ਪੰਚਾਇਤੀ ਚੋਣਾਂ ਤੋਂ ਪਹਿਲਾਂ ਅਧਿਆਪਕ ਚਿੰਤਤ! DTF ਨੇ ਰਾਜ ਚੋਣ ਕਮਿਸ਼ਨਰ ਨੂੰ DC ਰਾਹੀਂ ਭੇਜਿਆ ਮੰਗ ਪੱਤਰ
ਚੋਣ ਅਮਲੇ ਦੀ ਸੁਰੱਖਿਆ ਦੇ ਪੁਖ਼ਤਾ ਪ੍ਰਬੰਧ ਕਰਨ ਦੀ ਕੀਤੀ ਮੰਗ
ਪੰਜਾਬ ਨੈੱਟਵਰਕ, ਸੰਗਰੂਰ
ਪੰਚਾਇਤੀ ਚੋਣਾਂ ਦੌਰਾਨ ਸਮੁੱਚੇ ਅਧਿਆਪਕ ਵਰਗ ਨੂੰ ਦਰਪੇਸ਼ ਮੁਸ਼ਕਿਲਾਂ ਦੇ ਸਬੰਧ ਵਿੱਚ ਅਧਿਆਪਕ ਜਥੇਬੰਦੀ ਡੈਮੋਕ੍ਰੇਟਿਕ ਟੀਚਰਜ਼ ਫਰੰਟ ਵੱਲੋਂ ਡਿਪਟੀ ਕਮਿਸ਼ਨਰ ਸੰਗਰੂਰ ਰਾਹੀਂ ਰਾਜ ਚੋਣ ਕਮਿਸ਼ਨਰ ਪੰਜਾਬ ਦੇ ਨਾਂ ਮੰਗ ਪੱਤਰ ਭੇਜਿਆ ਗਿਆ। ਡਿਪਟੀ ਕਮਿਸ਼ਨਰ ਦੇ ਪ੍ਰਤੀਨਿਧ ਦੇ ਤੌਰ ‘ਤੇ ਮੰਗ ਪੱਤਰ ਐੱਸ.ਡੀ.ਐੱਮ. ਸੰਗਰੂਰ ਚਰਨਜੋਤ ਸਿੰਘ ਵਾਲੀਆ ਨੇ ਪ੍ਰਾਪਤ ਕੀਤਾ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਜਥੇਬੰਦੀ ਦੇ ਜਿਲ੍ਹਾ ਪ੍ਰਧਾਨ ਦਾਤਾ ਸਿੰਘ ਨਮੋਲ ਅਤੇ ਸੀਨੀਅਰ ਮੀਤ ਪ੍ਰਧਾਨ ਸੁਖਜਿੰਦਰ ਸੰਗਰੂਰ ਨੇ ਦੱਸਿਆ ਕਿ ਫਰੰਟ ਵੱਲੋਂ ਸੂਬੇ ਦੇ ਸਾਰੇ ਜ਼ਿਲ੍ਹਿਆਂ ਵਿੱਚ ਅੱਜ ਇਹ ਮੰਗ ਪੱਤਰ ਭੇਜੇ ਜਾ ਰਹੇ ਹਨ। ਪ੍ਰੈੱਸ ਸਕੱਤਰ ਜਸਬੀਰ ਨਮੋਲ ਨੇ ਦੱਸਿਆ ਕਿ ਪੰਚਾਇਤੀ ਚੋਣਾਂ ਨਾਲ ਆਮ ਲੋਕ ਭਾਵਨਾਤਮਕ ਤੌਰ ‘ਤੇ ਜੁੜੇ ਹੋਏ ਹੁੰਦੇ ਹਨ ਜਿਸ ਕਾਰਨ ਚੋਣਾਂ ਦੌਰਾਨ ਮਾਹੌਲ ਤਣਾਅਪੂਰਨ ਬਣ ਜਾਂਦਾ ਹੈ ਅਤੇ ਕਈ ਵਾਰ ਚੋਣ ਅਮਲੇ ਨੂੰ ਪੱਥਰਬਾਜ਼ੀ ਅਤੇ ਗੋਲੀਬਾਰੀ ਤੱਕ ਦਾ ਸਾਹਮਣਾ ਕਰਨਾ ਪੈਂਦਾ ਹੈ।
ਇਸ ਕਾਰਨ ਅਧਿਆਪਕਾਂ ਦੇ ਮਨ ਵਿੱਚ ਆਪਣੀ ਸੁਰੱਖਿਆ ਨੂੰ ਲੈ ਕੇ ਡਰ ਹੈ ਕਿਉਂਕਿ ਚੋਣਾਂ ਵਿੱਚ ਵੱਡੇ ਪੱਧਰ ‘ਤੇ ਡਿਊਟੀਆਂ ਅਧਿਆਪਕਾਂ ਦੀਆਂ ਹੀ ਲੱਗਦੀਆਂ ਹਨ। ਜਥੇਬੰਦੀ ਨੇ ਮੰਗ ਕੀਤੀ ਕਿ ਪੋਲਿੰਗ ਬੂਥਾਂ ਉੱਤੇ ਚੋਣ ਅਮਲੇ ਦੀ ਸੁਰੱਖਿਆ ਦੇ ਪੁਖ਼ਤਾ ਪ੍ਰਬੰਧ ਕੀਤੇ ਜਾਣ। ਇਨ੍ਹਾਂ ਚੋਣਾਂ ਦੌਰਾਨ ਚੋਣ ਡਿਊਟੀਆਂ ਵੱਖ- ਵੱਖ ਵਿਭਾਗਾਂ ਵਿੱਚੋਂ ਅਨੁਪਾਤਿਕ ਢੰਗ ਨਾਲ ਲਗਾਈਆਂ ਜਾਣ।
ਔਰਤ ਅਧਿਆਪਕਾਂਵਾਂ, ਗੰਭੀਰ ਬਿਮਾਰੀਆਂ ਤੋਂ ਪੀੜਤ, ਸੇਵਾ ਮੁਕਤੀ ਦੇ ਨੇੜੇ ਬੈਠੇ ਅਧਿਆਪਕਾਂ, ਅੰਗਹੀਣਾਂ ਅਤੇ ਲੋੜਵੰਦਾਂ ਨੂੰ ਚੋਣ ਡਿਊਟੀ ਤੋਂ ਪੂਰੀ ਤਰ੍ਹਾਂ ਛੋਟ ਦਿੱਤੀ ਜਾਵੇ। ਗਿਣਤੀ ਦਾ ਕੰਮ ਅਗਲੇ ਦਿਨ ਸਟਰਾਂਗ ਰੂਮ ਵਿਚ ਕਰਵਾਇਆ ਜਾਵੇ। ਸਾਰਾ ਸਾਲ ਡਿਊਟੀ ਕਰਨ ਵਾਲੇ ਬੀ.ਐਲ.ਓਜ਼. ਨੂੰ ਚੋਣ ਡਿਊਟੀ ਤੋਂ ਛੋਟ ਦਿੱਤੀ ਜਾਵੇ। ਚੋਣ ਰਿਹਰਸਲਾਂ ਕੰਮ-ਕਾਜ਼ ਵਾਲੇ ਦਿਨ ਹੀ ਰੱਖੀਆਂ ਜਾਣ।
ਖਾਣੇ ਦਾ ਪ੍ਰਬੰਧ ਕਰਨ ਵਾਲੀਆਂ ਕੁੱਕ ਬੀਬੀਆਂ ਨੂੰ 500 ਰੁਪਏ ਪ੍ਰਤੀ ਦਿਨ ਮਿਹਨਤਾਨਾ ਦਿੱਤਾ ਜਾਵੇ। ਚੋਣ ਅਮਲੇ ਨੂੰ ਮੌਕੇ ‘ਤੇ ਮਿਹਨਤਾਨੇ ਦਾ ਭੁਗਤਾਨ ਨਕਦ ਕੀਤਾ ਜਾਵੇ। ਵਫ਼ਦ ਵਿੱਚ ਉਕਤ ਆਗੂਆਂ ਤੋਂ ਇਲਾਵਾ ਬਲਾਕਾਂ ਦੇ ਆਗੂ ਗਗਨਦੀਪ ਧੂਰੀ,ਮਹਿੰਦਰ ਪ੍ਰਤਾਪ,ਅਮਿਤ ਬਾਂਸਲ,ਕਿਰਪਾਲ ਨਮੋਲ,ਸੂਬਾ ਜਨਰਲ ਸਕੱਤਰ ਬਲਬੀਰ ਲੌਂਗੋਵਾਲ,ਸਤਨਾਮ ਉਭਾਵਾਲ,ਗਗਨਦੀਪ ਭੰਗੂ,ਮੱਖਣ ਤੋਲਾਵਾਲ, ਰਾਕੇਸ਼ ਕੁਮਾਰ, ਤਾਰਾ ਸਿੰਘ ਅਤੇ ਜਗਦੀਪ ਸਿੰਘ ਸ਼ਾਮਲ ਸਨ।