ਭਗਵੰਤ ਮਾਨ ਸਰਕਾਰ ਦੇ ਦਾਅਵੇ ਖੋਖਲੇ! MA, B.ed, ਟੈਟ ਕਲੀਅਰ ਅਧਿਆਪਕਾਂ ਨੂੰ ਦਰਕਿਨਾਰ ਕਰਕੇ ਕੀਤਾ ਕੋਝਾ ਮਜ਼ਾਕ
ਗੁਰਪ੍ਰੀਤ, ਚੰਡੀਗੜ੍ਹ-
ਭਗਵੰਤ ਮਾਨ ਸਰਕਾਰ ਦੇ ਵੱਲੋਂ ਸੱਤਾ ਵਿਚ ਆਉਣ ਤੋਂ ਪਹਿਲਾਂ ਕੱਚੇ ਅਧਿਆਪਕਾਂ ਤੋਂ ਇਲਾਵਾ ਸਮੂਹ ਠੇਕਾ ਅਤੇ ਕੱਚੇ ਮੁਲਾਜ਼ਮਾਂ ਦੇ ਨਾਲ ਵਾਅਦੇ ਕੀਤੇ ਗਏ ਸਨ ਕਿ, ਉਨ੍ਹਾਂ ਨੂੰ ਯੋਗਤਾ ਦੇ ਆਧਾਰ ਤੇ ਅਹੁਦਾ ਦਿੱਤਾ ਜਾਵੇਗਾ। ਭਗਵੰਤ ਮਾਨ ਨੇ ਤਾਂ, ਇੱਥੋਂ ਤੱਕ ਵੀ ਕਿਹਾ ਸੀ ਕਿ, ਅਸੀਂ ਕਿਸੇ ਵੀ ਐਮਏ, ਬੀਐੱਡ ਨੂੰ ਚਪੜਾਸੀ ਨਹੀਂ ਲੱਗਣ ਦਿਆਂਗੇ, ਉਸਨੂੰ ਉਸਦੀ ਯੋਗਤਾ ਦੇ ਮੁਤਾਬਿਕ ਹੀ ਅਹੁਦਾ ਦਿਆਂਗੇ। ਪਰ ਸੱਤਾ ਸੰਭਾਲਦੇ ਹੀ ਮੁੱਖ ਮੰਤਰੀ ਦੇ ਤੇਵਰ ਬਦਲ ਗਏ ਹਨ। ਚਪੜਾਸੀ ਨਾਲੋਂ ਵੀ ਘੱਟ ਤਨਖ਼ਾਹ ਅੱਜ ਪੰਜਾਬ ਦੇ ਬਹੁਤ ਸਾਰੇ ਅਧਿਆਪਕ ਲੈ ਰਹੇ ਹਨ, ਜਿਨ੍ਹਾਂ ਦੀ ਮਾਨ ਸਰਕਾਰ ਦੇ ਵੱਲੋਂ ਸਾਰ ਨਹੀਂ ਲਈ ਜਾ ਰਹੀ। ਇਨ੍ਹਾਂ ਵਿੱਚ ਸਮੂਹ ਆਈ.ਈ.ਏ.ਟੀ. ਅਧਿਆਪਕ ਸ਼ਾਮਲ ਹਨ, ਜਿਨ੍ਹਾਂ ਦੇ ਨਾਲ ਮਤਰੇਈ ਮਾਂ ਵਾਲਾ ਸਲੂਕ ਹਾਕਮ ਧਿਰ ਦੇ ਵੱਲੋਂ ਕੀਤਾ ਜਾ ਰਿਹਾ ਹੈ।
ਪੰਜਾਬ ਨੈੱਟਵਰਕ ਮੀਡੀਆ ਗਰੁੱਪ ਦੇ ਨਾਲ ਵਿਸ਼ੇਸ਼ ਗੱਲਬਾਤ ਦੌਰਾਨ ਸਮੂਹ ਆਈ.ਈ.ਏ.ਟੀ. ਅਧਿਆਪਕ ਜਥੇਬੰਦੀ ਦੀ ਕਨਵੀਨਰ ਪਰਮਜੀਤ ਕੌਰ ਨੇ ਦੱਸਿਆ ਕਿ, ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਸੀ ਕਿ ਅਸੀਂ ਕਿਸੇ ਵੀ ਐਮਏ ਬੀਐਡ ਨੂੰ ਚਪੜਾਸੀ ਨਹੀਂ ਲੱਗਣ ਦੇਵਾਂਗੇ, ਉਸਨੂੰ ਉਸਦੀ ਯੋਗਤਾ ਅਨੁਸਾਰ ਹੀ ਅਹੁਦਾ ਦੇਵਾਂਗੇ, ਪਰ ਸਾਡੇ ਨਾਲ ਇਹ ਧੋਖਾ ਕੀਤਾ ਗਿਆ, ਸਾਨੂੰ ਪੜ੍ਹਿਆ ਲਿਖਿਆ ਨੂੰ, 25 ਵਾਰ ਸਾਡੇ ਤੋਂ ਉੱਚ ਵਿਦਿਅਕ ਯੋਗਤਾਵਾਂ ਦੀਆਂ ਡਿਗਰੀਆਂ ਲੈ ਲੈ ਕੇ ਵੀ ਸਾਨੂੰ ਚਪੜਾਸੀ ਹੀ ਬਣਾ ਕੇ ਰੱਖ ਦਿੱਤਾ। ਪਰਮਜੀਤ ਕੌਰ ਨੇ ਸਰਕਾਰ ਨੂੰ ਸਵਾਲ ਕੀਤਾ ਕਿ, ਉਹ ਕਿਹੜੇ ਦੇਸ਼ ਦੇ ਸੰਵਿਧਾਨ ਨੂੰ ਫੋਲੋ ਕਰ ਰਹੀ ਹੈ? ਭਗਵੰਤ ਮਾਨ ਕਹਿ ਰਹੇ ਹਨ ਕਿ ਤੁਹਾਡੀਆਂ ਵਿਦਿਅਕ ਯੋਗਤਾਵਾਂ ਬਾਰੇ ਮੈਨੂੰ ਨਹੀਂ ਪਤਾ ਸੀ, ਮੈਨੂੰ ਜਿਵੇਂ ਪਤਾ ਲੱਗਿਆ ਮੈਂ ਉਵੇਂ ਹੀ ਕਰ ਦਿੱਤਾ, ਕਿਸ ਦੇ ਕਹਿਣ ਤੇ ਸਾਡੇ ਨਾਲ ਅਜਿਹਾ ਅਨਿਆਂ ਕੀਤਾ ਗਿਆ ਅਤੇ ਕਿਉਂ ਕੀਤਾ ਗਿਆ, ਸਾਨੂੰ ਇਹ ਵੀ ਦੱਸਿਆ ਜਾਵੇ? ਸਾਨੂੰ ਇਨਸਾਫ ਚਾਹੀਦਾ ਹੈ।
ਇਸ ਦੌਰਾਨ ਪਰਮਜੀਤ ਕੌਰ ਨੇ ਕਿਹਾ ਕਿ, ਕਿਸੇ ਵੀ ਕਰਮਚਾਰੀ ਦੀ ਤੈਨਾਤੀ ਤੋਂ ਪਹਿਲਾਂ ਯੋਗਤਾ ਕੋਣ ਦੇਖਦਾ ਹੁੰਦਾ? ਯੋਗਤਾ ਤਾਂ ਮੌਜੂਦਾ ਦੇਖੀ ਜਾਂਦੀ, ਕਿ ਮੌਜੂਦਾ ਸਮੇਂ ਵਿੱਚ ਵਿਦਿਅਕ ਯੋਗਤਾ ਕਿਸੇ ਵੱਲੋਂ ਕਿੰਨੀ ਕੀਤੀ ਗਈ ਹੈ? ਜੇ ਸਾਡੀ ਵਿਦਿਅਕ ਯੋਗਤਾ 15 ਸਾਲ ਦੀ ਪੁਰਾਣੀ ਦੇਖਣੀ ਸੀ, ਫਿਰ ਬਾਕੀਆਂ ਦੀ ਵੀ ਦੇਖਦੇ। ਵਿਦਿਅਕ ਯੋਗਤਾ ਤਾਂ ਸਭਨਾਂ ਨੇ ਹੀ ਅਸੀਂ ਸਮੇਂ ਸਮੇਂ ਤੇ ਇਨ-ਸਰਵਿਸ ਹੀ ਵਧਾਈ ਹੈ, ਫੇਰ ਸਾਡੀਆਂ ਡਿਗਰੀਆਂ ਕਿਉਂ ਮਿੱਟੀ ‘ਚ ਮਿਲਾਈਆਂ ਜਾ ਰਹੀਆਂ ਹਨ।
ਪਰਮਜੀਤ ਕੌਰ ਨੇ ਕਿਹਾ ਕਿ, 8736 ਪਾਲਸੀ ਵਿੱਚ ਅਸੀਂ ਸੀ, ਜਦਕਿ ਸਾਡੇ ਨਾਲ ਹਰ ਪੱਖੋਂ ਹੀ ਧੱਕਾ ਹੋਇਆ, ਪਰ ਕਿਉਂ, ਇਹ ਸਵਾਲ ਸਾਡਾ ਮਾਨ ਸਰਕਾਰ ਨੂੰ ਹੈ। ਕੀ ਸਾਨੂੰ ਸਾਡੀਆਂ 15 ਸਾਲਾਂ ਦੀਆਂ ਜਿੰਦਗੀਆਂ ਦਾਅ ‘ਤੇ ਲਾਉਣ ਦਾ ਇਹ ਇਨਾਮ ਦਿੱਤਾ ਗਿਆ? ਅਸੀਂ ਆਪਣੀਆਂ ਜਿੰਦਗੀਆਂ ਦਾ ਬਹੁਤ ਹੀ ਸੁਨਿਹਰੀ ਸਮਾਂ, ਸਰਕਾਰੀ ਸਕੂਲਾਂ ਵਿੱਚ ਉਨ੍ਹਾਂ ਸਪੈਸ਼ਲ ਬੱਚਿਆਂ ਨੂੰ ਪੜਾਉਣ ਅਤੇ ਉਨ੍ਹਾਂ ਦਾ ਭਵਿੱਖ ਸਵਾਰਨ ‘ਤੇ ਲਗਾਇਆ, ਸੋਚਿਆ ਸੀ, ਸਾਡੀ ਸਰਕਾਰ ਆਊਗੀ, ਸਾਡਾ ਭਵਿੱਖ ਸੁਧਾਰੇਗੀ, ਸਾਡਾ ਵੀ ਦੁਖ ਸੁਣੂਗੀ ਤੇ ਸਮਝੂਗੀ, ਨਾਲੇ ਮਾਨ ਸਾਹਬ ਤੁਸੀਂ ਹੀ ਕਿਹਾ ਸੀ, ਕਿ ਸਾਡੀ ਸਰਕਾਰ ਕਿਸੇ ਦੀਆਂ ਡਿਗਰੀਆਂ ਹੁਣ ਮਿੱਟੀ ‘ਚ ਨਹੀਂ ਮਿਲਣ ਦੇਵੇਗੀ, ਫ਼ੇਰ ਸਾਡੀਆਂ ਥੱਬਾ ਡਿਗਰੀਆਂ ਤੁਹਾਨੂੰ ਕਿਉਂ ਨਹੀਂ ਦਿੱਸੀਆਂ?
ਆਪਣਾ ਦੁੱਖੜਾ ਦੱਸਦੇ ਹੋਏ ਪਰਮਜੀਤ ਕੌਰ ਨੇ ਭਾਵੁਕ ਹੋ ਕੇ ਕਿਹਾ ਕਿ, ਅਸੀਂ ਰੋਜ- ਰੋਜ ਰਾਤ ਨੂੰ ਇੱਕ ਨਵੀਂ ਮੌਤ ਮਰਦੇ ਆ, ਤੇ ਦੂਜੇ ਦਿਨ ਦੀ ਸਵੇਰ, ਫੇਰ ਸਕੂਲਾਂ ਵਿੱਚ ਸਪੈਸ਼ਲ ਬੱਚਿਆਂ ਦੀਆਂ ਜਿੰਦਗੀਆਂ ਸਵਾਰਨ ਅਤੇ ਉਨ੍ਹਾਂ ਨੂੰ ਸਮਾਜ ਵਿੱਚ ਖੁੱਲ੍ਹ ਕੇ ਜਿਉਣ ਦੇ ਕਾਬਿਲ ਬਣਾਉਣ ਲਈ ਉਠ ਖੜੋਦੇ ਹਾਂ, ਅਸੀਂ ਅਕਸਰ ਉਨ੍ਹਾਂ ਸਾਹਮਣੇ ਅਤੇ ਘਰ ਆਪਣੇ ਬੱਚਿਆਂ ਸਾਹਮਣੇ ਹੱਸਦੇ ਹਾਂ, ਤਾਂ ਕਿ ਸਾਨੂੰ ਰੋਂਦਿਆਂ ਨੂੰ ਵੇਖਕੇ ਇਨ੍ਹਾਂ ਮਾਸੂਮਾਂ ਦਾ ਦਿਲ ਨਾ ਦੁਖੇ। ਕਿਸੇ ਨੇ ਸੱਚ ਹੀ ਕਿਹਾ ਹੈ ਕਿ, ਅਧਿਆਪਕ ਖੁਦ ਬਲ਼ਕੇ, ਹਨੇਰੀਆਂ ਜਿੰਦਗੀਆਂ ਨੂੰ ਰੁਸ਼ਨਾਉਂਦਾ ਹੈ, ਪਰ…ਮਾਨ ਸਾਹਬ ਤੁਸੀਂ ਕਿਹਾ ਸੀ, ਕਿ ਸਾਰੇ ਮਹਿਕਮਿਆਂ ਵਿੱਚੋਂ ਅਸੀਂ ਪਹਿਲਾਂ ਵਿਚਕਾਰ ਬੈਠੇ ਵਿਚੋਲੇ ਕੱਢਣ ਦਾ ਹੀ ਕੰਮ ਕਰਨਾ, ਜੋ ਆਮ ਅਤੇ ਗਰੀਬ ਦਾ ਹੱਕ ਮਾਰਦੇ ਆ, ਹੁਣ ਕਿਥੇ ਆ ਤੁਹਾਡੀਆਂ ਉਹ ਦਲੀਲਾਂ? ਸਾਡੇ ਨਾਲ ਤਾਂ ਸ਼ਰੇਆਮ ਧੱਕਾ ਹੋ ਰਿਹਾ, ਕੀ ਹੁਣ ਵੀ ਤੁਸੀਂ ਧਿਆਨ ਨਹੀਂ ਦੇਵੋਂਗੇ?
ਪਰਮਜੀਤ ਕੌਰ ਨੇ ਇਹ ਵੀ ਦੱਸਿਆ ਕਿ, 28 ਜੁਲਾਈ 2023 ਨੂੰ ਆਰਡਰ ਮਿਲਣ ਤੋਂ 8 ਮਹੀਨੇ ਪਹਿਲਾਂ, ਸਾਡੇ ਤੋਂ ਸਾਡੀਆਂ ਵਿਦਿਅਕ ਡਿਗਰੀਆਂ ਲਗਾਤਾਰ ਇਕੱਠੀਆਂ ਕੀਤੀਆਂ ਗਈਆਂ, ਸਾਨੂੰ ਬਹੁਤ ਵੱਡੀ ਉਮੀਦ ਜਾਗੀ ਸੀ, ਕਿ ਸਾਡੀਆਂ ਬੜੀਆਂ ਮੇਹਨਤਾਂ ਨਾਲ ਕਰੀਆਂ ਡਿਗਰੀਆਂ ਦਾ ਮੁਲ ਹੁਣ ਪੈ ਜਾਵੇਗਾ, ਪਰ ਨਹੀਂ ਸਾਡੇ ਮਨ ਦਾ ਵਹਿਮ ਸੀ, ਜਿੱਡੀ ਡੂੰਘੀ ਸੱਟ ਇਸ ਸਰਕਾਰ ਸਾਡੇ ਦਿਲ ਤੇ ਮਾਰੀ ਹੈ ਅਸੀਂ ਉਸਦੀ ਕਦੇ ਵੀ ਉਮੀਦ ਨਹੀਂ ਸੀ ਕਰੀ।
ਇਸ ਮੌਕੇ, ਸਮੂਹ ਆਈ.ਈ.ਏ.ਟੀ. ਅਧਿਆਪਕ ਜਥੇਬੰਦੀ ਦੇ ਆਗੂਆਂ ਨੇ ਇੱਕ ਮੰਗ ਪੱਤਰ ਜਾਰੀ ਕਰਦਿਆਂ ਕਿਹਾ ਕਿ, ਅਸੀਂ ਸਮੂਹ ਆਈ.ਈ.ਏ.ਟੀ. ਅਧਿਆਪਕ 15 ਸਾਲਾ ਤੋਂ ਨਿਰੰਤਰ ਸਰਕਾਰੀ ਸਕੂਲਾਂ ਵਿੱਚ ਮਾਨਸਿਕ ਅਤੇ ਸਰੀਰਕ ਅਯੋਗਤਾ ਵਾਲੇ ਬੱਚਿਆਂ ਜਮਾਤ ਪਹਿਲੀ ਤੋਂ ਬਾਰਵੀਂ ਤੱਕ, ਸਮਾਵੇਸੀ ਸਿੱਖਿਆ ਅਧੀਨ ਪੜ੍ਹਾ ਰਹੇ ਹਾਂ। ਸਾਡੀ ਡਿਊਟੀ ਆਮ ਅਧਿਆਪਕਾਂ ਨਾਲੋਂ ਲੰਬੀ ਅਤੇ ਸ਼ਖਤ ਹੈ। ਪਰ ਫਿਰ ਵੀ ਅਸੀਂ ਇਨ੍ਹਾਂ ਚੁਣੋਤੀਗ੍ਰਸਤ ਰੱਬ ਰੂਪੀ ਬੱਚਿਆਂ ਨੂੰ ਪੜ੍ਹਾਕੇ ਇਨ੍ਹਾਂ ਦਾ ਭਵਿਖ ਰੋਸ਼ਨ ਕਰਨ ਵਿਚ ਆਪਣਾ ਪੂਰਨ ਯੋਗਦਾਨ ਪਾ ਰਹੇ ਹਾਂ।
ਪ੍ਰੰਤੂ 28 ਜੁਲਾਈ 2023 ਨੂੰ ਜਦੋਂ ਸਾਰੀਆਂ ਕੈਟਾਗਰੀਆਂ (AIE, EGS, STR, EPU) ਨੂੰ ਉਨ੍ਹਾਂ ਦੀਆਂ ਮੌਜੂਦਾ ਅਤੇ ਪੁਰਾਣੀ ਵਿਦਿਅਕ ਯੋਗਤਾਵਾਂ ਦੇ ਅਨੁਸਾਰ ਬਣਦਾ ਹੱਕ ਦਿੱਤਾ ਗਿਆ ਅਤੇ ਗਰੁੱਪ -ਸੀ ਵਿੱਚ ਰੱਖਿਆ ਗਿਆ। ਸਾਨੂੰ ਆਈ.ਈ.ਏ.ਟੀ. ਅਧਿਆਪਕਾਂ ਨੂੰ ਬਿਨ੍ਹਾਂ ਕਿਸੇ ਜਾਂਚ ਪੜਤਾਲ ਤੋਂ ਗਰੁੱਪ-ਡੀ ਵਿੱਚ ਪਾ ਦਿੱਤਾ ਗਿਆ ਅਤੇ ਸਾਡੀਆਂ ਉਚੱ ਵਿਦਿਅਕ ਯੋਗਤਾਵਾਂ ਅੱਖੋਂ ਉਹਲੇ ਕਰ ਦਿੱਤੀਆਂ ਗਈਆਂ। ਸਾਨੂੰ ਸਿਰਫ +2 ਬੇਸ ਕਹਿਕੇ ਸਾਡਾ ਅਪਮਾਨ ਕੀਤਾ ਜਾ ਰਿਹਾ ਹੈ ਅਤੇ +2 ਬੇਸ ਤਨਖਾਹ ਦੇਕੇ ਗਰੁੱਪ-D ਵਿੱਚ ਪਾਕੇ ਮਾਨਸਿਕ ਤੌਰ ਤੇ ਰੋਗੀ ਬਣਾਇਆ ਜਾ ਰਿਹਾ ਹੈ।
ਜਦੋਂਕਿ ਅਸੀਂ ਨਾ ਤਾਂ ਭਰਤੀ ਵੇਲੇ 12ਵੀਂ ਪਾਸ ਸੀ ਅਤੇ ਨਾ ਹੀ ਅੱਜ, ਅਸੀਂ ਐਨਟੀਟੀ, ਈਟੀਟੀ, ਬੀਐੱਡ ਸਪੈਸ਼ਲ, ਬੀਐੱਡ, ਡਬਲ ਟੈਟ ਕਲੀਅਰ ਅਧਿਆਪਕ ਹਾਂ, ਸਾਡੀ ਭਰਤੀ ਵੇਲੇ ਦੀ ਵਿੱਦਿਅਕ ਯੋਗਤਾ ਘੱਟੋ ਘੱਟ ਬਾਰਵੀਂ ਸੀ, ਨਾ ਕਿ ਬਾਰਵੀਂ ਬੇਸ ਭਰਤੀ ਸੀ। ਇਸ ਵਿੱਚ ਸਾਲ 2008-2009 ਦੌਰਾਨ ਵੱਧ ਵਿਦਿਅਕ ਯੋਗਤਾ ਵਾਲੇ ਵੀ ਨਿਰੋਲ ਮੈਰਿਟ ਦੇ ਆਧਾਰ ਤੇ ਚੁਣੇ ਗਏ ਸਨ। ਸੋ ਸਾਡੀ ਮੁੱਖ ਮੰਗ ਇਹ ਹੈ ਕਿ ਸਾਡੀਆਂ ਵੀ ਪੁਰਾਣੀਆਂ ਅਤੇ ਮੌਜੂਦਾ ਦੋਵੇਂ ਤਰ੍ਹਾਂ ਦੀਆਂ ਵਿਦਿਅਕ ਯੋਗਤਾਵਾਂ ਵਿਚਾਰ ਅਧੀਨ ਲਿਆ ਕੇ ਸਾਨੂੰ ਸਾਡਾ ਬਣਦਾ ਹੱਕ ਦਿੱਤਾ ਜਾਵੇ।