ਵੱਡੀ ਖ਼ਬਰ: AAP ਲੀਡਰ ਤਰਲੋਚਨ ਡੀਸੀ ਕਤਲ ਮਾਮਲੇ ‘ਚ ਅਕਾਲੀ ਨੇਤਾ ਕਾਬੂ
ਖੰਨਾ/ਇਕੋਲਾਹਾ
ਖੰਨਾ ਦੇ ਪਿੰਡ ਇਕੋਲਾਹਾ ਵਿੱਚ ‘ਆਮ ਆਦਮੀ ਪਾਰਟੀ’ (AAP) ਦੇ ਕਿਸਾਨ ਵਿੰਗ ਦੇ ਪ੍ਰਧਾਨ ਤਰਲੋਚਨ ਸਿੰਘ ਉਰਫ਼ ਡੀਸੀ ਦੀ ਹੱਤਿਆ ਦੇ ਮਾਮਲੇ ਵਿੱਚ ਅਕਾਲੀ ਆਗੂ ਤੇਜਿੰਦਰ ਸਿੰਘ ਇਕੋਲਾਹਾ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ।
ਮੁੱਖ ਆਰੋਪੀ ਰਣਜੀਤ ਸਿੰਘ, ਜੋ ਕਿ ਇਕੋਲਾਹਾ ਦਾ ਵਾਸੀ ਹੈ, ਨੂੰ ਘਟਨਾ ਦੇ ਬਾਅਦ ਤੁਰੰਤ ਹੀ ਗ੍ਰਿਫ਼ਤਾਰ ਕਰ ਲਿਆ ਗਿਆ ਸੀ। ਰਣਜੀਤ ਨੂੰ 3 ਦਿਨਾਂ ਦੇ ਰਿਮਾਂਡ ‘ਤੇ ਭੇਜਿਆ ਗਿਆ, ਅਤੇ ਪੁਲਿਸ ਵਲੋਂ ਰਿਮਾਂਡ ਦੀ ਮਿਆਦ ਵਧਾਉਣ ਦੀ ਮੰਗ ਕੀਤੀ ਗਈ, ਕਿਉਂਕਿ ਇਹ ਮਾਮਲਾ ਸਿਆਸੀ ਕਤਲ ਨਾਲ ਜੁੜਿਆ ਹੋਇਆ ਦੱਸਿਆ ਜਾ ਰਿਹਾ ਹੈ।
ਪੁਲਿਸ ਦੇ ਦਾਅਵਿਆਂ ਮੁਤਾਬਕ, ਰਣਜੀਤ ਸਿੰਘ ਅਤੇ ਅਕਾਲੀ ਆਗੂ ਤੇਜਿੰਦਰ ਸਿੰਘ ਨੇ ਇਹ ਸਾਜ਼ਿਸ਼ ਰਚੀ ਸੀ। ਹੁਣ ਪੁਲਿਸ ਤੇਜਿੰਦਰ ਦੇ ਭਰਾ ਦੀ ਭਾਲ ਕਰ ਰਹੀ ਹੈ, ਜਿਸ ਉੱਤੇ ਵੀ ਕਤਲ ਦੀ ਸਾਜ਼ਿਸ਼ ‘ਚ ਸ਼ਾਮਲ ਹੋਣ ਦੇ ਗੰਭੀਰ ਦੋਸ਼ ਹਨ।
ਤਰਲੋਚਨ ਸਿੰਘ ਦੀ ਹੱਤਿਆ ਦੀ ਘਟਨਾ 9 ਸਤੰਬਰ ਦੀ ਸ਼ਾਮ ਨੂੰ ਉਸ ਵੇਲੇ ਵਾਪਰੀ ਜਦੋਂ ਉਹ ਆਪਣੇ ਖੇਤ ਤੋਂ ਘਰ ਵਾਪਸ ਆ ਰਿਹਾ ਸੀ। ਹਮਲਾਵਰਾਂ ਨੇ ਉਸ ਨੂੰ ਗੋਲੀ ਮਾਰ ਕੇ ਜਖਮੀ ਕਰ ਦਿੱਤਾ। ਤਰਲੋਚਨ ਸਿੰਘ ਉਰਫ਼ ਡੀਸੀ ਦੇ ਲੜਕੇ ਅਤੇ ਪਿੰਡ ਵਾਸੀਆਂ ਨੇ ਉਸਨੂੰ ਹਸਪਤਾਲ ਪਹੁੰਚਾਇਆ, ਪਰ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ।