ਪਰਮਜੀਤ ਕੌਰ ਜੋਧਪੁਰ ਉੱਪਰ ਕਾਤਲਾਨਾ ਹਮਲਾ, ਵਫਦ ਨੇ ਗੰਭੀਰ ਪੜਤਾਲ ਦੀ ਕੀਤੀ ਮੰਗ
ਦਲਜੀਤ ਕੌਰ, ਬਰਨਾਲਾ
ਜਮਹੂਰੀ ਅਧਿਕਾਰ ਸਭਾ ਦੀ ਸੂਬਾਈ ਆਗੂ ਪਰਮਜੀਤ ਕੌਰ ਜੋਧਪੁਰ ਉੱਪਰ ਹੋਏ ਕਾਤਲਾਨਾ ਹਮਲੇ ਦੀ ਡੂੰਘਾਈ ਨਾਲ ਪੜਤਾਲ ਕਰਨ ਅਤੇ ਪੁਲਿਸ ਅਧਿਕਾਰੀਆਂ ਖਿਲਾਫ ਕਾਰਵਾਈ ਕਰਵਾਉਣ ਦੀ ਮੰਗ ਨੂੰ ਲੈਕੇ ਵੱਖ-ਵੱਖ ਜਨਤਕ ਜਥੇਬੰਦੀਆਂ ਦਾ ਵਫਦ ਐਸ.ਐਸ.ਪੀ ਬਰਨਾਲਾ ਨੂੰ ਮਿਲਿਆ ਅਤੇ ਉਨ੍ਹਾਂ ਦੇ ਧਿਆਨ ਵਿੱਚ ਲਿਆਂਦਾ ਕਿ 27 ਅਤੇ 28 ਸਤੰਬਰ ਦੀ ਦਰਮਿਆਨੀ ਰਾਤ ਨੂੰ ਤਕਰੀਬਨ 1 ਵਜੇ ਇੱਕ ਵਿਅਕਤੀ ਅਮਰਜੀਤ ਸਿੰਘ ਵਾਸੀ ਜੋਧਪੁਰ ਨੇ ਘਰ ਵਿੱਚ ਜਬਰੀ ਦਾਖਲ ਹੋ ਕੇ ਪਰਮਜੀਤ ਕੌਰ ਪਤਨੀ ਲੇਟ ਅਮਰਜੀਤ ਸਿੰਘ ਉਪਰ ਜਾਨਲੇਵਾ ਹਮਲਾ ਕਰ ਦਿੱਤਾ ਸੀ ਅਤੇ ਪੰਜ ਹਜਾਰ ਰੁਪਏ ਦੀ ਲੁੱਟ ਖੋਹ ਕਰਕੇ ਭੱਜ ਗਿਆ ਸੀ।
ਪਰਮਜੀਤ ਕੌਰ ਨੇ ਕੁੱਝ ਸਮੇਂ ਬਾਅਦ ਹੀ ਪੁਲਿਸ ਦੇ ਕੰਟਰੋਲ ਰੂਮ ਤੇ ਆਪਣੇ ਨਾਲ ਹੋਈ ਸਾਰੀ ਇਹ ਵਾਰਦਾਤ ਦੱਸ ਦਿੱਤੀ ਸੀ। ਪਰੰਤੂ ਅਫਸੋਸ ਕਿ ਪੁਲਿਸ ਪਰਮਜੀਤ ਕੌਰ ਦੇ ਵਾਰ-ਵਾਰ ਸਾਰੀ ਘਟਨਾ ਦੱਸਣ ਦੇ ਬਾਵਜੂਦ ਵੀ ਦੋ ਘੰਟਿਆਂ ਬਾਅਦ ਪਹੁੰਚੀ। ਸਦਰ ਪੁਲਸ ਥਾਣਾ ਬਰਨਾਲਾ ਦੇ ਇੰਚਾਰਜ ਨੂੰ ਜਨਤਕ ਜਮਹੂਰੀ ਜਥੇਬੰਦੀਆਂ ਦਾ ਵਫ਼ਦ ਇਨਸਾਫ਼ ਦਵਾਉਣ ਲਈ ਮਿਲਿਆ ਤਾਂ ਮੁੱਖ ਥਾਣਾ ਅਫਸਰ ਦਾ ਰਵਈਆ ਬੇਹੱਦ ਨਿੰਦਣ ਯੋਗ ਸੀ। ਦੋਸ਼ੀ ਵਿਅਕਤੀ ਅਜਿਹੀਆਂ ਕਾਰਵਾਈਆਂ ਕਰਨ ਦਾ ਆਦੀ ਹੋ ਸਕਦਾ ਹੈ ਨਸ਼ੇੜੀ ਕਿਸਮ ਦੇ ਵਿਅਕਤੀ ਔਰਤਾਂ ਦੇ ਖਿਲਾਫ਼ ਇਸ ਕਿਸਮ ਦੀਆਂ ਘਟਨਾਵਾਂ ਨੂੰ ਅੰਜਾਮ ਅਕਸਰ ਦਿੰਦੇ ਹਨ।
ਇਹਨਾਂ ਨੂੰ ਰੋਕਣਾ ਅਤੀ ਜਰੂਰੀ ਹੈ। ਜਨਤਕ ਜਮਹੂਰੀ ਜਥੇਬੰਦੀਆਂ ਦੇ ਨੁਮਾਇੰਦਿਆਂ ਨੇ ਮੰਗ ਕੀਤੀ ਕਿ ਪੁਲਿਸ ਵੱਲੋਂ ਦੋਸ਼ੀ ਖਿਲਾਫ਼ ਪਰਚਾ ਭਲੇ ਹੀ ਦਰਜ਼ ਕਰਕੇ ਉਸ ਨੂੰ ਗ੍ਰਿਫਤਾਰ ਲਿਆ ਹੈ ਪਰ ਇਰਾਦਾ ਕਤਲ ਦੀ ਬਣਦੀ ਧਰਾ ਨਹੀਂ ਲਾਈ ਗਈ ਜੋ ਕਿ ਲਾਉਣੀ ਬਣਦੀ ਹੈ ਕਿਉਂਕਿ ਦੋਸ਼ੀ ਵਿਅਕਤੀ ਪਰਮਜੀਤ ਕੌਰ ਨੂੰ ਮਾਰਨ ਦੀ ਨੀਅਤ ਨਾਲ ਹੀ ਘਰ ਵਿੱਚ ਜ਼ਬਰੀ ਦਾਖ਼ਲ ਹੋਇਆ ਸੀ ਅਤੇ ਉਸਨੇ ਹਥਿਆਰ ਨਾਲ ਹਮਲਾ ਕਰਨ ਦੀ ਕੋਸ਼ਿਸ਼ ਕੀਤੀ , ਮੁੱਖ ਥਾਣਾ ਅਫਸਰ ਸਦਰ ਬਰਨਾਲਾ ਵੱਲੋਂ ਪਰਮਜੀਤ ਕੌਰ ਨੂੰ ਇਨਸਾਫ਼ ਦਵਾਉਣ ਦੀ ਥਾਂ ਉਸਦੇ ਹੀ ਚਰਿਤਰ ਉੱਪਰ ਸਵਾਲ ਉਠਾਉਣਾ ਬਹੁਤ ਜਿਆਦਾ ਨਿੰਦਣਯੋਗ ਘਟਨਾ ਹੈ।
ਇਸ ਲਈ ਇਸ ਮੁੱਖ ਥਾਣਾ ਅਫਸਰ ਦੇ ਖ਼ਿਲਾਫ਼ ਬਣਦੀ ਕਾਰਵਾਈ ਕੀਤੀ ਜਾਵੇ, 27 ਅਤੇ 28 ਸਤੰਬਰ ਦੀ ਰਾਤ ਨੂੰ ਥਾਣਾ ਸਦਰ ਬਰਨਾਲਾ ਵਿਖੇ ਤੈਨਾਤ ਡਿਊਟੀਆਂ ਅਫਸਰ ਦੋ ਘੰਟੇ ਲੇਟ ਕਿਉਂ ਹੋ ਪੁੱਜਿਆ ਜਦ ਕਿ ਉਸ ਸਮੇਂ ਕੁੱਝ ਵੀ ਵਾਪਰ ਸਕਦਾ ਸੀ, ਇਸ ਦੀ ਜਾਂਚ ਕੀਤੀ ਜਾਵੇ ਅਤੇ ਅਣਗਹਿਲੀ ਕਰਨ ਵਾਲੇ ਪੁਲਿਸ ਅਧਿਕਾਰੀਆਂ ਖਿਲਾਫ਼ ਕਾਰਵਾਈ ਕੀਤੀ ਜਾਵੇ, ਇੱਕ ਔਰਤ ਨਾਲ ਅਜਿਹੀ ਘਟਨਾ ਵਾਪਰਨ ਤੋਂ ਬਾਅਦ ਸਾਰੀ ਘਟਨਾ ਦੀ ਡੁੰਘਾਈ ਨਾਲ ਪੜਤਾਲ ਔਰਤ ਪੁਲਿਸ ਅਫਸਰ ਵੱਲੋਂ ਕਰਨੀ ਬਣਦੀ ਸੀ ਪਰ ਅਜਿਹਾ ਜਾਣ ਬੁੱਝ ਕੇ ਨਹੀਂ ਕੀਤਾ ਗਿਆ।
ਵਫਦ ਨੇ ਇਹ ਵੀ ਮੰਗ ਕੀਤੀ ਕਿ ਅਜਿਹੀਆਂ ਘਟਨਾਵਾਂ ਇੱਕ ਤੋਂ ਵੱਧ ਵਾਰ ਇਸ ਪਿੰਡ ਵਿੱਚ ਵਾਪਰ ਚੁੱਕੀਆਂ ਹਨ, ਨਸ਼ਿਆਂ ਦਾ ਬੋਲ ਵਾਲਾ ਆਮ ਹੈ, ਇਸ ਲਈ ਇਸ ਘਟਨਾ ਦੀ ਡੂੰਘਾਈ ਨਾਲ ਹੜਤਾਲ ਕੀਤੀ ਜਾਵੇ, ਹੋਰ ਜੋ ਵੀ ਇਸ ਕਿਸਮ ਦੇ ਸਮਾਜ ਵਿਰੋਧੀ ਅਨਸਰ ਅਜਿਹੀਆਂ ਘਟਨਾਵਾਂ ਨੂੰ ਅੰਜਾਮ ਦਿੰਦੇ ਹਨ, ਨੂੰ ਨੱਥ ਪਾਈ ਜਾਵੇ, ਪੜਤਾਲੀਆ ਪੁਲਿਸ ਅਫਸਰ ਵੱਲੋਂ ਪਰਮਜੀਤ ਕੌਰ ਤੋਂ ਰਿਸ਼ਵਤ ਦੀ ਮੰਗ ਕੀਤੀ ਗਈ। ਇਸ ਰਿਸ਼ਵਤਖੋਰ ਪੁਲਿਸ ਅਫਸਰ ਖਿਲਾਫ਼ ਬਣਦੀ ਅਨੁਸ਼ਾਸਨੀ ਕਾਰਵਾਈ ਕੀਤੀ ਜਾਵੇ।
ਵਫਦ ਵਿੱਚ ਮਿਲਣ ਵਾਲੇ ਆਗੂਆਂ ਵਿੱਚ ਨਰਾਇਣ ਦੱਤ, ਸੋਹਣ ਸਿੰਘ ਮਾਝੀ, ਚਰਨਜੀਤ ਕੌਰ, ਪ੍ਰੇਮਪਾਲ ਕੌਰ, ਬਾਬੂ ਸਿੰਘ ਖੁੱਡੀਕਲਾਂ, ਖੁਸ਼ਮਿੰਦਰਪਾਲ, ਮਹਿਮਾ ਸਿੰਘ, ਹਰਚਰਨ ਚਹਿਲ, ਸੁਖਵਿੰਦਰ ਸਿੰਘ, ਜਗਜੀਤ ਢਿੱਲਵਾਂ, ਅਮਿੱਤ ਮਿੱਤਰ, ਨਰਿੰਦਰ ਪਾਲ ਸਿੰਗਲਾ ਆਦਿ ਆਗੂਆਂ ਨੇ ਕਿਹਾ ਕਿ ਇਸ ਘਟਨਾ ਖਿਲਾਫ਼ ਇਲਾਕੇ ਭਰ ਵਿੱਚ ਬੇਹੱਦ ਗੁੱਸਾ ਪਾਇਆ ਜਾ ਰਿਹਾ ਹੈ। ਪਰਮਜੀਤ ਕੌਰ ਨੂੰ ਇਨਸਾਫ਼ ਦਿਵਾਉਣ ਤੱਕ ਸੰਘਰਸ਼ ਜਾਰੀ ਰੱਖਿਆ ਜਾਵੇਗਾ।