ਮਮਦੋਟ ਵਾਸੀਆਂ ਲਈ ਸਿਰਦਰਦੀ ਬਣਿਆ ਸੀਵਰੇਜ ਸਿਸਟਮ! ਠੇਕੇਦਾਰ ਖਿਲਾਫ਼ ਫੁੱਟਿਆ ਲੋਕਾਂ ਦਾ ਗੁੱਸਾ
ਹਦਾਇਤਾਂ ਨੂੰ ਛਿੱਕੇ ਟੰਗ ਸੀਵਰੇਜ ਦਾ ਕੰਮ ਕਰ ਰਹੇ ਠੇਕੇਦਾਰ ਦੇ ਖਿਲਾਫ ਲੋਕਾਂ ਦਾ ਗੁੱਸਾ ਫੁੱਟਿਆ
ਬਿਨਾਂ ਕਿਸੇ ਜਿੰਮੇਵਾਰ ਅਧਿਕਾਰੀ ਦੇ ਕਥਿਤ ਤੌਰ ਤੇ ਸੁੱਕੀਆਂ ਇੱਟਾਂ ਅਤੇ ਘਟੀਆ ਮਟੀਰੀਅਲ ਨਾਲ ਹੋਦੀਆਂ ਬਣਾ ਰਹੀ ਲੇਬਰ ਨੂੰ ਲੋਕਾਂ ਨੇ ਕੰਮ ਤੋਂ ਰੋਕਿਆ
ਸੀਵਰੇਜ ਦੇ ਕੰਮ ਵਿੱਚ ਕਿਸੇ ਕਿਸਮ ਦੀ ਕੁਤਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ -ਹਰਦੇਵ ਪ੍ਰਕਾਸ਼ ਸੇਠੀ
ਜਸਬੀਰ ਸਿੰਘ ਕੰਬੋਜ, ਫਿਰੋਜਪੁਰ
ਫਿਰੋਜਪੁਰ ਦੇ ਕਸਬਾ ਮਮਦੋਟ ਵਿਖੇ ਸੀਵਰੇਜ ਦੀਆਂ ਹੌਦੀਆਂ ਬਣਾਉਣ ਦਾ ਕੰਮ ਕਰ ਰਹੇ ਠੇਕੇਦਾਰ ਦੀ ਲੇਬਰ ਨੂੰ ਅੱਜ ਫਿਰ ਲੋਕਾਂ ਦੇ ਰੋਹ ਦਾ ਸਾਹਮਣਾ ਕਰਨਾ ਪਿਆ ਜਦ ਉਹ ਪਾਣੀ ਦੀ ਘਾਟ ਨਾਲ ਜੂਝ ਰਹੇ ਕਸਬਾ ਮਮਦੋਟ ਦੇ ਪੰਜ ਨੰਬਰ ਵਾਰਡ ਵਿਖੇ ਸੇਠੀ ਮੈਡੀਕਲ ਹਾਲ ਦੇ ਸਾਹਮਣੇ ਇੱਟਾਂ ਦੀ ਤਰਾਈ ਕੀਤੇ ਬਿਨਾਂ ਘਟੀਆ ਮਟੀਰੀਅਲ ਨਾਲ ਹੋਦੀ ਦਾ ਨਿਰਮਾਣ ਕਰ ਰਹੇ ਸਨ।
ਇਸ ਮੌਕੇ ਹਾਜ਼ਰ ਹਰਦੇਵ ਪ੍ਰਕਾਸ਼ ਸੇਠੀ, ਸਤੀਸ਼ ਬਜਾਜ ਅਤੇ ਸੁਰਿੰਦਰ ਕੁਮਾਰ ਕਾਲਾ ਸਮੇਤ ਵੱਡੀ ਗਿਣਤੀ ਵਿੱਚ ਹਾਜਰ ਦੁਕਾਨਦਾਰਾਂ ਨੇ ਦੱਸਿਆ ਕਿ ਸੀਵਰੇਜ ਦੀਆਂ ਕਰੀਬ ਵੀਹ ਵੀਹ ਫੁੱਟ ਡੂੰਘੀਆਂ ਜੋ ਹੋਦੀਆਂ ਬਣਾਈਆਂ ਜਾਂ ਰਹੀਆਂ ਹਨ ਓਹਨਾ ਵਿੱਚ ਜਿਥੇ ਘਟੀਆ ਦਰਜੇ ਦਾ ਮਟੀਰੀਅਲ ਇਸਤੇਮਾਲ ਕੀਤਾ ਜਾਂ ਰਿਹਾ ਹੈ ਓਥੇ ਇੱਟਾਂ ਵੀ ਬਗੈਰ ਤਰਾਈ ਕੀਤੇ ਸੁਕੀਆ ਹੀ ਲਗਾਈਆਂ ਜਾਂ ਰਹੀਆਂ ਹਨ।
ਜਿਸ ਕਾਰਨ ਇਹ ਹੋਦੀਆਂ ਲੀਕ ਹੋਣ ਦੀ ਸੰਭਾਵਨਾ ਹੈ ਤੇ ਇਸ ਨਾਲ ਆਸ ਪਾਸ ਦੀਆਂ ਬਿਲਡਿੰਗਾਂ ਨੂੰ ਵੀ ਖ਼ਤਰਾ ਬਣਿਆ ਰਹੇਗਾ। ਜ਼ਿਕਰਯੋਗ ਹੈ ਕਿ ਸੀਵਰੇਜ ਦੀ ਖੁਦਾਈ ਕਾਰਨ ਵਾਟਰ ਵਰਕਸ ਦੀਆਂ ਪਾਈਪਾਂ ਨੁਕਸਾਨੀਆਂ ਜਾਣ ਕਾਰਨ ਇਸ ਜਗ੍ਹਾ ਦੇ ਆਸ ਪਾਸ ਪੰਜ ਨੰਬਰ ਵਾਰਡ ਵਿੱਚ ਪਿਛਲੇ 20-25 ਦਿਨਾਂ ਤੋਂ ਪਾਣੀ ਦੀ ਸਪਲਾਈ ਬਿਲਕੁਲ ਬੰਦ ਹੈ ਤੇ ਇਸੇ ਘਾਟ ਕਾਰਨ ਠੇਕੇਦਾਰ ਦੀ ਲੇਬਰ ਵੀ ਬਿਨਾਂ ਪਾਣੀ ਤੋਂ ਹੀ ਬੁੱਤਾ ਸਾਰ ਰਹੀ ਹੈ।
ਇਸ ਮੌਕੇ ਹਰਦੇਵ ਪ੍ਰਕਾਸ਼ ਸੇਠੀ ਨੇ ਦੋਸ਼ ਲਾਉਂਦੇ ਹੋਏ ਦੱਸਿਆ ਕਿ ਲੇਬਰ ਕੋਲ ਆਪਣੀ ਕੋਈ ਬਾਲਟੀ ਵੀ ਨਹੀਂ ਹੈ। ਮੀਡੀਆ ਕਰਮੀਆਂ ਨੂੰ ਲੇਬਰ ਵੱਲੋਂ ਵਰਤੀਆਂ ਜਾ ਰਹੀਆਂ ਉਨ੍ਹਾਂ ਪੰਜ ਪੰਜ ਲੀਟਰ ਦੀਆਂ ਤੇਲ ਵਾਲੀਆਂ ਕੈਨੀਆਂ ਵੀ ਦਿਖਾਈਆਂ। ਜਿਸ ਨਾਲ ਨਲਕੇ ਤੋਂ ਥੋੜਾ ਬਹੁਤ ਪਾਣੀ ਭਰ ਕੇ ਉਹ ਚਣਾਈ ਕਰ ਰਹੇ ਸਨ। ਸਤੀਸ਼ ਕੁਮਾਰ ਬਜਾਜ ਨੇ ਦੋਸ਼ ਲਾਇਆ ਕਿ ਲੇਬਰ ਉਸ ਪਾਸੋਂ ਬਾਲਟੀ ਅਤੇ ਪਾਣੀ ਦੀ ਮੰਗ ਕਰ ਰਹੀ ਸੀ ਤੇ ਉੱਪਰੋਂ ਹੈਰਾਨੀ ਦੀ ਗੱਲ ਇਹ ਹੈ ਕਿ 20-25 ਫੁੱਟ ਡੂੰਘੀਆਂ ਹੋਂਦੀਆਂ ਬਣਨ ਸਮੇਂ ਲੇਬਰ ਤੋਂ ਬਿਨਾਂ ਕੋਈ ਵੀ ਜਿੰਮੇਵਾਰ ਅਧਿਕਾਰੀ ਮੌਕੇ ਤੇ ਮੌਜੂਦ ਨਹੀਂ ਸੀ।
ਜਿਸ ਤੇ ਹਾਜ਼ਰ ਪਿੰਡ ਵਾਸੀਆਂ ਨੇ ਤੁਰੰਤ ਕੰਮ ਨੂੰ ਰੋਕਿਆ ਤੇ ਨਗਰ ਪੰਚਾਇਤ ਪ੍ਰਧਾਨ ਨੂੰ ਇਸ ਸਬੰਧੀ ਜਾਣਕਾਰੀ ਦਿੱਤੀ। ਨਗਰ ਪੰਚਾਇਤ ਪ੍ਰਧਾਨ ਉਪਿੰਦਰ ਸਿੰਘ ਸਿੰਧੀ ਦੇ ਕਸਬੇ ਤੋਂ ਕਿਸੇ ਕੰਮ ਕਾਰ ਲਈ ਬਾਹਰ ਹੋਣ ਕਾਰਨ ਮੌਕੇ ਤੇ ਪੁੱਜੇ ਉਹਨਾਂ ਦੇ ਭਰਾਤਾ ਹਰਜਿੰਦਰ ਸਿੰਘ ਸਿੰਧੀ ਨੇ ਦੱਸਿਆ ਕਿ ਇਸ ਸਬੰਧੀ ਐਸਡੀਓ ਤੇ ਸੰਬੰਧਿਤ ਜੇਈ ਨੂੰ ਜਾਣਕਾਰੀ ਦੇ ਦਿੱਤੀ ਗਈ ਹੈ।
ਮੌਕੇ ਤੇ ਹਾਜ਼ਰ ਪਤਵੰਤਿਆਂ ਨੇ ਉਪਰੋਕਤ ਸਾਰੀ ਸਥਿਤੀ ਸੰਬੰਧਿਤ ਅਧਿਕਾਰੀਆਂ ਦੇ ਧਿਆਨ ਵਿੱਚ ਲਿਆਉਣ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦਾ ਸੇਠੀ ਨੇ ਦੱਸਿਆ ਕਿ ਸੀਵਰੇਜ ਦੇ ਕੰਮ ਵਿੱਚ ਕਿਸੇ ਵੀ ਕਿਸਮ ਦੀ ਕੁਤਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ ਤੇ ਹੁਣ ਉਨਾਂ ਦੀ ਸਹਿਮਤੀ ਇਸ ਗੱਲ ਤੇ ਹੋਈ ਹੈ ਕਿ ਇਸ ਤੋਂ ਪਹਿਲਾਂ ਜਿੰਨਾ ਵੀ ਕੰਮ ਠੇਕੇਦਾਰ ਵੱਲੋਂ ਸ਼ੁਰੂ ਕੀਤਾ ਗਿਆ ਹੈ ਪਹਿਲਾਂ ਮੁਕੰਮਲ ਕਰਵਾਇਆ ਜਾਵੇਗਾ ਤੇ ਬਾਅਦ ਵਿੱਚ ਹੀ ਅੱਗੇ ਪੁਟਾਈ ਕਰਨ ਦਿੱਤੀ ਜਾਵੇਗੀ।
ਉਹਨਾਂ ਦੱਸਿਆ ਕਿ ਅਗਰ ਠੇਕੇਦਾਰ ਦੀਆਂ ਆਪ ਹੂਦਰੀਆਂ ਜਾਰੀ ਰਹੀਆਂ ਤੇ ਕਸਬੇ ਦੇ ਸਾਰੇ ਬਾਜ਼ਾਰ ਬੰਦ ਕਰਵਾ ਕੇ ਨਗਰ ਪੰਚਾਇਤ ਦਫਤਰ ਅੱਗੇ ਧਰਨਾ ਦਿੱਤਾ ਜਾਵੇਗਾ। ਜਿਸ ਦੀ ਸਾਰੀ ਜਿੰਮੇਵਾਰੀ ਠੇਕੇਦਾਰ ਅਤੇ ਪ੍ਰਸ਼ਾਸਨ ਦੀ ਹੋਵੇਗੀ। ਇਸ ਸਮੇਂ ਵੱਡੀ ਗਿਣਤੀ ਵਿੱਚ ਪਿੰਡ ਵਾਸੀ ਹਾਜ਼ਰ ਸਨ।