ਕੀ ਪੰਜਾਬ ਸਰਕਾਰ ਕਰੇਗੀ ਕੱਚੇ ਮੁਲਾਜ਼ਮਾਂ ਲਈ ਬਣੇ ਐਕਟ ‘ਚ ਸੋਧ?
ਡੈਮੋਕ੍ਰੇਟਿਕ ਜੰਗਲਾਤ ਮੁਲਾਜ਼ਮ ਯੂਨੀਅਨ ਨੇ ਵਿਧਾਇਕ ਉੜਮੁੜ ਜਸਵੀਰ ਰਾਜਾ ਨੂੰ ਦਿੱਤਾ ਮੰਗ ਪੱਤਰ
ਪੰਜਾਬ ਨੈੱਟਵਰਕ, ਟਾਂਡਾ
ਡੈਮੋਕ੍ਰੇਟਿਕ ਜੰਗਲਾਤ ਮੁਲਾਜ਼ਮ ਯੂਨੀਅਨ ਪੰਜਾਬ ਮੰਡਲ ਦਸੂਹਾ ਵਲੋਂ ਕੱਚੇ ਵਰਕਰਾਂ ਦਾ ਵਫ਼ਦ ਵਿਧਾਇਕ ਉੜਮੁੜ ਜਸਵੀਰ ਸਿੰਘ ਰਾਜਾ ਗਿੱਲ ਰਾਹੀਂ ਮਾਣਯੋਗ ਮੁੱਖ ਮੰਤਰੀ ਪੰਜਾਬ ਨੂੰ ਮੰਗ ਪੱਤਰ ਸੌਂਪਿਆ ਗਿਆ।
ਮੰਡਲ ਪ੍ਰਧਾਨ ਜਗੀਰ ਸਿੰਘ ਅਤੇ ਸੀਨੀਅਰ ਮੀਤ ਪ੍ਰਧਾਨ ਮੰਡਲ ਦਸੂਹਾ ਮਹਿੰਦਰਪਾਲ ਜੀ ਨੇ ਮੰਗਾਂ ਸਬੰਧੀ ਵਿਧਾਇਕ ਸਾਹਿਬ ਨੂੰ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਜੰਗਲਾਤ ਵਿਭਾਗ ਪੰਜਾਬ ਅਧੀਨ ਪੰਜਾਬ ਦੇ ਹਜ਼ਾਰਾਂ ਕੱਚੇ ਕਾਮੇ ਪਿਛਲੇ 20-25 ਸਾਲਾਂ ਤੋਂ ਲਗਾਤਾਰ ਹੁਣ ਤੱਕ ਨਿਗੂਣੀ ਤਨਖਾਹਾਂ ਸਿਰਫ਼ 10996 ਰੁਪਏ ਪ੍ਰਤੀ ਮਹੀਨਾ ਉਜਰਤਾਂ ਤੇ ਕੰਮ ਕਰਦੇ ਆਂ ਰਹੇ ਹਨ।
ਜਿਸ ਨਾਲ ਕਿ ਘਰ ਦਾ ਗੁਜ਼ਾਰਾ ਕਰਨਾ ਬਹੁਤ ਮੁਸ਼ਕਲ ਹੁੰਦਾ ਜਾ ਰਿਹਾ ਹੈ ਇਸ ਕਰਕੇ ਜਥੇਬੰਦੀ ਮੰਗ ਕਰਦੀ ਹੈ ਕਿ ਮਹਿੰਗਾਈ ਦਰ ਦੇ ਹਿਸਾਬ ਨਾਲ ਘੱਟ ਤੋਂ ਘੱਟ ਉਜਰਤ 26000 ਰੁਪਏ ਪ੍ਰਤੀ ਮਹੀਨਾ ਕੀਤੀ ਜਾਵੇ।
ਕੱਚੇ ਕਾਮਿਆਂ ਨੂੰ ਕੰਮ ਕਰਦੇ ਸਮੇਂ ਸੱਟ ਲੱਗ ਜਾਣ ਜਾ ਮੌਤ ਹੋ ਜਾਣ ਦੀ ਸੂਰਤ ਵਿੱਚ ਜੀਵਨ ਬੀਮਾ ਕੀਤਾ ਜਾਵੇ ਕਿਉੰਕਿ ਬਹੁਤ ਸਾਰੇ ਸਾਥੀ ਜੰਗਲਾਂ ਵਿੱਚ ਜਾ ਰੋਡ ਉਤੇ ਆਦਿ ਤੇ ਰੁੱਖਾਂ ਦੀ ਸਾਂਭ – ਸੰਭਾਲ ਕਰਦੇ, ਰੁੱਖਾਂ ਦੀ ਪਲਾਂਟੇਸ਼ਨ ਕਰਦੇ ਸਮੇਂ ਜਾ ਜੰਗਲੀ ਜੀਵਾਂ ਨੂੰ ਬਚਾਉਂਦੇ ਸਮੇ , ਕੋਈ ਸੱਪ ਜਾਂ ਜੰਗਲੀ ਕੀੜਾ ਲੜ ਜਾਵੇ ਤਾਂ ਨਾ ਤਾਂ ਸਰਕਾਰ ਵਲੋ ਕੋਈ ਮਾਲੀ ਸਹਾਇਤਾ ਮਿਲਦੀ ਅਤੇ ਨਾ ਹੀ ਵਣ ਵਿਭਾਗ ਵੱਲੋਂ ਕਿਸੇ ਵੀ ਤਰ੍ਹਾਂ ਦੀ ਮਾਲੀ ਸਹਾਇਤਾ ਦਿੱਤੀ ਜਾਂਦੀ ਹੈ।
ਵਣ ਨਰਸਰੀਆਂ ਜਾ ਫੀਲਡ ਵਿੱਚ ਕੰਮ ਕਰਦੇ ਕਿਸੇ ਵੀ ਕੱਚੇ ਦਿਹਾੜੀਦਾਰ ਕਾਮਿਆਂ ਨੂੰ ਤਨਖਾਹਾਂ ਸਮੇਂ ਸਿਰ ਦਿੱਤੀਆਂ ਜਾਣ। ਪਾਲਿਸੀ ਫਾਰ ਵੈਲਫੇਅਰ ਆਫ ਅਡਹਾਕ ਡੇਲੀਵੇਜ਼ ਵਰਕਚਾਰਜ ਟੈਂਪਰੇਰੀ ਇੰਪਲਾਈਜ ਐਕਟ 2023 ਵਿੱਚ ਸੋਧ ਕੀਤੀ ਜਾਵੇ।
ਕਿਉੰਕਿ ਇਸ ਐਕਟ ਦੇ ਮੁਤਾਬਿਕ ਬਹੁਤ ਸਾਰੇ ਘੱਟ ਪੜੇ ਲਿਖੇ ਅਤੇ ਨੌਕਰੀ ਵਿੱਚ ਲਗਾਤਾਰਤਾ ਨਾ ਹੋਣ ਵਾਲੇ ਕਾਮਿਆਂ ਨੂੰ ਇਸ ਐਕਟ ਤੋਂ ਕੋਈ ਲਾਭ ਨਹੀਂ ਮਿਲਦਾ।
ਇਸ ਲਈ ਯੂਨੀਅਨ ਦੀ ਮੰਗ ਹੈ ਕਿ ਇਸ ਐਕਟ ਵਿੱਚ ਸੋਧ ਕੀਤੀ ਜਾਵੇ ਅਤੇ ਪਹਿਲਾਂ ਪੱਕੇ ਕੀਤੇ ਦਰਜਾ ਚਾਰ ਮੁਲਾਜ਼ਮਾਂ ਵਾਂਗ ਨੌਕਰੀ ਦੀ ਸੇਵਾ ਮੁਕਤੀ ਦੀ ਉਮਰ 58 ਸਾਲ ਤੋਂ ਵਧਾ ਕੇ 60 ਸਾਲ ਕੀਤਾ ਜਾਵੇ। ਘੱਟ ਤੋਂ ਘੱਟ ਉਜਰਤ ਕਾਨੂੰਨ ਵਿੱਚ ਸੋਧ ਕੀਤੀ ਜਾਵੇ।
ਵਫ਼ਦ ਨੇ ਵਿਧਾਇਕ ਤੋਂ ਮੰਗ ਕੀਤੀ ਕਿ ਓਹ ਉਨ੍ਹਾਂ ਦੀਆਂ ਮੰਗਾਂ ਨੂੰ ਆਉਂਦੇ ਪੰਜਾਬ ਵਿਧਾਨ ਸਭਾ ਦੇ ਸੈਸ਼ਨ ਵਿੱਚ ਜ਼ਰੂਰ ਚੁੱਕਣ। ਵਿਧਾਇਕ ਸਾਹਿਬ ਨੇ ਵਫ਼ਦ ਨੂੰ ਵਿਸ਼ਵਾਸ ਦਿਵਾਇਆ ਕਿ ਓਹ ਉਨ੍ਹਾਂ ਦੀਆਂ ਮੰਗਾਂ ਨੂੰ ਸਰਕਾਰ ਤੱਕ ਜ਼ਰੂਰ ਪਹੁੰਚਾਉਣਗੇ।
ਇਸ ਮੌਕੇ ਮੰਡਲ ਪ੍ਰਧਾਨ ਜਗੀਰ ਸਿੰਘ ਚਾਂਗ ਬਸੋਆ, ਜਰਨਲ ਸਕੱਤਰ ਵਰਿੰਦਰ ਕੁਮਾਰ ਅਸ਼ਰਫਪੁਰ, ਸੀਨੀਅਰ ਮੀਤ ਪ੍ਰਧਾਨ ਮਹਿੰਦਰਪਾਲ ਜੋਗੀਆਨਾ, ਪ੍ਰੈੱਸ ਸਕੱਤਰ ਸ਼ਿਵ ਦਿਆਲ ਪੰਡੋਰੀ ਬੈਂਸਾਂ ਤੇ ਲਵਪ੍ਰੀਤ ਸਿੰਘ ਬੋਦਲ, ਰੇਂਜ ਪ੍ਰਧਾਨ ਬਡਲਾ ਰਾਜੀਵ ਕੁਮਾਰ ਸੰਸਾਰਪੁਰ, ਜਰਨਲ ਸਕੱਤਰ ਲਖਵੀਰ ਸਿੰਘ ਰਾਘੋਵਾਲ, ਸਰਜੀਵਨ ਸਿੰਘ, ਮਲਕੀਤ ਸਿੰਘ ਪਵੇ ਝਿੰਗੜ ਹਾਜ਼ਰ ਸਨ।