ਸਿੱਖਿਆ ਵਿਭਾਗ ਤਰੱਕੀਆਂ ਤੋਂ ਵਾਂਝੇ ਅਧਿਆਪਕਾਂ ਦੀਆਂ ਪ੍ਰਮੋਸ਼ਨਾਂ ਕਰਕੇ ਦੇਵੇ ਰਾਹਤ: ਡੀ.ਟੀ.ਐੱਫ
ਅਨੇਕਾਂ ਸੀਨੀਅਰ ਮਾਸਟਰ ਹਾਲੇ ਵੀ ਤਰੱਕੀਆਂ ਤੋਂ ਵਾਂਝੇ : ਡੀ ਟੀ ਐੱਫ
ਹੋਰ ਕਾਡਰਾਂ ਦੀਆਂ ਲੰਬੇ ਸਮੇਂ ਤੋਂ ਪੈਡਿੰਗ ਤਰੱਕੀਆਂ ਮੁਕੰਮਲ ਕੀਤੀਆਂ ਜਾਣ : ਡੀ ਟੀ ਐੱਫ
ਪੰਜਾਬ ਨੈੱਟਵਰਕ, ਚੰਡੀਗੜ੍ਹ
ਡੈਮੋਕ੍ਰੈਟਿਕ ਟੀਚਰਜ਼ ਫਰੰਟ ਪੰਜਾਬ ਨੇ ਜਿੱਥੇ ਪਿਛਲੇ ਦਿਨੀਂ ਸਿੱਖਿਆ ਵਿਭਾਗ ਵੱਲੋਂ ਕੀਤੀਆਂ ਗਈਆਂ ਤਰੱਕੀਆਂ ਦਾ ਸਵਾਗਤ ਕੀਤਾ ਹੈ ਉੱਥੇ ਹੀ ਤਰੱਕੀਆਂ ਤੋਂ ਵਾਂਝੇ ਰਹਿ ਗਏ ਸੀਨੀਅਰ ਮਾਸਟਰਾਂ ਨੂੰ ਲੈਕਚਰਾਰਾਂ ਦੀਆਂ ਤਰੱਕੀਆਂ ਲਈ ਤੁਰੰਤ ਵਿਚਾਰੇ ਜਾਣ ਦੀ ਮੰਗ ਵੀ ਕੀਤੀ। ਡੈਮੋਕ੍ਰੈਟਿਕ ਟੀਚਰਜ਼ ਫਰੰਟ ਪੰਜਾਬ ਦੇ ਸੂਬਾ ਪ੍ਰਧਾਨ ਵਿਕਰਮ ਦੇਵ ਸਿੰਘ, ਜਨਰਲ ਸਕੱਤਰ ਮਹਿੰਦਰ ਕੌੜਿਆਂਵਾਲੀ ਅਤੇ ਵਿੱਤ ਸਕੱਤਰ ਅਸ਼ਵਨੀ ਅਵਸਥੀ ਨੇ ਦੱਸਿਆ ਕਿ ਵੱਖ-ਵੱਖ ਵਿਸ਼ਿਆਂ ਵਿੱਚੋਂ ਅਨੇਕਾਂ ਸੀਨੀਅਰ ਅਧਿਆਪਕ ਪ੍ਰਮੋਟ ਹੋਣੋਂ ਰਹਿ ਗਏ ਹਨ ਜੋ ਕਿ ਵਿਭਾਗ ਦੀ ਅਣਗਹਿਲੀ ਦਾ ਹੀ ਨਤੀਜਾ ਹੈ।
ਪਹਿਲੀ ਵਾਰ ਹੋਏ ਤਰੱਕੀਆਂ ਦੇ ਆਰਡਰ ਰੱਦ ਕਰਨ ਤੋਂ ਦੋ ਮਹੀਨਿਆਂ ਦੇ ਲੰਬੇ ਅਰਸੇ ਵਿੱਚ ਤਕਨੀਕੀ ਨੁਕਸ ਠੀਕ ਕਰਨ ਵਾਲੇ ਸਿੱਖਿਆ ਵਿਭਾਗ ਨੇ ਤਰੱਕੀਆਂ ਦੇਣ ਵੇਲੇ ਅਨੇਕਾਂ ਸੀਨੀਅਰ ਅਧਿਆਪਕਾਂ ਨੂੰ ਛੱਡ ਕੇ ਤਰੱਕੀਆਂ ਤੋਂ ਵਾਂਝਿਆਂ ਕਰ ਦਿੱਤਾ ਹੈ। ਇਸੇ ਤਰ੍ਹਾਂ ਹੋਰ ਕਾਡਰਾਂ( ਈ ਟੀ ਟੀ ਤੋਂ ਮਾਸਟਰ ਕਾਡਰ, ਸੀ ਐਂਡ ਵੀ ਤੋਂ ਮਾਸਟਰ ਕਾਡਰ, ਮਾਸਟਰ ਕਾਡਰ ਤੋਂ ਹੈੱਡਮਾਸਟਰ, ਹੈੱਡਮਾਸਟਰ ਕਾਡਰ ਤੋਂ ਪ੍ਰਿੰਸੀਪਲ ਕਾਡਰ) ਦੀਆਂ ਲੰਬੇ ਸਮੇਂ ਤੋਂ ਪੈਡਿੰਗ ਤਰੱਕੀਆਂ ਕਾਰਣ ਅਧਿਆਪਕ ਆਪਣੇ ਪਿਛਲੇ ਕਾਡਰ ਵਿੱਚ ਹੀ ਸੇਵਾ ਮੁਕਤ ਹੋ ਰਹੇ ਹਨ ਜਿਸ ਕਾਰਣ ਤਰੱਕੀਆਂ ਤੋਂ ਵਾਂਝੇ ਰਹਿ ਗਏ ਅਧਿਆਪਕ ਨਿਰਾਸ਼ਾ ਦੇ ਦੌਰ ਵਿੱਚੋਂ ਲੰਘ ਰਹੇ ਹਨ। ਵਿਭਾਗ ਨੂੰ ਰਹਿੰਦੇ ਅਧਿਆਪਕਾਂ ਦੀਆਂ ਤਰੱਕੀਆਂ ਕਰਕੇ ਅਧਿਆਪਕਾਂ ਨੂੰ ਰਾਹਤ ਦੇਣੀ ਚਾਹੀਦੀ ਹੈ।
ਡੀ ਟੀ ਐੱਫ ਦੇ ਮੀਤ ਪ੍ਰਧਾਨਾਂ ਰਾਜੀਵ ਬਰਨਾਲਾ, ਜਗਪਾਲ ਬੰਗੀ, ਗੁਰਪਿਆਰ ਕੋਟਲੀ, ਬੇਅੰਤ ਫੂਲੇਵਾਲਾ, ਹਰਜਿੰਦਰ ਵਡਾਲਾ ਬਾਂਗਰ ਅਤੇ ਰਘਵੀਰ ਭਵਾਨੀਗੜ੍ਹ, ਸੰਯੁਕਤ ਸਕੱਤਰਾਂ ਮੁਕੇਸ਼ ਕੁਮਾਰ, ਕੁਲਵਿੰਦਰ ਜੋਸ਼ਨ ਅਤੇ ਜਸਵਿੰਦਰ ਔਜਲਾ, ਪ੍ਰੈੱਸ ਸਕੱਤਰ ਪਵਨ ਕੁਮਾਰ, ਸਹਾਇਕ ਵਿੱਤ ਸਕੱਤਰ ਤਜਿੰਦਰ ਸਿੰਘ ਅਤੇ ਪ੍ਰਚਾਰ ਸਕੱਤਰ ਸੁਖਦੇਵ ਡਾਨਸੀਵਾਲ ਨੇ ਮੰਗ ਕੀਤੀ ਕਿ ਵਿਭਾਗ ਦੀ ਗਲਤੀ ਕਾਰਣ ਤਰੱਕੀਆਂ ਤੋਂ ਵਾਂਝੇ ਰਹਿ ਗਏ ਸੀਨੀਅਰ ਮਾਸਟਰਾਂ ਨੂੰ ਤਰੱਕੀ ਦੇ ਕੇ ਤੁਰੰਤ ਲੈਕਚਰਾਰ ਬਣਾਇਆ ਜਾਵੇ, ਵੱਖ ਵੱਖ ਕੈਟਾਗਰੀਆਂ ਦੀਆਂ ਤਰੱਕੀ ਕੋਟੇ ਦੀਆਂ ਖਾਲੀ ਸਾਰੀਆਂ ਅਸਾਮੀਆਂ ਅਨੁਸਾਰ ਰਹਿੰਦੇ ਅਧਿਆਪਕਾਂ ਦੇ ਮਾਮਲਿਆਂ ਦਾ ਨਿਪਟਾਰਾ ਕਰਕੇ ਹੋਰ ਤਰੱਕੀਆਂ ਕੀਤੀਆਂ ਜਾਣ।
ਇਸਤੋਂ ਇਲਾਵਾ ਡੀ ਟੀ ਐੱਫ ਨੇ ਕਈ ਸਾਲਾਂ ਤੋਂ ਰੁਕੀਆਂ ਹੋਈਆਂ ਈਟੀਟੀ ਤੋਂ ਮਾਸਟਰ ਕਾਡਰ, ਸੀ ਐਂਡ ਵੀ ਕਾਡਰ ਤੋਂ ਮਾਸਟਰ ਕਾਡਰ, ਨੌਨ ਟੀਚਿੰਗ ਤੋਂ ਟੀਚਿੰਗ ਕਾਡਰ, ਮਾਸਟਰ ਕਾਡਰ ਤੋਂ ਹੈੱਡਮਾਸਟਰ ਕਾਡਰ, ਹੈੱਡਮਾਸਟਰ/ ਲੈਕਚਰਾਰ ਤੋਂ ਪ੍ਰਿੰਸੀਪਲ ਕਾਡਰ ਵਿੱਚ ਰਹਿੰਦੀਆਂ ਤਰੱਕੀਆਂ ਸਮਾਂਬੱਧ ਕਰਕੇ ਮੁਕੰਮਲ ਕੀਤੇ ਜਾਣ ਦੀ ਮੰਗ ਦੁਹਰਾਈ ਗਈ।