ਭਗਵੰਤ ਮਾਨ ਸਰਕਾਰ ਦੇ ਦਾਅਵਿਆਂ ਦੀ ਖੁੱਲ੍ਹੀ ਪੋਲ! ਸਿੱਖਿਆ ਵਿਭਾਗ ‘ਚ ਸੇਵਾਵਾਂ ਰੈਗੂਲਰ ਮਰਜ਼ ਕਰਵਾਉਣ ਲਈ ਕੰਪਿਊਟਰ ਅਧਿਆਪਕਾਂ ਵੱਲੋਂ ਭੁੱਖ ਹੜਤਾਲ
ਡੈਮੋਕਰੇਟਿਕ ਟੀਚਰਜ਼ ਫਰੰਟ ਵੱਲੋਂ ਕੰਪਿਊਟਰ ਅਧਿਆਪਕਾਂ ਦੇ ਸੰਗਰੂਰ ਵਿਖੇ ਚੱਲ ਰਹੇ ਧਰਨੇ ਚ ਕੀਤੀ ਬੱਝਵੀਂ ਸ਼ਮੂਲੀਅਤ
ਪੰਜਾਬ ਨੈੱਟਵਰਕ, ਸੰਗਰੂਰ
ਸੰਗਰੂਰ ਵਿਖੇ ਕੰਪਿਊਟਰ ਅਧਿਆਪਕਾਂ ਦੀ ਆਪਣੀਆਂ ਸੇਵਾਵਾਂ ਸਿੱਖਿਆ ਵਿਭਾਗ ਵਿੱਚ ਰੈਗੂਲਰ ਮਰਜ਼ ਕਰਵਾਉਣ ਅਤੇ ਹੋਰ ਵਿੱਤੀ ਲਾਭਾਂ ਨੂੰ ਲੈ ਕੇ ਚੱਲ ਰਹੀ ਭੁੱਖ ਹੜਤਾਲ ਵਿੱਚ ਡੀਟੀਐਫ ਸੂਬਾ ਪ੍ਰਧਾਨ ਵਿਕਰਮਦੇਵ ਸਿੰਘ, ਸੂਬਾ ਮੀਤ ਪ੍ਰਧਾਨ ਰਾਜੀਵ ਬਰਨਾਲਾ ਅਤੇ ਜਗਪਾਲ ਬੰਗੀ ਦੀ ਅਗਵਾਈ ਵਿੱਚ ਸ਼ਮੂਲੀਅਤ ਕੀਤੀ ਗਈ।
ਬਰਨਾਲਾ ਅਤੇ ਬਠਿੰਡਾ ਜਿਲ੍ਹੇ ਵਿੱਚੋਂ ਬੱਝਵੀਂ ਗਿਣਤੀ ਵਿੱਚ ਅਧਿਆਪਕਾਂ ਨੇ ਇਸ ਮੋਰਚੇ ਵਿੱਚ ਹਾਜ਼ਰੀ ਲਵਾਈ ਅਤੇ ਯਕੀਨ ਦਵਾਇਆ ਕਿ ਉਨਾਂ ਦੀਆਂ ਮੰਗਾਂ ਦੀ ਪ੍ਰਾਪਤੀ ਤੱਕ ਚੱਲ ਰਹੇ ਇਸ ਸੰਘਰਸ਼ ਵਿੱਚ ਜਥੇਬੰਦੀ ਵੱਲੋਂ ਹਰ ਤਰ੍ਹਾਂ ਦਾ ਯੋਗਦਾਨ ਦਿੱਤਾ ਜਾਵੇਗਾ।
ਆਗੂਆਂ ਨੇ ਪੰਜਾਬ ਸਰਕਾਰ ਦੀਆਂ ਨੀਤੀਆਂ ਦੀ ਵਿਰੋਧਤਾ ਕਰਦੇ ਹੋਏ ਕਿਹਾ ਕਿ ਸਰਕਾਰ ਆਪਣੇ ਵਾਅਦੇ ਮੁਤਾਬਕ ਹਰ ਤਰ੍ਹਾਂ ਦੇ ਕੱਚੇ ਅਧਿਆਪਕਾਂ ਨੂੰ ਸਿੱਖਿਆ ਵਿਭਾਗ ਵਿੱਚ ਰੈਗੂਲਰ ਕਰਕੇ ਉਨਾਂ ਦੇ ਵਿੱਤੀ ਲਾਭ ਜਾਰੀ ਕਰੇ।
ਉਹਨਾਂ ਕਿਹਾ ਕਿ ਜੇਕਰ ਸਰਕਾਰ ਕੰਪਿਊਟਰ ਅਧਿਆਪਕਾਂ ਦੀਆਂ ਮੰਗਾਂ ਨਹੀਂ ਮੰਨਦੀ ਤਾਂ ਭਵਿੱਖੀ ਸੰਘਰਸ਼ ਹੋਰ ਵੀ ਵੱਧ ਚੜ੍ਹ ਕੇ ਸਫਲ ਬਣਾਏ ਜਾਣਗੇ।
ਇਸ ਸਮੇਂ ਹੋਰਨਾਂ ਤੋਂ ਇਲਾਵਾ ਡੀਟੀਐਫ ਦੇ ਆਗੂ ਨਿਰਮਲ ਸਿੰਘ ਚੌਹਾਨਕੇ,ਬੂਟਾ ਸਿੰਘ ਰੋਮਾਣਾ, ਸੁਨੀਲ ਕੁਮਾਰ, ਸੁਖਪ੍ਰੀਤ ਸਿੰਘ,ਲਖਵੀਰ ਠੁੱਲੀਵਾਲ, ਸੁਖਪ੍ਰੀਤ ਬੜੀ, ਸੁਖਵੀਰ ਖਨੌਰੀ, ਵਰਿੰਦਰ ਕੁਮਾਰ, ਅੰਮ੍ਰਿਤਪਾਲ ਕੋਟਦੁੱਨਾ, ਸੁਖਵਿੰਦਰ ਸੁੱਖ, ਪਰਮਜੀਤ ਕੱਟੂ, ਜਰਨੈਲ ਗੁੰਮਟੀ, ਭੁਪਿੰਦਰ ਠੁੱਲੀਵਾਲ ਆਦ ਹਾਜ਼ਰ ਸਨ।