ਪਦ-ਉਨਤ ਲੈਕਚਰਾਰਾਂ ਨੂੰ ਸਟੇਸ਼ਨ ਚੋਆਇਸ ਲਈ ਸਾਰੇ ਖਾਲੀ ਸਟੇਸ਼ਨ ਨਾ ਸ਼ੋਅ ਕੀਤੇ ਜਾਣ ਦਾ ਡੈਮੋਕ੍ਰੇਟਿਕ ਟੀਚਰਜ਼ ਫਰੰਟ ਪੰਜਾਬ ਵੱਲੋਂ ਸਖਤ ਵਿਰੋਧ
ਪੰਜਾਬ ਨੈੱਟਵਰਕ ਚੰਡੀਗੜ੍ਹ
ਡੈਮੋਕ੍ਰੇਟਿਕ ਟੀਚਰਜ਼ ਫਰੰਟ ਪੰਜਾਬ ਨੇ ਪਦ-ਉਨਤ ਲੈਕਚਰਾਰਾਂ ਨੂੰ ਸਟੇਸ਼ਨ ਦੇਣ ਦੇ ਮਾਮਲੇ ਵਿੱਚ ਲੈਕਚਰਾਰਾਂ ਅਤੇ ਵਿਦਿਆਰਥੀਆਂ ਨਾਲ ਬੇਇਨਸਾਫ਼ੀ ਕੀਤੇ ਜਾਣ ਦੀ ਸਖ਼ਤ ਸ਼ਬਦਾਂ ਵਿਚ ਨਿਖੇਧੀ ਕੀਤੀ ਹੈ।
ਡੀ ਟੀ ਐਫ ਦੇ ਸੂਬਾ ਜਨਰਲ ਸਕੱਤਰ ਬਲਬੀਰ ਲੌਂਗੋਵਾਲ ਨੇ ਗੱਲ ਕਰਦਿਆਂ ਕਿਹਾ ਕਿ ਨਵੇਂ ਪਦ-ਉਨਤ ਲੈਕਚਰਾਰਾਂ ਨੂੰ ਵਿਭਾਗ ਵੱਲੋਂ ਉਨ੍ਹਾਂ ਦੇ ਨੇੜੇ ਖਾਲੀ ਸਟੇਸ਼ਨ ਉਪਲਬਧ ਹੋਣ ਦੇ ਬਾਵਜੂਦ ਸੈਂਕੜੇ ਕਿਲੋਮੀਟਰ ਦੂਰ ਭੇਜਿਆ ਜਾ ਰਿਹਾ। ਇਸ ਤਰ੍ਹਾਂ ਅੱਜ ਤੀਕ ਪਹਿਲਾਂ ਕਦੇ ਨਹੀਂ ਹੋਇਆ। ਇਸ ਸਥਿਤੀ ਵਿੱਚ ਬਹੁਤੇ ਪਦ-ਉਨਤ ਲੈਕਚਰਾਰ ਪਦ-ਉਨਤੀ ਨਾ ਲੈਣ ਲਈ ਵਿਭਾਗ ਵਲੋਂ ਮਜ਼ਬੂਰ ਕੀਤੇ ਜਾ ਰਹੇ ਹਨ, ਜਦ ਉਹਨਾਂ ਦੀ ਜੁਆਨਿੰਗ ਹੀ ਨਾ ਹੋਈ ਤਾਂ ਪਦ ਉਨਤੀਆਂ ਕਰਨ ਦਾ ਨਾ ਵਿਦਿਆਰਥੀਆਂ ਲਈ, ਅਤੇ ਨਾ ਪਦ-ਉਨਤ ਲੈਕਚਰਾਰਾਂ ਲਈ ਕੋਈ ਅਰਥ ਨਹੀਂ ਰਹਿ ਜਾਂਦਾ। ਦੂਜੇ ਪਾਸੇ ਪੰਜਾਬ ਵਿੱਚ ਹਜਾਰਾਂ ਅਜਿਹੇ ਸਕੂਲ ਹਨ ਜਿੱਥੇ ਇੱਕ ਵੀ ਲੈਕਚਰਾਰ ਨਹੀਂ।
ਉਨ੍ਹਾਂ ਅੰਕੜਾ ਸਾਂਝਾ ਕਰਦਿਆਂ ਕਿਹਾ ਕਿ ਸੰਗਰੂਰ ਜ਼ਿਲ੍ਹੇ ਵਿੱਚ ਕਪਿਆਲ, ਨਾਗਰਾ, ਸ਼ਾਹਪੁਰ ਕਲਾ,ਮਾਨਸਾ ਵਿੱਚ ਦਲੇਲ ਸਿੰਘ ਵਾਲਾ,ਬਖਸ਼ੀਵਾਲਾ,ਮੱਤੀ,ਜਲਬੂਟੀ,ਬੁਰਜ ਹਰੀ, ਹੀਰੋਂ ਖੁਰਦ, ਜਲੰਧਰ ਵਿੱਚ ਨਿਹਾਲਵਾਲ,ਮਹਿਸਮਪੁਰ, ਪਰਤਾਬਪੁਰਾ, ਪਾਸਲਾ, ਬਘੇਲਾ,ਕਪੂਰਥਲਾ ਵਿੱਚ ਭੰਦਲਬੇਟ, ਗੁਰਦਾਸਪੁਰ ਵਿੱਚ ਰੋਸੇ, ਸੋਹਣ, ਦੋਸਤਪੁਰ, ਮੋਗਾ ਵਿੱਚ ਖੁਖਰਾਣਾ ਆਦਿ ਸਕੂਲਾਂ, ਅਤੇ ਪੰਜਾਬ ਦੇ ਸਾਰੇ ਹੀ ਜਿਲਿਆਂ ਦੇ ਹਜ਼ਾਰਾਂ ਸਕੂਲਾਂ ਵਿੱਚ ਇੱਕ ਵੀ ਲੈਕਚਰਾਰ ਨਹੀਂ। ਇਹਨਾਂ ਸਕੂਲਾਂ ਨੂੰ ਸਿੱਖਿਆ ਵਿਭਾਗ ਵਲੋਂ ਸਟੇਸ਼ਨ ਚੋਆਇਸ ਲਈ ਵਿਖਾਇਆ ਹੀ ਨਹੀਂ ਜਾ ਰਿਹਾ।
ਪਿਛਲੇ ਦਿਨੀਂ ਡੀ ਟੀ ਐਫ ਨੇ ਸੂਬਾ ਪ੍ਰਧਾਨ ਦਿੱਗਵਿਜੈ ਪਾਲ ਸ਼ਰਮਾ ਦੀ ਅਗਵਾਈ ਹੇਠ ਡਾਇਰੈਕਟਰ ਸਕੂਲ ਸਿੱਖਿਆ ਸੈਕੰਡਰੀ ਪਰਮਜੀਤ ਸਿੰਘ ਜੀ ਨਾਲ ਇੱਕ ਲੰਬੀ ਮੀਟਿੰਗ ਕਰਕੇ ਦਲੀਲਾਂ ਸਹਿਤ ਇਹ ਮੰਗ ਕੀਤੀ ਸੀ ਕਿ ਪਦ-ਉਨਤ ਸਟੇਸ਼ਨ ਚੋਆਇਸ ਲਈ ਹਰ ਇੱਕ ਖਾਲੀ ਸਟੇਸ਼ਨ ਵਿਖਾਇਆ ਜਾਵੇ, ਪਰ ਵਿਭਾਗ ਇਸ ਗੱਲ ਨੂੰ ਅਜੇ ਵੀ ਪੂਰੀ ਤਰ੍ਹਾਂ ਲਾਗੂ ਨਹੀਂ ਕਰ ਰਿਹਾ। ਸਰਕਾਰ ਵੱਲੋਂ ਇਹ ਜਨਤਕ ਅਦਾਰਿਆਂ ਦੀ ਆਕਾਰ ਘਟਾਈ ਦੀ ਆਪਣੀ ਲੋਕ ਵਿਰੋਧੀ ਨੀਤੀ ਅਧੀਨ ਕੀਤਾ ਜਾ ਰਿਹਾ।
ਇਹ ਕੋਈ ਸਾਧਾਰਣ ਵਰਤਾਰਾ ਨਹੀਂ।ਪੰਜਾਬ ਦੇ ਅਧਿਆਪਕਾਂ ਨੂੰ ਇਸ ਗੱਲ ਨੂੰ ਸਮਝਦਿਆਂ ਸੰਘਰਸ਼ ਦੇ ਮੈਦਾਨ ਵਿੱਚ ਕੁੱਦਣਾ ਚਾਹੀਦਾ ਤਾਂ ਜੋ ਆਪਣੇ ਹੱਕਾਂ ਨੂੰ ਬਹਾਲ ਕਰਵਾਇਆ ਜਾ ਸਕੇ। ਡੈਮੋਕ੍ਰੇਟਿਕ ਟੀਚਰਜ਼ ਫਰੰਟ ਪੰਜਾਬ ਸਿੱਖਿਆ ਵਿਭਾਗ ਤੋਂ ਪੁਰਜੋਰ ਮੰਗ ਕਰਦਾ ਕਿ ਸਟੇਸ਼ਨ ਚੋਆਇਸ ਲਈ ਹਰ ਖਾਲੀ ਸਟੇਸ਼ਨ ਸ਼ੋਅ ਕੀਤਾ ਜਾਵੇ, ਨਹੀਂ ਜਥੇਬੰਦੀ ਇਸ ਮੁੱਦੇ ‘ਤੇ ਸੰਘਰਸ਼ ਕਰਨ ਲਈ ਮਜ਼ਬੂਰ ਹੋਵੇਗੀ।