Gursharan Singh Bhaa ji: ਗੁਰਸ਼ਰਨ ਸਿੰਘ ਭਾਅ ਜੀ ਦੀ ਯਾਦ ‘ਚ ਹੋਇਆ ਲਾ-ਮਿਸਾਲ ਸਮਾਗਮ!

All Latest NewsGeneral NewsNews FlashPunjab NewsTop BreakingTOP STORIES

 

Gursharan Singh Bhaa ji: ਜਿਸ ਲਾਹੌਰ ਨਹੀਂ ਵੇਖਿਆ ਉਹ ਜੰਮਿਆਂ ਹੀ ਨਹੀਂ ਨਾਟਕ ਨੇ ਛੱਡੀ ਅਮਿੱਟ ਛਾਪ

ਦਲਜੀਤ ਕੌਰ, ਬਰਨਾਲਾ

Gursharan Singh Bhaa ji: ਇਨਕਲਾਬੀ ਰੰਗ ਮੰਚ ਦੇ ਪਿਤਾਮਾ ਗੁਰਸ਼ਰਨ ਭਾਜੀ ਦੇ ਵਿਛੋੜੇ ਵਾਲੇ ਦਿਨ ਅੱਜ ਸ਼ਕਤੀ ਕਲਾ ਮੰਦਰ ਬਰਨਾਲਾ ਵਿਖੇ ਇਨਕਲਾਬੀ ਰੰਗ ਮੰਚ ਦਿਹਾੜਾ ਪੂਰੇ ਇਨਕਲਾਬੀ ਜੋਸ਼ ਨਾਲ ਮਨਾਇਆ‌ ਗਿਆ। ਪੰਜਾਬ ਲੋਕ ਸੱਭਿਆਚਾਰਕ ਮੰਚ ਪਲਸ ਮੰਚ ਵੱਲੋਂ ਇਨਕਲਾਬੀ ਜਨਤਕ ਜਮਹੂਰੀ ਜਥੇਬੰਦੀਆਂ ਦੇ ਸਹਿਯੋਗ ਨਾਲ ਹੋਏ ਸੂਬਾਈ ਸਲਾਨਾ ਸਮਾਗਮ ਵਿੱਚ ਵੱਡੀ ਗਿਣਤੀ ਮਰਦਾਂ ਔਰਤਾਂ ਦੇ ਕਾਫ਼ਲੇ ਜੁੜੇ।

ਇਸ ਸਮਾਗਮ ਦੀ ਮੁੱਖ ਵਕਤਾ ਗੁਰਸ਼ਰਨ ਸਿੰਘ ਦੀ ਧੀ ਉੱਘੀ ਵਿਦਵਾਨ ਸਮਾਜਿਕ ਜਮਹੂਰੀ ਕਾਰਕੁਨ ਡਾਕਟਰ ਨਵ ਸ਼ਰਨ ਨੇ ਸੰਬੋਧਨ ਕਰਦਿਆਂ ਕਿਹਾ ਕਿ ਗੁਰਸ਼ਰਨ ਸਿੰਘ ਦਾ ਰੰਗ ਮੰਚ ਲੋਕਾਂ ਵਿੱਚੋਂ ਉੱਗਿਆ, ਜਵਾਨ ਹੋਇਆ ਅਤੇ ਲੋਕਾਂ ਦੇ ਦਿਲਾਂ ਵਿੱਚ ਵਸਿਆ ਇਹ ਭਵਿੱਖ ਵਿੱਚ ਹੋਰ ਵੀ ਮੌਲਰੇਗਾ।

ਡਾ. ਨਵਸ਼ਰਨ ਨੇ ਕਿਹਾ ਕਿ ਅੱਜ ਲੋਕਾਂ ਉੱਪਰ ਝੁੱਲ ਰਹੇ ਜਬਰ ਦੇ ਝੱਖੜ ਅਤੇ ਕਾਰਪੋਰੇਟ ਜਗਤ ਵੱਲੋਂ ਬੋਲੇ ਜਾ ਰਹੇ ਹੱਲੇ ਖਿਲਾਫ ਲੜਨ ਦੀ ਰੰਗ ਮੰਚ ਜਾਂਚ ਸਿਖਾਉਂਦਾ ਹੈ। ਇਸ ਮੌਕੇ ਸ਼ਮਾ ਰੌਸ਼ਨ ਕੀਤੀ ਗਈ ਗੁਰਸ਼ਰਨ ਭਾਜੀ ਦੀ ਤਸਵੀਰ ਤੇ ਫੁੱਲਾਂ ਦੀ ਵਰਖਾ ਕੀਤੀ ਗਈ ਅਤੇ ਪਲਸ ਮੰਚ ਦੀ ਸੂਬਾ ਕਮੇਟੀ ਦੇ ਨਾਲ ਦਰਜਨਾਂ ਲੋਕ ਜਥੇਬੰਦੀਆਂ ਦੇ ਆਗੂਆਂ ਨੇ ਮੋਮਬੱਤੀਆਂ ਹੱਥੀਂ ਫੜ੍ਹ ਕੇ ਮੰਚ ਤੇ ਮੋਢੇ ਸੰਗ ਮੋਢਾ ਜੋੜਿਆ।

ਇਨ੍ਹਾਂ ਪਲਾਂ ਮੌਕੇ ਪਲਸ ਮੰਚ ਦੇ ਪ੍ਰਧਾਨ ਅਮੋਲਕ ਸਿੰਘ ਨੇ ਸੰਬੋਧਨ ਕਰਦੇ ਹੋਏ ਕਲਮ ਕਲਾ ਤੇ ਲੋਕਾਂ ਦੀ ਗਲਵੱਕੜੀ ਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਗੁਰਸ਼ਰਨ ਭਾਜੀ ਦੇ ਯਾਦਗਾਰੀ ਸਮਾਗਮ ਮੌਕੇ ਅਹਿਦ ਕਰਨ ਦੀ ਲੋੜ ਹੈ ਕਿ ਪਿੰਡ ਪਿੰਡ ਥੜਾ ਥਿਟਰ ਉਸਾਰੀਏ। ਹਰੇਕ ਮਹੀਨੇ, ਹਰੇਕ ਪਿੰਡ ਨਾਟਕ ਅਤੇ ਗੀਤ ਸੰਗੀਤ ਸਮਾਗਮ ਕੀਤੇ ਜਾਣ। ਲਾਈਬ੍ਰੇਰੀਆਂ, ਗੀਤ, ਸੰਗੀਤ ਸਾਡੀ ਸਰਗਰਮੀ ਦਾ ਅਟੁੱਟ ਅੰਗ ਹੋਣਾ ਚਾਹੀਦਾ ਹੈ। ਉਹਨਾਂ ਖ਼ਬਰਦਾਰ ਕੀਤਾ ਕਿ ਸਥਾਪਤੀ, ਇਨਕਲਾਬੀ ਰੰਗ ਮੰਚ ਦੇ ਜੜ੍ਹੀਂ ਤੇਲ ਦੇਣ ਲਈ ਬਦਲ ਵਿੱਚ ਦਰਬਾਰੀ ਰੰਗ ਮੰਚ ਦਾ ਜਾਲ਼ ਵਿਛਾਉਣ ਲੱਗੀ ਹੋਈ ਹੈ।

ਇਸ ਸਮਾਗਮ ਮੌਕੇ ਮੰਚ ਰੰਗ ਮੰਚ ਅੰਮ੍ਰਿਤਸਰ ਵੱਲੋਂ ਕੇਵਲ ਧਾਲੀਵਾਲ ਦੀ ਨਿਰਦੇਸ਼ਨਾ ‘ਚ “ਜਿਸ ਲਾਹੌਰ ਨਹੀਂ ਦੇਖਿਆ ਉਹ ਜੰਮਿਆ ਹੀ ਨਹੀਂ” ਨਾਟਕ ਖੇਡਿਆ ਗਿਆ ।ਖਚਾ ਖੱਚ ਭਰਿਆ ਸ਼ਕਤੀ ਕਲਾ ਮੰਦਰ ਦੇ ਹਾਲ ‘ਚ ਸਵਾ ਘੰਟਾ ਨਿੱਠ ਕੇ ਰੰਗ ਮੰਚ ਦੇ ਸਾਹ ਦੇ ਨਾਲ ਸਾਹ ਲੈਂਦਾ ਰਿਹਾ। 1947 ਦੀ ਵੰਡ ਦੀ ਦਰਦਨਾਕ ਦਾਸਤਾਨ ਇਉੰ ਜਾਪਦੀ ਸੀ ਜਿਵੇਂ 2024 ਦੇ ਮੋਦੀ ਦੀ ਫਿਰਕੂ ਫਾਸ਼ੀ ਰਾਜ ਵਾਲੇ ਭਾਰਤ ਦੀ ਘਿਨਾਉਣੀ ਤਸਵੀਰ ਪੇਸ਼ ਕੀਤੀ ਜਾ ਰਹੀ ਹੋਵੇ। ਨਾਟਕ ਨੇ ਦਰਸਾਇਆ ਕਿ ਰਾਜ ਕਰੇਂਦੇ ਹਾਕਮ ਲੋਕਾਂ ਨੂੰ ਧਰਮਾਂ, ਫਿਰਕਿਆਂ ਵਿੱਚ ਵੰਡਦੇ ਨੇ। ਪਰ ਅਖੀਰ ਲੋਕਾਂ ਦੀ ਜਦੋਂ ਅੱਖ ਖੁੱਲਦੀ ਹੈ ਤਾਂ ਉਹ ਕਿਵੇਂ ਇਹਨਾਂ ਵੱਟਾਂ ਬੰਨਿਆਂ ਤੇ ਉੱਪਰ ਉੱਠ ਕੇ ਗਲਵੱਕੜੀ ਪਾ ਕੇ ਜਿਉਣਾ ਹੀ ਜ਼ਿੰਦਗੀ ਦੇ ਸਹੀ ਅਰਥਾਂ ਨੂੰ ਸਮਝਦੇ ਨੇ।

ਪਲਸ ਮੰਚ ਦੇ ਜਨਰਲ ਸਕੱਤਰ ਕੰਵਲਜੀਤ ਖੰਨਾ ਨੇ ਮੰਚ ਸੰਚਾਲਨ ਦੀ ਭੂਮਿਕਾ ਨਿਭਾਉਂਦਿਆਂ ਪੇਸ਼ ਕੀਤੇ ਮਤਿਆਂ ਰਾਹੀਂ ਨਵੇਂ ਫੌਜਦਾਰੀ ਕਾਨੂੰਨ ਰੱਦ ਕਰਨ, ਭਗਤ ਸਿੰਘ ਦੇ ਜਨਮ ਦਿਨ ਨੂੰ ਫੈਸਟੀਵਲ ਚ ਤਬਦੀਲ ਕਰਨਾ ਬੰਦ ਕਰਨ, ਕਲਕੱਤਾ ਦੀ ਧਰਤੀ ਤੇ ਔਰਤਾਂ ਦੀ ਜਬਰ ਖਿਲਾਫ ਗੂੰਜੀ ਆਵਾਜ਼ ਬੁਲੰਦ ਕਰਨ, ਫਿਰਕੂ ਫਾਸ਼ੀਵਾਦ ਨਹੀਂ ਚੱਲੇਗਾ, ਰੰਗ ਮੰਚ ਦਾ ਸਰਕਾਰੀਕਰਨ ਬੰਦ ਕਰਨ, ਜੰਗਲ ਜਲ ਜਮੀਨ ਬੋਲੀ ਸਾਹਿਤ ਇਤਿਹਾਸ ਨਾਲ ਖਿਲਵਾੜ ਬੰਦ ਕਰਨ, ਐਨਆਈਏ ਦੇ ਛਾਪੇ ਬੰਦ ਕਰਨ, ਪੱਤਰਕਾਰਾਂ ਤਰਕਸ਼ੀਲਾਂ ਜਮਹੂਰੀ ਕਾਮਿਆਂ ਤੇ ਜਬਰ ਕਰਨਾ ਬੰਦ ਕਰਨ, ਫਲਸਤੀਨੀ ਲੋਕਾਂ ਦਾ ਨਸਲੀ ਘਾਣ ਕਰਨਾ ਬੰਦ ਕਰਨ ਆਦਿ ਮਤੇ ਅਕਾਸ਼ ਗੁੰਜਾਊ ਨਾਹਰਿਆਂ ਨਾਲ ਪਾਸ ਕੀਤੇ।

ਇਸ ਸਮਾਗਮ ‘ਚ ਲੋਕ ਸੰਗੀਤ ਮੰਡਲੀ ਭਦੌੜ, ਜੁਗਰਾਜ ਧੌਲਾ, ਇਨਕਲਾਬੀ ਕਵਿਸ਼ਰੀ ਜਥਾ ਰਸੂਲਪੁਰ, ਇਕਬਾਲ ਉਦਾਸੀ, ਜਗਤਾਰ ਜਜੀਰਾ, ਲਖਵਿੰਦਰ ਠੀਕਰੀਵਾਲ, ਮਿਲਖਾ ਸਿੰਘ, ਅਜਮੇਰ ਅਕਲੀਆ ਨੇ ਸਮਾਗਮ ਨੂੰ ਗੀਤ ਸੰਗੀਤ ਦੇ ਰੰਗ ਵਿੱਚ ਰੰਗ ਦਿੱਤਾ।

 

Media PBN Staff

Media PBN Staff

Leave a Reply

Your email address will not be published. Required fields are marked *