Punjab News: ਮੈਰੀਟੋਰੀਅਸ ਸਕੂਲਾਂ ਦੇ ਅਧਿਆਪਕ ਕੱਲ੍ਹ ਆਪੋ-ਆਪਣੇ ਸਕੂਲਾਂ ਦੇ ਬਾਹਰ ਸਾੜਨਗੇ ਪੰਜਾਬ ਸਰਕਾਰ ਦੇ ਪੁਤਲੇ
ਪੰਜਾਬ ਨੈੱਟਵਰਕ, ਚੰਡੀਗੜ੍ਹ
ਮੈਰੀਟੋਰੀਅਸ ਸਕੂਲਾਂ ਵੱਲੋਂ ਕੱਚੇ ਹੋਣ ਦਾ ਸੰਤਾਪ ਹੰਡਾ ਰਹੇ ਮੈਰੀਟੋਰੀਅਸ ਦੇ ਸਮੂਹ ਸਟਾਫ ਵੱਲੋਂ ਸਿੱਖਿਆ ਵਿਭਾਗ ਵਿੱਚ ਰੈਗੂਲਰ ਕੀਤੇ ਜਾਣ ਦੀ ਮੰਗ ਨੂੰ ਲੈ ਕੇ ਸਰਕਾਰ ਸਬੰਧੀ ਆਪਣੇ ਰੋਸ ਪ੍ਰਗਟ ਕਰਨ ਲਈ ਕੱਲ੍ਹ 11 ਅਕਤੂਬਰ ਨੂੰ ਦੁਪਹਿਰੇ 2:50 ਵਜੇ ਪੰਜਾਬ ਸਰਕਾਰ ਦਾ ਪੁਤਲਾ ਫੂਕਿਆ ਜਾਵੇਗਾ।
ਵਧੇਰੇ ਜਾਣਕਾਰੀ ਦਿੰਦੇ ਹੋਏ ਮੈਰੀਟੋਰੀਅਸ ਅਧਿਆਪਕ ਯੂਨੀਅਨ ਦੇ ਆਗੂਆਂ ਨੇ ਕਿਹਾ ਕਿ ਮੈਰੀਟੋਰੀਅਸ ਸਕੂਲ, ਜਿਨ੍ਹਾਂ ਨੇ ਪੰਜਾਬ ਵਿੱਚ ਵਿੱਚ ਸਿੱਖਿਆ ਨੂੰ ਉੱਚਾ ਚੁੱਕਣ ਵਿੱਚ ਇੱਕ ਮਹੱਤਵਪੂਰਨ ਰੋਲ ਅਦਾ ਕੀਤਾ ਹੈ। ਇਹਨਾਂ ਸਕੂਲਾਂ ਵਿੱਚ ਕੰਮ ਕਰ ਰਹੇ ਅਧਿਆਪਕਾਂ ਨੂੰ ਪੰਜਾਬ ਸਰਕਾਰ ਦੁਆਰਾ ਸਮੇਂ-ਸਮੇਂ ਤੇ ਅਣਗੋਲਿਆ ਗਿਆ ਹੈ। ਸ਼ਾਨਦਾਰ ਨਤੀਜਿਆਂ ਦੇ ਬਾਵਜੂਦ ਵੀ ਇਹਨਾਂ ਅਧਿਆਪਕਾਂ ਨੂੰ ਸਿੱਖਿਆ ਵਿਭਾਗ ਵਿੱਚ ਰੈਗੂਲਰ ਨਹੀਂ ਕੀਤਾ ਜਾ ਰਿਹਾ ਤੇ ਨਾ ਹੀ ਕਿਸੇ ਤਰ੍ਹਾਂ ਦਾ ਉਹਨਾਂ ਦੀ ਤਨਖਾਹ ਵਿੱਚ ਵਾਧਾ ਕੀਤਾ ਜਾ ਰਿਹਾ ਹੈ।
ਨਾ ਹੀ ਪੰਜਾਬ ਸਰਕਾਰ ਵੱਲੋਂ ਤੇ ਨਾ ਹੀ ਹਰਜੋਤ ਬੈਂਸ ਵੱਲੋਂ ਕੋਈ ਵੀ ਮੀਟਿੰਗ ਇਹਨਾਂ ਅਧਿਆਪਕਾਂ ਜਾਂ ਇਹਨਾਂ ਦੀ ਜਥੇਬੰਦੀ ਨੂੰ ਦਿੱਤੀ ਜਾ ਰਹੀ ਹੈ ਜਿਸ ਤੋਂ ਤੰਗ ਆ ਕੇ ਕੱਲ ਸਾਰੇ ਮੈਰੀਟੋਰੀਅਸ ਸਕੂਲਾਂ ਦਾ ਸਟਾਫ ਆਪਣੇ ਆਪਣੇ ਸਕੂਲਾਂ ਦੇ ਬਾਹਰ ਪੰਜਾਬ ਸਰਕਾਰ ਦਾ ਪੁਤਲਾ ਫੂਕਣ ਜਾ ਰਿਹਾ ਹੈ।
ਆਗੂਆਂ ਨੇ ਚੇਤਾਵਨੀ ਦਿੱਤੀ ਕਿ, ਜੇ ਪੰਜਾਬ ਸਰਕਾਰ ਨੇ ਫਿਰ ਵੀ ਸਾਨੂੰ ਮੀਟਿੰਗ ਦਾ ਟਾਈਮ ਨਹੀਂ ਦਿੱਤਾ ਜਾਂਦਾ, ਸਾਡੀਆਂ ਮੰਗਾਂ ਤੇ ਸਰਕਾਰ ਵੱਲੋਂ ਗੌਰ ਨਹੀਂ ਕੀਤਾ ਜਾਂਦਾ ਤਾਂ, ਆਉਣ ਵਾਲੇ ਸਮੇਂ ਵਿੱਚ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ। ਆਗੂਆਂ ਨੇ ਐਲਾਨ ਕੀਤਾ ਕਿ, ਭਲਕੇ 11 ਅਕਤੂਬਰ ਨੂੰ ਦੁਪਹਿਰੇ 2:50 ਵਜੇ ਪੰਜਾਬ ਸਰਕਾਰ ਦਾ ਪੁਤਲਾ ਸਾੜਿਆ ਜਾਵੇਗਾ।