All Latest NewsNews FlashPunjab News

ਜ਼ਮੀਨੀ ਘੋਲ ਦੇ ਪਹਿਲੇ ਸ਼ਹੀਦ ਪ੍ਰਿਥੀਪਾਲ ਸਿੰਘ ਚੱਕ ਅਲੀਸ਼ੇਰ ਦੀ 13ਵੀਂ ਬਰਸੀ 11 ਅਕਤੂਬਰ ਨੂੰ: ਮਨਜੀਤ ਧਨੇਰ

 

ਚੱਕ ਅਲੀਸ਼ੇਰ ਦੀ ਬਰਸੀ ਕੁੱਲਰੀਆਂ ਜ਼ਮੀਨੀ ਮੋਰਚੇ ਵਿੱਚ ਮਨਾਈ ਜਾਵੇਗੀ: ਮਨਜੀਤ ਧਨੇਰ

ਦਲਜੀਤ ਕੌਰ, ਬਰਨਾਲਾ

ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਜ਼ਿਲ੍ਹਾ ਬਰਨਾਲਾ ਦੀ ਮੀਟਿੰਗ ਕੁਲਵੰਤ ਸਿੰਘ ਭਦੌੜ ਦੀ ਪ੍ਰਧਾਨਗੀ ਹੇਠ ਯੂਨੀਅਨ ਦੇ ਦਫ਼ਤਰ 25 ਏਕੜ ਬਰਨਾਲਾ ਵਿਖੇ ਹੋਈ। ਇਸ ਮੀਟਿੰਗ ਵਿੱਚ ਸੂਬਾ ਪ੍ਰਧਾਨ ਮਨਜੀਤ ਧਨੇਰ, ਸੂਬਾ ਜਨਰਲ ਸਕੱਤਰ ਹਰਨੇਕ ਸਿੰਘ ਮਹਿਮਾ ਅਤੇ ਸੂਬਾ ਕਮੇਟੀ ਮੈਂਬਰ ਕੁਲਵੰਤ ਸਿੰਘ ਕਿਸ਼ਨਗੜ੍ਹ ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਏ। ਇਸ ਮੀਟਿੰਗ ਵਿੱਚ ਮੁੱਖ ਮੁੱਦਾ ਜਮੀਨੀ ਘੋਲ ਦੇ ਪਹਿਲੇ ਸ਼ਹੀਦ ਪ੍ਰਿਥੀਪਾਲ ਸਿੰਘ ਚੱਕ ਅਲੀਸ਼ੇਰ ਦੀ ਬਰਸੀ ਸਮਾਗਮ ਮਨਾਉਣ ਸਬੰਧੀ ਸੀ। ਸੂਬਾ ਕਮੇਟੀ ਆਗੂਆਂ ਨੇ ਦੱਸਿਆ ਕਿ ਪਿੰਡ ਬੀਰੋਕੇ ਖੁਰਦ ਗਰੀਬ ਕਿਸਾਨ ਭੋਲਾ ਸਿੰਘ ਦੀ ਜ਼ਮੀਨ ਦੀ ਰਾਖੀ ਲਈ ਚੱਲ ਰਹੇ ਘੋਲ ਦੌਰਾਨ ਹੀ ਗੁੰਡਾ, ਆੜਤੀਆ, ਪ੍ਰਸ਼ਾਸਨ ਗੱਠਜੋੜ ਨਾਲ ਹੋਈ ਟੱਕਰ ਵਿੱਚ ਪ੍ਰਿਥੀਪਾਲ ਸਿੰਘ ਚੱਕ ਅਲੀਸ਼ੇਰ ਛਾਤੀ ਵਿੱਚ ਗੋਲੀ ਲੱਗਣ ਨਾਲ ਸ਼ਹੀਦ ਹੋ ਗਿਆ ਸੀ, ਦੋ ਹੋਰ ਕਿਸਾਨ ਗੰਭੀਰ ਫੱਟੜ ਹੋ ਗਏ ਸਨ। ਭਾਕਿਯੂ ਏਕਤਾ ਡਕੌਂਦਾ ਦੀ ਅਗਵਾਈ ਵਿੱਚ ਚੱਲੇ ਸੰਘਰਸ਼ ਜਨਤਕ ਅਤੇ ਕਾਨੂੰਨੀ ਸੰਘਰਸ਼ ਦੀ ਬਦੌਲਤ ਹੀ ਸਾਰੇ ਦੋਸ਼ੀਆਂ ਨੂੰ ਮਿਸਾਲੀ ਸਜ਼ਾਵਾਂ ਦਿਵਾ ਕੇ ਜੇਲ੍ਹ ਦੀਆਂ ਸਲਾਖਾਂ ਪਿੱਛੇ ਬੰਦ ਕਰਵਾਉਣ ਵਿੱਚ ਸਫਲਤਾ ਹਾਸਲ ਕੀਤੀ ਸੀ। ਇਸ ਸਾਲ ਸ਼ਹੀਦ ਪ੍ਰਿਥੀਪਾਲ ਸਿੰਘ ਚੱਕ ਅਲੀਸ਼ੇਰ ਦੀ 13ਵੀਂ ਬਰਸੀ ਕੁੱਲਰੀਆਂ ਮੰਡੀ ਜਿੱਥੇ ਕਾਸ਼ਤਕਾਰ ਜਮੀਨ ਮਾਲਕਾਂ ਦਾ ਭਾਕਿਯੂ ਏਕਤਾ ਡਕੌਂਦਾ ਦੀ ਅਗਵਾਈ ਵਿੱਚ ਸਾਲ ਭਰ ਤੋਂ ਵੀ ਵੱਧ ਸਮੇਂ ਤੋਂ ਜ਼ਮੀਨੀ ਘੋਲ ਚੱਲ ਰਿਹਾ ਹੈ, ਉੱਥੇ ਹੀ ਮਨਾਉਣ ਦਾ ਫੈਸਲਾ ਕੀਤਾ ਹੈ। ਬਰਨਾਲਾ ਜਿਲ੍ਹਾ ਨੇ ਫੈਸਲਾ ਕੀਤਾ ਕਿ 11 ਅਕਤੂਬਰ ਨੂੰ ਵੱਡੀ ਗਿਣਤੀ ਵਿਚ ਹਰੇਕ ਬਲਾਕ ਚੋਂ ਜੱਥੇਬੰਦੀ ਦੇ ਵਰਕਰ ਕਾਫਲੇ ਦੇ ਰੂਪ ‘ਚ ਜਾਣਗੇ।

ਇਸ ਮੌਕੇ ਆਗੂਆਂ ਸਾਹਿਬ ਸਿੰਘ ਬਡਬਰ, ਜਗਰਾਜ ਸਿੰਘ ਹਰਦਾਸਪੁਰਾ, ਹਰਮੰਡਲ ਸਿੰਘ ਜੋਧਪੁਰ, ਗੁਰਦੇਵ ਸਿੰਘ ਮਾਂਗੇਵਾਲ ਨੇ ਕਿਹਾ ਕਿ ਪੰਜਾਬ ਸਰਕਾਰ ਦੀ ਨਲਾਇਕੀ ਕਾਰਨ ਹਾਲੇ ਤੱਕ ਵੀ ਮੰਡੀਆਂ ਵਿੱਚ ਝੋਨੇ ਦੀ ਖ੍ਰੀਦ ਸ਼ੁਰੂ ਨਹੀਂ ਹੋਈ। ਹਫ਼ਤੇ ਭਰ ਤੋਂ ਵੱਧ ਸਮੇਂ ਕਿਸਾਨ ਮੰਡੀਆਂ ਵਿੱਚ ਖੱਜਲ ਖੁਆਰ ਹੋ ਰਹੇ ਹਨ। ਇਸੇ ਹੀ ਤਰ੍ਹਾਂ ਕਣਕ ਦੀ ਬਿਜਾਈ ਲਈ ਡੀਏਪੀ ਖਾਦ ਕਿਸਾਨਾਂ ਨੂੰ ਕਾਫ਼ੀ ਸਮੱਸਿਆ ਆ ਰਹੀ ਹੈ, ਸਰਕਾਰ ਨੂੰ ਇਧਰ ਧਿਆਨ ਦੇਣ ਦੀ ਲੋੜ ਹੈ, ਜੇ ਇਹ ਮਸਲਾ ਹੱਲ ਨਾ ਹੋਇਆ ਤਾਂ ਅਗਲਾ ਐਕਸ਼ਨ ਪਰੋਗਰਾਮ ਉਲੀਕਿਆ ਜਾਵੇਗਾ।

ਪੰਚਾਇਤ ਚੋਣਾਂ ਕਾਰਨ ਪਿੰਡਾਂ ਵਿੱਚ ਤਣਾਅ ਵਧ ਰਿਹਾ ਹੈ ਤੇ ਏਕਾ ਕਮਜ਼ੋਰ ਹੋ ਰਿਹਾ ਹੈ, ਰਾਜਨੀਤਕ ਪਾਰਟੀਆਂ ਹੋਛੇ ਹੱਥਕੰਡੇ ਵਰਤ ਕੇ ਭਰਾ ਨੂੰ ਭਰਾ ਨਾਲ ਲੜਾ ਰਹੀਆਂ ਹਨ। ਭਾਕਿਯੂ ਏਕਤਾ ਡਕੌਂਦਾ ਨੇ ਹਰ ਪੱਧਰ ਦੇ ਆਗੂਆਂ ਨੂੰ ਜਥੇਬੰਦੀ ਦੇ ਸੰਵਿਧਾਨ ਮੁਤਾਬਕ ਇਨ੍ਹਾਂ ਚੋਣਾਂ ਵਿੱਚ ਉਮੀਦਵਾਰ ਵਜੋਂ ਭਾਗ ਲੈਣ ਅਤੇ ਪ੍ਰਚਾਰ ਕਰਨ ਤੋਂ ਵਰਜਦਿਆਂ ਕਿਹਾ ਕਿ ਪੰਚਾਇਤੀ ਚੋਣਾਂ ਇਸ ਲੁਟੇਰੀ ਜਾਬਰ ਮਸ਼ੀਨਰੀ ਦਾ ਸਭ ਤੋਂ ਹੇਠਲਾ ਅਤੇ ਅਹਿਮ ਟੰਬਾ ਹਨ। ਇਸ ਲਈ ਇਨ੍ਹਾਂ ਤੋਂ ਕੋਈ ਝਾਕ ਨਹੀਂ ਰੱਖਣੀ ਚਾਹੀਦੀ।ਆਗੂਆਂ ਭੋਲਾ ਸਿੰਘ ਛੰਨਾਂ, ਨਾਨਕ ਸਿੰਘ ਅਮਲਾ ਸਿੰਘ ਵਾਲਾ, ਬਾਬੂ ਸਿੰਘ ਖੁੱਡੀਕਲਾਂ ਨੇ ਕਿਹਾ ਆਪਣੀ ਜਥੇਬੰਦੀ ਦੇ ਜ਼ੋਰ ਕਿਸਾਨਾਂ-ਮਜ਼ਦੂਰਾਂ ਦੇ ਬੁਨਿਆਦੀ ਮਸਲੇ ਆਪਣੀ ਜਥੇਬੰਦਕ ਤਾਕਤ ਦੇ ਜ਼ੋਰ ਹੱਲ ਕਰਵਾਏ ਜਾ ਸਕਦੇ ਹਨ। ਬੀਕੇਯੂ ਏਕਤਾ ਡਕੌਂਦਾ ਨੇ ਇਨ੍ਹਾਂ ਪੰਚਾਇਤੀ ਚੋਣਾਂ ਆਪਣੀ ਜਥੇਬੰਦਕ ਤਾਕਤ ਨੂੰ ਹੋਰ ਮਜ਼ਬੂਤ ਕਰਨ ਦਾ ਸੱਦਾ ਦਿੱਤਾ ਹੈ।

ਇਸ ਸਮੇਂ ਪ੍ਰੇਮ ਪਾਲ ਕੌਰ, ਕੁਲਵਿੰਦਰ ਸਿੰਘ ਉੱਪਲੀ, ਸਤਨਾਮ ਸਿੰਘ ਮੂੰਮ, ਕਾਲਾ ਜੈਦ, ਰਾਣਾ ਸਿੰਘ ਉੱਪਲੀ, ਸਤਨਾਮ ਸਿੰਘ ਬਰਨਾਲਾ, ਗੁਰਪ੍ਰੀਤ ਸਿੰਘ ਸਹਿਜੜਾ, ਸੱਤਪਾਲ ਸਿੰਘ ਸਹਿਜੜਾ, ਅਮਨਦੀਪ ਸਿੰਘ ਰਾਏਸਰ, ਮਨਜੀਤ ਸਿੰਘ ਗੋਰਾ ਰਾਏਸਰ, ਕਾਲਾ ਰਾਏਸਰ, ਰਾਮ ਸਿੰਘ ਸਹਿਣਾ, ਗੋਪਾਲ ਕ੍ਰਿਸ਼ਨ, ਸੁਖਦੇਵ ਸਿੰਘ ਕੁਰੜ ਆਦਿ ਕਿਸਾਨ ਆਗੂਆਂ ਨੇ ਵੀ ਵਿਚਾਰ ਰੱਖਦਿਆਂ ਸ਼ਹੀਦ ਪ੍ਰਿਥੀਪਾਲ ਸਿੰਘ ਚੱਕ ਅਲੀਸ਼ੇਰ ਦੀ 13ਵੀਂ ਬਰਸੀ ਮੌਕੇ 11 ਅਕਤੂਬਰ ਨੂੰ ਕੁੱਲਰੀਆਂ ਵੱਲ ਕਿਸਾਨ-ਔਰਤਾਂ ਦੇ ਕਾਫਲੇ ਬੰਨ ਕੇ ਪੁੱਜਣ ਦੀ ਅਪੀਲ ਕੀਤੀ। ਮੀਟਿੰਗ ਦੌਰਾਨ ਸ਼ਹੀਦੀ ਬਰਸੀ ਦਾ ਪੋਸਟਰ ਜਾਰੀ ਕੀਤਾ ਗਿਆ।

 

Leave a Reply

Your email address will not be published. Required fields are marked *