Punjab News: ਸਾਂਝਾ ਅਧਿਆਪਕ ਮੋਰਚੇ ਦੇ ਸੱਦੇ ‘ਤੇ ਸਿੱਖਿਆ ਮੰਤਰੀ ਦਾ ਪੁਤਲਾ ਫੂਕ ਕੇ ਕੀਤੀ ਗਈ ਨਾਅਰੇਬਾਜ਼ੀ

All Latest NewsNews FlashPunjab News

 

8 ਮਾਰਚ ਨੂੰ ਆਨੰਦਪੁਰ ਸਾਹਿਬ ਵਿਖੇ ਕੀਤੀ ਜਾਵੇਗੀ ਵਿਸ਼ਾਲ ਸੂਬਾ ਪੱਧਰੀ ਰੈਲੀ-ਸੁਰਿੰਦਰ ਕੰਬੋਜ

ਪੰਜਾਬ ਨੈੱਟਵਰਕ, ਜਲਾਲਾਬਾਦ-

ਸਾਂਝਾ ਅਧਿਆਪਕ ਮੋਰਚਾ ਪੰਜਾਬ ਦੇ ਸੱਦੇ ਤੇ ਜਲਾਲਾਬਾਦ ਤਹਿਸੀਲ ਦੇ ਅਧਿਆਪਕਾਂ ਨੇ ਸਿੱਖਿਆ ਮੰਤਰੀ ਦਾ ਪੁਤਲਾ ਫੂਕ ਕੇ ਪੰਜਾਬ ਸਰਕਾਰ ਖਿਲਾਫ ਨਾਅਰੇਬਾਜ਼ੀ ਕੀਤੀ। ਅਧਿਆਪਕਾਂ ਨੂੰ ਸੰਬੋਧਨ ਕਰਦਿਆਂ ਸਾਂਝਾ ਅਧਿਆਪਕ ਮੋਰਚਾ ਦੇ ਆਗੂਆਂ ਸੂਬਾ ਕਨਵੀਨਰ ਸੁਰਿੰਦਰ ਕੰਬੋਜ,, ਮੇਜਰ ਸਿੰਘ, ਕਪਿਲ ਕਪੂਰ, ਮਦਨ ਲਾਲ ਨੇ ਕਿਹਾ ਕਿ ਪੰਜਾਬ ਵਿੱਚ ਬਦਲਾਅ ਦੇ ਨਾਮ ਤੇ ਬਣੀ ਸਰਕਾਰ ਤੋਂ ਪੰਜਾਬ ਦੇ ਮੁਲਾਜਮਾਂ, ਕਿਸਾਨਾਂ, ਮਜਦੂਰਾਂ ਅਤੇ ਵਿਦਿਆਰਥੀਆਂ ਨੂੰ ਬਹੁਤ ਉਮੀਦਾਂ ਸਨ ਪਰ ਸਾਰੇ ਵਰਗਾਂ ਦੀਆਂ ਉਮੀਦਾਂ ਧਰੀਆਂ-ਧਰਾਈਆਂ ਰਹਿ ਗਈਆਂ। ਦੋ ਏਜੰਡਿਆਂ ਸਿੱਖਿਆ ਅਤੇ ਸਿਹਤ ਨੂੰ ਮੁੱਖ ਰੱਖ ਕੇ ਬਣੀ ਸਰਕਾਰ ਨੇ ਦੋਵਾਂ ਖੇਤਰਾਂ ਵਿੱਚ ਪੰਜਾਬ ਨੂੰ ਪਿੱਛੇ ਧੱਕ ਦਿੱਤਾ ਹੈ।

ਪੰਜਾਬ ਦਾ ਸਿੱਖਿਆ ਮੰਤਰੀ ਅਧਿਆਪਕਾਂ ਦੀਆਂ ਮੀਟਿੰਗਾਂ ‘ਤੇ ਬੁਲਾ ਕੇ ਅਤੇ ਫਿਰ ਮੀਟਿੰਗਾਂ ਵਿੱਚ ਮੰਗਾਂ ਮੰਨ ਕੇ ਮੁੱਕਰ ਰਿਹਾ ਹੈ। ਪੰਜਾਬ ਦਾ ਸਿੱਖਿਆ ਮੰਤਰੀ ਚਲਦੀਆਂ ਮੀਟਿੰਗਾਂ ਵਿੱਚ ਅੱਧ ਵਿਚਕਾਰੋਂ ਭੱਜ ਰਿਹਾ ਹੈ। ਆਗੂਆਂ ਨੇ ਐਲਾਨ ਕੀਤਾ ਕਿ ਤਹਿਸੀਲ ਪੱਧਰੀ ਅਰਥੀ ਫੁਕ ਮੁਜਹਾਰਿਆ ਤੋਂ ਬਾਅਦ 8 ਮਾਰਚ ਨੂੰ ਆਨੰਦਪੁਰ ਸਾਹਿਬ ਵਿਖੇ ਵਿਸ਼ਾਲ ਸੂਬਾ ਪੱਧਰੀ ਰੈਲੀ ਕੀਤੀ ਜਾਵੇਗੀ। ਆਗੂਆਂ ਨੇ ਮੰਗਾਂ ਦਾ ਜਿਕਰ ਕਰਦਿਆਂ ਕਿਹਾ ਕਿ ਪੀ.ਟੀ. ਆਈਜ਼ / ਆਰਟ ਐਂਡ ਕਰਾਫਟ ਟੀਚਰਜ਼ ਦੀ ਤਨਖਾਹ ਕਟੌਤੀ ਦਾ ਪੱਤਰ ਵਾਪਸ ਲੈਣ, ਲੈਕਚਰਾਰਾਂ ਅਤੇ ਮਾਸਟਰ ਕੇਡਰ ਦੀਆਂ ਤਰੱਕੀਆਂ ਵਿੱਚ ਸਾਰੀਆਂ ਖਾਲੀ ਪੋਸਟਾਂ ਦਿਖਾ ਕੇ ਦੁਬਾਰਾ ਸਟੇਸ਼ਨ ਚੋਣ ਕਰਵਾਉਣ।

ਕੰਪਿਊਟਰ ਅਧਿਆਪਕਾਂ ਨੂੰ ਪਿਕਟਸ ਸੁਸਾਇਟੀ ਦੀ ਬਜਾਏ ਸਿੱਖਿਆ ਵਿਭਾਗ ਵਿੱਚ ਸ਼ਿਫਟ ਕਰਨ ਸਮੇਤ ਤਨਖਾਹ ਦੁਹਰਾਈ ਅਤੇ ਮਹਿੰਗਾਈ ਭੱਤੇ ਦੇ ਪੱਤਰ ਲਾਗੂ ਕਰਨ, 2018 ਦੇ ਅਧਿਆਪਕ ਵਿਰੋਧੀ ਨਿਯਮ ਰੱਦ ਕਰਨ, ਸਿੱਖਿਆ ਨੀਤੀ 2020 ਰੱਦ ਕਰਕੇ ਪੰਜਾਬ ਦੀ ਸਿੱਖਿਆ ਨੀਤੀ ਬਣਾਉਣ, 16 ਫਰਵਰੀ 2024 ਦੀ ਕੌਮੀ ਹੜਤਾਲ ਵਿੱਚ ਭਾਗ ਲੈਣ ਵਾਲੇ ਅਧਿਆਪਕਾਂ ਦੀ ਤਨਖਾਹ ਕਟੌਤੀ ਦਾ ਪੱਤਰ ਵਾਪਸ ਲੈਣ, ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰਨ, ਬੀ.ਐਲ.ਓ. ਸਮੇਤ ਅਧਿਆਪਕਾਂ ਤੋਂ ਵੱਖ-ਵੱਖ ਗੈਰ ਵਿੱਦਿਅਕ ਕੰਮ ਲੈਣੇ ਤੁਰੰਤ ਬੰਦ ਕੀਤੇ ਜਾਣ, ਬਦਲੀਆਂ ਦਾ ਕੰਮ ਨਵੇਂ ਸੈਸ਼ਨ ਤੋਂ ਪਹਿਲਾਂ ਪਹਿਲਾਂ ਮੁਕੰਮਲ ਕੀਤਾ ਜਾਵੇ, ਆਪਣੇ ਵਾਅਦੇ ਅਨੁਸਾਰ ਵਿਸ਼ੇਸ਼ ਕੈਟਾਗਰੀਆਂ ਲਈ ਬਦਲੀ ਦਾ ਪੋਰਟਲ ਹਰ ਮਹੀਨੇ ਖੋਲਿਆ ਜਾਵੇ।

ਐਸ. ਐਲ. ਏ. ਦੀ ਪੋਸਟ ਦਾ ਨਾਂ ਬਦਲਣ, ਪ੍ਰਾਇਮਰੀ ਸਕੂਲਾਂ ਵਿੱਚ ਜਮਾਤਵਾਰ ਅਤੇ ਮਿਡਲ, ਹਾਈ, ਸੀਨੀਅਰ ਸੈਕੰਡਰੀ ਸਕੂਲਾਂ ਵਿੱਚ ਵਿਸ਼ਾਵਾਰ ਅਧਿਆਪਕਾਂ ਦੀ ਨਿਯੁਕਤੀ ਕਰਨ, ਦਫਤਰੀ ਕਾਮਿਆਂ ਸਮੇਤ ਹਰ ਤਰ੍ਹਾਂ ਦੇ ਰਹਿੰਦੇ ਕੱਚੇ ਅਧਿਆਪਕ ਪੂਰੇ ਗ੍ਰੇਡ ‘ਤੇ ਪੱਕੇ ਕਰਨ, ਮੈਰੀਟੋਰੀਅਸ ਅਤੇ ਆਦਰਸ਼ ਸਕੂਲਾਂ ਦੇ ਸਟਾਫ ਨੂੰ ਸਿੱਖਿਆ ਵਿਭਾਗ ਵਿੱਚ ਪੱਕੇ ਕਰਨ, ਮਿਡਲ ਸਕੂਲਾਂ ਦੀ ਮਰਜਿੰਗ ਰੱਦ ਕਰਨ, ਹਰ ਵਰਗ ਦੀਆਂ ਰਹਿੰਦੀਆਂ ਤਰੱਕੀਆਂ ਕਰਨ, ਬੀ.ਪੀ.ਈ.ਓ., ਹੈੱਡ ਮਾਸਟਰ ਤੇ ਪ੍ਰਿੰਸੀਪਲ ਅਤੇ ਈ.ਟੀ.ਟੀ. ਤੋਂ ਮਾਸਟਰ ਕਾਡਰ ਦੀਆਂ ਪਰਮੋਸ਼ਨਾਂ ਕਰਨ, ਸੀ. ਈ. ਪੀ. ਤਹਿਤ ਵਿਦਆਰਥੀਆਂ ਅਤੇ ਅਧਿਆਪਕਾਂ ਨੂੰ ਸਿੱਖਿਆ ਤੋਂ ਹਟਾ ਕੇ ਫਰਜ਼ੀ ਰਿਕਾਰਡ ਬਣਵਾਉਣਾ ਬੰਦ ਕਰਨ।

ਵਰਦੀਆਂ ਦੀ ਮਿਆਰੀ ਖਰੀਦ ਸਕੂਲ ਪੱਧਰ ਤੇ ਕਰਵਾਉਣ,ਹਰ ਤਰ੍ਹਾਂ ਦੇ ਗੈਰ ਵਿਦਅਕ ਕੰਮ ਅਧਿਆਪਕਾਂ ਤੋਂ ਲੈਣੇ ਬੰਦ ਕਰਨ, ਉਚੇਰੀ ਗ੍ਰੇਡ ਪੇਅ ਬਹਾਲ ਰੱਖਦਿਆਂ ਜਨਵਰੀ 2016 ਤੋਂ 125% ਮਹਿੰਗਾਈ ਭੱਤੇ ‘ਤੇ ਤਨਖਾਹ ਦੁਹਰਾਈ ਕਰਨ, ਤਨਖਾਹ ਕਮਿਸ਼ਨ ਦੀ ਰਹਿੰਦੀ ਰਿਪੋਰਟ ਜਾਰੀ ਕਰਨ ਅਤੇ ਤਰੁਟੀਆਂ ਦੂਰ ਕਰਨ, ਸੋਧ ਦੇ ਨਾਂ ਤੇ ਬੰਦ ਕੀਤੇ ਪੇਂਡੂ ਭੱਤੇ ਸਮੇਤ ਸਮੁੱਚੇ ਭੱਤੇ ਬਹਾਲ ਕਰਨ, ਤਨਖਾਹ ਦੁਹਰਾਈ ਅਤੇ ਮਹਿੰਗਾਈ ਭੱਤੇ ਦੀਆਂ ਕਿਸ਼ਤਾਂ ਦੇ ਬਕਾਏ ਤੁਰੰਤ ਜਾਰੀ ਕਰਨ ਸਮੇਤ ਅਧਿਆਪਕਾਂ ਦੇ ਸਮੁੱਚੇ ਮਸਲੇ ਹੱਲ ਕਰਨ ਦੀ ਮੰਗ ਕੀਤੀ। ਅੱਜ ਦੇ ਇਸ ਜਥੇਬੰਦਕ ਸੈਸ਼ਨ ਵਿੱਚ ਰਾਜ ਕੁਮਾਰ ਮਾਹਮੂਜੋਈਆ, ਸਤਨਾਮ ਸਿੰਘ, ਅਸ਼ੋਕ ਕੁਮਾਰ, ਰਾਜ ਕੁਮਾਰ ਬੂੰਗਾ, ਪਵਨ ਕੁਮਾਰ, ਸੁਰਜੀਤ ਸਿੰਘ ਪਰੂਥੀ, ਸੁਖਦੇਵ ਸਿੰਘ ਬੂੰਗਾ, ਕੁਲਵੰਤ ਰਾਏ, ਸੰਦੀਪ ਸਿੰਘ, ਓਮ ਪ੍ਰਕਾਸ਼, ਪੰਕਜ ਕੁਮਾਰ, ਸਰਬੂਟਾ ਸਿੰਘ ,ਅਮਿਤ ਸ਼ਰਮਾ, ਪ੍ਰਭਦੀਪ ਸਿੰਘ, ਅਮਨਦੀਪ ਸੋਢੀ, ਰਜੇਸ਼ ਨਾਰੰਗ, ਮੁਕੇਸ਼ ਕੁਮਾਰ ਆਦਿ ਅਧਿਆਪਕ ਆਗੂ ਹਾਜਰ ਸਨ।

Media PBN Staff

Media PBN Staff

Leave a Reply

Your email address will not be published. Required fields are marked *