ਪੰਜਾਬ ਸੂਬੇ ਦੇ ਸਰਕਾਰੀ ਸਕੂਲਾਂ ਦੇ ਅਨੇਕਾਂ ਸੀਨੀਅਰ ਮਾਸਟਰ ਹਾਲੇ ਵੀ ਤਰੱਕੀਆਂ ਤੋਂ ਵਾਂਝੇ!
ਹੋਰ ਕਾਡਰਾਂ ਦੀਆਂ ਲੰਬੇ ਸਮੇਂ ਤੋਂ ਪੈਡਿੰਗ ਤਰੱਕੀਆਂ ਮੁਕੰਮਲ ਕੀਤੀਆਂ ਜਾਣ : ਡੀ ਟੀ ਐੱਫ
ਪਰਮਜੀਤ ਢਾਬਾਂ ਜਲਾਲਾਬਾਦ
ਡੈਮੋਕ੍ਰੈਟਿਕ ਟੀਚਰਜ਼ ਫਰੰਟ ਪੰਜਾਬ ਨੇ ਜਿੱਥੇ ਪਿਛਲੇ ਦਿਨੀਂ ਸਿੱਖਿਆ ਵਿਭਾਗ ਵੱਲੋਂ ਕੀਤੀਆਂ ਗਈਆਂ ਤਰੱਕੀਆਂ ਦਾ ਸਵਾਗਤ ਕੀਤਾ ਹੈ, ਉੱਥੇ ਹੀ ਤਰੱਕੀਆਂ ਤੋਂ ਵਾਂਝੇ ਰਹਿ ਗਏ ਸੀਨੀਅਰ ਮਾਸਟਰਾਂ ਨੂੰ ਲੈਕਚਰਾਰਾਂ ਦੀਆਂ ਤਰੱਕੀਆਂ ਲਈ ਤੁਰੰਤ ਵਿਚਾਰੇ ਜਾਣ ਦੀ ਮੰਗ ਵੀ ਕੀਤੀ।
ਡੈਮੋਕ੍ਰੈਟਿਕ ਟੀਚਰਜ਼ ਫਰੰਟ ਪੰਜਾਬ ਦੇ ਸੂਬਾ ਜਨਰਲ ਸਕੱਤਰ ਮਹਿੰਦਰ ਕੌੜਿਆਂ ਵਾਲੀ ਅਤੇ ਜਿਲ੍ਹਾ ਫਾਜ਼ਿਲਕਾ ਦੇ ਜਨਰਲ ਸਕੱਤਰ ਕੁਲਜੀਤ ਡੰਗਰ ਖੇੜਾ ਅਤੇ ਵਿੱਤ ਸਕੱਤਰ ਰਿਸ਼ੂ ਸੇਠੀ ਨੇ ਦੱਸਿਆ ਕਿ ਵੱਖ-ਵੱਖ ਵਿਸ਼ਿਆਂ ਵਿੱਚੋਂ ਅਨੇਕਾਂ ਸੀਨੀਅਰ ਅਧਿਆਪਕ ਪ੍ਰਮੋਟ ਹੋਣੋਂ ਰਹਿ ਗਏ ਹਨ ਜੋ ਕਿ ਵਿਭਾਗ ਦੀ ਅਣਗਹਿਲੀ ਦਾ ਹੀ ਨਤੀਜਾ ਹੈ। ਪਹਿਲੀ ਵਾਰ ਹੋਏ ਤਰੱਕੀਆਂ ਦੇ ਆਰਡਰ ਰੱਦ ਕਰਨ ਤੋਂ ਦੋ ਮਹੀਨਿਆਂ ਦੇ ਲੰਬੇ ਅਰਸੇ ਵਿੱਚ ਤਕਨੀਕੀ ਨੁਕਸ ਠੀਕ ਕਰਨ ਵਾਲੇ ਸਿੱਖਿਆ ਵਿਭਾਗ ਨੇ ਤਰੱਕੀਆਂ ਦੇਣ ਵੇਲੇ ਅਨੇਕਾਂ ਸੀਨੀਅਰ ਅਧਿਆਪਕਾਂ ਨੂੰ ਛੱਡ ਕੇ ਤਰੱਕੀਆਂ ਤੋਂ ਵਾਂਝਿਆਂ ਕਰ ਦਿੱਤਾ ਹੈ।
ਇਸੇ ਤਰ੍ਹਾਂ ਹੋਰ ਕਾਡਰਾਂ( ਈ ਟੀ ਟੀ ਤੋਂ ਮਾਸਟਰ ਕਾਡਰ, ਸੀ ਐਂਡ ਵੀ ਤੋਂ ਮਾਸਟਰ ਕਾਡਰ, ਮਾਸਟਰ ਕਾਡਰ ਤੋਂ ਹੈੱਡਮਾਸਟਰ, ਹੈੱਡਮਾਸਟਰ ਕਾਡਰ ਤੋਂ ਪ੍ਰਿੰਸੀਪਲ ਕਾਡਰ) ਦੀਆਂ ਲੰਬੇ ਸਮੇਂ ਤੋਂ ਪੈਡਿੰਗ ਤਰੱਕੀਆਂ ਕਾਰਣ ਅਧਿਆਪਕ ਆਪਣੇ ਪਿਛਲੇ ਕਾਡਰ ਵਿੱਚ ਹੀ ਸੇਵਾ ਮੁਕਤ ਹੋ ਰਹੇ ਹਨ, ਜਿਸ ਕਾਰਣ ਤਰੱਕੀਆਂ ਤੋਂ ਵਾਂਝੇ ਰਹਿ ਗਏ ਅਧਿਆਪਕ ਨਿਰਾਸ਼ਾ ਦੇ ਦੌਰ ਵਿੱਚੋਂ ਲੰਘ ਰਹੇ ਹਨ। ਵਿਭਾਗ ਨੂੰ ਰਹਿੰਦੇ ਅਧਿਆਪਕਾਂ ਦੀਆਂ ਤਰੱਕੀਆਂ ਕਰਕੇ ਅਧਿਆਪਕਾਂ ਨੂੰ ਰਾਹਤ ਦੇਣੀ ਚਾਹੀਦੀ ਹੈ।
ਡੀ ਟੀ ਐੱਫ ਜਿਲ੍ਹਾ ਫਾਜ਼ਿਲਕਾ ਦੇ ਮੀਤ ਪ੍ਰਧਾਨ ਰਮੇਸ਼ ਸੱਪਾਂ ਵਾਲੀ,ਨੋਰੰਗ, ਜਿਲ੍ਹਾ ਆਗੂ ਜਗਦੀਸ਼ ਸੱਪਾਂ ਵਾਲੀ, ਲਾਲ,ਸਹਾਇਕ ਸਕੱਤਰ ਬਲਜਿੰਦਰ ਗਰੇਵਾਲ,ਪ੍ਰੈਸ ਸਕੱਤਰ ਹਰੀਸ਼ ਕੁਮਾਰ,ਸਹਾਇਕ ਪ੍ਰੈਸ ਸਕੱਤਰ ਗੁਰਵਿੰਦਰ ਸਿੰਘ,ਸਹਾਇਕ ਵਿੱਤ ਸਕੱਤਰ ਮੈਡਮ ਪੂਨਮ ਮੈਣੀ,ਜੱਥਬੰਦਕ ਸਕੱਤਰ ਬੱਗਾ ਸਿੰਘ ਅਤੇ ਜਥੇਬੰਦਕ ਬੁਲਾਰੇ ਵਰਿੰਦਰ ਲਾਧੂਕਾ ਨੇ ਮੰਗ ਕੀਤੀ ਕਿ ਵਿਭਾਗ ਦੀ ਗਲਤੀ ਕਾਰਣ ਤਰੱਕੀਆਂ ਤੋਂ ਵਾਂਝੇ ਰਹਿ ਗਏ ਸੀਨੀਅਰ ਮਾਸਟਰਾਂ ਨੂੰ ਤਰੱਕੀ ਦੇ ਕੇ ਤੁਰੰਤ ਲੈਕਚਰਾਰ ਬਣਾਇਆ ਜਾਵੇ, ਵੱਖ ਵੱਖ ਕੈਟਾਗਰੀਆਂ ਦੀਆਂ ਤਰੱਕੀ ਕੋਟੇ ਦੀਆਂ ਖਾਲੀ ਸਾਰੀਆਂ ਅਸਾਮੀਆਂ ਅਨੁਸਾਰ ਰਹਿੰਦੇ ਅਧਿਆਪਕਾਂ ਦੇ ਮਾਮਲਿਆਂ ਦਾ ਨਿਪਟਾਰਾ ਕਰਕੇ ਹੋਰ ਤਰੱਕੀਆਂ ਕੀਤੀਆਂ ਜਾਣ।