ਪੰਜਾਬ ‘ਚ ਨਕਲੀ ਖਾਦ ਦੀ ਵਿਕਰੀ ਅਤੇ ਡੀਏਪੀ ਦੀ ਘਾਟ ਖਿਲਾਫ਼ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਵੱਲੋਂ ਰੋਸ ਪ੍ਰਦਰਸ਼ਨਾਂ ਦਾ ਐਲਾਨ
ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਵੱਲੋਂ ਨਕਲੀ ਖਾਦਾਂ ਦੀ ਵਿਕਰੀ ਅਤੇ ਡੀ. ਏ. ਪੀ. ਦੀ ਘਾਟ ਵਿਰੁੱਧ ਪੰਜਾਬ ਭਰ ‘ਚ ਡੀ ਸੀ ਦਫ਼ਤਰਾਂ ਅੱਗੇ ਰੋਸ ਪ੍ਰਦਰਸ਼ਨ ਕੱਲ੍ਹ
ਮੁੱਖ ਮੰਤਰੀ ਦੇ ਨਾਂ ਸੌਂਪੇ ਜਾਣਗੇ ਮੰਗ ਪੱਤਰ
ਦਲਜੀਤ ਕੌਰ, ਚੰਡੀਗੜ੍ਹ
ਨਕਲੀ ਖਾਦਾਂ ਦੀ ਸ਼ਰੇਆਮ ਵਿਕਰੀ ਅਤੇ ਡੀ. ਏ. ਪੀ. ਦੀ ਘਾਟ ਸਮੇਤ ਖਾਦਾਂ ਖ੍ਰੀਦਣ ਸਮੇਂ ਨੈਨੋ ਖਾਦਾਂ ਅਤੇ ਕੀਟਨਾਸ਼ਕ ਮੱਲੋਜ਼ੋਰੀ ਕਿਸਾਨਾਂ ਦੇ ਗਲ਼ ਮੜ੍ਹਨ ਵਿਰੁੱਧ ਭਾਰਤੀ ਕਿਸਾਨ ਯੂਨੀਅਨ (ਏਕਤਾ-ਉਗਰਾਹਾਂ) ਵੱਲੋਂ ਭਲਕੇ 25 ਸਤੰਬਰ ਨੂੰ ਪੰਜਾਬ ਭਰ ਵਿੱਚ ਡੀ ਸੀ ਦਫ਼ਤਰਾਂ ਅੱਗੇ ਤਿੰਨ ਘੰਟੇ ਰੋਸ ਪ੍ਰਦਰਸ਼ਨ ਕਰਨ ਦਾ ਫੈਸਲਾ ਕੀਤਾ ਗਿਆ ਹੈ।
ਇਹ ਜਾਣਕਾਰੀ ਦਿੰਦੇ ਹੋਏ ਜਥੇਬੰਦੀ ਦੇ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਅਤੇ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਨੇ ਦੱਸਿਆ ਕਿ ਇਸ ਤਰ੍ਹਾਂ ਦੀ ਲੁੱਟ ਖਸੁੱਟ ਰੋਕਣ ਲਈ ਮੁੱਖ ਮੰਤਰੀ ਭਗਵੰਤ ਮਾਨ ਨੂੰ ਬਾਕਾਇਦਾ ਲਿਖਤੀ ਮੰਗ ਪੱਤਰ ਜ਼ਿਲ੍ਹਾ ਅਧਿਕਾਰੀਆਂ ਰਾਹੀਂ ਭੇਜੇ ਜਾਣਗੇ।
ਉਨ੍ਹਾਂ ਨੇ ਦੋਸ਼ ਲਾਇਆ ਹੈ ਕਿ ਖਾਦਾਂ ਦਾ ਬਣਾਉਟੀ ਸੰਕਟ ਖੜ੍ਹਾ ਕਰ ਕੇ ਨਕਲੀ ਖਾਦਾਂ ਦੇ ਉਤਪਾਦਕ ਅਤੇ ਬਲੈਕੀਏ ਆਪ ਦੀ ਮਾਨ ਸਰਕਾਰ ਦੀ ਛਤਰਛਾਇਆ ਹੇਠ ਕਿਸਾਨਾਂ ਦੀ ਅੰਨ੍ਹੀ ਲੁੱਟ ਕਰ ਰਹੇ ਹਨ। ਛਤਰ ਛਾਇਆ ਦਾ ਸਬੂਤ ਇਹ ਹੈ ਕਿ ਕਈ ਮਹੀਨੇ ਪਹਿਲਾਂ ਮੋਹਾਲੀ ਤਰਨਤਾਰਨ ਆਦਿ ਕਈ ਜ਼ਿਲ੍ਹਿਆਂ ਵਿੱਚ ਡੀ ਏ ਪੀ ਦੇ ਅੱਧਿਓਂ ਵੱਧ ਨਮੂਨੇ ਫੇਲ੍ਹ ਹੋਣ ਦੇ ਬਾਵਜੂਦ ਕਿਸੇ ਵੀ ਜ਼ਿੰਮੇਵਾਰ ਅਧਿਕਾਰੀ ਜਾਂ ਨਿਰਮਾਤਾ/ਡੀਲਰ ਦੇ ਖਿਲਾਫ ਕੋਈ ਵੀ ਕਾਨੂੰਨੀ ਕਾਰਵਾਈ ਅੱਜ ਤੱਕ ਨਹੀਂ ਕੀਤੀ ਗਈ।
ਇਸ ਕਾਲੇ ਧੰਦੇ ਦਾ ਤਾਜ਼ਾ ਪਰਦਾਫਾਸ਼ ਉਦੋਂ ਹੋਇਆ ਜਦੋਂ ਪਿੰਡ ਦੌਧਰ (ਮੋਗਾ) ਵਿੱਚ ਗਣੇਸ਼ ਬਾਇਓਖਾਦ ਏਜੰਸੀ ਸੰਗਰੂਰ ਤੋਂ ਲਿਆ ਕੇ ਵਿਸ਼ਾਲ ਕੁਮਾਰ ਫਿਰੋਜ਼ਪੁਰ ਅਤੇ ਜਸਵਿੰਦਰ ਸਿੰਘ ਦੁਸਾਂਝ (ਮੋਗਾ) ਰਾਹੀਂ ਕਿਸਾਨ ਨੂੰ ਵੇਚੀ ਗਈ ਡੀ ਏ ਪੀ ਖਾਦ ਦੇ ਨਮੂਨੇ ਮੋਗਾ ਦੇ ਖੇਤੀਬਾੜੀ ਅਫ਼ਸਰ ਰਾਹੀਂ ਟੈਸਟ ਕਰਵਾਉਣ ‘ਤੇ ਇਸ ਵਿੱਚ ਨਾਈਟ੍ਰੋਜਨ ਤੇ ਫਾਸਫੋਰਸ ਦੋਨੋਂ ਤੱਤ ਸਿਫਰ ਪਾਏ ਗਏ।
ਇਸ ਤੋਂ ਇਲਾਵਾ ਸਹਿਕਾਰੀ ਸਭਾਵਾਂ ਅਤੇ ਨਿੱਜੀ ਡੀਲਰਾਂ ਵੱਲੋਂ ਖਾਦ ਵਿਕਰੀ ਸਮੇਂ ਨੈਨੋ ਖਾਦਾਂ ਅਤੇ ਕੀਟਨਾਸ਼ਕ ਸ਼ਰੇਆਮ ਮੱਲੋਜ਼ੋਰੀ ਕਿਸਾਨਾਂ ਦੇ ਗਲ਼ ਮੜ੍ਹੇ ਜਾ ਰਹੇ ਹਨ। ਰਹਿੰਦੀ ਕਸਰ ਡੀ ਏ ਪੀ ਦੀ ਬਣਾਉਟੀ ਕਿੱਲਤ ਪੈਦਾ ਕਰਨ ਰਾਹੀਂ ਕਾਲੇ ਧੰਦੇ ਨੂੰ ਉਤਸ਼ਾਹਿਤ ਕਰਕੇ ਕੱਢੀ ਜਾ ਰਹੀ ਹੈ। ਇਹੀ ਵਜ੍ਹਾ ਹੈ ਕਿ ਜਥੇਬੰਦੀ ਨੂੰ ਤੁਰਤਪੈਰੇ ਰੋਸ ਪ੍ਰਦਰਸ਼ਨ ਕਰਨੇ ਪੈ ਰਹੇ ਹਨ।
ਕਿਸਾਨ ਆਗੂਆਂ ਨੇ ਦੱਸਿਆ ਕਿ ਇਨ੍ਹਾਂ ਪ੍ਰਦਰਸ਼ਨਾਂ ਦੀ ਤਿਆਰੀ ਵਜੋਂ ਅੱਜ ਜਥੇਬੰਦਕ ਆਗੂਆਂ/ਕਾਰਕੁਨਾਂ ਵੱਲੋਂ ਪਿੰਡ ਪਿੰਡ ਹੋਕਾ ਮਾਰਚ ਕਰਕੇ ਕਿਸਾਨਾਂ ਮਜ਼ਦੂਰਾਂ ਨੂੰ ਇਹ ਲੁੱਟ ਖਸੁੱਟ ਰੋਕਣ ਲਈ ਭਲਕੇ ਪ੍ਰਵਾਰਾਂ ਸਮੇਤ ਰੋਸ ਪ੍ਰਦਰਸ਼ਨਾਂ ਵਿੱਚ ਵਹੀਰਾਂ ਘੱਤ ਕੇ ਸ਼ਾਮਲ ਹੋਣ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ।