ਥਰਮਲ ਦੇ ਠੇਕਾ ਮੁਲਾਜ਼ਮਾਂ ਨੇ ਰੈਗੂਲਰ ਮੁਲਾਜ਼ਮਾਂ ਦੇ ਹੱਕ ‘ਚ ਕੀਤੀ ਰੋਸ ਰੈਲੀ
ਰੈਗੂਲਰ ਮੁਲਾਜ਼ਮਾਂ ਦੀਆਂ ਸਮੂਹ ਮੰਗਾਂ ਨੂੰ ਜਲਦ ਪ੍ਰਵਾਨ ਕਰੇ ਪੰਜਾਬ ਸਰਕਾਰ:-ਆਗੂ
ਪੰਜਾਬ ਨੈੱਟਵਰਕ, ਚੰਡੀਗੜ੍ਹ-
ਜੀ.ਐੱਚ.ਟੀ.ਪੀ.ਠੇਕਾ ਮੁਲਾਜ਼ਮ ਯੂਨੀਅਨ (ਆਜ਼ਾਦ) ਦੇ ਬੈਨਰ ਹੇਠ ਗੁਰੂ ਹਰਗੋਬਿੰਦ ਥਰਮਲ ਪਲਾਂਟ ਦੇ ਆਊਟਸੋਰਸ਼ਡ ਠੇਕਾ ਮੁਲਾਜ਼ਮਾਂ ਨੇ ਰੈਗੂਲਰ ਮੁਲਾਜ਼ਮਾਂ ਵੱਲੋੰ ਆਪਣੀਆਂ ਹੱਕੀ ਮੰਗਾਂ ਨੂੰ ਲੈਕੇ ਕੀਤੀ। ਤਿੰਨ ਰੋਜ਼ਾ ਹੜਤਾਲ ਦੇ ਸਮਰਥਨ ਵਿੱਚ ਪਲਾਂਟ ਦੇ ਮੁੱਖ ਗੇਟ ਕੀਤੀ ਰੋਸ਼ ਰੈਲੀ ਨੂੰ ਸੰਬੋਧਨ ਕਰਦਿਆਂ ਜਥੇਬੰਦੀ ਦੇ ਪ੍ਰਧਾਨ ਜਗਰੂਪ ਸਿੰਘ ਲਹਿਰਾ,ਜਰਨਲ ਸਕੱਤਰ ਜਗਸੀਰ ਸਿੰਘ ਭੰਗੂ,ਮੀਤ ਪ੍ਰਧਾਨ ਬਲਜਿੰਦਰ ਸਿੰਘ ਮਾਨ ਅਤੇ ਹਰਦੀਪ ਸਿੰਘ ਤੱਗੜ ਨੇ ਪੰਜਾਬ ਸਰਕਾਰ ਅਤੇ ਪਾਵਰਕਾਮ/ਟ੍ਰਾਂਸਕੋ ਦੀ ਮੈਨੇਜਮੈਂਟ ਦੀਆਂ ਮੁਲਾਜ਼ਮ- ਮਾਰੂ ਨੀਤੀਆਂ ਦੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕਰਦਿਆਂ ਕਿਹਾ ਕਿ ਪਾਵਰਕਾਮ ਅਤੇ ਟ੍ਰਾਂਸਕੋ ਦੇ ਰੈਗੂਲਰ ਮੁਲਾਜ਼ਮ ਆਪਣੀਆਂ ਹੱਕੀ ਅਤੇ ਜਾਇਜ਼ ਮੰਗਾਂ ਨੂੰ ਲੈਕੇ ਪਿਛਲੇ ਇੱਕ ਮਹੀਨੇ ਤੋਂ ਲਗਾਤਾਰ ਸੰਘਰਸ਼ ਕਰ ਰਹੇ ਹਨ।
ਪਰ ਪੰਜਾਬ ਸਰਕਾਰ ਅਤੇ ਪਾਵਰਕਾਮ/ਟ੍ਰਾਂਸਕੋ ਦੀ ਮੈਨੇਜਮੈਂਟ ਵੱਲੋੰ ਰੈਗੂਲਰ ਮੁਲਾਜ਼ਮਾਂ ਦੀਆਂ ਸਮੂਹ ਮੰਗਾਂ ਨੂੰ ਪ੍ਰਵਾਨ ਕਰਨ ਦੀ ਬਿਜਾਏ ਸੰਘਰਸ਼ ਕਰ ਰਹੇ ਮੁਲਾਜ਼ਮਾਂ ਤੇ ‘ਐਸਮਾ’ ਜਿਹੇ ਕਾਲੇ ਕਾਨੂੰਨ ਤਹਿਤ ਕੇਸ ਦਰਜ਼ ਕਰਨ ਸਮੇਤ ਮਿਲ ਰਹੀਆਂ ਹੋਰ ਸਹੂਲਤਾਂ ਦੀ ਕੱਟ-ਵੱਢ ਕਰਨ ਦੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ,ਪਰ ਰੈਗੂਲਰ ਮੁਲਾਜ਼ਮ ਸੰਘਰਸ਼ ਦੇ ਮੈਦਾਨ ਵਿੱਚ ਡਟੇ ਹੋਏ ਹਨ ਅਤੇ ਕਿਸਾਨਾਂ-ਮਜ਼ਦੂਰਾਂ-ਠੇਕਾ ਮੁਲਾਜ਼ਮਾਂ ਦੀਆਂ ਜਥੇਬੰਦੀਆਂ ਰੈਗੂਲਰ ਮੁਲਾਜ਼ਮਾਂ ਦੇ ਸੰਘਰਸ਼ ਦੀ ਜ਼ੋਰਦਾਰ ਹਮਾਇਤ ਕਰ ਰਹੀਆਂ ਹਨ,ਆਗੂਆਂ ਨੇ ਪੰਜਾਬ ਸਰਕਾਰ ਅਤੇ ਪਾਵਰਕਾਮ/ਟ੍ਰਾਂਸਕੋ ਦੀ ਮੈਨੇਜਮੈਂਟ ਤੋਂ ਮੰਗ ਕੀਤੀ ਕਿ ਬਿਜਲੀ ਐਕਟ 2003 ਅਤੇ 2022 ਨੂੰ ਰੱਦ ਕੀਤਾ ਜਾਵੇ।
ਬਿਜਲੀ ਬੋਰਡ ਦੇ ਨਿਗਮੀਕਰਨ/ਨਿੰਜੀਕਰਨ ਦੀ ਨੀਤੀ ਨੂੰ ਰੱਦ ਕੀਤਾ ਜਾਵੇ,2004 ਤੋਂ ਬਾਅਦ ਭਰਤੀ ਮੁਲਾਜ਼ਮਾਂ ਨੂੰ ਪੁਰਾਣੀ ਪੈਨਸਨ ਸਕੀਮ ਤਹਿਤ ਪੈਨਸ਼ਨ ਦਿੱਤੀ ਜਾਵੇ,ਛੇਵੇ ਪੇਅ ਕਮਿਸ਼ਨ ਨੂੰ ਸਮੂਹ ਮੁਲਾਜਮਾਂ ਉੱਤੇ ਲਾਗੂ ਕੀਤਾ ਜਾਵੇ,ਡਿਸਮਿਸ ਕੀਤੇ ਮੁਲਾਜ਼ਮ ਆਗੂਆਂ ਨੂੰ ਬਹਾਲ ਕੀਤਾ ਜਾਵੇ,ਡੀ.ਏ. ਵਿੱਚ 50 ਪ੍ਰਤੀਸ਼ਤ ਕੀਤਾ ਜਾਵੇ ਅਤੇ 01-01-2016 ਤੋਂ ਪੇਅ ਸਕੇਲਾਂ ਦਾ ਬਕਾਇਆ ਤੁਰੰਤ ਰਿਲੀਜ਼ ਕੀਤਾ ਜਾਵੇ,ਪਾਵਰਕਾਮ ਵਿੱਚ ਨਵੀਆਂ ਅਸਾਮੀਆਂ ਦੀ ਰਚਨਾ ਕਰਕੇ ਮੁਲਾਜਮਾਂ ਤੇ ਪਿਆ ਵਾਧੂ ਕੰਮ ਬੋਝ ਘਟਾਇਆ ਜਾਵੇ,ਬਿਜਲੀ ਮੁਲਾਜ਼ਮਾਂ ਨੂੰ ਡਿਊਟੀ ਦੌਰਾਨ ਹਾਦਸੇ ਵਿੱਚ ਆਪਣੀ ਜਾਨ ਗਵਾਉਣ ਤੇ ਪੰਜਾਬ ਸਰਕਾਰ ਦੇ ਪੁਲਿਸ ਮੁਲਾਜਮਾਂ ਵਾਂਗ ਸ਼ਹੀਦ ਦਾ ਦਰਜਾ ਦਿੱਤਾ ਜਾਵੇ ਅਤੇ ਇੱਕ ਕਰੋੜ ਰੁਪਏ ਦੀ ਆਰਥਿਕ ਮਦਦ ਸ਼ਹੀਦ ਪਰਿਵਾਰ ਦੇ ਦਿੱਤੀ ਜਾਵੇ।
ਠੇਕਾ ਭਰਤੀ ਬੰਦ ਕਰਕੇ ਕੰਮ ਦੇ ਆਧਾਰ ਤੇ ਪੱਕੀ ਭਰਤੀ ਕੀਤੀ ਜਾਵੇ,ਮੁਲਾਜਮਾਂ ਅਤੇ ਪੈਨਸਨਰਾਂ ਦੀਆਂ ਉੱਜਰਤਾਂ ਵਿੱਚੋਂ 200/-ਮਹੀਨਾ ਜਬਰੀ ਕਟੌਤੀ ਬੰਦ ਕੀਤੀ ਜਾਵੇ,ਸਮੂਹ ਆਊਟਸੋਰਸ਼ਡ ਠੇਕਾ ਮੁਲਾਜ਼ਮਾਂ ਨੂੰ ਪੱਕਾ ਕੀਤਾ ਜਾਵੇ,ਸਹਾਇਕ ਲਾਈਨਮੈਨਾਂ ਨੂੰ ਪਦ-ਉੱਨਤ ਕਰਕੇ ਲਾਈਨਮੈਨ ਬਣਾਇਆ ਜਾਵੇ,01-01-2016 ਤੋਂ 30-06-2021 ਤੱਕ ਮੁਲਾਜਮਾਂ ਦੇ ਸੋਧੇ ਹੋਏ ਸਕੇਲਾਂ ਦਾ ਬਕਾਇਆ ਜਾਰੀ ਕੀਤਾ ਜਾਵੇ, ਮੁਲਾਜਮਾਂ ਦਾ 19% ਡੀ.ਏ. ਤੁਰੰਤ ਪ੍ਰਭਾਵ ਨਾਲ਼ ਜਾਰੀ ਕੀਤਾ ਜਾਵੇ, ਮ੍ਰਿਤਕ ਮੁਲਾਜਮਾਂ ਦੇ ਵਾਰਸਾਂ ਨੂੰ ਤਰਸ ਦੇ ਅਧਾਰ ਤੇ ਨੌਕਰੀ ਦਿੱਤੀ ਜਾਵੇ,ਸੇਵਾ ਮੁਕਤ ਮੁਲਾਜ਼ਮਾਂ ਨੂੰ ਠੇਕਾ ਪ੍ਰਣਾਲੀ ਤਹਿਤ ਦੁਬਾਰਾ ਭਰਤੀ ਕਰਨ ਦੀ ਨੀਤੀ ਨੂੰ ਰੱਦ ਕੀਤਾ ਜਾਵੇ।