ਸਪੈਸ਼ਲ ਬੀਐੱਡ ਵਿੱਦਿਅਕ ਯੋਗਤਾ ਜੋੜੀ ਜਾਵੇ: ਸੂਬਾ ਪ੍ਰਧਾਨ ਨਾਮਪ੍ਰੀਤ ਸਿੰਘ
ਆਈਈਏਟੀ ਦੀ ਵਿੱਦਿਅਕ ਯੋਗਤਾ ਬਾਰਵੀਂ ਪਾਸ ਰੱਖਕੇ ਮਾਨ ਸਰਕਾਰ ਨੇ ਕੀਤਾ ਧੋਖਾ
ਗੋਗੀ ਕਮਾਲਪੁਰੀਆ, ਰਾਏਕੋਟ
ਪਿਛਲੇ ਸਾਲ ਸੂਬਾ ਸਰਕਾਰ ਵੱਲੋਂ ਪੱਕੇ ਕੀਤੇ ਆਈਈਏਟੀ ਅਧਿਆਪਕਾਂ ਚੋਂ ਸਪੈਸ਼ਲ ਬੀਐੱਡ ਕਰੀ ਬੈਠੇ ਅਧਿਆਪਕਾਂ ਦੀ ਵਿੱਦਿਅਕ ਯੋਗਤਾ ਨੂੰ ਜੋੜਕੇ ਬਣਦਾ ਲਾਭ ਦਿੱਤਾ ਜਾਵੇ।
ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਆਈਈਏਟੀ ਸਪੈਸ਼ਲ ਐਜੂਕੇਸ਼ਨ ਯੂਨੀਅਨ ਦੇ ਸੂਬਾ ਪ੍ਰਧਾਨ ਨਾਮਪ੍ਰੀਤ ਸਿੰਘ, ਮੀਤ ਪ੍ਰਧਾਨ ਨਰਿੰਦਰ ਸਿੰਘ ਤੇ ਕਨਵੀਨਰ ਆਸ਼ਾ ਰਾਣੀ ਨੇ ਗੱਲਬਾਤ ਦੌਰਾਨ ਕੀਤਾ। ਉਹਨਾਂ ਅੱਗੇ ਕਿਹਾ ਕਿ ਭਾਵੇਂ ਸਰਕਾਰ ਵੱਲੋਂ ਸਾਨੂੰ ਬਾਰਵੀਂ ਪਾਸ ਦੇ ਤੌਰ ਤੇ ਪੱਕੇ ਕੀਤਾ ਗਿਆ ਹੈ ਪਰ ਅਸੀਂ ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਨੂੰ ਪੜਾਉਂਣ ਲਈ ਸਪੈਸ਼ਲ ਬੀਐੱਡ ਕੀਤੀ ਹੋਈ ਹੈ ਜੋ ਕਿ ਸਰਕਾਰ ਨੇ ਅੱਖੋ ਪਰੋਖੇ ਕਰਕੇ ਸਾਨੂੰ ਸਿਰਫ ਬਾਰਵੀਂ ਪਾਸ ਅਧਿਆਪਕ ਹੀ ਬਣਾਇਆ ਹੋਇਆ ਹੈ।
ਉਨ੍ਹਾਂ ਅੱਗੇ ਕਿਹਾ ਕਿ ਇਸ ਸਬੰਧੀ ਯੂਨੀਅਨ ਵੱਲੋਂ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੂੰ ਵੀ ਮਿਲਿਆ ਗਿਆ ਸੀ ਜਿੱਥੇ ਉਨ੍ਹਾਂ ਇਸ ਸਬੰਧੀ ਵਿਚਾਰ ਕੀਤੇ ਜਾਣ ਦੀ ਗੱਲ ਕਹੀ ਸੀ ਪਰ 2 ਮਹੀਨੇ ਬੀਤਣ ਤੇ ਆ ਚੁੱਕੇ ਹਨ ਸਰਕਾਰ ਜਾਂ ਵਿਭਾਗ ਵੱਲੋਂ ਕੋਈ ਵੀ ਪਹਿਲ ਕਦਮੀ ਨਹੀਂ ਕੀਤੀ ਗਈ ਹੈ।
ਉਨ੍ਹਾਂ ਅੱਗੇ ਕਿਹਾ ਕਿ ਦੁਬਾਰਾ ਤੋਂ ਸਿੱਖਿਆ ਮੰਤਰੀ ਨੂੰ ਮਿਲਿਆ ਜਾਵੇਗਾ ਤੇ ਸਪੈਸ਼ਲ ਬੀਐੱਡ ਸਬੰਧੀ ਪੂਰੀ ਜਾਣਕਾਰੀ ਦੇਕੇ ਆਪਣੀ ਮੰਗ ਰੱਖੀ ਜਾਵੇਗੀ। ਉਨ੍ਹਾਂ ਕਿਹਾ ਕਿ ਮੁਲਾਜਮ ਵਰਗ ਨੇ ਹੀ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਵੋਟਾਂ ਪਾਕੇ ਸੱਤਾ ਵਿੱਚ ਲਿਆਂਦਾ ਹੈ ਤੇ ਹੁਣ ਮੁਲਾਜਮਾਂ ਨਾਲ ਕੀਤੇ ਵਾਅਦੇ ਸਰਕਾਰ ਨੂੰ ਪੂਰੇ ਕਰਨੇ ਚਾਹੀਦੇ ਹਨ।
ਉਨ੍ਹਾਂ ਸਰਕਾਰ ਤੇ ਵਿਭਾਗ ਤੋਂ ਮੰਗ ਕੀਤੀ ਕਿ ਆਈਈਏਟੀ ‘ਸਪੈਸ਼ਲ ਐਜੂਕੇਸ਼ਨ’ ਯੂਨੀਅਨ ਵਿੱਚ ਜਿੰਨੇ ਵੀ ਅਧਿਆਪਕਾਂ ਨੇ ਸਪੈਸ਼ਲ ਬੀਐੱਡ ਕੀਤੀ ਹੋਈ ਹੈ ਉਹਨਾਂ ਦੀ ਵਿੱਦਿਅਕ ਯੋਗਤਾ ਜੋੜੀ ਜਾਵੇ।