ਜ਼ਮੀਨ ਬਚਾਉ ਮੋਰਚੇ ਦੇ ਪਹਿਲੇ ਸ਼ਹੀਦ ਪ੍ਰਿਥੀਪਾਲ ਸਿੰਘ ਚੱਕ ਅਲੀ ਸ਼ੇਰ ਦੀ ਸ਼ਹਾਦਤ ਅਜਾਈਂ ਨਹੀਂ ਜਾਵੇਗੀ: ਮਨਜੀਤ ਧਨੇਰ

All Latest NewsNews FlashPunjab News

 

ਪੰਜਾਬ ਸਰਕਾਰ ਕੁੱਲਰੀਆਂ ਦੇ ਕਿਸਾਨਾਂ ਦੀ ਜ਼ਮੀਨ ਦੇ ਮਾਲਕੀ ਹੱਕ ਬਹਾਲ ਕਰੇ ਅਤੇ ਗੁੰਡੇ ਸਰਪੰਚ ਨੂੰ ਗ੍ਰਿਫ਼ਤਾਰ ਕਰੇ-ਹਰਨੇਕ ਮਹਿਮਾ

ਝੋਨੇ ਦੀ ਖਰੀਦ ਅਤੇ ਡੀਏਪੀ ਦੇ ਪ੍ਰਬੰਧ ਠੀਕ ਕਰੇ ਪੰਜਾਬ ਸਰਕਾਰ-ਗੁਰਦੀਪ ਰਾਮਪੁਰਾ

ਪਰਾਲੀ ਸਾੜ੍ਹਨ ਲਈ ਮਜ਼ਬੂਰ ਕਿਸਾਨਾਂ ਖਿਲਾਫ ਕਾਰਵਾਈ ਦਾ ਕਰਾਂਗੇ ਸਖਤ ਵਿਰੋਧ: ਅਮਨਦੀਪ ਲਲਤੋਂ

ਦਲਜੀਤ ਕੌਰ, ਮਾਨਸਾ

ਅੱਜ ਤੋਂ 14 ਸਾਲ ਪਹਿਲਾਂ ਪਿੰਡ ਬੀਰੋਕੇ ਖੁਰਦ ਦੇ ਗ਼ਰੀਬ ਕਿਸਾਨ ਭੋਲਾ ਸਿੰਘ ਦੀ ਜ਼ਮੀਨ ਬਚਾਉਂਦਿਆਂ ਸ਼ਹੀਦ ਹੋਏ ਪ੍ਰਿਥੀਪਾਲ ਸਿੰਘ ਚੱਕ ਅਲੀ ਸ਼ੇਰ ਦੀ ਬਰਸੀ, ਕੁੱਲਰੀਆਂ ਦੇ ਜ਼ਮੀਨ ਬਚਾਓ ਮੋਰਚਾ ਵਿਖੇ ਮਨਾਈ ਗਈ। ਬਰਸੀ ਸਮਾਗਮ ਦੀ ਸ਼ੁਰੂਆਤ ਮਨਜੀਤ ਧਨੇਰ, ਕੁਲਵੰਤ ਕਿਸ਼ਨਗੜ੍ਹ ਅਤੇ ਸ਼ਹੀਦ ਪ੍ਰਿਥੀਪਾਲ ਸਿੰਘ ਚੱਕ ਅਲੀਸ਼ੇਰ ਦੀ ਜੀਵਨ ਸਾਥਣ ਸੁਖਵਿੰਦਰ ਕੌਰ ਵੱਲੋਂ ਸ਼ਹੀਦ ਪ੍ਰਿਥੀਪਾਲ ਸਿੰਘ ਚੱਕ ਅਲੀਸ਼ੇਰ ਦੀ ਫੋਟੋ ਨੂੰ ਫੁੱਲ ਅਰਪਣ ਕਰ ਕੇ ਆਕਾਸ਼ ਗੁੰਜਾਊ ਨਾਹਰਿਆਂ ਨਾਲ ਅਦਾ ਕੀਤੀ।

ਸਵੇਰ ਤੋਂ ਹੀ ਪਿੰਡ ਕੁੱਲਰੀਆਂ ਨੂੰ ਜਾਣ ਵਾਲੀਆਂ ਸਾਰੀਆਂ ਸੜਕਾਂ ਅਤੇ ਦਾਣਾ ਮੰਡੀ ਹਰੀਆਂ ਪੱਗਾਂ, ਹਰੀਆਂ ਚੁੰਨੀਆਂ ਅਤੇ ਜਥੇਬੰਦੀ ਦੇ ਝੰਡਿਆਂ ਵਾਲੀਆਂ ਗੱਡੀਆਂ ਨਾਲ ਭਰੀਆਂ ਹੋਈਆਂ ਸਨ। ਵੱਖ-ਵੱਖ ਜ਼ਿਲ੍ਹਿਆਂ ਤੋਂ ਕਾਫਲੇ ਕੁੱਲਰੀਆਂ ਦੀ ਦਾਣਾ ਮੰਡੀ ਵੱਲ ਵਹੀਰਾਂ ਘੱਤ ਕੇ ਜਾ ਰਹੇ ਸਨ। 11 ਵਜੇ ਤੱਕ ਹਜ਼ਾਰਾਂ ਕਿਸਾਨਾਂ ਅਤੇ ਬੀਬੀਆਂ ਦਾ ਇਕੱਠ ਕੁੱਲਰੀਆਂ ਦੀ ਦਾਣਾ ਮੰਡੀ ਵਿੱਚ ਜੁੜ ਗਿਆ ਸੀ। ਇਸ ਸਮੇਂ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੀ ਸੂਬਾ ਕਮੇਟੀ ਤੋਂ ਇਲਾਵਾ 14 ਜ਼ਿਲ੍ਹਿਆਂ ਦੇ ਪ੍ਰਧਾਨ, ਜਨਰਲ ਸਕੱਤਰ ਅਤੇ ਹੋਰ ਆਗੂ ਹਾਜ਼ਰ ਸਨ।

ਹਜ਼ਾਰਾਂ ਕਿਸਾਨਾਂ ਅਤੇ ਬੀਬੀਆਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਸੂਬਾ ਪ੍ਰਧਾਨ ਮਨਜੀਤ ਸਿੰਘ ਧਨੇਰ ਨੇ ਦੱਸਿਆ ਕਿ 11 ਅਕਤੂਬਰ 2010 ਨੂੰ ਮਾਨਸਾ ਜ਼ਿਲ੍ਹੇ ਦੇ ਪਿੰਡ ਬੀਰੋਕੇ ਖੁਰਦ ਵਿਖੇ ਆੜ੍ਹਤੀਆਂ ਵੱਲੋਂ ਗਰੀਬ ਕਿਸਾਨ ਭੋਲਾ ਸਿੰਘ ਦੀ 10 ਕਨਾਲ ਜ਼ਮੀਨ ਦੀ ਕੁਰਕੀ ਸਿਰਫ ਦੋ ਲੱਖ ਰੁਪਏ ਬਦਲੇ ਕਰਵਾਉਣ ਦੀ ਕੋਸ਼ਿਸ਼ ਕੀਤੀ ਗਈ ਸੀ। ਇਸ ਕੁਰਕੀ ਨੂੰ ਰੋਕਣ ਲਈ ਗੁੰਡਿਆਂ ਦੀ ਗੋਲੀ ਨਾਲ ਪ੍ਰਿਥੀਪਾਲ ਸਿੰਘ ਚੱਕ ਅਲੀ ਸ਼ੇਰ ਸ਼ਹੀਦ ਹੋ ਗਿਆ ਸੀ। ਅੱਜ ਵੀ ਆਮ ਆਦਮੀ ਪਾਰਟੀ ਦੇ ਕਾਰਜਕਾਰੀ ਪ੍ਰਧਾਨ ਪ੍ਰਿੰਸੀਪਲ ਬੁੱਧਰਾਮ ਦੀ ਸ਼ਹਿ ਤੇ ਭੂ ਮਾਫ਼ੀਆ ਵੱਲੋਂ ਕੁੱਲਰੀਆਂ ਦੇ ਕਿਸਾਨਾਂ ਦੀ ਜ਼ਮੀਨ ਨੂੰ ਹੜੱਪਣ ਦੀਆਂ ਕੋਸ਼ਿਸ਼ਾਂ ਹੋ ਰਹੀਆਂ ਹਨ। ਸੂਬਾ ਪ੍ਰਧਾਨ ਨੇ ਕਿਹਾ ਕਿ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਸ਼ਹੀਦ ਪ੍ਰਿਥੀਪਾਲ ਸਿੰਘ ਚੱਕ ਅਲੀਸ਼ੇਰ ਤੋਂ ਪ੍ਰੇਰਨਾ ਲੈ ਕੇ ਹਰ ਹਾਲਤ ਵਿੱਚ, ਜ਼ਮੀਨਾਂ ਤੇ ਕਿਸਾਨਾਂ ਦਾ ਕਬਜ਼ਾ ਬਰਕਰਾਰ ਰੱਖੇਗੀ ਭਾਵੇਂ ਇਸ ਲਈ ਕਿੰਨੀਆਂ ਵੀ ਕੁਰਬਾਨੀਆਂ ਕਿਉਂ ਨਾ ਦੇਣੀਆਂ ਪੈਣ।

ਇਸ ਮੌਕੇ ਸੂਬਾ ਜਨਰਲ ਸਕੱਤਰ ਹਰਨੇਕ ਸਿੰਘ ਮਹਿਮਾ ਨੇ ਸਟੇਜ ਤੋਂ ਸੰਬੋਧਨ ਕਰਦਿਆਂ ਪੰਜਾਬ ਸਰਕਾਰ ਨੂੰ ਚਿਤਾਵਨੀ ਦਿੱਤੀ ਕਿ ਸਰਕਾਰ ਆਪਣੇ ਮੰਤਰੀਆਂ ਅਤੇ ਵਿਧਾਨਕਾਰਾਂ ਵੱਲੋਂ ਜਥੇਬੰਦੀ ਨਾਲ ਕੀਤੇ ਵਾਅਦੇ ਪੂਰੇ ਕਰਦੀ ਹੋਈ ਕਿਸਾਨਾਂ ਦੇ ਮਾਲਕੀ ਹੱਕ ਬਹਾਲ ਕਰੇ ਅਤੇ ਕਿਸਾਨਾਂ ਤੇ ਹਮਲੇ ਕਰਨ ਵਾਲੇ ਇਰਾਦਾ ਕਤਲ ਦੇ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰਕੇ ਜੇਲ੍ਹ ਭੇਜੇ ਨਹੀਂ ਤਾਂ ਹਰ ਤਰ੍ਹਾਂ ਨਾਲ ਜ਼ਿੰਮੇਵਾਰੀ ਪੰਜਾਬ ਸਰਕਾਰ ਅਤੇ ਮਾਨਸਾ ਦੇ ਜ਼ਿਲ੍ਹਾ ਪ੍ਰਸ਼ਾਸਨ ਦੀ ਹੋਵੇਗੀ।

ਇਸ ਸਮੇਂ ਜਥੇਬੰਦੀ ਦੇ ਸੂਬਾ ਸੀਨੀਅਰ ਮੀਤ ਪ੍ਰਧਾਨ ਗੁਰਦੀਪ ਸਿੰਘ ਰਾਮਪੁਰਾ ਨੇ ਕਿਹਾ ਕਿ ‘ਜ਼ਮੀਨ ਬਚਾਉ ਮੋਰਚੇ’ ਤਹਿਤ ਕਿਸਾਨਾਂ ਦੇ ਜਥੇ 20 ਸਤੰਬਰ ਤੋਂ ਲਗਾਤਾਰ ਕੁੱਲਰੀਆਂ ਵੱਲ ਕੂਚ ਕਰ ਰਹੇ ਹਨ। ਜ਼ਿਲ੍ਹਾ ਪ੍ਰਸ਼ਾਸਨ ਜਥੇਬੰਦੀ ਤੋਂ ਵਾਰ ਵਾਰ ਸਮਾਂ ਲੈ ਕੇ ਡੰਗ ਟਪਾਉਣ ਦੀ ਕੋਸ਼ਿਸ਼ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿਸਾਨਾਂ ਦੀ ਜ਼ਮੀਨ ਬਚਾਉਣ ਦਾ ਘੋਲ ਹੋਰ ਤੇਜ਼ ਕੀਤਾ ਜਾਵੇਗਾ।

ਇਸ ਮੌਕੇ ਸੂਬਾ ਮੀਤ ਪ੍ਰਧਾਨ ਅਮਨਦੀਪ ਸਿੰਘ ਲਲਤੋਂ ਨੇ ਸ਼ਹੀਦ ਪ੍ਰਿਥੀਪਾਲ ਸਿੰਘ ਚੱਕ ਅਲੀ ਸ਼ੇਰ ਨੂੰ ਸ਼ਰਧਾਂਜਲੀਆਂ ਭੇਂਟ ਕਰਦੇ ਹੋਏ ਝੋਨੇ ਦੀ ਖਰੀਦ ਸ਼ੁਰੂ ਨਾ ਹੋਣ ਅਤੇ ਡੀਏਪੀ ਦੀ ਘਾਟ ਦਾ ਸਖਤ ਨੋਟਿਸ ਲਿਆ। ਬੁਲਾਰਿਆਂ ਨੇ ਕਿਹਾ ਕਿ ਜੇਕਰ ਆਉਣ ਵਾਲੇ ਇੱਕ ਦੋ ਦਿਨਾਂ ਵਿੱਚ ਝੋਨੇ ਦੀ ਖਰੀਦ ਅਤੇ ਲਿਫਟਿੰਗ ਦੇ ਪ੍ਰਬੰਧ ਠੀਕ ਨਾ ਹੋਏ ਤਾਂ ਸੰਯੁਕਤ ਕਿਸਾਨ ਮੋਰਚਾ ਆੜਤੀਆਂ, ਸ਼ੈਲਰ ਮਾਲਕਾਂ ਅਤੇ ਮਜ਼ਦੂਰਾਂ ਦੇ ਸਹਿਯੋਗ ਨਾਲ ਪੰਜਾਬ ਵਿੱਚ ਸੜਕਾਂ ਅਤੇ ਰੇਲਾਂ ਜਾਮ ਕਰਨ ਤੋਂ ਵੀ ਗੁਰੇਜ਼ ਨਹੀਂ ਕਰੇਗਾ।

ਸੂਬਾ ਕਮੇਟੀ ਮੈਂਬਰ ਕੁਲਵੰਤ ਸਿੰਘ ਕਿਸ਼ਨਗੜ੍ਹ ਅਤੇ ਮਹਿੰਦਰ ਸਿੰਘ ਦਿਆਲਪੁਰਾ ਨੇ ਕਿਸਾਨਾਂ ਅਤੇ ਮਜ਼ਦੂਰਾਂ ਨੂੰ ਅਪੀਲ ਕੀਤੀ ਕਿ ਉਹ ਪੰਚਾਇਤੀ ਚੋਣਾਂ ਦੇ ਰੌਲੇ ਰੱਪੇ ਵਿੱਚ ਆਪਣੀ ਏਕਤਾ ਨੂੰ ਬਚਾ ਕੇ ਰੱਖਣ। ਉਨ੍ਹਾਂ ਕਿਹਾ ਕਿ ਪੰਚਾਇਤਾਂ ਇਸ ਲੁਟੇਰੇ ਰਾਜ ਪ੍ਰਬੰਧ ਦਾ ਮੁੱਢਲਾ ਪੌਡਾ ਹਨ ਅਤੇ ਲੋਕਾਂ ਦੀਆਂ ਸਮੱਸਿਆਵਾਂ ਨੂੰ ਹੱਲ ਕਰਵਾਉਣ ਲਈ ਏਕਤਾ ਅਤੇ ਜਥੇਬੰਦਕ ਸੰਘਰਸ਼ ਹੀ ਇੱਕੋ ਇੱਕ ਹੱਲ ਹੈ।

ਇਨਕਲਾਬੀ ਕੇਂਦਰ ਪੰਜਾਬ ਦੇ ਸੂਬਾ ਪ੍ਰਧਾਨ ਨਰਾਇਣ ਦੱਤ ਨੇ ਸ਼ਹੀਦ ਪਿਰਥੀਪਾਲ ਸਿੰਘ ਨੂੰ ਸ਼ਰਧਾਂਜਲੀ ਭੇਂਟ ਕਰਦੇ ਹੋਏ ਕਿਹਾ ਕਿ ਕਿਸਾਨਾਂ ਮਜ਼ਦੂਰਾਂ ਦੀਆਂ ਸਮੱਸਿਆਵਾਂ ਦਾ ਪੱਕਾ ਹੱਲ ਇਸ ਲੁਟੇਰੇ ਰਾਜ ਪ੍ਰਬੰਧਾਂ ਨੂੰ ਬਦਲ ਕੇ ਲੋਕ ਪੱਖੀ ਪ੍ਰਬੰਧ ਸਥਾਪਤ ਕਰਨ ਨਾਲ ਹੀ ਸੰਭਵ ਹੈ।

ਇਸ ਸਮੇਂ ਹੋਰਨਾਂ ਤੋਂ ਇਲਾਵਾ ਸੂਬਾ ਕਮੇਟੀ ਮੈਂਬਰ ਬੀਬੀ ਅੰਮ੍ਰਿਤਪਾਲ ਕੌਰ ਹਰੀਨੌਂ, ਮਾਨਸਾ ਜ਼ਿਲੇ ਦੇ ਪ੍ਰਧਾਨ ਲਖਵੀਰ ਸਿੰਘ ਅਕਲੀਆ, ਲੁਧਿਆਣਾ ਜ਼ਿਲ੍ਹੇ ਦੇ ਪ੍ਰਧਾਨ ਜਗਤਾਰ ਸਿੰਘ ਦੇਹੜਕਾ, ਬਰਨਾਲਾ ਤੋਂ ਕੁਲਵੰਤ ਸਿੰਘ ਮਾਨ, ਮੁਕਤਸਰ ਦੇ ਜਨਰਲ ਸਕੱਤਰ ਗੁਰਦੀਪ ਸਿੰਘ ਖੁੱਡੀਆਂ, ਬਠਿੰਡਾ ਦੇ ਮੀਤ ਪ੍ਰਧਾਨ ਬਲਵਿੰਦਰ ਸਿੰਘ ਜੇਠੂਕੇ, ਫਾਜ਼ਿਲਕਾ ਤੋਂ ਹਰਮੀਤ ਸਿੰਘ ਢਾਬਾਂ, ਫਿਰੋਜ਼ਪੁਰ ਤੋਂ ਜਗੀਰ ਸਿੰਘ ਖਹਿਰਾ, ਕਪੂਰਥਲਾ ਤੋਂ ਰਾਣਾ ਹਰਜਿੰਦਰ ਸਿੰਘ ਸੈਦੋਵਾਲ, ਮੋਗਾ ਤੋਂ ਸੁਖਚੈਨ ਸਿੰਘ ਰਾਜੂ, ਮਲੇਰਕੋਟਲਾ ਤੋਂ ਬੂਟਾ ਖਾਨ, ਸੰਗਰੂਰ ਤੋਂ ਰਣਧੀਰ ਸਿੰਘ ਭੱਟੀਵਾਲ, ਫਰੀਦਕੋਟ ਤੋਂ ਜਸਕਰਨ ਸਿੰਘ ਮੋਰਾਂਵਾਲੀ, ਦੇਵੀ ਰਾਮ ਰੰਘੜਿਆਲ, ਤਾਰਾ ਚੰਦ ਬਰੇਟਾ ਅਤੇ ਬਲਵਿੰਦਰ ਸ਼ਰਮਾ ਖਿਆਲਾ ਵਿਸ਼ੇਸ਼ ਤੌਰ ਤੇ ਹਾਜ਼ਰ ਸਨ। ਇਸ ਸਮੇਂ ਸਟੇਜ ਸਕੱਤਰ ਦੇ ਫਰਜ਼ ਸੂਬਾ ਕਮੇਟੀ ਮੈਂਬਰ ਮੱਖਣ ਸਿੰਘ ਭੈਣੀਬਾਘਾ ਨੇ ਬਾਖੂਬੀ ਨਿਭਾਏ।

 

Media PBN Staff

Media PBN Staff

Leave a Reply

Your email address will not be published. Required fields are marked *