ਮੋਹਾਲੀ ‘ਚ ਲੱਗਣ ਜਾ ਰਿਹੈ ਸਰਸ ਮੇਲਾ! ਮਾਮੂਲੀ ਫ਼ੀਸ ਨਾਲ ਮਿਲੇਗਾ ਮੇਲੇ ‘ਚ ਦਾਖਲਾ
ਮਸ਼ਹੂਰ ਬਾਲੀਵੁੱਡ ਅਤੇ ਪੰਜਾਬੀ ਗਾਇਕਾਂ ਅਤੇ ਕਲਾਕਾਰਾਂ ਦੀਆਂ ਪੇਸ਼ਕਾਰੀਆਂ ਦਾ ਆਨੰਦ ਮਾਣ ਸਕਣਗੇ ਦਰਸ਼ਕ
ਦੇਸ਼ ਭਰ ਤੋਂ ਪਰੰਪਰਾਗਤ ਭੋਜਨ ਅਤੇ ਕਾਰੀਗਰੀ ਦੇ ਕੰਮ ਦੀ ਪ੍ਰਦਰਸ਼ਨੀ ਕੀਤੀ ਜਾਵੇਗੀ
ਐਸ.ਏ.ਐਸ.ਨਗਰ
ਜ਼ਿਲ੍ਹੇ ਦੇ ਪਹਿਲੇ ਸਰਸ ਮੇਲੇ ਦੇ ਯਾਦਗਾਰੀ ਅਤੇ ਰੋਮਾਂਚਕ ਪਲ਼ਾਂ ਨਾਲ ਸ਼ਹਿਰ ਵਾਸੀਆਂ ਨੂੰ ਉਤਸ਼ਾਹਿਤ ਲਈ ਜ਼ਿਲ੍ਹਾ ਪ੍ਰਸ਼ਾਸਨ ਨੇ ਅੱਜ ਤੋਂ ਮੇਲੇ ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ।
ਡਿਪਟੀ ਕਮਿਸ਼ਨਰ ਨੇ ਸਰਸ ਮੇਲੇ ਲਈ ਤਾਇਨਾਤ ਕੀਤੇ ਗਏ ਵੱਖ-ਵੱਖ ਨੋਡਲ ਅਫ਼ਸਰਾਂ ਦੀ ਸਮੀਖਿਆ ਮੀਟਿੰਗ ਕਰਦੇ ਹੋਏ ਉਨ੍ਹਾਂ ਨੂੰ ਸਰਸ ਮੇਲੇ ਲਈ ਤਿਆਰੀਆਂ ਕਰਨ ਲਈ ਕਿਹਾ ਤਾਂ ਜੋ ਇਸ ਨੂੰ ਯਾਦਗਾਰੀ ਅਤੇ ਸਫਲ ਬਣਾਇਆ ਜਾ ਸਕੇ।
ਡਿਪਟੀ ਕਮਿਸ਼ਨਰ ਨੇ ਅੱਗੇ ਦੱਸਿਆ ਕਿ ਇਹ ਮੇਲਾ 16 ਤੋਂ 27 ਅਕਤੂਬਰ ਤੱਕ ਮੋਹਾਲੀ ਦੇ ਸੈਕਟਰ 88 ਦੀ ਗਰਾਊਂਡ ਵਿਖੇ ਰੱਖਿਆ ਗਿਆ ਹੈ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਸ ਸਮਾਗਮ ਨੂੰ ਸ਼ਹਿਰ ਵਾਸੀਆਂ ਦੀ ਸ਼ਮੂਲੀਅਤ ਨਾਲ ਸਫ਼ਲ ਬਣਾਉਣ ਲਈ ਆਊਟਡੋਰ ਮੀਡੀਆ ਦੇ ਨਾਲ-ਨਾਲ ਸੋਸ਼ਲ ਮੀਡੀਆ ਰਾਹੀਂ ਵੀ ਜਾਗਰੂਕਤਾ ਮੁਹਿੰਮ ਚਲਾਈ ਜਾਵੇਗੀ।
ਉਨ੍ਹਾਂ ਕਿਹਾ ਕਿ ਮੇਲੇ ਵਿੱਚ ਦਾਖਲਾ ਲੈਣ ਲਈ ਨਾਮਾਤਰ ਫੀਸ ਵਸੂਲੀ ਜਾ ਜਾਵੇਗੀ ਜਦਕਿ ਪ੍ਰਵੇਸ਼ ਕਰਨ ਵਾਲਿਆਂ ਨੂੰ ਸਟਾਲਾਂ ‘ਤੇ ਖਾਣ-ਪੀਣ ਦੀਆਂ ਵਸਤੂਆਂ ਅਤੇ ਉਨ੍ਹਾਂ ਵੱਲੋਂ ਕੀਤੀ ਜਾਣ ਵਾਲੀ ਹੋਰ ਖ਼ਰੀਦੋ ਫਰੋਖ਼ਤ ਲਈ ਵੱਖਰੇ ਤੌਰ ‘ਤੇ ਭੁਗਤਾਨ ਕਰਨਾ ਹੋਵੇਗਾ।
ਡਿਪਟੀ ਕਮਿਸ਼ਨਰ ਨੇ ਅੱਗੇ ਕਿਹਾ ਕਿ ਪ੍ਰਸ਼ਾਸਨ ਨੇ ਪੇਂਡੂ ਉਤਪਾਦਕਾਂ/ਕਾਰੀਗਰਾਂ ਦੀ ਸਹਾਇਤਾ ਲਈ 300 ਤੋਂ ਵੱਧ ਸਟਾਲ ਲਗਾਉਣ ਦੀ ਯੋਜਨਾ ਤਿਆਰ ਕੀਤੀ ਹੈ ਤਾਂ ਜੋ ਮੇਲੇ ਚ ਆਉਣ ਵਾਲੇ ਲੋਕਾਂ ਨੂੰ ਲਾਭ ਪਹੁੰਚਾਉਣ ਵਾਲੇ ਉਤਪਾਦਾਂ ਦੀ ਵਿਭਿੰਨ ਸ਼੍ਰੇਣੀ ਨੂੰ ਪ੍ਰਦਰਸ਼ਿਤ ਕੀਤਾ ਜਾ ਸਕੇ। ਇਨ੍ਹਾਂ ਸਟਾਲਾਂ ‘ਤੇ ਦੇਸ਼ ਭਰ ਦੇ ਪਰੰਪਰਾਗਤ ਭੋਜਨ ਦੇ ਨਾਲ-ਨਾਲ ਕਾਰੀਗਰਾਂ ਦੁਆਰਾ ਤਿਆਰ ਕੀਤੀਆਂ ਕਲਾਤਮਕ ਵਸਤਾਂ ਅਤੇ ਹੋਰ ਸਮਾਨ ਵੀ ਪ੍ਰਦਰਸ਼ਿਤ ਕੀਤਾ ਜਾਵੇਗਾ।
ਇਸ ਤੋਂ ਇਲਾਵਾ ਪ੍ਰਸਿੱਧ ਬਾਲੀਵੁੱਡ ਅਤੇ ਪੰਜਾਬੀ ਗਾਇਕ ਅਤੇ ਕਲਾਕਾਰ ਰੋਜ਼ਾਨਾ ਸ਼ਾਮ ਨੂੰ ਪੇਸ਼ਕਾਰੀ ਕਰਕੇ ਦਰਸ਼ਕਾਂ ਦਾ ਮਨ ਮੋਹਣਗੇ। ਇਸੇ ਤਰ੍ਹਾਂ ਪ੍ਰਸ਼ਾਸਨ ਮਨੋਰੰਜਨ ਦੇ ਮਕਸਦ ਨਾਲ ਮੇਲੇ ਵਿੱਚ ਕਈ ਤਰ੍ਹਾਂ ਦੀਆਂ ਸੱਭਿਆਚਾਰਕ ਵੰਨਗੀਆਂ ਨੂੰ ਸ਼ਾਮਲ ਕਰਨ ਬਾਰੇ ਵੀ ਵਿਚਾਰ ਕਰ ਰਿਹਾ ਹੈ।