All Latest NewsNews FlashPunjab News

Jalalabad News: ਪੰਚਾਇਤੀ ਚੋਣਾਂ ਨੂੰ ਲੈ ਕੇ ਉਮੀਦਵਾਰਾਂ ਦੀਆਂ ਫਾਈਲਾਂ ਖੋਹਣ ਅਤੇ ਪਾੜਨ ਖਿਲਾਫ ਜਲਾਲਾਬਾਦ ਦੇ ਬੱਤੀਆਂ ਵਾਲੇ ਚੌਂਕ ‘ਚ ਚੱਕਾ ਜਾਮ!

 

Jalalabad News: ਨਾਮਜ਼ਦਗੀ ਪੱਤਰ ਖੋਹਣ ਵਾਲੇ ਪੁਲਿਸ ਅਧਿਕਾਰੀਆਂ, ਮੁਲਾਜ਼ਮਾਂ ਅਤੇ ਸੱਤਾ ਧਿਰ ਦੇ ਵਿਅਕਤੀਆਂ ਖਿਲਾਫ ਕਾਰਵਾਈ ਕਰਵਾਉਣ ਤੱਕ ਸੰਘਰਸ਼ ਜਾਰੀ ਰੱਖਣ ਦਾ ਐਲਾਨ

ਰਣਬੀਰ ਕੌਰ ਢਾਬਾਂ, ਜਲਾਲਾਬਾਦ

Jalalabad News: ਪੰਚਾਇਤੀ ਚੋਣਾਂ ਵਿੱਚ ਉਮੀਦਵਾਰ ਲਈ ਚੋਣ ਲੜਨ ਦੇ ਚਾਹਵਾਨ ਉਮੀਦਵਾਰਾਂ ਦੀਆਂ ਸੱਤਾਧਾਰੀ ਪਾਰਟੀ ਦੇ ਕੁਝ ਵਿਅਕਤੀਆਂ ਵੱਲੋਂ ਪਹਿਲਾਂ ਮਿਥੀ ਸਾਜਿਸ਼ ਤਹਿਤ ਨਾਮਜ਼ਦਗੀ ਪੱਤਰ ਖੋਹਣ ਅਤੇ ਪਾੜਨ ਖ਼ਿਲਾਫ਼ ਇਲਾਕਾ ਵਾਸੀਆਂ ਵੱਲੋਂ ਦੂਜੇ ਦਿਨ ਵੀ ਜਲਾਲਾਬਾਦ ਦੇ ਬੱਤੀਆਂ ਵਾਲੇ ਚੌਂਕ ‘ਚ ਚੱਕਾ ਜਾਮ ਅਤੇ ਧਰਨਾ ਜਾਰੀ ਰਿਹਾ।

ਜਲਾਲਾਬਾਦ ਦੇ ਬੱਤੀਆਂ ਵਾਲੇ ਚੌਂਕ ਵਿਖੇ ਨੈਸ਼ਨਲ ਹਾਈਵੇ ਜਾਮ ਕਰਕੇ ਕੀਤੇ ਜਾ ਰਹੇ ਰੋਸ ਪ੍ਰਦਰਸ਼ਨ ਦੀ ਅਗਵਾਈ ਭਾਰਤੀ ਕਮਿਊਨਿਸਟ ਪਾਰਟੀ(ਸੀਪੀਆਈ) ਦੇ ਜ਼ਿਲ੍ਹਾ ਮੀਤ ਸਕੱਤਰ ਕਾਮਰੇਡ ਸੁਰਿੰਦਰ ਢੰਡੀਆਂ,ਬੀਜੇਪੀ ਜ਼ਿਲ੍ਹਾ ਪ੍ਰਧਾਨ ਸੁਖਵਿੰਦਰ ਸਿੰਘ ਕਾਕਾ ਕੰਬੋਜ,ਸਰਬ ਭਾਰਤ ਨੌਜਵਾਨ ਸਭਾ ਦੇ ਸੂਬਾ ਪ੍ਰਧਾਨ ਐਡਵੋਕੇਟ ਪਰਮਜੀਤ ਢਾਬਾਂ, ਏਆਈਐਸਐਫ ਦੇ ਸੂਬਾ ਪ੍ਰਧਾਨ ਰਮਨ ਧਰਮੂਵਾਲਾ,ਸੀਪੀਆਈ ਬਲਾਕ ਗੁਰੂਹਰਸਹਾਇ ਦੇ ਸਕੱਤਰ ਕਾਮਰੇਡ ਬਲਵੰਤ ਚੁਹਾਣਾ,ਕੁਲ ਹਿੰਦ ਕਿਸਾਨ ਸਭਾ ਦੇ ਆਗੂ ਕ੍ਰਿਸ਼ਨ ਧਰਮੂਵਾਲਾ,ਨਰੇਗਾ ਰੁਜ਼ਗਾਰ ਪ੍ਰਾਪਤ ਮਜ਼ਦੂਰ ਯੂਨੀਅਨ ਦੇ ਆਗੂ ਨਰਿੰਦਰ ਢਾਬਾਂ,ਪੰਜਾਬ ਕਿਸਾਨ ਸਭਾ ਦੇ ਆਗੂ ਅਸ਼ੋਕ ਕੰਬੋਜ,ਗੁਰਦਿਆਲ ਢਾਬਾਂ,ਕਰਨੈਲ ਬੱਗੇ ਕੇ,ਸਟਾਲਿਨ ਲਮੋਚੜ ਨੇ ਕੀਤੀ।

ਦੂਜੇ ਪਾਸੇ ਇਸ ਰੋਸ ਪ੍ਰਦਰਸ਼ਨ ਦੀ ਅਗਵਾਈ ਕਰ ਰਹੇ ਆਗੂਆਂ ਨੇ ਜ਼ਿਲ੍ਹਾ ਚੋਣ ਅਧਿਕਾਰੀ-ਕਮ-ਡਿਪਟੀ ਕਮਿਸ਼ਨਰ ਖਿਲਾਫ ਜੰਮ ਕੇ ਨਾਅਰੇਬਾਜ਼ੀ ਕੀਤੀ ਗਈ। ਉਹਨਾਂ ਨੇ ਦੋਸ਼ ਲਾਇਆ ਕਿ ਜ਼ਿਲ੍ਹਾ ਚੋਣ ਅਧਿਕਾਰੀ ਵੱਲੋਂ ਪੰਚਾਇਤੀ ਚੋਣਾਂ ਨੂੰ ਲੈ ਕੇ ਬਿਲਕੁਲ ਵੀ ਸੰਜੀਦਗੀ ਨਹੀਂ ਦਿਖਾਈ ਜਾ ਰਹੀ ਅਤੇ ਉਹਨਾਂ ਵੱਲੋਂ ਆਪਣੇ ਕਮਰੇ ਵਿੱਚ ਬੈਠ ਕੇ ਹੀ ਕੰਮ ਕੀਤਾ ਜਾ ਰਿਹਾ।

ਜਦੋਂਕਿ ਹਾਲਾਤ ਇਹ ਹਨ ਕਿ ਲੋਕਾਂ ਦੇ ਨਾਮਜ਼ਦਗੀ ਪੱਤਰ ਫਾੜੇ ਗਏ, ਖੋਏ ਗਏ ਅਤੇ ਗੋਲੀਆਂ ਤੱਕ ਚੱਲ ਗਈਆਂ। ਇਸ ਧਰਨੇ ਨੂੰ ਵਿਧਾਇਕ ਸੰਦੀਪ ਜਾਖੜ ਨੇ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਸੂਬੇ ਅੰਦਰ ਲਾਅ ਐਂਡ ਆਰਡਰ ਦਾ ਰਾਜ ਖਤਮ ਹੋ ਚੁੱਕਿਆ ਹੈ ਅਤੇ ਗੁੰਡਾਗਰਦੀ ਲਗਾਤਾਰ ਵਧਦੀ ਜਾ ਰਹੀ ਹੈ। ਜਿਸ ਦਾ ਪ੍ਰਮਾਣ ਸਪਸ਼ਟ ਤੌਰ ਤੇ ਪੰਚਾਇਤੀ ਚੋਣਾਂ ਵਿੱਚ ਦੇਖਣ ਨੂੰ ਮਿਲ ਰਿਹਾ ਹੈ।

ਇਸ ਮੌਕੇ ਹੋਰਾਂ ਤੋਂ ਇਲਾਵਾ ਸੀਪੀਆਈ ਦੇ ਬਲਾਕ ਸਕੱਤਰ ਕਾਮਰੇਡ ਛਿੰਦਰ ਮਹਾਲਮ,ਤੇਜਾ ਅਮੀਰ ਖਾਸ, ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਰਾਜ ਬਖਸ਼ ਕੰਬੋਜ,ਬੀਜੇਪੀ ਦੇ ਆਗੂ ਸੰਦੀਪ ਮਲੂਜਾ, ਰਾਕੇਸ਼ ਉਤਰੇਗਾ,ਹਰਭਜਨ ਦਰਸ਼ਨ,ਕਾਮਰੇਡ ਜਰਨੈਲ ਢਾਬਾਂ, ਨੇ ਵੀ ਸੰਬੋਧਨ ਕੀਤਾ।

ਲਗਾਤਾਰ ਪ੍ਰਸ਼ਾਸਨ ਨਾਲ ਮਸਲੇ ਦਾ ਹੱਲ ਕੱਢਣ ਲਈ ਗੱਲ ਕੀਤੀ ਜਾ ਰਹੀ ਹੈ, ਪ੍ਰੰਤੂ ਸਹੀ ਹੱਲ ਨਾ ਨਿਕਲਣ ਕਰਕੇ ਆਗੂ ਇਸ ਗੱਲ ਤੇ ਅੜੇ ਹੋਏ ਹਨ ਕਿ ਨਾਮਜ਼ਦਗੀ ਪੱਤਰ ਖੋਹਣ ਵਾਲੇ ਪੁਲਿਸ ਅਧਿਕਾਰੀਆਂ, ਮੁਲਾਜ਼ਮਾਂ ਅਤੇ ਸੱਤਾ ਧਿਰ ਦੇ ਵਿਅਕਤੀਆਂ ਖਿਲਾਫ ਕਾਰਵਾਈ ਕਰਵਾਉਣ ਤੱਕ ਉਹਨਾਂ ਦਾ ਧਰਨਾ ਪ੍ਰਦਰਸ਼ਨ ਜਾਰੀ ਰਹੇਗਾ।

 

Leave a Reply

Your email address will not be published. Required fields are marked *