਕਰਨ ਦਾ ਸਮਾਂ ਹੈ ਜਿੱਥੇ ਬੱਚੇ ਮੋਬਾਇਲ ਫੋਨ ਕੰਪਿਊਟਰ, ਲੈਪਟਾਪ, ਇੰਟਰਨੈਟ ਨਾਲ ਜੁੜੇ ਹੋਏ ਹਨ ਉਥੇ ਬੱਚਿਆਂ ਨੂੰ ਬਾਲ ਸਹਿਤ ਨਾਲ ਜੁੜਨਾ ਬਹੁਤ ਲਾਜ਼ਮੀ ਹੈ। ਉਨਾਂ ਬੱਚਿਆਂ ਨੂੰ ਆਪਣੀਆਂ ਵੱਖ-ਵੱਖ ਕਵਿਤਾਵਾਂ ਬੋਲ ਕੇ ਵੀ ਸੁਣਾਈਆਂ।
ਹਾਕੀ (ਕਵਿਤਾ)
ਸਰ ਅਸੀਂ ਵੀ ਹਾਕੀਆਂ ਲਿਆਵਾਂਗੇ
ਹਾਕੀ ਦੀ ਟੀਮ ਬਣਾਵਾਂਗੇ
ਭਾਵੇਂ ਅਜੇ ਹਾ ਛੋਟੇ ਬੱਚੇ
ਇੱਕ ਦਿਨ ਮਹਾਨ ਬਣ ਜਾਵਾਂਗੇ
ਸਰ ਅਸੀਂ ਵੀ ਟੀਮ ਬਣਾਵਾਂਗੇ
ਸਿਰਾਂ ਤੇ ਸੋਹਣੇ ਬੰਨ ਕੇ ਪਟਕੇ
ਜਦੋਂ ਗਰਾਊਂਡ ਵਿੱਚ ਜਾਵਾਂਗੇ
ਅਸੀਂ ਹਾਂ ਸ਼ੇਰ ਪੰਜਾਬੀ ਬੱਚੇ
ਸੋਹਣੀ ਖੇਡ ਵਿਖਾਵਾਂਗੇ
ਸਰ ਅਸੀਂ ਵੀ ਹਾਕੀਆਂ ਲਿਆਵਾਂਗੇ
ਸਾਡੀ ਰਾਸ਼ਟਰੀ ਖੇਡ ਹੈ ਹਾਕੀ
ਧਿਆਨ ਚੰਦ ਦੀਆਂ ਵੱਡੀਆਂ ਫੋਟੋਆਂ
ਆਪਣੇ ਘਰਾਂ ਵਿੱਚ ਲਾਵਾਂਗੇ
ਸਰ ਅਸੀਂ ਵੀ ਹਾਕੀਆ ਲਿਆਵਾਂਗੇ
ਆਉਣ ਵਾਲੀਆਂ ਨੇ ਸਰਪੰਚੀ ਦੀਆਂ ਚੋਣਾਂ
ਜੋ ਬਣਾਊ ਗਰਾਊਂਡ ਅਸਾਡੇ
ਉਸ ਨੂੰ ਹੀ ਘਰਦੀਆ ਵੋਟਾਂ ਪਾਵਾਂਗੇ
ਸਰ ਅਸੀਂ ਹਾਕੀਆਂ ਲਿਆਵਾਂਗੇ
ਤੁਸੀਂ ਵੀ ਸਰ ਸਾਡਾ ਰੱਖਿਓ ਖਿਆਲ
ਕੱਢ ਲਿਓ ਓਵਰ ਟਾਈਮ ਸਾਡੇ ਨਾਲ
ਰਲ ਕੇ ਇਤਿਹਾਸ ਬਣਾਵਾਂਗੇ
ਸਰ ਅਸੀਂ ਵੀ ਹਾਕੀਆਂ ਲਿਆਵਾਂਗੇ
ਮਾਪੇ ਸਾਡੇ ਭਾਵੇਂ ਕਰਨ ਮਜ਼ਦੂਰੀ
ਮਿਲਦੀ ਨਹੀਂ ਭਾਵੇਂ ਸਾਨੂੰ ਚੂਰੀ
ਸੁੱਕੀਆਂ-ਮਿੱਸੀਆਂ ਖਾ-ਖਾ ਕੇ
ਅਸੀਂ ਵੀ ਸਿਹਤ ਬਣਾਵਾਂਗੇ
ਸਰ ਅਸੀਂ ਵੀ ਹਾਕੀਆਂ ਲਿਆਵਾਂਗੇ
ਸਰ ਕਰਾਂਗੇ ਜੇਬ ਖਰਚੀ ਨੂੰ ਇਕੱਠਾ
ਦਾਦੇ-ਦਾਦੀ ਦੀ ਆਉਣ ਵਾਲੀ ਹੈ ਪੈਨਸ਼ਨ
ਉਨਾਂ ਨੂੰ ਵੀ ਮਨਾਵਾਂਗੇ
ਸਰ ਅਸੀਂ ਵੀ ਹਾਕੀਆਂ ਲਿਆਵਾਂਗੇ
ਸਾਡੀ ਰਾਸਟਰੀ ਖੇਡ ਹੈ ਹਾਕੀ
ਹਾਕੀ ਦਾ ਨਾਂ ਚਮਕਾਵਾਂਗੇ
ਸਰ ਅਸੀਂ ਵੀ ਹਾਕੀਆਂ ਲਿਆਵਾਂਗੇ।
ਨਿੱਕੀਆਂ-ਨਿੱਕੀਆਂ ਕਵਿਤਾਵਾਂ ਜਰੀਏ ਬੱਚਿਆਂ ਨੂੰ ਕਵਿਤਾ ਲਿਖਣ ਵੱਲ ਵੀ ਪ੍ਰੇਰਿਤ ਕੀਤਾ ਗਿਆ।
ਮੀਂਹ ਕਵਿਤਾ
ਕਾਲੀਆਂ ਇੱਟਾਂ ਕਾਲੇ ਰੋੜ
ਮੀਂਹ ਬਰਸਾ ਦੇ ਜੋਰੋ ਜੋਰ
ਗਰਮੀ ਤੋਂ ਹੁਣ ਬਚਾ
ਰੱਬਾ-ਰੱਬਾ ਮੀਂਹ ਬਰਸਾ
ਗਰਮੀ ਨੇ ਸਾਨੂੰ ਬੜਾ ਤਪਾਇਆ
ਇਸ ਵਾਰ ਰੁੱਖ
ਅਸਾਂ ਲੱਖਾਂ ਲਾਇਆ
ਈਕੋ ਕਲੱਬ ਵੀ ਨਵਾਂ ਬਣਾਇਆ
ਹੁਣ ਤਾਂ ਸਾਨੂੰ ਨਾ ਤੜਫਾ
ਰੱਬਾ-ਰੱਬਾ ਮੀਂਹ ਬਰਸਾ
ਮੀਂਹ ਦੇ ਨਾਲ ਹੀ
ਆਉਣ ਬਹਾਰਾਂ
ਹਰੀਆਂ ਭਰੀਆਂ ਫਸਲਾਂ ਲਹਿਰਾ
ਰੱਬਾ-ਰੱਬਾ ਮੀਂਹ ਬਰਸਾ
ਕੱਦੂ ਤੋਰੀਆਂ ਸੁੱਕ
ਗਏ ਨੇ ਸਾਰੇ
ਬੂਟੇ ਵੀ ਹੁਣ ਗਏ ਕਮਲਾ
ਰੱਬਾ-ਰੱਬਾ ਮੀਂਹ ਬਰਸਾ
ਗੁੱਡੀਆਂ ਵੀ ਅਸੀਂ
ਫੂਕ ਚੁੱਕੇ ਹਾਂ
ਕਰ ਅਰਦਾਸਾਂ ਹੁਣ ਥੱਕੇ ਹਾਂ
ਹੁਣ ਤਾਂ ਧਰਤੀ ਮਾ ਰੁਸਨਾ
ਰੱਬਾ-ਰੱਬਾ ਮੀਂਹ ਬਰਸਾ
ਅਸੀਂ ਹਾਂ ਤੇਰੇ ਬਾਲ ਨਿਆਣੇ
ਮੀਹ ਵਿੱਚ ਸਾਨੂੰ ਦੇ ਨਹਾ
ਕਿਸਤੀਆਂ ਜਹਾਜ ਚਲਾਉਂਦੇ ਫਿਰੀਏ
ਗਲੀਆਂ ਵਿੱਚ ਦੇ ਪਾਣੀ ਖੜਾ
ਰੱਬਾ-ਰੱਬਾ ਮੀਂਹ ਬਰਸਾਂ।
ਬੱਚਿਆਂ ਨੂੰ ਮਾਤ ਭਾਸ਼ਾ ਨਾਲ ਜੁੜਨ ਮਾਤ ਭਾਸ਼ਾ ਵਿੱਚ ਕਵਿਤਾਵਾਂ ਲਿਖਣ ਪੜਨ ਸਬੰਧੀ ਵੀ ਜਾਣਕਾਰੀ ਦਿੱਤੀ ਗਈ। ਇਸ ਮੌਕੇ ਮੈਡਮ ਨੈਨਸੀ ਮੈਡਮ ਜਗਦੀਪ ਕੌਰ ਆਦਿ ਅਧਿਆਪਕ ਹਾਜ਼ਰ ਸਨ।