ਕਿਹੋ ਜਿਹਾ ਸੀ ਸਾਡਾ ਪਿਆਰਾ ਭਗਤ ਸਿੰਘ?
28 ਸਤੰਬਰ 1907 ਨੂੰ ਪਿੰਡ ਬੰਗਾ, ਤਹਿਸੀਲ ਜੜਾਂ ਵਾਲਾ ਜਿਲਾ ਲਾਇਲਪੁਰ (ਅਜਕਲ੍ਹ ਫੈਸਲਾਬਾਦ, ਪਾਕਿਸਤਾਨ) ਵਿਚ ਸ ਕਿਸ਼ਨ ਸਿੰਘ ਦੇ ਘਰ ਮਾਤਾ ਵਿਦਿਆਵਤੀ ਦੀ ਕੁੱਖ ਤੋਂ ਇਕ ਬਾਲਕ ਨੇ ਜਨਮ ਲਿਆ ਜਿਸ ਦਾ ਨਾਂ ਉਸਦੀ ਦਾਦੀ ਨੇ ‘ਭਾਗਾਂ ਵਾਲਾ’ ਰੱਖਿਆ ਕਿਉਂਕਿ ਉਸਦੇ ਜਨਮ ਦਿਨ ਦੇ ਨੇੜੇ ਤੇੜੇ ਉਸਦੇ ਪਿਤਾ ਅਤੇ ਚਾਚਾ ਅਜੀਤ ਸਿੰਘ ਅਜ਼ਾਦੀ ਸੰਗਰਾਮ ਵਿੱਚ ਸ਼ਾਮਿਲ ਹੋਣ ਦੇ ਜ਼ੁਰਮ ਵਿੱਚ ਅੰਗਰੇਜ਼ ਸਰਕਾਰ ਦੀ ਕੈਦ ਵਿੱਚੋਂ ਰਿਹਾ ਹੋ ਕੇ ਘਰ ਪਰਤੇ ਸਨ। ਕੌਣ ਜਾਣਦਾ ਸੀ ਕਿ ਇਹ ਭਾਗਾਂ ਵਾਲਾ ਹੀ ਭਗਤ ਸਿੰਘ ਬਣ ਕੇ ਭਾਰਤ ਦੀ ਅਜ਼ਾਦੀ ਦੇ ਸੁੱਤੇ ਭਾਗ ਜਗਾਏਗਾ।
ਭਗਤ ਸਿੰਘ ਦੇ ਬਾਲ ਮਨ ‘ਤੇ ਪਰਿਵਾਰ ਵਿਚਲੇ ਦੇਸ਼ ਭਗਤੀ ਦੇ ਵਾਤਾਵਰਣ ਦਾ ਡੂੰਘਾ ਅਸਰ ਹੋਇਆ। ‘ਪਗੜੀ ਸੰਭਾਲ ਜਟਾ’ ਨਾਂ ‘ਤੇ 1905 ਵਿੱਚ ਚਲੇ ਕਿਸਾਨ ਅੰਦੋਲਨ ਵਿੱਚ ਚਾਚਾ ਅਜੀਤ ਸਿੰਘ ਵੱਲੋਂ ਨਿਭਾਏ ਆਗੂ ਰੋਲ ਕਾਰਨ ਅੰਗ੍ਰੇਜ਼ੀ ਸਰਕਾਰ ਨੇ ਉਨਾਂ ਨੂੰ ਮਾਂਡਲੇ ਦੀ ਬਦਨਾਮ ਜੇਲ੍ਹ ਵਿੱਚ ਕੈਦ ਕਰ ਦਿੱਤਾ ਸੀ ਅਤੇ ਸਜਾ ਪੂਰੀ ਹੋਣ ਦੇ ਬਾਅਦ ਜਲਾਵਤਨ ਕਰ ਦਿੱਤਾ ਸੀ। ਛੋਟੇ ਹੁੰਦੇ ਭਗਤ ਸਿੰਘ ਨੇ ਆਪਣੀ ਚਾਚੀ, ਦਾਦੀ ਅਤੇ ਮਾਤਾ ਦੇ ਦੁੱਖਾਂ ਨੂੰ ਮਹਿਸੂਸ ਕੀਤਾ ਜਿਸ ਕਾਰਨ ਬਦੇਸੀ ਹਕੂਮਤ ਪ੍ਰਤੀ ਉਸਦੇ ਮਨ ਵਿਚ ਨਫ਼ਰਤ ਅਤੇ ਗੁੱਸੇ ਦੀ ਭਾਵਨਾ ਪੈਦਾ ਹੋ ਗਈ। ਭਗਤ ਸਿੰਘ 12 ਸਾਲ ਦੀ ਉਮਰ ਵਿੱਚ ਸੱਤਵੀਂ ਜਮਾਤ ਦਾ ਵਿਦਿਆਰਥੀ ਸੀ ਜਦੋਂ ਸਨ 1919 ਦੀ ਵਿਸਾਖੀ ਵਾਲੇ ਦਿਨ ਅੰਮ੍ਰਿਤਸਰ ਦੇ ਜਲਿਆਂਵਾਲਾ ਬਾਗ ਵਿੱਚ ਜਲਸੇ ਵਿੱਚ ਬੈਠੇ ਹਜ਼ਾਰਾਂ ਸ਼ਾਂਤਮਈ ਲੋਕਾਂ ਦੇ ਇਕੱਠ ‘ਤੇ ਅੰਨ੍ਹੇਵਾਹ ਗੋਲੀਆਂ ਦੀ ਵਾਛੜ ਕਰਵਾ ਕੇ ਭੂਤਰੇ ਹੋਏ ਅੰਗ੍ਰੇਜ਼ੀ ਫੌਜੀ ਅਫ਼ਸਰ ਨੇ ਸੈਂਕੜੇ ਬੇਗੁਨਾਹ ਲੋਕਾਂ ਦੀ ਹੱਤਿਆ ਕਰ ਦਿੱਤੀ ਜਿਨਾਂ ਵਿਚ ਸਭ ਧਰਮਾਂ ਦੇ ਬੱਚੇ, ਬਜ਼ੁਰਗ ਅਤੇ ਔਰਤਾਂ ਵੀ ਸ਼ਾਮਿਲ ਸਨ। ਭਗਤ ਸਿੰਘ ਘਰ ਦਿਆਂ ਨੂੰ ਦੱਸੇ ਬਿਨਾ ਅੰਮ੍ਰਿਤਸਰ ਗਿਆ ਅਤੇ ਸ਼ਹੀਦਾਂ ਦੇ ਖੂਨ ਨਾਲ ਸਿੰਜੀ ਮਿੱਟੀ ਇੱਕ ਸ਼ੀਸ਼ੀ ਵਿੱਚ ਪਾ ਕੇ ਲੈ ਆਇਆ ਜੋ ਉਸਨੂੰ ਹਮੇਸ਼ਾ ਅਜ਼ਾਦੀ ਲਈ ਕੁੱਝ ਕਰਨ ਦੀ ਪ੍ਰੇਰਨਾ ਦਿੰਦੀ ਰਹੀ।
ਅੰਗ੍ਰੇਜ ਸਰਕਾਰ ਦੀਆਂ ਜਾਬਰ ਨੀਤੀਆਂ ਵਿਰੁੱਧ 1920-21 ਵਿੱਚ ਕਾਂਗਰਸ ਪਾਰਟੀ ਦੇ ਪ੍ਰਮੁੱਖ ਨੇਤਾ ਮਹਾਤਮਾ ਗਾਂਧੀ ਨੇ ‘ਅਸਹਿਯੋਗ ਅੰਦੋਲਨ’ ਦਾ ਸੱਦਾ ਦਿੱਤਾ ਜਿਸਨੂੰ ਲੋਕਾਂ ਨੇ ਐਨਾ ਵਿਸ਼ਾਲ ਹੁੰਗਾਰਾ ਦਿੱਤਾ ਕਿ ਸਰਕਾਰ ਦੀਆਂ ਜੇਲ੍ਹਾਂ ਭਰ ਗਈਆਂ ਪਰ ਲੋਕਾਂ ਵਿੱਚ ਆਪ ਮੁਹਾਰੇ ਗ੍ਰਿਫਤਾਰੀਆਂ ਦੇਣ ਦਾ ਉਤਸ਼ਾਹ ਵਧਦਾ ਹੀ ਗਿਆ।
ਪਰ ਬਿਹਾਰ ਦੇ ‘ਚੌਰੀ ਚੌਰਾ’ ਸਥਾਨ ਤੇ ਪੁਲਿਸ ਦੇ ਜਬਰ ਤੋਂ ਤੰਗ ਆਏ ਲੋਕਾਂ ਵੱਲੋਂ ਥਾਣੇ ਨੂੰ ਅੱਗ ਲਾ ਕੇ ਸਾੜ ਦੇਣ ਦੀ ਘਟਨਾ ਨੂੰ ਅਧਾਰ ਬਣਾ ਕੇ ਅੰਦੋਲਨ ਵਾਪਸ ਲੈਣ ਦੇ ਗਾਂਧੀ ਜੀ ਦੇ ਫੈਸਲੇ ਕਾਰਨ ਭਗਤ ਸਿੰਘ ਸਮੇਤ ਸਭ ਨੌਜਵਾਨਾਂ ਨੂੰ ਭਾਰੀ ਨਿਰਾਸ਼ਾ ਹੋਈ ਜਿਨਾਂ ਨੇ ਪੜ੍ਹਾਈ ਅਤੇ ਸਰਕਾਰੀ ਨੌਕਰੀਆਂ ਦੀ ਫਿਕਰ ਛੱਡ ਕੇ ਅੰਦੋਲਨ ਵਿੱਚ ਵਧ ਚੜ੍ਹ ਕੇ ਭਾਗ ਲਿਆ ਸੀ। ਨੈਸ਼ਨਲ ਕਾਲਜ ਲਾਹੌਰ ਵਿੱਚ ਕ੍ਰਾਂਤੀਕਾਰੀ ਸਾਥੀਆਂ ਨਾਲ ਮੇਲ-ਮਿਲਾਪ ਬਾਅਦ ਭਗਤ ਸਿੰਘ ਹੁਰਾਂ ਨੇ ‘ਨੌਜਵਾਨ ਭਾਰਤ ਸਭਾ’ ਦੀ ਨੀਂਹ ਰੱਖੀ ਅਤੇ ਅਗੇ ਚਲ ਕੇ ਉੱਤਰੀ ਭਾਰਤ ਦੇ ਵਖ-ਵਖ ਰਾਜਾਂ ਦੇ ਕ੍ਰਾਂਤੀਕਾਰੀ ਸਾਥੀਆਂ ਦੀ ਪਾਰਟੀ ‘ਹਿੰਦੁਸਤਾਨ ਸਮਾਜਵਾਦੀ ਰਿਪਬਲਿਕਨ ਐਸੋਸੀਏਸ਼ਨ’ ਨਾਲ ਜੁੜ ਗਏ। ਇਸ ਜੱਥੇਬੰਦੀ ਵਿੱਚ ‘ਸਮਾਜਵਾਦੀ’ ਸ਼ਬਦ ਭਗਤ ਸਿੰਘ ਦੀ ਦੇਣ ਸੀ ਕਿਉਂਕਿ ਸਭ ਇਨਕਲਾਬੀ ਸਾਥੀਆਂ ਵਿੱਚ ਉਹ ਸਭ ਤੋਂ ਵੱਧ ਡੂੰਘਾ ਅਧਿਐਨ ਕਰਕੇ ਇਸ ਨਤੀਜੇ ਤੇ ਪਹੁੰਚ ਗਿਆ ਸੀ ਕਿ ਸਿਰਫ਼ ਗੋਰੇ ਅੰਗ੍ਰੇਜਾਂ ਨੂੰ ਦੇਸ਼ ਵਿੱਚੋਂ ਬਾਹਰ ਕਰਨ ਨਾਲ ਸਮੱਸਿਆ ਦਾ ਹੱਲ ਨਹੀਂ ਹੋਣਾ ਜਦੋਂ ਤੱਕ ਸਰਮਾਏਦਾਰ ਸਿਸਟਮ ਤਹਿਤ ਮਨੁੱਖ ਹੱਥੋਂ ਮਨੁੱਖ ਦੀ ਲੁੱਟ ਖ਼ਤਮ ਨਹੀਂ ਹੁੰਦੀ ਜਿਵੇਂ 1917 ਦੇ ਅਕਤੂਬਰ ਮਹੀਨੇ ਰੂਸ ਦੇ ਮਜ਼ਦੂਰਾਂ-ਕਿਸਾਨਾਂ ਨੇ ਇਨਕਲਾਬ ਕਰਕੇ ਨਿਜੀ ਜਾਇਦਾਦ ਦਾ ਖਾਤਮਾ ਕਰਕੇ ਸਾਂਝੀਵਾਲਤਾ ਵਾਲਾ ਸਮਾਜ ਬਣਾ ਲਿਆ ਸੀ ਜਿਸ ਨੂੰ ਸਮਾਜਵਾਦ ਕਿਹਾ ਜਾਂਦਾ ਹੈ।
ਭਾਰਤ ਵਾਸੀਆਂ ਵਿੱਚ ਵਧ ਰਹੀ ਬੇਚੈਨੀ ਅਤੇ ਜਾਗ੍ਰਿਤੀ ਨੂੰ ਠੰਡਾ ਕਰਨ ਲਈ ਬਦੇਸੀ ਹਕੂਮਤ ਨੇ ‘ਸਾਈਮਨ ਕਮਿਸ਼ਨ’ ਦੇ ਨਾਂ ਹੇਠ ਇੱਕ ਅੰਗ੍ਰੇਜ ਉੱਚ ਅਧਿਕਾਰੀ ਨੂੰ ਭਾਰਤ ਦੇ ਵਖ-ਵਖ ਸ਼ਹਿਰਾਂ ਵਿੱਚ ਗਲਬਾਤ ਕਰਕੇ ਰਿਪੋਰਟ ਬਨਾਉਣ ਲਈ ਭੇਜਿਆ। ਭਾਰਤੀ ਆਗੂਆਂ ਨੇ ਉਸਦੇ ਬਾਈਕਾਟ ਦਾ ਸੱਦਾ ਦਿੱਤਾ। 30 ਅਕਤੂਬਰ 1928 ਨੂੰ ਸਾਈਮਨ ਕਮਿਸ਼ਨ ਦੇ ਲਾਹੌਰ ਪਹੁੰਚਣ ‘ਤੇ ਬਜ਼ੁਰਗ ਕਾਂਗਰਸ ਆਗੂ ਲਾਲਾ ਲਾਜਪਤ ਰਾਏ ਦੀ ਅਗਵਾਈ ਵਿੱਚ ਉਸਦਾ ਕਾਲੇ ਝੰਡਿਆਂ ਨਾਲ ਵਿਰੋਧ ਕੀਤਾ ਗਿਆ ਅਤੇ “ਗੋ ਬੈਕ” ਦੇ ਨਾਹਰੇ ਲਾਏ ਗਏ। ਪੁਲਿਸ ਦੇ ਜਬਰਦਸਤ ਲਾਠੀਚਾਰਜ ਨਾਲ ਲਾਲਾ ਜੀ ਬੁਰੀ ਤਰਾਂ ਜਖ਼ਮੀ ਹੋ ਗਏ ਅਤੇ 19 ਨਵੰਬਰ ਨੂੰ ਉਨਾਂ ਦੀ ਮੌਤ ਹੋ ਗਈ। ਹਰਮਨ ਪਿਆਰੇ ਨੇਤਾ ਦੀ ਮੌਤ ਨੂੰ ਸਾਰੇ ਦੇਸ਼ ਦਾ ਅਪਮਾਨ ਮੰਨਦੇ ਹੋਏ ਭਗਤ ਸਿੰਘ, ਰਾਜਗੁਰੂ ਅਤੇ ਚੰਦਰ ਸ਼ੇਖਰ ਨੇ ਬਦਲਾ ਲੈਣ ਲਈ ਪੁਲਿਸ ਅਫਸਰ ਸਾਂਡਰਸ ਨੂੰ ਉਸਦੇ ਦਫ਼ਤਰ ਤੋਂ ਬਾਹਰ ਨਿਕਲਦੇ ਸਮੇਂ ਗੋਲੀਆਂ ਨਾਲ ਉਡਾ ਦਿੱਤਾ ਅਤੇ ਲਾਹੌਰ ਤੋਂ ਬਚ ਕੇ ਨਿਕਲ ਗਏ।
8 ਅਪ੍ਰੈਲ 1929 ਨੂੰ ਸ ਭਗਤ ਸਿੰਘ ਨੇ ਪਾਰਟੀ ਦੇ ਫੈਸਲੇ ਅਨੁਸਾਰ ਬਟੁਕੇਸ਼ਵਰ ਦੱਤ ਨਾਲ ਕੇਂਦਰੀ ਅਸੈਂਬਲੀ ਦਿੱਲੀ ਵਿੱਚ ਬੰਬ ਸੁੱਟੇ ਜਿਸਦਾ ਮਕਸਦ ਬੰਦੇ ਮਾਰਨਾ ਨਹੀਂ ਸਗੋਂ ਸਰਕਾਰ ਦੇ ਬੋਲੇ ਕੰਨਾਂ ਤੱਕ ਅਵਾਜ ਪਹੁੰਚਾਉਣਾ ਸੀ। ਸਰਕਾਰ ਧਕੇ ਨਾਲ ਦੋ ਕਾਲੇ ਕਾਨੂੰਨ ( ਟਰੇਡ ਡਿਸਪਿਊਟ ਬਿੱਲ ਅਤੇ ਪਬਲਿਕ ਸੇਫਟੀ ਬਿੱਲ) ਪਾਸ ਕਰਵਾਉਣਾ ਚਾਹੁੰਦੀ ਸੀ ਜਿਸਦਾ ਸਾਰੇ ਭਾਰਤ ਵਾਸੀ ਵਿਰੋਧ ਕਰ ਰਹੇ ਸਨ। ਬੰਬ ਸੁੱਟਣ ਬਾਅਦ ਉਹ ਚਾਹੁੰਦੇ ਤਾਂ ਬਚ ਕੇ ਨਿਕਲ ਸਕਦੇ ਸਨ ਪਰ ਭਗਤ ਸਿੰਘ ਦੀ ਰਾਇ ਮੁਤਾਬਿਕ ਪਾਰਟੀ ਦਾ ਫੈਸਲਾ ਸੀ ਕਿ ਜੋ ਵੀ ਬੰਬ ਸੁੱਟਣ ਜਾਵੇਗਾ, ਉਹ ਗ੍ਰਿਫ਼ਤਾਰੀ ਵੀ ਦੇਵੇਗਾ, ਮੁਕੱਦਮਾ ਚੱਲੇਗਾ, ਅਦਾਲਤੀ ਕਾਰਵਾਈ ਅਖ਼ਬਾਰਾਂ ਵਿੱਚ ਛਪੇਗੀ, ਦੇਸ਼ ਵਾਸੀਆਂ ਨੂੰ ਪਤਾ ਲੱਗ ਜਾਵੇਗਾ ਕਿ ਸਾਡੀ ਪਾਰਟੀ ਕਿਸ ਉਦੇਸ਼ ਵਾਸਤੇ ਲੜ ਰਹੀ ਹੈ। ਭਗਤ ਸਿੰਘ ਦੁਸ਼ਮਣ ਦੀਆਂ ਅਦਾਲਤਾਂ ਨੂੰ ਵੀ ਆਪਣੇ ਵਿਚਾਰਾਂ ਦੇ ਪ੍ਰਚਾਰ ਵਜੋਂ ਵਰਤਣਾ ਚੰਗੀ ਤਰਾਂ ਜਾਣਦੇ ਸਨ।
ਅਸੈਂਬਲੀ ਬੰਬ ਕਾਂਡ ਵਿਚ ਭਗਤ ਸਿੰਘ ਤੇ ਬੀ ਕੇ ਦੱਤ ਨੂੰ ਉਮਰ ਕੈਦ ਦੀ ਸਜਾ ਹੋਈ। ਬਾਅਦ ਵਿੱਚ ਭਗਤ ਸਿੰਘ ਨੂੰ ਲਾਹੌਰ ਲਿਆਂਦਾ ਗਿਆ ਜਿੱਥੇ ਉਸ ਦੇ ਨਾਲ ਰਾਜਗੁਰੂ ਅਤੇ ਸੁਖਦੇਵ ‘ਤੇ ਸਾਂਡਰਸ ਕਤਲ ਕੇਸ ਚਲਾਇਆ ਗਿਆ ਜਿਸ ਵਿਚ ਤਿੰਨਾਂ ਨੂੰ ਵਿਸ਼ੇਸ਼ ਟ੍ਰਿਬਿਊਨਲ ਵੱਲੋਂ ਫ਼ਾਂਸੀ ਦੀ ਸਜਾ ਸੁਣਾਈ ਗਈ। 23 ਮਾਰਚ 1931 ਨੂੰ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਨੇ ਹੱਸਦੇ ਹੋਏ ਫਾਂਸੀ ਦਾ ਰਸਾ ਚੁੰਮ ਕੇ ਗਲੇ ਵਿਚ ਪਾਇਆ ਅਤੇ ਦੇਸ਼ ਦੀ ਅਜ਼ਾਦੀ ਲਈ ਸ਼ਹੀਦ ਹੋ ਗਏ।
ਬੇਸ਼ੱਕ ਇਨਕਲਾਬੀ ਦੇਸ਼ ਭਗਤਾਂ ਵਿੱਚ ਬਹਾਦਰੀ ਅਤੇ ਕੁਰਬਾਨੀ ਦੇ ਪੱਖ ਤੋਂ ਸਾਰੇ ਇੱਕ ਦੂਜੇ ਤੋਂ ਵਧ ਚੜ੍ਹ ਕੇ ਸਨ। ਕਾਕੋਰੀ ਕਾਂਡ ਦੇ ਸ਼ਹੀਦ ਪੰਡਿਤ ਰਾਮ ਪ੍ਰਸਾਦ ਬਿਸਮਿਲ, ਅਸ਼ਫਾਕ ਉਲਾ, ਰੌਸ਼ਨ ਸਿੰਘ ਤੋਂ ਇਲਾਵਾ ਚੰਦਰ ਸ਼ੇਖਰ ਆਜ਼ਾਦ, ਭਗਵਤੀ ਚਰਨ ਵੋਹਰਾ, ਲਾਹੌਰ ਜੇਲ੍ਹ ਵਿੱਚ ਭੁੱਖ ਹੜਤਾਲ ਦੌਰਾਨ ਸ਼ਹੀਦ ਹੋਇਆ ਜਤਿਨ ਦਾਸ ਅਤੇ ਕਾਲੇ ਪਾਣੀ ਦੀ ਭੁੱਖ ਹੜਤਾਲ ਦਾ ਸ਼ਹੀਦ ਮਹਾਵੀਰ ਸਿੰਘ ਅਤੇ ਹੋਰ ਕਿੰਨੇ ਹੀ ਸਾਥੀ ਸਾਡੇ ਸਤਿਕਾਰ ਦੇ ਹੱਕਦਾਰ ਹਨ ਜਿਨਾਂ ਨੇ ਆਪਣੇ ਪਰਿਵਾਰ ਅਤੇ ਨਿਜੀ ਸੁਖ-ਅਰਾਮ ਇਸ ਲਈ ਤਿਆਗ ਦਿੱਤੇ ਤਾਕਿ ਉਨਾਂ ਦੇ ਕਰੋੜਾਂ ਦੇਸ਼ ਵਾਸੀ ਅਜ਼ਾਦੀ ਦਾ ਆਨੰਦ ਮਾਣ ਸਕਣ।
ਪਰ ਜਿਹੜੀ ਚੀਜ ਭਗਤ ਸਿੰਘ ਨੂੰ ਦੂਜੇ ਸ਼ਹੀਦਾਂ ਤੋਂ ਵੱਖਰਾ ਕਰਦੀ ਹੈ, ਉਹ ਹੈ ਉਸਦਾ ਵਿਚਾਰਧਾਰਕ ਪੱਖ ਅਤੇ ਵਿਗਿਆਨ ਸੋਚ। ਦੁਖ ਦੀ ਗੱਲ ਹੈ ਕਿ ਸਾਜਸ਼ੀ ਅਨਸਰਾਂ ਨੇ ਭਗਤ ਸਿੰਘ ਦਾ ਅਕਸ ਪਿਸਤੌਲਾਂ ਅਤੇ ਬੰਬਾਂ ਵਾਲਾ ਬਣਾ ਧਰਿਆ ਹੈ ਜਿਵੇਂ ਉਹ ਮਰਨ-ਮਾਰਣ ਲਈ ਹੀ ਦੁਨੀਆ ਤੇ ਆਇਆ ਹੋਵੇ। ਅਸਲੀਅਤ ਇਹ ਹੈ ਕਿ ਸਾਂਡਰਸ ਨੂੰ ਛੱਡ ਕੇ ਉਸ ਨੇ ਕਿਸੇ ਹੋਰ ਬੰਦੇ ਦੀ ਹੱਤਿਆ ਨਹੀਂ ਕੀਤੀ ਜਿਸ ਬਾਰੇ ਉਹ ਅਫਸੋਸ ਪ੍ਰਗਟ ਕਰਦਾ ਹੋਇਆ ਲਿਖਦਾ ਹੈ ਕਿ ਅਸੀਂ ਮਨੁੱਖ ਦੇ ਜੀਵਨ ਨੂੰ ਬੜਾ ਪਵਿੱਤਰ ਸਮਝਦੇ ਹਾਂ ਅਤੇ ਇੱਕ ਮਨੁੱਖ ਦਾ ਖੂਨ ਵਹਾਉਣ ਦਾ ਸਾਨੂੰ ਅਫਸੋਸ ਹੈ।। ਪਰ ਲੱਖਾਂ ਲੋਕਾਂ ਦੇ ਸਤਿਕਾਰਤ ਬਜ਼ੁਰਗ ਆਗੂ ਨੂੰ ਬੇਰਹਿਮੀ ਨਾਲ ਡਾਂਗਾਂ ਨਾਲ ਕੁੱਟ ਕੇ ਮਾਰ ਦੇਣ ਬਦਲੇ ਪੁਲਿਸ ਅਧਿਕਾਰੀ ਨੂੰ ਉਸਦੇ ਕੀਤੇ ਦੀ ਸਜਾ ਦੇਣਾ ਜ਼ਰੂਰੀ ਸੀ ਕਿਉਂਕਿ ਅਜ਼ਾਦੀ ਦੀ ਬਲੀਵੇਦੀ ‘ਤੇ ਕੁਝ ਨਾ ਕੁਝ ਖੂਨ ਤਾਂ ਡੁਲਦਾ ਹੀ ਹੈ।
ਜੇਲ੍ਹ ਅਧਿਕਾਰੀਆਂ ਵੱਲੋਂ ਉਸ ਦੇ ਹਸਤਾਖਰ ਲੈ ਕੇ ਦਿੱਤੀ ਗਈ 404 ਪੇਜ ਦੀ ਨੋਟ ਬੁੱਕ ਦੇ ਪੰਨਾ ਨੰਬਰ 16 ਤੇ ਭਗਤ ਸਿੰਘ ਕਿਸੇ ਅਗਿਆਤ ਸੋਮੇ ਦੇ ਹਵਾਲੇ ਨਾਲ ਲਿਖਦਾ ਹੈ:-
“ਰਾਜੇ ਦੀ ਤਨਖ਼ਾਹ”-
“ਇੱਕ ਵਿਅਕਤੀ ਦਾ ਪੇਟ ਭਰਨ ਵਾਸਤੇ ਕਿਸੇ ਦੇਸ਼ ਦੇ ਟੈਕਸਾਂ ਵਿੱਚੋਂ ਦਸ ਲੱਖ ਸਟਰਲਿੰਗ (ਅਜ ਦੇ ਕਰੀਬ ਦਸ ਕਰੋੜ ਰੁਪਏ) ਦੇਣ ਦੀ ਗੱਲ ਕਰਨਾ ਅਣਮਨੁੱਖੀ ਹੈ, ਜਦਕਿ ਹਜ਼ਾਰਾਂ ਲੋਕ ਜੋ ਇਸ ਵਿੱਚ ਹਿਸਾ ਪਾਉਣ ਲਈ ਮਜ਼ਬੂਰ ਕੀਤੇ ਜਾਂਦੇ ਹਨ, ਤੰਗੀਆਂ, ਤੋਟਾਂ ਅਤੇ ਬਦਹਾਲੀ ਨਾਲ ਜੂਝ ਰਹੇ ਹਨ। ਸਰਕਾਰ ਜੇਲਾਂ ਅਤੇ ਰਾਜ ਮਹੱਲਾਂ ਦੇ ਵਿਚਕਾਰ ਜਾਂ ਕੰਗਾਲੀ ਅਤੇ ਸ਼ਾਨ ਸ਼ੌਕਤ ਦੇ ਵਿਚਕਾਰ ਕਿਸੇ ਸਮਝੌਤੇ ਦੇ ਰੂਪ ਵਿੱਚ ਨਹੀਂ ਹੁੰਦੀ।
ਸਰਕਾਰ ਇਸ ਲਈ ਨਹੀਂ ਬਣਾਈ ਜਾਂਦੀ ਕਿ ਲੋੜਵੰਦ ਤੋਂ ਉਸਦੀ ਦਮੜੀ ਵੀ ਲੁੱਟ ਲਈ ਜਾਵੇ ਅਤੇ ਖਸਤਾਹਾਲ ਗਰੀਬਾਂ ਦੀ ਦੁਰਦਸ਼ਾ ਹੋਰ ਵਧਾ ਦਿੱਤੀ ਜਾਵੇ।”
ਕੀ ਭਗਤ ਸਿੰਘ ਦੇ ਲਿਖੇ ਉਕਤ ਨੋਟ ਵਾਲਾ ਵੇਰਵਾ 77 ਸਾਲ ਦੀ ਅਜ਼ਾਦੀ ਦੇ ਬਾਅਦ ਵਾਲੇ ਭਾਰਤ ਦੀਆਂ ਹਾਲਤਾਂ ਤੇ ਲਾਗੂ ਨਹੀਂ ਹੋ ਰਿਹਾ? ਦੇਸ਼ ਦੀ 60% ਅਬਾਦੀ ਅਜੇ ਵੀ ਪੰਜ ਕਿਲੋ ਮੁਫ਼ਤ ਸਰਕਾਰੀ ਅਨਾਜ ਦੀ ਭੀਖ ਤੇ ਜਿਊਣ ਲਈ ਮਜ਼ਬੂਰ ਹੈ। ਹਰ ਰੋਜ ਕਿੰਨੇ ਹੀ ਕਿਸਾਨ, ਮਜ਼ਦੂਰ ਅਤੇ ਬੇਰੁਜ਼ਗਾਰ ਨੌਜਵਾਨ ਗ਼ਰੀਬੀ ਅਤੇ ਕਰਜੇ ਦੇ ਜਾਲ ਵਿੱਚ ਫਸ ਕੇ ਖੁਦਕੁਸ਼ੀ ਕਰ ਰਹੇ ਹਨ।
ਦੂਜੇ ਪਾਸੇ ਦੇਸ਼ ਦੀ ਸਰਕਾਰ ਨੇ 25 ਅਰਬਪਤੀ ਧਨਾਢਾਂ ਦਾ 16 ਲੱਖ ਕਰੋੜ ਰੁਪਏ ਦਾ ਕਰਜ਼ਾ ਮੁਆਫ ਕਰ ਦਿੱਤਾ ਹੈ। ਲੋਕ ਮਹਿੰਗਾਈ ਅਤੇ ਬੇਰੁਜ਼ਗਾਰੀ ਦੀ ਚੱਕੀ ਵਿੱਚ ਪਿਸ ਰਹੇ ਹਨ ਜਦਕਿ ਉਨਾਂ ਦੇ ਚੁਣੇ ਹੋਏ ਵਿਧਾਇਕ ਅਤੇ ਸਾਂਸਦ ਲੋਕਾਂ ਤੋਂ ਹੀ ਵਸੂਲੇ ਟੈਕਸਾਂ ਦੇ ਧਨ ਨਾਲ ਠਾਠ ਕਰ ਰਹੇ ਹਨ। ਪਿਛਲੇ ਦਿਨੀਂ ਅੰਬਾਨੀ ਸੇਠ ਨੇ ਆਪਣੇ ਪੁੱਤ ਦੇ ਵਿਆਹ ਤੇ ਜਿੰਨੀ ਬੇਸ਼ਰਮੀ ਨਾਲ ਆਪਣੀ ਦੌਲਤ ਦਾ ਵਿਖਾਵਾ ਕੀਤਾ ਹੈ, ਉਹ ਉਨਾਂ ਕਰੋੜਾਂ ਭਾਰਤ ਵਾਸੀਆਂ ਦੇ ਜਖਮਾਂ ਤੇ ਲੂਣ ਛਿੜਕਣ ਵਾਂਗ ਹੈ ਜੋ ਕਦੇ ਇਲਾਜ ਖੁਣੋਂ ਕਰੋਨਾ ਵਰਗੀਆਂ ਮਹਾਂਮਾਰੀਆਂ ਦੀ ਭੇਂਟ ਚੜ ਜਾਂਦੇ ਹਨ ਜਾਂ ਮਹਾਨਗਰਾਂ ਦੀਆਂ ਗੰਦੀਆਂ ਬਸਤੀਆਂ ਵਿੱਚ ਝੁੱਗੀਆਂ ਝੌਂਪੜੀਆਂ ਜਾਂ ਪਿੰਡਾਂ ਦੇ ਕੱਚੇ ਕੋਠਿਆਂ ਵਿੱਚ ਜਾਨਵਰਾਂ ਵਾਂਗ ਨਰਕ ਵਰਗੀ ਜੂਨ ਹੰਢਾ ਰਹੇ ਹਨ।
ਅੰਗਰੇਜਾਂ ਵਾਲੇ ਕਾਲੇ ਕਾਨੂੰਨ ਜਿਨਾਂ ਖਿਲਾਫ ਭਗਤ ਸਿੰਘ ਨੇ ਬੰਬ ਸੁੱਟਿਆ ਸੀ, ਤੋਂ ਵੀ ਜਾਬਰ ਕਾਨੂੰਨ ਵਖ-ਵਖ ਨਾਂਵਾਂ ਹੇਠ ਮੌਜੂਦਾ ਸਰਕਾਰਾਂ ਨੇ ਵੀ ਲਿਆਂਦੇ ਹੋਏ ਹਨ ਤਾਕਿ ਵਿਰੋਧ ਕਰਨ ਵਾਲੇ ਜਾਗ੍ਰਿਤ ਲੋਕਾਂ ਨੂੰ ਸਬਕ ਸਿਖਾਇਆ ਜਾ ਸਕੇ। ਦੇਸ਼ ਦੀ ਜਵਾਨੀ, ਜਿਸ ਦੇ ਭਵਿੱਖ ਬਾਰੇ ਭਗਤ ਸਿੰਘ ਬੜਾ ਫਿਕਰਮੰਦ ਹੋ ਕੇ ਜੇਲ੍ਹ ਵਿੱਚੋਂ ਵੀ ਪੈਗ਼ਾਮ ਲਿਖਦਾ ਰਿਹਾ ਸੀ, ਅੱਜ ਨਸ਼ਿਆਂ ਵਿੱਚ ਗਰਕ ਹੋ ਰਹੀ ਹੈ ਜਾਂ ਆਪਣੇ ਫਰਜ਼ਾਂ ਤੋਂ ਮੂੰਹ ਮੋੜ ਕੇ ਬਦੇਸਾਂ ਵੱਲ ਪ੍ਰਵਾਸ ਕਰ ਰਹੀ ਹੈ। ਜੇ ਅੱਜ ਭਗਤ ਸਿੰਘ ਹੁੰਦਾ ਤਾਂ ਇਹ ਹਾਲਾਤ ਵੇਖ ਕੇ ਕੀ ਸੋਚਦਾ? ਇਹ ਸਵਾਲ ਸਾਨੂੰ ਆਪਣੇ-ਆਪ ਨੂੰ ਕਰਨਾ ਚਾਹੀਦਾ ਹੈ ਕਿ ਸ ਭਗਤ ਸਿੰਘ ਅਤੇ ਉਸਦੇ ਸਾਥੀਆਂ ਦੇ ਅਧੂਰੇ ਸੁਪਨਿਆਂ ਨੂੰ ਪੂਰਾ ਕਰਨ ਲਈ ਅਸੀਂ ਕੀ ਕਰ ਰਹੇ ਹਾਂ।
ਚਲੋ, ਇੱਕ ਗੱਲ ਚੰਗੀ ਹੋਈ ਹੈ ਕਿ ਸ ਭਗਤ ਸਿੰਘ ਹੁਰਾਂ ਦੇ ਸਿਰਫ਼ ਸ਼ਹੀਦੀ ਦਿਹਾੜੇ ਮਨਾਉਣ ਤੋਂ ਅੱਗੇ ਵਧ ਕੇ ਅਸੀਂ ਉਸਦੇ ਜਨਮ ਦਿਨ ਵੀ ਮਨਾਉਣ ਲਗੇ ਹਾਂ। ਸਾਲ ਵਿੱਚ ਦੋ ਵਾਰ ਤਾਂ ਯਾਦ ਕਰਨਾ ਬਣਦਾ ਹੈ ਤਾਕਿ ਇਹ ਚੇਤੇ ਰਹੇ:-
“ਸ਼ਹੀਦੋ ਤੁਹਾਡਾ ਕਾਜ ਅਧੂਰਾ,
ਲਾ ਕੇ ਜਿੰਦਗੀਆਂ ਕਰਾਂਗੇ ਪੂਰਾ।”
ਅਸ਼ੋਕ ਕੌਸ਼ਲ,ਪ੍ਰਧਾਨ,
ਰਾਮ ਮੁਹੰਮਦ ਸਿੰਘ ਅਜ਼ਾਦ ਵੈਲਫੇਅਰ ਸੋਸਾਇਟੀ (ਰਜਿਸਟਰਡ), ਕੋਟਕਪੂਰਾ, ਜਿਲਾ ਫਰੀਦਕੋਟ।
ਮੋਬਾਈਲ 9463785848