ਭਾਕਿਯੂ ਉਗਰਾਹਾਂ ਵੱਲੋਂ ਮਾਲਵਿੰਦਰ ਮਾਲੀ ਦੀ ਬਿਨਾਂ ਸ਼ਰਤ ਰਿਹਾਈ ਲਈ ਜ਼ਿਲ੍ਹਾ/ਤਹਿਸੀਲ ਕੇਂਦਰਾਂ ‘ਚ 20 ਥਾਂਈਂ ਰੋਸ ਮੁਜਾਹਰੇ
ਪੰਜਾਬ ਖੇਤ ਮਜ਼ਦੂਰ ਯੂਨੀਅਨ, ਨੌਜਵਾਨ ਭਾਰਤ ਸਭਾ ਅਤੇ ਪੀ ਐੱਸ ਯੂ ਸ਼ਹੀਦ ਰੰਧਾਵਾ ਵੱਲੋਂ ਹਮਾਇਤੀ ਸ਼ਮੂਲੀਅਤ
ਦਲਜੀਤ ਕੌਰ, ਚੰਡੀਗੜ੍ਹ
ਬੀਤੇ ਦਿਨੀਂ ਸੀ ਆਈ ਏ ਸਟਾਫ ਮੋਹਾਲੀ ਵੱਲੋਂ ਵਿਚਾਰ ਪ੍ਰਗਟਾਵੇ ਦੇ ਆਧਾਰ ‘ਤੇ ਝੂਠਾ ਕੇਸ ਦਰਜ ਕਰਕੇ ਪ੍ਰਸਿੱਧ ਆਲੋਚਕ/ਟਿੱਪਣੀਕਾਰ ਮਾਲਵਿੰਦਰ ਸਿੰਘ ਮਾਲੀ ਨੂੰ ਜੇਲ੍ਹ ਭੇਜਣ ਵਿਰੁੱਧ ਅੱਜ ਭਾਰਤੀ ਕਿਸਾਨ ਯੂਨੀਅਨ (ਏਕਤਾ-ਉਗਰਾਹਾਂ) ਵੱਲੋਂ ਪੰਜਾਬ ਦੇ 13 ਜ਼ਿਲ੍ਹਾ ਅਤੇ 7 ਤਹਿਸੀਲ ਕੇਂਦਰਾਂ ‘ਚ 20 ਥਾਂਈਂ ਰੋਸ ਮੁਜ਼ਾਹਰੇ ਕੀਤੇ ਗਏ।
ਪ੍ਰੈੱਸ ਨੋਟ ਰਾਹੀਂ ਇਹ ਜਾਣਕਾਰੀ ਦਿੰਦਿਆਂ ਜਥੇਬੰਦੀ ਦੇ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਅਤੇ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਨੇ ਦੱਸਿਆ ਹੈ ਕਿ ਸਾਰੇ ਥਾਂਈਂ ਜ਼ਿਲ੍ਹਾ/ਤਹਿਸੀਲ ਅਧਿਕਾਰੀਆਂ ਰਾਹੀਂ ਮੁੱਖ ਮੰਤਰੀ ਨੂੰ ਮੰਗ ਪੱਤਰ ਭੇਜੇ ਗਏ। ਮੰਗ ਪੱਤਰਾਂ ਰਾਹੀਂ ਝੂਠਾ ਕੇਸ ਰੱਦ ਕਰਕੇ ਮਾਲੀ ਨੂੰ ਬਿਨਾਂ ਸ਼ਰਤ ਤੁਰੰਤ ਰਿਹਾਅ ਕਰਨ ਦੀ ਮੰਗ ਕੀਤੀ ਗਈ।
ਰੋਸ ਮੁਜ਼ਾਹਰਿਆਂ ਵਿੱਚ ਔਰਤਾਂ ਅਤੇ ਨੌਜਵਾਨਾਂ ਸਮੇਤ ਵੱਖ ਵੱਖ ਥਾਵਾਂ ‘ਤੇ ਸੈਂਕੜਿਆਂ ਦੀ ਗਿਣਤੀ ‘ਚ ਕਿਸਾਨਾਂ ਤੋਂ ਇਲਾਵਾ ਪੰਜਾਬ ਖੇਤ ਮਜ਼ਦੂਰ ਯੂਨੀਅਨ, ਨੌਜਵਾਨ ਭਾਰਤ ਸਭਾ ਅਤੇ ਪੀ ਐੱਸ ਯੂ ਦੇ ਕਾਰਕੁਨਾਂ ਵੱਲੋਂ ਹਮਾਇਤ ਵਜੋਂ ਸ਼ਮੂਲੀਅਤ ਕੀਤੀ ਗਈ।
ਪ੍ਰਧਾਨ ਤੇ ਜਨਰਲ ਸਕੱਤਰ ਤੋਂ ਇਲਾਵਾ ਸੰਬੋਧਨ ਕਰਨ ਵਾਲੇ ਹੋਰ ਮੁੱਖ ਬੁਲਾਰਿਆਂ ਵਿੱਚ ਸੂਬਾਈ ਕਿਸਾਨ ਆਗੂ ਝੰਡਾ ਸਿੰਘ ਜੇਠੂਕੇ, ਸ਼ਿੰਗਾਰਾ ਸਿੰਘ ਮਾਨ, ਰੂਪ ਸਿੰਘ ਛੰਨਾਂ, ਜਨਕ ਸਿੰਘ ਭੁਟਾਲ, ਜਗਤਾਰ ਸਿੰਘ ਕਾਲਾਝਾੜ, ਹਰਦੀਪ ਸਿੰਘ ਟੱਲੇਵਾਲ, ਹਰਿੰਦਰ ਕੌਰ ਬਿੰਦੂ, ਕੁਲਦੀਪ ਕੌਰ ਕੁੱਸਾ, ਕਮਲਜੀਤ ਕੌਰ ਬਰਨਾਲਾ ਤੋਂ ਇਲਾਵਾ ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਪ੍ਰਧਾਨ ਜ਼ੋਰਾ ਸਿੰਘ ਨਸਰਾਲੀ ਅਤੇ ਜਨਰਲ ਸਕੱਤਰ ਲਛਮਣ ਸਿੰਘ ਸੇਵੇਵਾਲਾ ਸ਼ਾਮਲ ਸਨ।
ਬੁਲਾਰਿਆਂ ਦਾ ਕਹਿਣਾ ਸੀ ਕਿ ਬੇਸ਼ੱਕ ਮਾਲੀ ਦੇ ਵਿਚਾਰਾਂ ਅਤੇ ਆਲੋਚਨਾਤਮਕ ਟਿੱਪਣੀਆਂ ਨਾਲ ਸਾਡੇ ਕਈ ਪੱਖਾਂ ਤੋਂ ਮੱਤਭੇਦ ਹਨ, ਪ੍ਰੰਤੂ ਕਿਸੇ ਵੀ ਵਿਅਕਤੀ ਵਿਰੁੱਧ ਉਸਦੇ ਵਿਚਾਰਾਂ ਨੂੰ ਆਧਾਰ ਬਣਾ ਕੇ ਜੇਲ੍ਹ ਡੱਕਣਾ ਜਮਹੂਰੀ ਅਧਿਕਾਰਾਂ ਦਾ ਘਾਣ ਕਰਨ ਦੇ ਤੁਲ ਹੈ, ਜਿਸਦਾ ਜਥੇਬੰਦੀ ਸਖਤ ਵਿਰੋਧ ਕਰਦੀ ਹੈ।
ਉਨ੍ਹਾਂ ਦੋਸ਼ ਲਾਇਆ ਕਿ ਆਪ ਪਾਰਟੀ ਦੇ ਸਰਗਰਮ ਮੈਂਬਰ ਮੋਹਾਲੀ ਦੇ ਡੀਲਰ ਅਤੇ ਸਰਕਾਰ ਵੱਲੋਂ ਥਾਪੇ ਗਏ ਪੰਜਾਬ ਗਊ ਕਮਿਸ਼ਨ ਦੇ ਮੈਂਬਰ ਅਮਿਤ ਜੈਨ ਦੁਆਰਾ ਸਰਕਾਰੀ ਸ਼ਹਿ ਨਾਲ ਹੀ ਬਦਲਾ ਲਊ ਭਾਵਨਾ ਤਹਿਤ ਝੂਠਾ ਕੇਸ ਦਰਜ ਕਰਵਾਇਆ ਗਿਆ ਹੈ।
ਕਿਉਂਕਿ ਮਾਲੀ ਆਪ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਦੀ ਲਗਾਤਾਰ ਆਲੋਚਨਾ ਕਰਦੇ ਆ ਰਹੇ ਹਨ। ਆਪ ਪਾਰਟੀ ਜਾਂ ਉਸਦੀ ਸਰਕਾਰ ਨਾਲੋਂ ਵੱਖਰੇ ਵਿਚਾਰ ਰੱਖਣਾ ਕੋਈ ਜੁਰਮ ਨਹੀਂ ਹੈ।
ਇਸ ਤਰ੍ਹਾਂ ਝੂਠੇ ਕੇਸਾਂ ਵਿੱਚ ਫਸਾ ਕੇ ਕਿਸੇ ਵਿਅਕਤੀ ਉੱਤੇ ਜਬਰ/ਧੱਕੇਸ਼ਾਹੀ ਰਾਹੀਂ ਸਰਕਾਰ ਵਿਰੁੱਧ ਵਿਚਾਰ ਪ੍ਰਗਟਾਵੇ ਤੋਂ ਰੋਕਣ ਦੇ ਯਤਨ ਨੰਗੀ ਚਿੱਟੀ ਤਾਨਾਸ਼ਾਹੀ ਹੈ, ਜਿਸ ਨੂੰ ਕਿਸੇ ਵੀ ਹਾਲਤ ਵਿੱਚ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ। ਬੁਲਾਰਿਆਂ ਵੱਲੋਂ ਰੋਸ ਮੁਜ਼ਾਹਰਿਆਂ ਵਿੱਚ ਤੁਰਤ ਪੈਰੇ ਸੱਦੇ ‘ਤੇ ਹੁੰਮ ਹੁੰਮਾ ਕੇ ਪਹੁੰਚਣ ਵਾਲੇ ਸਮੂਹ ਕਿਸਾਨ ਭੈਣਾਂ ਭਰਾਵਾਂ ਅਤੇ ਸਹਿਯੋਗੀ ਜਥੇਬੰਦੀਆਂ ਦੇ ਆਗੂਆਂ ਤੇ ਕਾਰਕੁਨਾਂ ਦਾ ਤਹਿਦਿਲੋਂ ਧੰਨਵਾਦ ਕੀਤਾ ਗਿਆ।