ਪਿੰਡ ਬਚਾਓ ਪੰਜਾਬ ਬਚਾਓ,ਗ੍ਰਾਮ ਸਭਾ ਚੇਤਨਾ ਕਾਫ਼ਲਾ ਜਲਾਲਾਬਾਦ ਦੇ ਪਿੰਡਾਂ ‘ਚ ਪਹੁੰਚਿਆ!
‘ਪਿੰਡ ਦੀ ਸਰਕਾਰ ਗ੍ਰਾਮ ਸਭਾ ਹੈ,‘ਪਿੰਡ ਦੇ ਫੈਸਲੇ ਗ੍ਰਾਮ ਸਭਾ ਵਿੱਚ ਹੋਣ! ਸਰਪੰਚ ਦੀ ਤਾਕਤ ਗ੍ਰਾਮ ਸਭਾ, ਕਾਫ਼ਲੇ ਦਾ ਹੋਕਾ!
ਪਰਮਜੀਤ ਢਾਬਾਂ, ਜਲਾਲਾਬਾਦ:
‘ਪਿੰਡ ਬਚਾਓ ਪੰਜਾਬ ਬਚਾਓ’ ਵੱਲੋਂ 2 ਸਤੰਬਰ ਤੋਂ 30 ਸਤੰਬਰ 2024 ਤੱਕ ਪਿੰਡ ਦੇ ਭਾਈਚਾਰੇ ਨੂੰ ਮਜ਼ਬੂਤ ਕਰਨ, ਵਿਕਾਸ ਅਤੇ ਹਰ ਤਰ੍ਹਾਂ ਦੇ ਫੈਸਲੇ ਕਰਨ ਵਾਲੀ ਮੁੱਢਲੀ ਤੇ ਤਾਕਤਵਰ ਸੰਸਥਾ ਗ੍ਰਾਮ ਸਭਾ ਬਾਰੇ ਪੰਜਾਬ ਭਰ ਦੇ ਪਿੰਡਾਂ ਵਿੱਚ ਲੋਕਾਂ ਨੂੰ ਜਾਗਰੂਕ ਕਰਨ ਲਈ ‘ਗ੍ਰਾਮ ਸਭਾ ਚੇਤਨਾ ਕਾਫ਼ਲਾ’ ਕੱਢਿਆ ਜਾ ਰਿਹਾ ਹੈ।ਇਹ ਕਾਫ਼ਲਾ ਗ੍ਰਾਮ ਸਭਾਵਾਂ ਨੂੰ ਮਜ਼ਬੂਤ ਕਰਨ ਦਾ ਸੁਨੇਹਾ ਲੈ ਕੇ ਅੱਜ ਮਿਤੀ 15 ਸਤੰਬਰ ਨੂੰ ਜ਼ਿਲ੍ਹਾ ਫ਼ਾਜ਼ਿਲਕਾ ਦੇ ਪਿੰਡਾਂ ਵਿੱਚ ਪਹੁੰਚਿਆ ਜਿੱਥੇ ਆਮ ਲੋਕਾਂ ਵੱਲੋਂ ਕਾਫ਼ਲੇ ਨੂੰ ਭਰਵਾਂ ਹੁੰਗਾਰਾ ਮਿਲਿਆ।
ਪਿੰਡ ਕਾਠਗੜ੍ਹ ਵਿੱਚ ਕਾਫ਼ਲੇ ਵੱਲੋਂ ਪੰਚਾਇਤੀ ਰਾਜ ਸੰਸਥਾਵਾਂ ਨੂੰ ਲੈ ਕੇ ਲੋਕਾਂ ਵਿੱਚ ਆਪਣੀ ਗੱਲ ਰੱਖੀ ਗਈ। ਬੁਲਾਰਿਆਂ ਨੇ ਲੋਕਾਂ ਨੂੰ ਜਾਣਕਾਰੀ ਦਿੱਤੀ ਕਿ ਪਿੰਡ ਦਾ ਹਰ ਵੋਟਰ ਗ੍ਰਾਮ ਸਭਾ ਦਾ ਸਥਾਈ ਮੈਂਬਰ ਹੈ ਅਤੇ ਗ੍ਰਾਮ ਸਭਾ ਕਦੇ ਭੰਗ ਨਹੀਂ ਹੁੰਦੀ। ਕਾਫ਼ਲੇ ਦੇ ਬੁਲਾਰੇ ਸ. ਦਰਸ਼ਨ ਸਿੰਘ ਧਨੇਠਾ ਨੇ ਲੋਕਾਂ ਦੀ ਤਾਕਤ ਤੇ ਰਾਜ ਕਿਹੋ ਜਿਹਾ ਹੋਵੇ, ਇਸ ਬਾਬਤ ਲੋਕਾਂ ਨੂੰ ਜਾਗਰੂਕ ਕੀਤਾ। ਉਹਨਾਂ ਨੇ ਕਿਹਾ ਕਿ ਗ੍ਰਾਮ ਸਭਾ ਸਾਡੇ ਤੋਂ ਹਥਿਆਈ ਜਾ ਚੁੱਕੀ ਹੈ, ਇਸਦੀ ਤਾਕਤ ਬਾਰੇ ਸਾਨੂੰ ਦੱਸਿਆ ਹੀ ਨਹੀਂ ਗਿਆ।
“ਸਾਡੇ ਪ੍ਰਸ਼ਾਸਕ ਬਹੁਤ ਸ਼ਾਤਰ ਹਨ, ਉਹ ਕਹਿੰਦੇ ਹਨ ਕਿ ਇਹ ਇਕੱਠ ਨਾ ਕਰੋ, ਲੋਕ ਲੜ ਪੈਣਗੇ। ਅਸਲ ਵਿੱਚ ਤਾਕਤ ਇਕੱਠ ਵਿੱਚ ਹੀ ਹੈ। ਜੇ ਬਹੁਗਿਣਤੀ ਨਾਲ ਨਾ ਹੋਵੇ ਤਾਂ ਪ੍ਰਧਾਨ ਮੰਤਰੀ ਵੀ ਅਹੁਦੇ ’ਤੇ ਨਹੀਂ ਰਹਿ ਸਕਦਾ, ਇਸੇ ਤਰ੍ਹਾਂ ਮੁੱਖ ਮੰਤਰੀ ਵੀ ਬਹੁਗਿਣਤੀ ਨਾ ਹੋਣ ’ਤੇ ਮੁੱਖ ਮੰਤਰੀ ਨਹੀਂ ਰਹਿ ਸਕਦਾ। ਇਸੇ ਤਰ੍ਹਾਂ ਸਰਪੰਚ ਦੀ ਤਾਕਤ ਗ੍ਰਾਮ ਸਭਾ ਦੇ ਨਾਲ ਹੈ।”ਮਨਪ੍ਰੀਤ ਕੌਰ ਰਾਜਪੁਰਾ ਨੇ ਮਨਰੇਗਾ ਸਕੀਮ ਬਾਰੇ ਲੋਕਾਂ ਨੂੰ ਜਾਣਕਾਰੀ ਦਿੰਦਿਆਂ ਕਿਹਾ ਕਿ ਇਹ ਸਿਰਫ ਮਜ਼ਦੂਰਾਂ ਲਈ ਨਹੀਂ ਸਗੋਂ ਪਿੰਡ ਦੇ ਭਲੇ ਦੀ ਸਕੀਮ ਹੈ। “ਪੰਜ ਏਕੜ ਤੋਂ ਘੱਟ ਵਾਲੇ ਕਿਸਾਨ ਵੀ ਇਹਦਾ ਲਾਭ ਲੈ ਸਕਦੇ ਹਨ।
ਪਰ ਇਸ ਬਾਰੇ ਫੈਸਲੇ ਵੀ ਗ੍ਰਾਮ ਸਭਾ ਵਿੱਚ ਹੀ ਲਏ ਜਾ ਸਕਦੇ ਹਨ।”ਆਈ ਡੀ ਪੀ ਦੇ ਆਗੂ ਸ. ਕਰਨੈਲ ਸਿੰਘ ਜਖੇਪਲ ਨੇ ਲੋਕਾਂ ਨੂੰ ਇਕੱਠ ਦੀ ਤਾਕਤ ਤੋਂ ਜਾਣੂੰ ਕਰਾਇਆ ਤੇ ਕਿਹਾ ਕਿ ਗ੍ਰਾਮ ਸਭਾ ਜੇ ਸਹੀ ਤਰ੍ਹਾਂ ਜੁੜੇਗੀ ਤਾਂ ਹੀ ਸਰਪੰਚ ਦੀ ਵੀ ਤਾਕਤ ਹੋਵੇਗੀ। ਹਸਤਾ ਕਲਾਂ ਨਿਵਾਸੀ ਸ. ਪ੍ਰੀਤਮ ਨੇ ਲੋਕਾਂ ਨੂੰ ਦੱਸਿਆ ਕਿ ਕਿਵੇਂ ਉਹਨਾਂ ਦੇ ਪਿੰਡ ਵਿੱਚ ਲੋਕਾਂ ਨੇ ਗ੍ਰਾਮ ਸਭਾ ਵਿੱਚ ਮਤਾ ਪਾ ਕੇ ਪਿੰਡ ਦੀ ਪੰਚਾਇਤ ਇੱਕ ਕੀਤੀ ਅਤੇ ਇਹ ਫੈਸਲਾ ਪ੍ਰਸ਼ਾਸਨ ਨੂੰ ਵੀ ਮੰਨਣਾ ਪਿਆ।
ਕਾਫ਼ਲੇ ਦੀ ਅਗਵਾਈ ਕਰ ਰਹੇ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਕੇਵਲ ਸਿੰਘ ਜੀ ਵੱਲੋਂ ਕੀਤੀ ਜਾ ਰਹੀ ਹੈ। ਉਹਨਾਂ ਨੇ ਸਰਕਾਰ ਵੱਲੋਂ ਪੰਚਾਇਤੀ ਚੋਣਾਂ ਵਿੱਚ ਲੀਡਰਾਂ ਦੀਆਂ ਤਸਵੀਰਾਂ ਲਾਉਣ ਵਾਲੀ ਪਿਰਤ ਦੀ ਨਿਖੇਧੀ ਕੀਤੀ ਅਤੇ ਲੋਕਾਂ ਨੂੰ ਅਜਿਹੇ ਉਮੀਦਵਾਰਾਂ ਦਾ ਬਾਈਕਾਟ ਕਰਨ ਲਈ ਕਿਹਾ ਜੋ ਕਿਸੇ ਵੀ ਸਿਆਸੀ ਲੀਡਰ ਦੀ ਤਸਵੀਰ ਲਾਉਣਗੇ।
ਗਿਆਨੀ ਕੇਵਲ ਸਿੰਘ ਨੇ ਲੋਕਾਂ ਨੂੰ ਸਰਬਸੰਮਤੀ ਨਾਲ ਪੰਚਾਇਤ ਚੁਣਨ ਲਈ ਅਪੀਲ ਕੀਤੀ ਤੇ ਕਿਹਾ ਕਿ ਅਜਿਹੇ ਲੋਕਾਂ ਨੂੰ ਵੋਟਾਂ ਨਾ ਪਾਈਆਂ ਜਾਣ ਜੋ ਨਸ਼ਾ ਜਾਂ ਪੈਸਾ ਵੰਡਣਗੇ। ਉਹਨਾਂ ਕਿਹਾ ਕਿ ਸਰਪੰਚ ਪਿੰਡ ਦਾ ਹੋਵੇ ਨਾ ਕਿ ਕਿਸੇ ਪਾਰਟੀ ਦਾ। ਜੇ ਸਰਪੰਚ ਪਿੰਡ ਦਾ ਹੋਵੇਗਾ ਤਾਂ ਹੀ ਪਿੰਡ ਲਈ ਕੰਮ ਕਰੇਗਾ। ਜੇ ਸਰਪੰਚ ਕਿਸੇ ਪਾਰਟੀ ਦਾ ਹੋਵੇਗਾ ਤਾਂ ਉਹ ਪਾਰਟੀ ਲਈ ਹੀ ਕੰਮ ਕਰੇਗਾ।
ਵੱਖ-ਵੱਖ ਬੁਲਾਰਿਆਂ ਨੇ ਆਉਂਦੀਆਂ ਪੰਚਾਇਤੀ ਚੋਣਾਂ ਵਿੱਚ ਪੰਚਾਇਤਾਂ ਧੜੇਬੰਦੀ ਤੋਂ ਉੱਪਰ ਉੱਠ ਕੇ ਚੁਣਨ ਦਾ ਸੁਨੇਹਾ ਦਿੱਤਾ। ਨਾਲ ਹੀ ਔਰਤਾਂ ਤੇ ਦਲਿਤਾਂ ਦੇ ਰਾਖਵੇਂਕਰਨ ਨੂੰ ਸਹੀ ਤੇ ਸੁਚੱਜੇ ਰੂਪ ਵਿੱਚ ਲਾਗੂ ਕਰਨ ਦੀ ਅਪੀਲ ਕੀਤੀ। ਬੁਲਾਰਿਆਂ ਵਿੱਚ ਸ. ਪ੍ਰੀਤਮ ਸਿੰਘ ਤੇ ਪ੍ਰੋ ਬਿਮਲ ਭਨੋਟ ਸ਼ਾਮਲ ਸਨ। 30 ਸਤੰਬਰ ਨੂੰ ਇਸ ਕਾਫ਼ਲੇ ਦੀ ਸਮਾਪਤੀ ਸ਼ਹੀਦ ਕਰਤਾਰ ਸਿੰਘ ਸਰਾਭਾ ਦੀ ਧਰਤੀ ਪਿੰਡ ਸਰਾਭਾ ਵਿਖੇ ਹੋਵੇਗੀ।