ਰੁਜ਼ਗਾਰ ਦੀ ਗਾਰੰਟੀ ਮਨੁੱਖ ਨੂੰ ਖੁਸ਼ੀ ਅਤੇ ਦੇਸ਼ ਦੀ ਕੌਮੀ ਆਮਦਨ ‘ਚ ਵਾਧਾ ਕਰਦੀ: ਢਾਬਾਂ, ਧਰਮੂ ਵਾਲਾ
ਭਗਤ ਸਿੰਘ ਦੇ ਜਨਮ ਦਿਨ ‘ਤੇ ਕੀਤੇ ਜਾ ਰਹੇ ਵਲੰਟੀਅਰ ਸੰਮੇਲਨ ‘ਚ ਫਾਜ਼ਿਲਕਾ ਤੋਂ ਵੱਡੀ ਗਿਣਤੀ ‘ਚ ਨੌਜਵਾਨ ਹਿੱਸਾ ਲੈਣਗੇ:-ਸਟਾਲਿਨ, ਮਨਪ੍ਰੀਤ ਬਾਹਮਣੀ ਵਾਲਾ
ਪਰਮਜੀਤ ਸਿੰਘ, ਜਲਾਲਾਬਾਦ
ਆਲ ਇੰਡੀਆ ਸਟੂਡੈਂਟਸ ਫੈਡਰੇਸ਼ਨ (ਏਆਈਐਸਐਫ) ਅਤੇ ਸਰਬ ਭਾਰਤ ਨੌਜਵਾਨ ਸਭਾ(ਏਆਈਵਾਈਐਫ) ਸੂਬਾ ਕੌਂਸਲ ਪੰਜਾਬ ਵੱਲੋਂ ਬਨੇਗਾ ਪ੍ਰਾਪਤੀ ਮੁਹਿੰਮ ਤਹਿਤ ਪਰਮਗੁਣੀ ਭਗਤ ਸਿੰਘ ਦਾ 117ਵਾਂ ਜਨਮ ਦਿਨ ਮੋਗਾ ਵਿਖੇ ਬਾਵਰਦੀ ਭਗਤ ਸਿੰਘ ਦੀ ਟੀਸ਼ਰਟ ਪਹਿਣ ਕੇ ਵਲੰਟੀਅਰ ਸੰਮੇਲਨ ਅਤੇ ਮਾਰਚ ਕਰਕੇ ਮਨਾਇਆ ਜਾ ਰਿਹਾ ਹੈ। ਇਸ ਸੰਮੇਲਨ ਵਿੱਚ ਪੰਜਾਬ ਭਰ ਤੋਂ ਹਜ਼ਾਰਾਂ ਦੀ ਗਿਣਤੀ ਵਿੱਚ ਵਿਦਿਆਰਥੀ ਅਤੇ ਨੌਜਵਾਨ ਹਿੱਸਾ ਲੈਣਗੇ।
ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਸਰਬ ਭਾਰਤ ਨੌਜਵਾਨ ਸਭਾ ਦੇ ਸੂਬਾ ਪ੍ਰਧਾਨ ਐਡਵੋਕੇਟ ਪਰਮਜੀਤ ਢਾਬਾਂ ਅਤੇ ਏਆਈਐਸਐਫ ਦੇ ਸੂਬਾ ਪ੍ਰਧਾਨ ਰਮਨ ਧਰਮੂਵਾਲਾ ਨੇ ਵੱਖ ਵੱਖ ਪਿੰਡਾਂ ਵਿੱਚ ਵਿਦਿਆਰਥੀਆਂ ਤੇ ਨੌਜਵਾਨਾਂ ਦੀਆਂ ਕੀਤੀਆਂ ਗਈਆਂ ਮੀਟਿੰਗਾਂ ਨੂੰ ਸੰਬੋਧਨ ਕਰਨ ਮੌਕੇ ਕੀਤਾ। ਸਾਥੀ ਢਾਬਾਂ ਅਤੇ ਰਮਨ ਧਰਮੂ ਵਾਲਾ ਨੇ ਕਿਹਾ ਕਿ ਭਗਤ ਸਿੰਘ ਦੇ ਜਨਮ ਦਿਨ ਮੌਕੇ ਸਭ ਲਈ ਰੁਜ਼ਗਾਰ ਦੀ ਗਰੰਟੀ ਕਰਦੇ “ਬਨੇਗਾ”( ਭਗਤ ਸਿੰਘ ਕੌਮੀ ਰੁਜ਼ਗਾਰ ਗਾਰੰਟੀ ਕਾਨੂੰਨ) ਕਾਨੂੰਨ ਦੀ ਪ੍ਰਾਪਤੀ ਲਈ ਦੇਸ਼ ਭਰ ਲਈ ਹੋਰ ਆਵਾਜ਼ ਬੁਲੰਦ ਕੀਤੀ ਜਾਵੇਗੀ।
ਉਹਨਾਂ ਕਿਹਾ ਕਿ ਪੰਜਾਬ ਹੀ ਨਹੀਂ, ਬਲਕਿ ਦੇਸ਼ ਭਰ ਵਿੱਚ ਬੇਰੁਜ਼ਗਾਰੀ ਤੋਂ ਪਰੇਸ਼ਾਨ ਦੇਸ਼ ਦਾ ਨੌਜਵਾਨ ਮਾਰੇ ਮਾਰੇ ਫਿਰ ਰਿਹਾ ਹੈ ਅਤੇ ਉਹ ਗਲਤ ਅਲਾਮਤਾਂ ਵਾਲੇ ਪਾਸੇ ਧੱਕਿਆ ਜਾ ਰਿਹਾ ਹੈ। ਆਗੂਆਂ ਨੇ ਕਿਹਾ ਕਿ ਬੇਰੁਜ਼ਗਾਰੀ ਮਨੁੱਖ ਨੂੰ ਗਮ,ਗਲਤ ਅਲਾਮਤਾਂ ਅਤੇ ਨਸ਼ੇ ਵੱਡਦੀ ਹੈ,ਜਦੋਂ ਕਿ “ਰੁਜ਼ਗਾਰ ਦੀ ਗਾਰੰਟੀ” ਮਨੁੱਖ ਨੂੰ ਖੁਸ਼ੀ ਅਤੇ ਦੇਸ਼ ਦੀ ਕੌਮੀ ਆਮਦਨ ਵਿੱਚ ਵਾਧਾ ਕਰਨ ਦੀ ਗਾਰੰਟੀ ਕਰਦੀ ਹੈ।
ਇਸ ਲਈ “ਬਨੇਗਾ ਪ੍ਰਾਪਤੀ ਮੁਹਿੰਮ” ਤਹਿਤ ਹਰੇਕ ਲਈ ਰੁਜ਼ਗਾਰ ਦੀ ਗਾਰੰਟੀ ਕਰਦੇ ਕਾਨੂੰਨ ਨੂੰ ਦੇਸ਼ ਦੀ ਪਾਰਲੀਮੈਂਟ ਵਿੱਚ ਪਾਸ ਕਰਵਾਉਣ ਲਈ “ਭਗਤ ਸਿੰਘ” ਦੇ ਜਨਮ ਦਿਨ ‘ਤੇ ਜਵਾਨੀ ਦਾ ਠਾਠਾ ਮਾਰਦਾ ਇਕੱਠ ਇੱਕ ਵੱਡਾ ਹੋਕਾ ਦੇਵੇਗਾ। ਆਗੂਆਂ ਨੇ ਕਿਹਾ ਕਿ ਇਸ ਕਾਨੂੰਨ ਤਹਿਤ ਅਨਪੜ/ਅਣਸਿੱਖਿਅਤ ਲਈ ਘੱਟੋ ਘੱਟ 35 ਹਜ਼ਾਰ ਰੁਪਏ ਪ੍ਰਤੀ ਮਹੀਨਾ ਤਨਖਾਹ ਦੀ ਗਾਰੰਟੀ।
ਇਸੇ ਤਰ੍ਹਾਂ ਅਰਧ ਸਿੱਖਿਅਤ ਲਈ 40 ਹਜ਼ਾਰ ਰੁਪਏ ਪ੍ਰਤੀ ਮਹੀਨਾ ਸਿੱਖਿਅਤ ਲਈ 45 ਹਜ਼ਾਰ ਅਤੇ ਉੱਚ ਸਿੱਖਿਅਤ ਲਈ 60 ਹਜ਼ਾਰ ਰੁਪਏ ਪ੍ਰਤੀ ਮਹੀਨਾ ਤਨਖਾਹ ਦੀ ਗਾਰੰਟੀ ਪਾਸ ਕਰਵਾਉਣ ਲਈ ਜਵਾਨੀ ਨੂੰ ਲਾਮਬੰਦ ਕੀਤਾ ਜਾ ਰਿਹਾ ਹੈ। ਇਸੇ ਤਰ੍ਹਾਂ ਜੇਕਰ ਸਰਕਾਰ ਇਕ ਸਾਲ ਤੱਕ ਰੁਜ਼ਗਾਰ ਦੇਣ ਵਿੱਚ ਅਸਫਲ ਰਹਿੰਦੀ ਹੈ, ਤਾਂ ਇਸ ਕਾਨੂੰਨ ਤਹਿਤ ਤਨਖ਼ਾਹ ਦਾ ਅੱਧ ਦੇਣ ਦੀ ਗਾਰੰਟੀ ਹੋਵੇ।
ਇਸ ਵਲੰਟੀਅਰ ਸੰਮੇਲਨ ਵਿੱਚ ਜਵਾਨੀ ਹਾਕਮ ਧਿਰਾਂ ਤੇ ਸਵਾਲ ਕਰੇਗੀ, ਕਿ ਜੇਕਰ ਰੁਜ਼ਗਾਰ ਮਨੁੱਖ ਨੂੰ ਖੁਸ਼ੀ ਦਿੰਦਾ ਹੈ ਤਾਂ ਫਿਰ ਉਸ ਦੀ ਗਾਰੰਟੀ ਲਈ ਕਾਨੂੰਨ ਪਾਸ ਕਰਵਾਉਣ ਦੀ ਗੱਲ ਕਿਉਂ ਨਹੀਂ ਕਰ ਰਹੀਆਂ ?
ਇਸ ਮੌਕੇ ਸੰਬੋਧਨ ਕਰਦਿਆਂ ਆਲ ਇੰਡੀਆ ਸਟੂਡੈਂਟਸ ਫੈਡਰੇਸ਼ਨ ਜਿਲਾ ਫਾਜ਼ਿਲਕਾ ਦੇ ਸਕੱਤਰ ਸਟਾਲਿਨ ਲਮੋਚੜ ਅਤੇ ਜ਼ਿਲ੍ਹਾ ਕੌਂਸਲ ਮੈਂਬਰ ਮਨਪ੍ਰੀਤ ਬਾਹਮਣੀਵਾਲਾ ਨੇ ਕਿਹਾ ਕਿ ਇਸ ਸੰਮੇਲਨ ਵਿੱਚ ਫਾਜ਼ਿਲਕਾ ਤੋਂ ਸੈਂਕੜਿਆਂ ਦੀ ਗਿਣਤੀ ਵਿੱਚ ਬਾ-ਵਰਦੀ ਵਿਦਿਆਰਥੀ ਅਤੇ ਨੌਜਵਾਨ ਹਿੱਸਾ ਲੈਣਗੇ।
ਮੀਟਿੰਗ ਉਪਰੰਤ ਸਰਬ ਭਾਰਤ ਨੌਜਵਾਨ ਸਭਾ ਇਕਾਈ ਜੱਲਾ ਲੱਖੇ ਕੇ ਠਾੜ ਦਾ ਯੂਨਿਟ ਕਾਇਮ ਕੀਤਾ ਗਿਆ। ਜਿਸ ਵਿੱਚ ਸੋਨਾ ਸਿੰਘ ਨੂੰ ਪਿੰਡ ਦੀ ਇਕਾਈ ਦਾ ਪ੍ਰਧਾਨ, ਅਰਸ਼ਦੀਪ ਸਿੰਘ,ਸੁਖਦੇਵ ਸਿੰਘ ਅਤੇ ਪ੍ਰੀਤਮ ਸਿੰਘ ਨੂੰ ਕ੍ਰਮਵਾਰ ਮੀਤ ਪ੍ਰਧਾਨ,ਪਰਮਜੀਤ ਸਿੰਘ ਸਕੱਤਰ,ਕ੍ਰਿਸ਼ਨ ਸਿੰਘ ਅਤੇ ਰਾਹੁਲ ਨੂੰ ਵੀ ਮੀਤ ਸਕੱਤਰ ਅਤੇ ਜੋਗਿੰਦਰ ਸਿੰਘ ਨੂੰ ਖਜਾਨਚੀ ਚੁਣਿਆ ਗਿਆ।