All Latest NewsNews FlashPunjab News

Punjab News: ਵਿੱਤ ਮੰਤਰੀ ਹਰਪਾਲ ਚੀਮਾ ਨਾਲ ਮੀਟਿੰਗ ਮੁਲਤਵੀ ਹੋਣ ਮਗਰੋਂ ਵੈਟਰਨਰੀ ਡਾਕਟਰਾਂ ਨੇ ਕੀਤੀ ਨਿਖੇਧੀ

 

ਪੰਜਾਬ ਨੈੱਟਵਰਕ, ਮੋਹਾਲੀ

Punjab News: ਪੇ-ਪੈਰਿਟੀ ਲਈ ਜੁਆਇੰਟ ਐਕਸ਼ਨ ਕਮੇਟੀ ( ਜੇਏਸੀ) ਨੇ 17 ਸਤੰਬਰ ਨੂੰ ਹੋਣ ਵਾਲੀ ਵੈਟਰਨਰੀ ਅਫ਼ਸਰਾਂ ਦੀ ਮੈਡੀਕਲ ਡਾਕਟਰਾਂ ਤਨਖਾਹ ਬਰਾਬਰੀ ਬਹਾਲ ਕਰਨ ਦੀ ਮੰਗ ਨੂੰ ਲੈ ਕੇ ਪੰਜਾਬ ਦੇ ਵਿੱਤ ਮੰਤਰੀ ਨਾਲ ਮੀਟਿੰਗ ਨੂੰ ਮੁਲਤਵੀ ਕਰਨ ਦੀ ਸਖ਼ਤ ਨਿਖੇਧੀ ਕੀਤੀ ਹੈ।

ਜੇਏਸੀ ਦੇ ਕਨਵੀਨਰ ਡਾ: ਗੁਰਚਰਨ ਸਿੰਘ ਅਤੇ ਕੋ-ਕਨਵੀਨਰ ਡਾ: ਪੁਨੀਤ ਮਲਹੋਤਰਾ, ਡਾ: ਅਬਦੁਲ ਮਜੀਦ, ਡਾ: ਗੁਰਦੀਪ ਸਿੰਘ ਅਤੇ ਡਾ: ਹਰਮਨਦੀਪ ਸਿੰਘ ਨੇ ਵੈਟਰਨਰੀ ਅਫ਼ਸਰਾਂ ਦੀ ਮੈਡੀਕਲ ਅਫ਼ਸਰਾਂ ਨਾਲ ਤਨਖਾਹ ਬਰਾਬਰੀ ਬਹਾਲ ਕਰਨ ਵਿੱਚ ਦੇਰੀ ਕਰਨ ਲਈ ਪੰਜਾਬ ਸਰਕਾਰ ਦੀ ਜ਼ੋਰਦਾਰ ਨਿਖੇਧੀ ਕੀਤੀ, ਕਿ ਸਰਕਾਰ ਜਾਣਬੁੱਝ ਕੇ ਦੇਰੀ ਦੀਆਂ ਚਾਲਾਂ ਵਰਤ ਰਹੀ ਹੈ, ਜੋ ਕਿ ਲੋਕ ਹਿੱਤ ਵਿੱਚ ਇਸ ਮੁੱਦੇ ਨੂੰ ਹੱਲ ਕਰਨ ਲਈ ਸਰਕਾਰ ਦੀ ਗੈਰ-ਸੰਜੀਦਗੀ ਨੂੰ ਦਰਸਾਉਂਦੀ ਹੈ।

ਉਨ੍ਹਾਂ ਦੱਸਿਆ ਕਿ ਹੁਣ ਤੱਕ ਉਹ ਸਬੰਧਤ ਹਸਪਤਾਲਾਂ ਅਤੇ ਪੋਲੀਕਲੀਨਿਕਾਂ ਵਿੱਚ ਪਸ਼ੂਆਂ ਦੇ ਕੇਸਾਂ ਦਾ ਇਲਾਜ ਕਰ ਰਹੇ ਹਨ ਅਤੇ ਇੱਥੋਂ ਤੱਕ ਕਿ ਪਸ਼ੂ-ਧਨ ਕੰਪਲੈਕਸ ਮੁਹਾਲੀ ਵਿਖੇ ਲਗਾਇਆ ਗਿਆ ਧਰਨਾ ਵੀ ਜਾਣਬੁੱਝ ਕੇ 1 ਸਤੰਬਰ ਦਿਨ ਐਤਵਾਰ ਨੂੰ ਲਗਾਇਆ ਗਿਆ ਸੀ ਤਾਂ ਜੋ ਪਸ਼ੂ ਪਾਲਕਾਂ ਨੂੰ ਆਪਣੇ ਪਸ਼ੂਆਂ ਦਾ ਇਲਾਜ ਕਰਵਾਉਣ ਵਿੱਚ ਕੋਈ ਮੁਸ਼ਕਲ ਪੇਸ਼ ਨਾ ਆਵੇ।

ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਨੇ ਅਜਿਹੇ ਢਿੱਲ-ਮੱਠ ਅਤੇ ਟਾਲ-ਮਟੋਲ ਵਾਲੇ ਹੱਥਕੰਡੇ ਜਾਰੀ ਰੱਖੇ ਤਾਂ ਆਉਣ ਵਾਲੇ ਦਿਨਾਂ ਵਿੱਚ ਜੇਏਸੀ ਸੰਘਰਸ਼ ਨੂੰ ਹੋਰ ਤੇਜ਼ ਕਰਨ ਲਈ ਸਖ਼ਤ ਫੈਸਲੇ ਲੈਣ ਲਈ ਮਜ਼ਬੂਰ ਹੋਵੇਗੀ।

ਜੇਏਸੀ ਦੇ ਮੀਡੀਆ ਇੰਚਾਰਜ ਡਾ: ਗੁਰਿੰਦਰ ਸਿੰਘ ਵਾਲੀਆ ਨੇ ਦੋਸ਼ ਲਾਇਆ ਕਿ ਵੱਖ-ਵੱਖ ਪਸ਼ੂ ਪਾਲਣ ਮੰਤਰੀ ਵਾਰ-ਵਾਰ ਭਰੋਸਾ ਦਿੰਦੇ ਰਹੇ ਹਨ ਕਿ ਪਿਛਲੇ ਵਿੱਤ ਮੰਤਰੀ ਦੁਆਰਾ ਉਨ੍ਹਾਂ ਨਾਲ ਕੀਤੀ ਗਈ ਬੇਇਨਸਾਫ਼ੀ ਨੂੰ ਡਾਕਟਰਾਂ ਨਾਲ ਉਨ੍ਹਾਂ ਦੀ ਤਨਖਾਹ ਬਰਾਬਰੀ ਬਹਾਲ ਕਰਕੇ ਦੂਰ ਕੀਤਾ ਜਾਵੇਗਾ ਪਰ ਹਾਲੇ ਤਕ ਇਹਨਾਂ ਭਰੋਸਿਆਂ ਨੂੰ ਬੂਰ ਨਹੀਂ ਪਿਆ ਹੈ।

ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜ਼ਮੀਨੀ ਪੱਧਰ ਦੇ ਆਗੂ ਹਨ, ਜੋ ਨਾ ਸਿਰਫ਼ ਇਮਾਨਦਾਰ ਹਨ, ਸਗੋਂ ਦੂਰਅੰਦੇਸ਼ੀ ਵੀ ਹਨ, ਜੋ ਜਾਣਦੇ ਹਨ ਕਿ ਪਸ਼ੂ ਪਾਲਣ ਖੇਤਰ ਪੇਂਡੂ ਆਰਥਿਕਤਾ ਨੂੰ ਉੱਚਾ ਚੁੱਕਣ ਵਿੱਚ ਅਹਿਮ ਭੂਮਿਕਾ ਨਿਭਾ ਸਕਦਾ ਹੈ। ਉਨ੍ਹਾਂ ਨੇ ਮੁੱਖ ਮੰਤਰੀ ਨੂੰ ਵੈਟਰਨਰੀ ਡਾਕਟਰਾਂ ਦੀ ਜਾਇਜ਼ ਮੰਗ ਨੂੰ ਪੂਰਾ ਕਰਨ ਦੀ ਅਪੀਲ ਕੀਤੀ। ਜਿਕਰਯੋਗ ਹੈ ਕਿ ਜੇਏਸੀ ਨੂੰ ਹੁਣ 27 ਸਤੰਬਰ ਨੂੰ ਮੰਤਰੀਆਂ ਦੀ ਸਬ-ਕਮੇਟੀ ਨਾਲ ਇਸ ਮੁੱਦੇ ਨੂੰ ਹੱਲ ਕਰਨ ਲਈ ਮੀਟਿੰਗ ਦਾ ਸੱਦਾ ਮਿਲਿਆ ਹੈ।

 

Leave a Reply

Your email address will not be published. Required fields are marked *