ਭਗਵੰਤ ਮਾਨ ਦੀ ਰਿਹਾਇਸ਼ ਚੰਡੀਗੜ੍ਹ ਜਾ ਰਹੇ ਕਿਸਾਨਾਂ ਕਾਫ਼ਲਿਆਂ ਨੂੰ ਪੁਲਿਸ ਵੱਲੋਂ ਰੋਕਣਾ ਗੈਰਜਮਹੂਰੀ: ਨਰਾਇਣ ਦੱਤ
ਭਾਕਿਯੂ ਏਕਤਾ ਡਕੌਂਦਾ ਦੇ ਸੂਬਾ ਪ੍ਰਧਾਨ ਮਨਜੀਤ ਧਨੇਰ ਦੀ ਖਿੱਚ ਧੂਹ ਕਰਨ, ਪੱਗ ਉਤਾਰਨ, ਠੁੱਡੇ ਮਾਰਨ ਗਾਲ੍ਹਾਂ ਕੱਢਣਾ ਬਰਦਾਸ਼ਤ ਨਹੀਂ ਕੀਤਾ ਜਾਵੇਗਾ: ਕੰਵਲਜੀਤ ਖੰਨਾ
ਦਲਜੀਤ ਕੌਰ , ਚੰਡੀਗੜ੍ਹ/ਬਰਨਾਲਾ
ਸੰਯੁਕਤ ਕਿਸਾਨ ਮੋਰਚਾ ਪੰਜਾਬ, ਆੜਤੀ ਐਸੋਸੀਏਸ਼ਨਾਂ, ਮੰਡੀ ਮਜ਼ਦੂਰਾਂ ਅਤੇ ਸੈਲਰ ਮਾਲਕਾਂ ਦੀਆਂ ਜਥੇਬੰਦੀਆਂ ਦੇ ਸਾਂਝੇ ਸੱਦੇ ਤੇ ਝੋਨੇ ਦੀ ਖ੍ਰੀਦ ਬਾਰੇ ਕਿਸਾਨ ਭਵਨ ਜਾ ਰਹੇ ਕਿਸਾਨਾਂ ਨੂੰ ਪੁਲਿਸ ਨੇ ਥਾਂ ਥਾਂ ਰੋਕਾਂ ਲਗਾਕੇ ਮੁੱਖ ਮੰਤਰੀ ਦੀ ਰਿਹਾਇਸ਼ ਵੱਲ ਵਧਣ ਤੋਂ ਰਕਣ ਦੀ, ਇਨਕਲਾਬੀ ਕੇਂਦਰ, ਪੰਜਾਬ ਨੇ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਹੈ। ਪੰਜਾਬ ਦੇ ਵੱਖ ਵੱਖ ਹਿੱਸਿਆਂ ਵਿੱਚੋਂ ਕਿਸਾਨ ਕਾਫ਼ਲੇ ਜਿਉਂ ਹੀ ਚੰਡੀਗੜ੍ਹ ਦੀਆਂ ਬਰੂਹਾਂ ‘ਤੇ ਪੁੱਜੇ ਤਾਂ ਭਗਵੰਤ ਮਾਨ ਸਰਕਾਰ ਦੀ ਰਖੈਲ ਪੰਜਾਬ ਪੁਲਿਸ ਨੇ ਅੰਨ੍ਹ ਦਾਤਿਆਂ ਦਾ ਡਾਂਗਾ ਸੋਟੀਆਂ ਨਾਲ ਸਵਾਗਤ ਕੀਤਾ।
ਇਸ ਸਬੰਧੀ ਪ੍ਰੈੱਸ ਬਿਆਨ ਜਾਰੀ ਕਰਦਿਆਂ ਇਨਕਲਾਬੀ ਕੇਂਦਰ, ਪੰਜਾਬ ਦੇ ਪ੍ਰਧਾਨ ਨਰਾਇਣ ਦੱਤ, ਜਨਰਲ ਸਕੱਤਰ ਕੰਵਲਜੀਤ ਖੰਨਾ ਨੇ ਕਿਹਾ ਕਿ ਭਾਕਿਯੂ ਏਕਤਾ ਡਕੌਂਦਾ ਦੇ ਸੂਬਾ ਪ੍ਰਧਾਨ ਮਨਜੀਤ ਸਿੰਘ ਧਨੇਰ ਆਪਣੇ ਬਰਨਾਲੇ ਵਾਲੇ ਸਾਥੀਆਂ ਕੁਲਵੰਤ ਭਦੌੜ, ਜਗਰਾਜ ਹਰਦਾਸਪੁਰਾ, ਨਾਨਕ ਸਿੰਘ ਅਮਲਾ ਸਿੰਘ ਵਾਲਾ, ਭੋਲਾ ਸਿੰਘ ਛੰਨਾਂ ਆਦਿ ਆਗੂਆਂ ਨਾਲ ਜਦੋਂ ਚੰਡੀਗੜ ਵੱਲ ਜਾ ਰਹੇ ਸਨ ਤਾਂ ਉਨ੍ਹਾਂ ਨੂੰ ਪਟਿਆਲਾ ਜ਼ੀਰਕਪੁਰ ਰੋਡ ਤੇ ਛੱਤ ਬੀੜ ਵਾਲੇ ਚੌਂਕ ਵਿੱਚ ਰੋਕ ਲਿਆ ਗਿਆ। ਜਦੋਂ ਅੱਗੇ ਜਾਣ ਤੋਂ ਰੋਕਿਆ ਗਿਆ ਤਾਂ ਕਿਸਾਨਾਂ ਨੇ ਉੱਥੇ ਹੀ ਧਰਨਾ ਸ਼ੁਰੂ ਕਰ ਦਿੱਤਾ।
ਅਖੌਤੀ ਇਨਕਲਾਬ-ਜਿੰਦਾਬਾਦ ਦੇ ਨਾਹਰੇ ਲਾਕੇ ਹਕੂਮਤੀ ਕੁਰਸੀ ਦਾ ਨਿੱਘ ਮਾਣ ਰਹੀ ਭਗਵੰਤ ਮਾਨ ਦੀ ਰਖੈਲ ਪੰਜਾਬ ਪੁਲਿਸ ਨੇ ਭਾਰੀ ਸੰਖਿਆ ਵਿੱਚ ਆ ਕੇ ਮਨਜੀਤ ਧਨੇਰ ਦੀ ਜਾਣ ਬੁੱਝ ਕੇ ਖਿੱਚ ਧੂਹ ਕੀਤੀ, ਪੱਗ ਲਾਹੀ ਗਈ, ਠੁੱਡੇ ਮਾਰੇ ਗਏ, ਗਾਲ੍ਹਾਂ ਕੱਢੀਆਂ ਗਈਆਂ ਅਤੇ ਡੰਡੇ ਮਾਰੇ ਗਏ, ਬੁਰੀ ਤਰ੍ਹਾਂ ਜਲੀਲ ਕੀਤਾ। ਹੋਰ ਕਿਸਾਨ ਵਰਕਰਾਂ ਨੂੰ ਵੀ ਪੰਜਾਬ ਪੁਲਿਸ ਨੇ ਗਾਲ੍ਹਾਂ ਕੱਢੀਆਂ ਅਤੇ ਡੰਡੇ ਮਾਰੇ। ਸਾਰੇ ਕਿਸਾਨਾਂ ਨੂੰ ਗ੍ਰਿਫ਼ਤਾਰ ਕਰਕੇ ਜਬਰੀ ਬੱਸਾਂ ਵਿੱਚ ਸੁੱਟ ਲਿਆ ਗਿਆ ਪ੍ਰੰਤੂ ਕਿਸਾਨ ਫਿਰ ਬੱਸਾਂ ਵਿੱਚੋਂ ਉਤਰ ਗਏ ਅਤੇ ਧਰਨਾ ਦੁਬਾਰਾ ਸ਼ੁਰੂ ਕਰ ਦਿੱਤਾ ਹੈ।
ਇਸੇ ਤਰ੍ਹਾਂ ਭਾਕਿਯੂ ਏਕਤਾ ਡਕੌਂਦਾ ਦੇ ਸੂਬਾ ਮੀਤ ਪ੍ਰਧਾਨ ਅਮਨਦੀਪ ਸਿੰਘ ਲਲਤੋਂ, ਪ੍ਰੈੱਸ ਸਕੱਤਰ ਅੰਗਰੇਜ਼ ਸਿੰਘ ਭਦੌੜ, ਬੀਕੇਯੂ ਤੋਤੇਵਾਲ ਦੇ ਪ੍ਰਧਾਨ ਸੁਖ ਗਿੱਲ ਮੋਗਾ, ਭਾਕਿਯੂ ਏਕਤਾ ਡਕੌਂਦਾ ਦੇ ਮੋਹਾਲੀ ਦੇ ਆਗੂ ਪ੍ਰਦੀਪ ਮੁਸਾਹਿਬ ਵਗੈਰਾ ਨੂੰ ਬੁੜੈਲ ਜੇਲ੍ਹ ਕੋਲ ਰੋਕ ਲਿਆ ਗਿਆ। ਇੱਥੇ ਹੀ ਚੰਡੀਗੜ੍ਹ ਪੁਲਿਸ ਵੱਲੋਂ ਗ੍ਰਿਫ਼ਤਾਰ ਕੀਤੇ ਹੋਏ ਰੁਲਦੂ ਸਿੰਘ ਮਾਨਸਾ ਅਤੇ ਬੋਘ ਸਿੰਘ ਮਾਨਸਾ ਨੂੰ ਵੀ ਬੱਸ ਵਿੱਚ ਗ੍ਰਿਫ਼ਤਾਰ ਕਰਕੇ ਬਿਠਾਈ ਰੱਖਿਆ।
ਇੱਥੇ ਸਾਰੇ ਕਿਸਾਨਾਂ ਨੇ ਇਕੱਠੇ ਹੋ ਕੇ ਬੜੈਲ ਜੇਲ੍ਹ ਕੋਲ ਟਰੈਫਿਕ ਜਾਮ ਕਰ ਦਿੱਤਾ। ਇਸੇ ਤਰ੍ਹਾਂ ਭਾਗੋਮਾਜਰਾ ਟੋਲ ਤੇ ਵੀ ਜਾਮ ਲਾਇਆ ਗਿਆ ਉਥੋਂ ਕਿਸਾਨਾਂ ਨੂੰ ਅੱਗੇ ਜਾਣ ਦੀ ਇਜਾਜ਼ਤ ਦਿੱਤੀ ਪ੍ਰੰਤੂ ਬੜੌਲੀ ਕੋਲ ਰੋਕ ਲਿਆ ਗਿਆ। ਸ਼ਾਮ ਤੱਕ ਹੀ ਕਿਸਾਨ ਆਗੂ ਕਿਸਾਨ ਭਵਨ ਪਹੁੰਚ ਸਕੇ, ਪਰ ਸੜਕਾਂ ਉੱਪਰ ਕਿਸਾਨਾਂ ਦਾ ਸੰਘਰਸ਼ ਜਾਰੀ ਹੈ।
ਇਨਕਲਾਬੀ ਕੇਂਦਰ ਦੇ ਆਗੂਆਂ ਮੁਖਤਿਆਰ ਪੂਹਲਾ, ਜਸਵੰਤ ਜੀਰਖ ਅਤੇ ਜਗਜੀਤ ਲਹਿਰਾ ਮੁਹੱਬਤ ਨੇ ਕਿਹਾ ਕਿ ਪੰਜਾਬ ਸਰਕਾਰ ਦੇ ਦੋਹਰੇ ਮਿਆਰਾਂ ਦੀ ਸਖਤ ਨਿਖੇਧੀ ਕਰਦਿਆਂ ਕਿਹਾ ਕਿ ਇੱਕ ਪਾਸੇ ਇਹੀ ਸਰਕਾਰ ਕਿਸਾਨਾਂ ਦੀ ਫ਼ਸਲ ਦਾ ਦਾਣਾ ਦਾਣਾ ਚੁੱਕਣ ਦਾ ਦਾਅਵਾ ਕਰਦੀ ਸੀ ਪਰ ਹੁਣ ਦਰ ਦਸ ਦਿਨਾਂ ਤੋਂ ਕਿਸਾਨ ਆਪਣੀ ਫਸਲ ਵਿਕਣ ਦੀ ਉਡੀਕ ਵਿੱਚ ਮੰਡੀਆਂ ਵਿੱਚ ਰਾਤਾਂ ਕੱਟਣ ਲਈ ਮਜ਼ਬੂਰ ਹਨ।
ਅਜਿਹੀ ਹਾਲਤ ਵਿੱਚ ਸੰਘਰਸ਼ ਤੋਂ ਸਿਵਾਏ ਕੋਈ ਚਾਰਾ ਨਹੀਂ ਰਹਿ ਜਾਂਦਾ। ਆਗੂਆਂ ਕਿਹਾ ਕਿ ਹਾਕਮਾਂ ਨੂੰ ਕੰਧ ਤੇ ਲਿਖੇ ਲੋਕ ਸੰਘਰਸ਼ਾਂ ਦੇ ਇਤਿਹਾਸ ਨੂੰ ਪੜ੍ਹ ਲੈਣਾ ਚਾਹੀਦਾ ਹੈ। ਕਿ ਜਬਰ ਤਸੱਦਦ ਨਾਲ ਸੰਘਰਸ਼ ਨੂੰ ਦਬਾਇਆ ਨਹੀਂ ਜਾ ਸਕਦਾ। ਸਗੋਂ ਪੁਲਿਸ ਦੀਆਂ ਡਾਂਗਾਂ ਲੋਕ ਸੰਘਰਸ਼ਾਂ ਦੀ ਖੁਰਾਕ ਬਣ ਜਾਇਆ ਕਰਦੀਆਂ ਹਨ। ਹੁਣ ਵੀ ਅਜਿਹਾ ਹੀ ਵਾਪਰੇਗਾ। ਹਕੂਮਤ ਲੱਖ ਜਬਰ ਢਾਹ ਲਵੇ, ਝੋਨੇ ਦੀ ਖਰੀਦ ਯਕੀਨੀ ਬਨਾਉਣ ਲਈ ਸੰਘਰਸ਼ ਹੋਰ ਤੇਜ਼ ਹੋਵੇਗਾ।