ਵੱਡੀ ਖ਼ਬਰ: ਬੇਰੁਜ਼ਗਾਰ 5994 ਅਧਿਆਪਕਾਂ ਨੇ ਚੁੱਪ-ਚੁਪੀਤੇ ਘੇਰੀ ਸਿੱਖਿਆ ਮੰਤਰੀ ਹਰਜੋਤ ਬੈਂਸ ਦੀ ਰਿਹਾਇਸ਼
ਪੰਜਾਬ ਨੈੱਟਵਰਕ, ਸ਼੍ਰੀ ਆਨੰਦਪੁਰ ਸਾਹਿਬ
ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦੀ ਰਿਹਾਇਸ਼ ਨੂੰ ਅੱਜ ਚੁੱਪ ਚੁਪੀਤੇ ਈਟੀਟੀ ਟੈਟ ਪਾਸ ਬੇਰੁਜ਼ਗਾਰ 5994 ਅਧਿਆਪਕ ਯੂਨੀਅਨ ਪੰਜਾਬ ਦੀਆਂ ਮਹਿਲਾ ਉਮੀਦਵਾਰਾਂ ਨੇ ਘੇਰ ਲਿਆ। ਜਾਣਕਾਰੀ ਮੁਤਾਬਿਕ, ਅੱਜ ਸਵੇਰੇ ਕਰੀਬ ਅੱਠ ਵਜੇ ਬੇਰੁਜ਼ਗਾਰ ਅਧਿਆਪਕਾਵਾਂ ਨੇ ਸਿੱਖਿਆ ਮੰਤਰੀ ਦੀ ਰਿਹਾਇਸ਼ ਦਾ ਘੇਰਾਓ ਕਰਦਿਆਂ ਜੰਮ ਕੇ ਰੋਸ ਪ੍ਰਦਰਸ਼ਨ ਕੀਤਾ।
ਦੱਸਣਾ ਬਣਦਾ ਹੈ ਕਿ, ਹੱਕੀ ਮੰਗਾਂ ਲਈ ਟੈਂਕੀ ‘ਤੇ ਚੜੇ ਦੋ ਉਮੀਦਵਾਰਾਂ ਆਦਰਸ਼ ਅਬੋਹਰ ਅਤੇ ਅਨਮੋਲ ਬੱਲੂਆਣਾ ਨੂੰ ਤੀਜਾ ਦਿਨ ਸ਼ੁਰੂ ਹੋ ਗਿਆ ਹੈ। ਇਸ ਸਭ ਦੇ ਬਾਵਜੂਦ ਪੰਜਾਬ ਸਰਕਾਰ ਇਹਨਾਂ ਬੇਰੁਜ਼ਗਾਰ ਅਧਿਆਪਕਾਂਨੂੰ ਸਕੂਲਾਂ ਵਿੱਚ ਜੁਆਇਨ ਕਰਵਾਉਣ ਲਈ ਕੋਈ ਦਿਲਚਸਪੀ ਨਹੀਂ ਲੈ ਰਹੀ। ਜਿਸ ਕਾਰਨ ਟੈਂਕੀ ‘ਤੇ ਚੜੇ ਅਤੇ ਟੈਂਕੀ ਦੇ ਹੇਠਾਂ ਧਰਨਾ ਦੇ ਰਹੇ ਸਮੁੱਚੇ ਕਾਡਰ ਦਾ ਰੋਸ ਦਿਨ ਪ੍ਰਤੀ ਦਿਨ ਵੱਧਦਾ ਜਾ ਰਿਹਾ ਹੈ।
ਸਰਕਾਰ ਲਗਾਤਾਰ ਟਾਲਮਟੋਲ ਕਰਦੇ ਹੋਏ ਡੰਗ ਟਪਾਊ ਨੀਤੀ ਤਹਿਤ ਕੰਮ ਕਰ ਰਹੀ ਹੈ। ਉਕਤ ਭਰਤੀ 12 ਅਕਤੂਬਰ 2022 ਨੂੰ ਕੱਢੀ ਗਈ ਸੀ, ਜਿਸ ਨੂੰ ਅੱਜ ਲਗਭਗ ਦੋ ਸਾਲ ਦਾ ਸਮਾਂ ਬੀਤ ਚੁੱਕਿਆ ਹੈ, ਪਰ ਸਰਕਾਰ ਅਜੇ ਵੀ ਇਸ ਭਰਤੀ ਨੂੰ ਪੂਰਾ ਕਰਨ ਲਈ ਕੋਈ ਦਿਲਚਸਪੀ ਨਹੀਂ ਲੈ ਰਹੀ।
ਜ਼ਿਕਰਯੋਗ ਹੈ ਕਿ ਧਰਨਾ ਦੇ ਰਹੇ ਨੌਜਵਾਨਾਂ ਦਾ ਭਰਤੀ ਪ੍ਰੋਸੈਸ 90% ਤੱਕ ਪੂਰਨ ਹੋ ਚੁੱਕਿਆ ਹੈ ਤੇ ਹੁਣ ਸਿਰਫ ਤੇ ਸਿਰਫ ਸਟੇਸ਼ਨ ਚੋਣ ਕਰਵਾ ਕੇ ਇਹਨਾਂ ਨੌਜਵਾਨਾਂ ਨੂੰ ਸਕੂਲਾਂ ਵਿੱਚ ਜੁਆਇਨ ਕਰਵਾਉਣਾ ਹੀ ਬਾਕੀ ਰਹਿ ਗਿਆ ਹੈ।