ਲੇਡੀ ਮੁਲਾਜ਼ਮਾਂ ਲਈ ਅਹਿਮ ਖ਼ਬਰ; ਪੀਰੀਅਡਸ ਦੌਰਾਨ ਸਰਕਾਰੀ ਤੇ ਪ੍ਰਾਈਵੇਟ ਅਦਾਰਿਆਂ ‘ਚ ਪੇਡ ਲੀਵ ਦੇਣ ਦੀ ਤਿਆਰੀ
ਬੈਂਗਲੁਰੂ:
ਬਹੁਤ ਸਾਰੇ ਦੇਸ਼ ਔਰਤ ਮੁਲਾਜ਼ਮਾਂ ਨੂੰ ਮਾਹਵਾਰੀ ਛੁੱਟੀ ਪ੍ਰਦਾਨ ਕਰਦੇ ਹਨ। 16 ਫਰਵਰੀ, 2023 ਨੂੰ, ਸਪੇਨ ਮਾਹਵਾਰੀ ਛੁੱਟੀ ਲਈ ਕਾਨੂੰਨ ਨੂੰ ਅਪਣਾਉਣ ਵਾਲਾ ਪਹਿਲਾ ਯੂਰਪੀ ਦੇਸ਼ ਬਣ ਗਿਆ। ਇੰਡੋਨੇਸ਼ੀਆ, ਜਾਪਾਨ, ਦੱਖਣੀ ਕੋਰੀਆ ਅਤੇ ਤਾਈਵਾਨ ਕੁਝ ਹੋਰ ਦੇਸ਼ ਹਨ ਜੋ ਅਦਾਇਗੀ ਛੁੱਟੀ ਦੀ ਪੇਸ਼ਕਸ਼ ਕਰਦੇ ਹਨ।
ਹੁਣ ਭਾਰਤ ਵਿਚ ਕਰਨਾਟਕ ਸਰਕਾਰ ਔਰਤਾਂ ਨਾਲ ਜੁੜਿਆ ਇੱਕ ਅਹਿਮ ਫੈਸਲਾ ਲੈਣ ਵਾਲੀ ਹੈ। ਇਸ ਤਹਿਤ ਸਰਕਾਰੀ ਅਤੇ ਪ੍ਰਾਈਵੇਟ ਦੋਵਾਂ ਖੇਤਰਾਂ ਵਿੱਚ ਪੇਡ ਪੀਰੀਅਡ ਛੁੱਟੀ ਦਾ ਪ੍ਰਸਤਾਵ ਲਿਆਂਦਾ ਜਾ ਰਿਹਾ ਹੈ।
ਔਰਤਾਂ ਲਈ ਸਾਲ ਵਿੱਚ ਛੇ ਦਿਨਾਂ ਦੀ ਪੇਡ ਪੀਰੀਅਡ ਛੁੱਟੀ ਦਾ ਪ੍ਰਬੰਧ ਹੈ। ਇਸ ਨਾਲ ਉਨ੍ਹਾਂ ਨੂੰ ਮਾਹਵਾਰੀ ਦੌਰਾਨ ਪੈਦਾ ਹੋਣ ਵਾਲੀਆਂ ਸਰੀਰਕ ਅਤੇ ਮਾਨਸਿਕ ਚੁਣੌਤੀਆਂ ਦਾ ਸਾਹਮਣਾ ਕਰਨ ਵਿੱਚ ਮਦਦ ਮਿਲੇਗੀ। ਇਸ ਦੇ ਲਈ 18 ਮੈਂਬਰਾਂ ਦੀ ਕਮੇਟੀ ਬਣਾਈ ਗਈ ਹੈ। ਇਸ ਨਾਲ ਔਰਤਾਂ ਦੇ ਕੰਮ ਅਤੇ ਜੀਵਨ ਵਿੱਚ ਸੰਤੁਲਨ ਪੈਦਾ ਹੋਵੇਗਾ।
ਕਰਨਾਟਕ ਦੇ ਕਿਰਤ ਮੰਤਰੀ ਸੰਤੋਸ਼ ਲਾਡ ਨੇ ਕਿਹਾ ਕਿ ਇਹ ਛੁੱਟੀਆਂ ਲਚਕਦਾਰ ਹੋਣਗੀਆਂ। ਔਰਤਾਂ ਇਹ ਫੈਸਲਾ ਕਰਨ ਦੇ ਯੋਗ ਹੋਣਗੀਆਂ ਕਿ ਉਹ ਕਦੋਂ ਛੁੱਟੀ ਚਾਹੁੰਦੀਆਂ ਹਨ। ਉਨ੍ਹਾਂ ਕਿਹਾ ਕਿ ਅਸੀਂ ਪ੍ਰਸਤਾਵ ਦੀ ਸਮੀਖਿਆ ਕਰ ਰਹੇ ਹਾਂ ਅਤੇ ਕਮੇਟੀ ਮੈਂਬਰਾਂ ਨਾਲ ਮੀਟਿੰਗ ਬੁਲਾਈ ਹੈ।