All Latest NewsPunjab NewsTop BreakingTOP STORIES

ਇਨਕਲਾਬੀ ਸੋਚ ਦਾ ਧਨੀ ਨੌਜਵਾਨ ਸ਼ਹੀਦ ਭਗਤ ਸਿੰਘ

 

“ਆਜ਼ਾਦੀ” ਇਕ ਅਜਿਹਾ ਸ਼ਬਦ ਹੈ, ਜਿਸ ਨੂੰ ਸੁਣਦਿਆਂ ਹੀ ਭਾਰਤ ਤੇ ਅੰਗਰੇਜ਼ਾਂ ਦੀ ਹਕੂਮਤ ਤੇ ਇਸ ਗੁਲਾਮੀ ਤੋਂ ਆਜ਼ਾਦੀ ਪ੍ਰਪਾਤ ਕਰਨ ਲਈ ਕਿੱਤੇ ਗਏ ਗੌਰਵਸ਼ਾਲੀ ਸੰਘਰਸ਼ ਦੀ ਯਾਦ ਹਰ ਦੇਸ਼ਵਾਸੀ ਦੇ ਦਿਲੋਂ ਦਿਮਾਗ ਵਿਚ ਤਾਜਾ ਹੋ ਜਾਂਦੀ ਹੈ। ਭਾਰਤ ਦੀ ਆਜ਼ਾਦੀ ਪ੍ਰਾਪਤੀ ਦੀ ਲੜਾਈ ਵਿਚ ਹਜਾਰਾਂ ਸੂਰਬੀਰਾਂ ਤੇ ਦੇਸ਼ ਭਗਤਾਂ ਨੇ ਜਾਨ ਦੀ ਕੁਰਬਾਨੀ ਦੇ ਕੇ ਦੇਸ਼ ਨੂੰ ਆਜ਼ਾਦ ਕਰਵਾਉਣ ਵਿਚ ਆਪਣਾ ਵਡਮੁੱਲਾ ਯੋਗਦਾਨ ਪਾਇਆ। ਪਰ ਨਿੱਕੀ ਉਮਰੇ ਜੋ ਬੇਮਿਸਾਲ ਕੁਰਬਾਨੀ ਸਰਦਾਰ ਭਗਤ ਸਿੰਘ ਨੇ ਦਿੱਤੀ ਉਸ ਦੀ ਮਿਸਾਲ ਦੁਨੀਆਂ ਦੇ ਇਤਿਹਾਸ ਵਿੱਚ ਘੱਟ ਹੀ ਵੇਖਣ ਨੂੰ ਮਿਲਦੀ ਹੈ। ਸ਼ਹੀਦ ਭਗਤ ਸਿੰਘ ਦੀ ਲਾਸਾਨੀ ਸ਼ਹਾਦਤ ਨੂੰ ਭੁਲਾਇਆ ਨਹੀਂ ਜਾ ਸਕਦਾ ਜਿਸ ਦੀ ਸ਼ਹਾਦਤ ਨੇ ਆਜ਼ਾਦੀ ਲਈ ਚੱਲ ਰਹੀ ਲੜਾਈ ਵਿਚ ਨਵੀਂ ਰੂਹ ਫੂਕ ਦਿੱਤੀ।

ਭਗਤ ਸਿੰਘ ਨੂੰ ਪੁਸਤਕਾਂ ਪੜ੍ਹਨ ਦਾ ਬਹੁਤ ਸ਼ੌਕ ਸੀ ਤੇ ਉਹ ਬਹੁਤ ਤੇਜੀ ਨਾਲ ਪੁਸਤਕਾਂ ਪੜ ਲੈਂਦਾ ਸੀ। ਆਪਣੇ ਆਖਰੀ ਸਮੇਂ ਵੀ ਭਗਤ ਸਿੰਘ ‘ਲੈਨਿਨ’ ਦੀ ਪੁਸਤਕ ਪੜ ਰਿਹਾ ਸੀ, ਜੱਦ ਉਸ ਨੂੰ ਆਖਰੀ ਖ਼ਾਹਸ ਪੁੱਛੀ ਗਈ ਤਾਂ ਉਸ ਨੇ ਕਿਹਾ ਕਿ ” ਮੈਨੂੰ ਲੈਨਿਨ ਦੀ ਪੁਸਤਕ ਦਾ ਇਕ ਕਾਂਡ ਤਾਂ ਖ਼ਤਮ ਕਰ ਲੈਣ ਦਿਓ”।ਭਗਤ ਸਿੰਘ ਨੇ ਮੀਆਂਵਾਲੀ ਜੇਲ ਵਿਚ ਸਹਿਤ ਪੜਨ ਅਤੇ ਲਿਖਣ ਦੀ ਸਹੂਲਤ ਲੈਣ ਲਈ ਭੁੱਖ ਹੜਤਾਲ ਕੀਤੀ ਸੀ, ਜਿਸ ਨੂੰ ਬਾਅਦ ਵਿਚ ਉਨ੍ਹਾਂ ਦੇ ਹੋਰ ਸਾਥੀਆਂ ਨੇ ਵੀ ਆਪਣਾ ਲਿਆ ਸੀ। ਉਨ੍ਹਾਂ ਦੀ ਇਸ ਹੜਤਾਲ ਦੀ ਹਮਾਇਤ ਵਿਚ ਮੁਹੰਮਦ ਅਲੀ ਜਿਨਾਹ ਨੇ ਅਸੈਂਬਲੀ ਵਿਚ ਭਾਸ਼ਣ ਦਿੱਤਾ ਤੇ ਜਵਾਹਰ ਲਾਲ ਨਹਿਰੂ ਨੇ ਜੇਲ ਵਿਚ ਜਾ ਕੇ ਮੁਲਾਕਾਤ ਕੀਤੀ। ਅੱਜ ਦੀ ਨੌਜਵਾਨ ਪੀੜ੍ਹੀ ਭਗਤ ਸਿੰਘ ਦੇ ਹਥਿਆਰਾਂ ਨਾਲ ਪੋਸਟਰਾਂ ਨੂੰ ਤਵੱਜੋ ਦਿੰਦੀ ਵੇਖੀ ਜਾਂਦੀ ਹੈ। ਸ਼ਹੀਦ ਭਗਤ ਸਿੰਘ ਦਾ ਬੰਦੂਕਾਂ ਵਾਲਾ ਪੱਖ ਹੀ ਨੌਜਵਾਨਾਂ ਨੂੰ ਵਧੀਆ ਲੱਗਦਾ ਹੈ ਜਦਕਿ ਉਨ੍ਹਾਂ ਦੇ ਸਹਿਤ ਵੱਲ ਝੁਕਾਅ ਤੋਂ ਵੀ ਅੱਜ ਦੀ ਨੌਜਵਾਨ ਪੀੜ੍ਹੀ ਨੂੰ ਜਾਣੂ ਕਰਵਾਉਣਾ ਬੇਹੱਦ ਜਰੂਰੀ ਹੈ। ਅੱਜ ਦੀ ਪੀੜ੍ਹੀ ਨੂੰ ਲੋੜ ਹੈ ਕਿ ਉਹ ਨਸ਼ੇ ਤੇ ਸਮਾਜਿਕ ਬੁਰਾਈਆਂ ਤੋਂ ਦੂਰ ਰਹਿੰਦੇ ਹੋਏ ਚੰਗੀਆਂ ਪੁਸਤਕਾਂ ਨਾਲ ਸਾਂਝ ਪਾਵੇ।

ਭਗਤ ਸਿੰਘ ਤੇ ਉਨ੍ਹਾਂ ਦੇ ਸਾਥੀਆਂ ਵੱਲੋਂ ‘ ਇਨਕਲਾਬ ਜਿੰਦਾਬਾਦ ‘ ਦੀ ਫਿਲਾਸਫੀ ਪਿੱਛੇ ਉਨ੍ਹਾਂ ਦੀ ਪਹਿਲੀ ਤੇ ਆਖਰੀ ਖਾਹਿਸ਼ ਇਹ ਸੀ ਕਿ ਉਨ੍ਹਾਂ ਦਾ ਦੇਸ਼ ਅੰਗਰੇਜ਼ ਸਾਮਰਾਜ ਦੀ ਗੁਲਾਮੀ ਤੋਂ ਆਜ਼ਾਦ ਹੋਵੇ ਤੇ ਦੇਸ਼ਵਾਸੀ ਬ੍ਰਿਟਿਸ਼ ਸਰਕਾਰ ਦੀ ਲੁੱਟ ਖਸੁੱਟ ਤੋਂ ਰਾਹਤ ਪਾ ਸਕਣ। ਉਨ੍ਹਾਂ ਨੂੰ ਫਾਂਸੀ ਮਿਲਣ ਤੋਂ ਬਾਅਦ ‘ ਇਨਕਲਾਬ ਜਿੰਦਾਬਾਦ ‘ ਦਾ ਸੁਨੇਹਾ ਜੇਲ ਦੀ ਚਾਰਦੀਵਾਰੀ ਤੋਂ ਨਿਕਲ ਕੇ ਕੁੱਝ ਪਲਾਂ ਵਿਚ ਹੀ ਪੂਰੇ ਭਾਰਤ ਦੇ ਵਾਸੀਆਂ ਦੇ ਦਿਲਾਂ ਵਿਚ ਵਸ ਗਿਆ। ਫ਼ਾਂਸੀ ਤੋਂ ਦੋ ਘੰਟੇ ਪਹਿਲਾਂ ਜੱਦ ਭਗਤ ਸਿੰਘ ਦਾ ਵਕੀਲ ਪ੍ਰਾਣ ਨਾਥ ਮਹਿਤਾ ਉਸ ਨਾਲ ਮੁਲਾਕਾਤ ਕਰਨ ਆਇਆ ਤਾਂ ਉਸਨੇ ਭਗਤ ਸਿੰਘ ਨੂੰ ਪੁੱਛਿਆ, ‘ ਤੁਸੀਂ ਦੇਸ਼ ਦੇ ਨਾਂ ਕੋਈ ਸੁਨੇਹਾ ਦੇਣਾ ਚਾਹੁੰਦੇ ਹੋ? ਭਗਤ ਸਿੰਘ ਨੇ ਕਿਹਾ ਕਿ,’ ਮੇਰੇ ਦੋ ਨਾਅਰੇ ਲੋਕਾਂ ਤੱਕ ਪਹੁੰਚਾ ਦੇਣਾ ਸਾਮਰਾਜਵਾਦ ਖਤਮ ਹੋਵੇ ਅਤੇ ਇਨਕਲਾਬ ਜਿੰਦਾਬਾਦ। ‘

ਭਗਤ ਸਿੰਘ ਉਤੇ ਉਸ ਸਮੇਂ ਦੇ ਕ੍ਰਾਂਤੀਕਾਰੀਆਂ ਦਾ ਪ੍ਰਭਾਵ ਸੀ ਪਰ ਕਰਤਾਰ ਸਿੰਘ ਸਰਾਭਾ ਨੂੰ ਭਗਤ ਸਿੰਘ ਆਪਣਾ ਆਦਰਸ਼ ਮੰਨਦਾ ਸੀ ਤੇ ਹਰ ਵੇਲੇ ਉਸ ਦੀ ਫੋਟੋ ਆਪਣੀ ਜੇਬ ‘ਚ ਰੱਖਦਾ ਸੀ। ਹੌਲੀ-ਹੌਲੀ ਭਗਤ ਸਿੰਘ ਦੀਆਂ ਸਰਗਰਮੀਆਂ ਪੁਲਿਸ ਦੀ ਨਜ਼ਰੇ ਚੜਣ ਲੱਗੀਆਂ। ਉਹ ਪੰਜਾਬੀ ਤੇ ਉਰਦੂ ਅਖਬਾਰਾਂ ਲਈ ਵੱਖ ਵੱਖ ਤਖੱਲਸ ਹੇਠ ਲੇਖ ਲਿਖਣ ਲੱਗ ਪਿਆ। ਲਾਲਾ ਲਾਜਪਤ ਰਾਏ ਦੀ ਮੌਤ ਦਾ ਬਦਲਾ ਲੈਣ ਲਈ ਭਗਤ ਸਿੰਘ, ਸ਼ਿਵਰਾਮ ਰਾਜਗੁਰੂ, ਸੁਖਦੇਵ ਥਾਪਰ ਅਤੇ ਚੰਦਰ ਸ਼ੇਖਰ ਆਜ਼ਾਦ ਨੇ ‘ ਸਕਾਟ ‘ ਨੂੰ ਮਾਰਨ ਦੀ ਸਕੀਮ ਬਣਾਈ ਪਰ 17 ਦਸੰਬਰ 1928 ਨੂੰ ਗਲਤੀ ਨਾਲ ਪੀ. ਸਾਂਡਰਸ ਮਾਰਿਆ ਗਿਆ। ਇਸ ਘਟਨਾ ਨੇ ਰਾਤੋ-ਰਾਤ ਭਗਤ ਸਿੰਘ ਤੇ ਉਸਦੇ ਸਾਥੀਆਂ ਨੂੰ ਦੇਸ਼ ਭਰ ਵਿਚ ਹੀਰੋ ਬਣਾ ਦਿੱਤਾ।ਭਗਤ ਸਿੰਘ ਅਕਸਰ ਕ੍ਰਾਂਤੀਕਾਰੀਆਂ ਦੀ ਮੌਤ ਨੂੰ ‘ ਮਹਿਬੂਬ ਨਾਲ ਮਿਲਣੀ ‘ ਆਖਦਾ ਸੀ। ਜਦੋਂ ਮਾਪਿਆਂ ਨੇ ਉਨ੍ਹਾਂ ਨੂੰ ਵਿਆਹ ਕਰਨ ਲਈ ਕਿਹਾ ਤਾਂ ਭਗਤ ਸਿੰਘ ਨੇ ਇਹ ਕਿਹਾ ਕਿ ” ਗੁਲਾਮ ਹਿੰਦੁਸਤਾਨ ‘ ਚ ਮੇਰੀ ਵਹੁਟੀ ਕੇਵਲ ਮੌਤ ਹੀ ਬਣੇਗੀ।”

ਆਪਣੀ ਫ਼ਾਂਸੀ ਤੋਂ ਪੋਣੇ ਦੋ ਮਹੀਨੇ ਪਹਿਲਾਂ 2 ਫਰਵਰੀ 1931 ਨੂੰ ਉਨ੍ਹਾਂ ਲਿਖਿਆ ਸੀ ਕੀ ” ਮੈਂ ਤਾਂ ਅਜਿਹਾ ਇਨਕਲਾਬੀ ਹਾਂ ਜਿਸ ਕੋਲ ਇਕ ਲੰਮਾ ਪ੍ਰੋਗਰਾਮ ਅਤੇ ਉਸ ਬਾਰੇ ਸੁਨਿਸ਼ਚਿਤ ਵਿਚਾਰ ਹਨ। ਸਾਨੂੰ ਪੇਸ਼ੇਵਰ ਕਾਰਕੁੰਨਾਂ ਦੀ ਲੋੜ ਹੈ, ਪਿੰਡਾਂ ਦੇ ਕਾਰਖਾਨਿਆਂ ਵਿਚ ਕੰਮ ਕਰਨ ਵਾਲੇ ਮਜ਼ਦੂਰ ਤੇ ਕਿਸਾਨ ਹੀ ਇਨਕਲਾਬ ਦੇ ਅਸਲੀ ਸਿਪਾਹੀ ਹਨ। ਸ. ਭਗਤ ਸਿੰਘ ਨੇ ਇਸ ਰਾਜਨੀਤਕ ਵਸੀਅਤ ਦੇ ਨਾਂ ਨਾਲ ਮਸ਼ਹੂਰ ਲਿਖਤ ਵਿਚ ਭਵਿੱਖਬਾਣੀ ਕਰਦੇ ਹੋਏ ਲਿਖਿਆ ਸੀ ਕਿ ‘ ਮੈਨੂੰ ਕੋਈ ਸ਼ੱਕ ਸ਼ੁਭਾ ਨਹੀਂ ਕਿ ਸਾਡਾ ਦੇਸ਼ ਆਜ਼ਾਦ ਹੋ ਜਾਵੇਗਾ।’ ਜਦੋਂ ਅਦਾਲਤ ਵਿਚ ਜੱਜ ਨੇ ਭਗਤ ਸਿੰਘ ਤੋਂ ਪੁਛਿਆ ਸੀ ਕਿ ” ਇਨਕਲਾਬ ਤੋਂ ਤੁਹਾਡਾ ਕੀ ਮਤਲਬ ਹੈ?” ਉਦੋਂ ਉਨ੍ਹਾਂ ਆਪਣੀ ਵਿਚਾਰਧਾਰਾ ਨੂੰ ਸਪੱਸ਼ਟ ਕਰਦਿਆਂ ਕਿਹਾ ਸੀ ਕਿ ” ਇਨਕਲਾਬ ਤੋਂ ਮੇਰਾ ਮਤਲਬ ਹੈ ਕਿ ਅਨਿਆਂ ਤੇ ਟਿਕੀ ਵਰਤਮਾਨ ਵਿਵਸਥਾ ਵਿਚ ਪਰਿਵਰਤਨ ਹੋਣਾ ਚਾਹੀਦਾ ਹੈ।”

ਵਿਜੈ ਕੁਮਾਰ ਸਿੰਗਲਾ, ਜੋ ਕਿ ਉਨ੍ਹਾਂ ਦਾ ਇਕ ਸਾਥੀ ਸੀ ਫ਼ਾਂਸੀ ਤੋਂ ਦੋ ਕੁ ਹਫਤੇ ਪਹਿਲਾਂ ਜੇਲ ਵਿਚ ਮਿਲਣ ਆਇਆ ਤਾਂ ਭਗਤ ਸਿੰਘ ਨੇ ਉਸਨੂੰ ਕਿਹਾ ਸੀ ਕਿ ” ਜੇ ਮੈਂ ਹੱਸਦੇ-ਹੱਸਦੇ ਫ਼ਾਂਸੀ ਤੇ ਚੜ੍ਹ ਗਿਆ ਤਾਂ ਭਾਰਤੀ ਮਾਵਾਂ ਆਪਣੇ ਪੁੱਤਰਾਂ ਨੂੰ ਜਰੂਰ ਭਗਤ ਸਿੰਘ ਬਣਾਉਣ ਦਾ ਯਤਨ ਕਰਨਗੀਆਂ। ” ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਨੂੰ ਫ਼ਾਂਸੀ ਦੇਣ ਲਈ 24 ਮਾਰਚ 1931 ਦਾ ਦਿਨ ਚੁਣਿਆ ਗਿਆ ਸੀ ਪਰ ਲੋਕਾਂ ਦੇ ਰੋਹ ਨੂੰ ਵੇਖਦੇ ਹੋਏ ਫ਼ਾਂਸੀ ਦੇਣ ਦਾ ਸਮਾਂ 11 ਘੰਟੇ ਪਹਿਲਾਂ ਕਰਕੇ 23 ਮਾਰਚ 1931 ਨੂੰ ਰਾਤ 7.30 ਵਜੇ ਤਿਨ੍ਹਾਂ ਨੂੰ ਫ਼ਾਂਸੀ ਦੇ ਦਿੱਤੀ ਗਈ।

ਭਗਤ ਸਿੰਘ ਭਾਵੇਂ ਆਪਣੇ ਸੁਪਨੇ ਨੂੰ ਸੱਚ ਹੁੰਦਾ ਨਹੀਂ ਵੇਖ ਸਕੀਆ ਪਰ ਉਸ ਦੀ ਨਿੱਕੀ ਉਮਰੇ ਦਿੱਤੀ ਵੱਡੀ ਸ਼ਹਾਦਤ ਨੇ ਦੇਸ਼ ਦੇ ਨੌਜਵਾਨਾਂ ਵਿਚ ਜੋਸ਼ ਦੀ ਆਜਿਹੀ ਲੋਹ ਜਗਾ ਦਿੱਤੀ ਜਿਸ ਅੱਗੇ ਅੰਗਰੇਜ਼ੀ ਸਾਮਰਾਜ ਦਾ ਹਨੇਰਾ ਹੋਰ ਜਿਆਦਾ ਦੇਰ ਨਹੀਂ ਟਿਕ ਸਕਿਆ ਤੇ ਉਨ੍ਹਾਂ ਨੂੰ ਭਾਰਤ ਛੱਡ ਕੇ ਜਾਣਾ ਪਿਆ।

ਨੀਰਜ ਯਾਦਵ, ਫਿਰੋਜ਼ਪੁਰ

8728000221

Leave a Reply

Your email address will not be published. Required fields are marked *