ਵੱਡੀ ਖ਼ਬਰ: ਪੰਜਾਬ ਦੇ ਹਜ਼ਾਰਾਂ ਬੇਰੁਜ਼ਗਾਰ 29 ਸਤੰਬਰ ਨੂੰ ਘੇਰਨਗੇ ਮੁੱਖ ਮੰਤਰੀ ਮਾਨ ਦੀ ਕੋਠੀ
ਹੁਣ 29 ਨੂੰ ਕਰਾਂਗੇ ਮੁੱਖ ਮੰਤਰੀ ਦੀ ਕੋਠੀ ਦਾ ਘਿਰਾਓ, 22 ਨੂੰ ਸਿੱਖਿਆ ਮੰਤਰੀ ਦੁਆਲੇ: ਬੇਰੁਜ਼ਗਾਰ ਸਾਂਝਾ ਮੋਰਚਾ
ਪੰਜਾਬ ਨੈੱਟਵਰਕ, ਚੰਡੀਗੜ੍ਹ
ਸਿੱਖਿਆ, ਸਿਹਤ ਅਤੇ ਪੀ ਐਸ ਪੀ ਸੀ ਐਲ ਕਾਰਪੋਰੇਸ਼ਨ ਲਿਮਟਿਡ ਵਿੱਚ ਰੁਜ਼ਗਾਰ ਚਾਹੁੰਦੇ ਬੇਰੁਜ਼ਗਾਰਾਂ ਦੀ ਮੀਟਿੰਗ ਕਾਫੀ ਲੰਬੇ ਸਮੇਂ ਮਗਰੋ 11 ਸਤੰਬਰ ਨੂੰ ਪੰਜਾਬ ਕੈਬਨਿਟ ਸਬ -ਕਮੇਟੀ ਨਾਲ ਪੰਜਾਬ ਭਵਨ ਚੰਡੀਗੜ੍ਹ ਵਿਖੇ ਹੋਈ ਹੈ।
ਪ੍ਰੰਤੂ ਬੇਰੁਜ਼ਗਾਰਾਂ ਦੀਆਂ ਮੰਗਾਂ ਸਬੰਧੀ ਕਾਫ਼ੀ ਸੋਧਾਂ ਅਤੇ ਪ੍ਰਵਾਨਗੀਆਂ ਹਾਸਲ ਕਰਨ ਦਾ ਕੰਮ ਸਿੱਖਿਆ ਮੰਤਰੀ ਅਤੇ ਸਿਹਤ ਮੰਤਰੀ ਦੀ ਡਿਊਟੀ ਬਣਦੀ ਹੈ, ਜਿਹੜੀਆਂ ਕਿ ਉਹਨਾਂ ਨੇ ਪੰਜਾਬ ਕੈਬਨਿਟ ਅਤੇ ਮੁੱਖ ਮੰਤਰੀ ਕੋਲੋਂ ਹਾਸਲ ਕਰਨੀਆਂ ਹਨ।
ਇਸ ਲਈ ਉਕਤ ਮੰਤਰੀਆਂ ਨੂੰ ਜਗਾਉਣ ਦੀ ਕੜੀ ਤਹਿਤ 22 ਸਤੰਬਰ ਦਿਨ ਐਤਵਾਰ ਨੂੰ ਸਿੱਖਿਆ ਮੰਤਰੀ ਹਰਜੋਤ ਬੈਂਸ ਦੀ ਗੰਭੀਰ ਪੁਰ ਕੋਠੀ ਦਾ ਘਿਰਾਓ ਕੀਤਾ ਜਾਵੇਗਾ। ਉਕਤ ਜਾਣਕਾਰੀ ਬੇਰੁਜ਼ਗਾਰ ਸਾਂਝੇ ਮੋਰਚੇ ਦੇ ਆਗੂ ਸੁਖਵਿੰਦਰ ਸਿੰਘ ਢਿੱਲਵਾਂ, ਜਸਵੰਤ ਘੁਬਾਇਆ, ਰਮਨ ਕੁਮਾਰ ਮਲੋਟ, ਹਰਜਿੰਦਰ ਸਿੰਘ ਝੁਨੀਰ, ਹਰਜਿੰਦਰ ਬੁਢਲਾਡਾ ਅਤੇ ਕੁਲਵਿੰਦਰ ਗਿੱਲ ਨੇ ਦਿੱਤੀ।
ਉਹਨਾਂ ਦੱਸਿਆ ਕਿ ਪੰਜਾਬ ਕੈਬਨਿਟ ਸਬ-ਕਮੇਟੀ ਦੇ ਮੰਤਰੀਆਂ ਅਮਨ ਅਰੋੜਾ ਅਤੇ ਕੁਲਦੀਪ ਸਿੰਘ ਧਾਲੀਵਾਲ ਦੀ ਅਗਵਾਈ ਵਿੱਚ ਸਿੱਖਿਆ ਅਤੇ ਸਿਹਤ ਵਿਭਾਗ ਨੇ ਅਨੇਕਾਂ ਤਕਨੀਕੀ ਨੁਕਤਿਆਂ ਸਬੰਧੀ ਸਬੰਧਤ ਮੰਤਰੀਆਂ ਨਾਲ ਚਰਚਾ ਕਰਨ ਦੀ ਗੱਲ ਆਖੀ ਹੈ। ਇਸ ਲਈ ਬੇਰੁਜ਼ਗਾਰ ਸਾਂਝਾ ਮੋਰਚਾ ਮੰਤਰੀਆਂ ਦੇ ਘਿਰਾਓ ਉਪਰੰਤ 29 ਸਤੰਬਰ ਨੂੰ ਮੁੱਖ ਮੰਤਰੀ ਦੀ ਕੋਠੀ ਦਾ ਘਿਰਾਓ ਕਰੇਗਾ।
ਕਿਉਕਿ ਭਰਤੀਆਂ ਵਿੱਚ ਉਮਰ ਹੱਦ ਛੋਟ ਦੇਣ,ਆਰਟ ਐਂਡ ਕਰਾਫਟ ਦਾ ਲਿਖਤੀ ਪੇਪਰ ਲੈਣ, ਪੀ ਐਸ ਪੀ ਸੀ ਐਲ ਕਾਰਪੋਰੇਸ਼ਨ ਲਿਮਟਿਡ ਵਿੱਚ ਮ੍ਰਿਤਕ ਆਸ਼ਰਿਤਾਂ ਨੂੰ ਰੁਜ਼ਗਾਰ ਦੇਣ, ਮਾਸਟਰ ਕੇਡਰ ਵਿੱਚ ਸਾਰੇ ਵਿਸ਼ਿਆਂ ਦੀਆਂ ਪੋਸਟਾਂ ਵੱਡੀ ਗਿਣਤੀ ਵਿਚ ਭਰਨ, 55 ਪ੍ਰਤੀਸ਼ਤ ਦੀ ਬੇਤੁਕੀ ਸ਼ਰਤ ਰੱਦ ਕਰਨ, ਲੈਕਚਰਾਰ ਦੇ ਸਾਰੇ ਵਿਸ਼ਿਆਂ ਦੀਆਂ ਪੋਸਟਾਂ ਦਾ ਇਸ਼ਤਿਹਾਰ ਅਤੇ ਉਮਰ ਹੱਦ ਛੋਟ ਦੇਣ, ਵਿੱਤ ਅਤੇ ਪ੍ਰਸੋਨਲ ਵਿਭਾਗ ਤੋ ਮਨਜੂਰੀ ਹਾਸਲ ਕਰਨ ਵਰਗੇ ਮਾਮੂਲੀ ਕੰਮ ਵੀ ਸਰਕਾਰ ਦੇ ਆਪਸੀ ਤਾਲਮੇਲ ਦੀ ਘਾਟ ਕਾਰਨ ਲਟਕ ਰਹੇ ਹਨ।
ਇਸ ਤੋਂ ਇਲਾਵਾ ਸਿੱਖਿਆ ਅਤੇ ਸਿਹਤ ਵਿਭਾਗ ਵਿੱਚ ਸਾਰੀਆਂ ਖਾਲੀ ਅਸਾਮੀਆਂ ਭਰਨ ਦੇ ਵੱਡੇ-ਵੱਡੇ ਵਾਅਦੇ ਮੁੱਖ ਮੰਤਰੀ ਵੱਲੋਂ ਖੁਦ ਕੀਤੇ ਗਏ ਹਨ। ਉਹਨਾਂ ਦੀ ਪੂਰਤੀ ਲਈ ਮੁੱਖ ਮੰਤਰੀ, ਸਿੱਖਿਆ ਮੰਤਰੀ ਅਤੇ ਸਿਹਤ ਮੰਤਰੀ ਦਾ ਘਿਰਾਓ ਕੀਤਾ ਜਾਵੇਗਾ।
ਉਹਨਾਂ ਕਿਹਾ ਕਿ ਪੰਜਾਬ ਸਰਕਾਰ ਨੇ ਸਿੱਖਿਆ ਅਤੇ ਸਿਹਤ ਵਿਭਾਗ ਵਿਚ ਪਿਛਲੇ ਕਰੀਬ ਢਾਈ ਸਾਲ ਵਿੱਚ ਇੱਕ ਵੀ ਪੋਸਟ ਜਾਰੀ ਨਹੀਂ ਕੀਤੀ।