ਆਈਈਏਟੀ ਸਪੈਸ਼ਲ ਬੀਐੱਡ ਪਾਸ ਐਜੂਕੇਸ਼ਨ ਯੂਨੀਅਨ ਵੱਲੋਂ ਜਿਮਨੀ ਚੋਣਾਂ ‘ਚ ਮਾਨ ਸਰਕਾਰ ਦੇ ਵਿਰੋਧ ਦਾ ਐਲਾਨ
ਪੰਜਾਬ ਨੈੱਟਵਰਕ, ਰਾਏਕੋਟ:
ਸਾਲ 2023 ‘ਚ ਆਈਈ ਵਲੰਟੀਅਰਾਂ ਤੋਂ ਕਾਗਜੀ ਪੱਕੇ ਕੀਤੇ ਆਈਈਏਟੀ ਅਧਿਆਪਕਾਂ ਚੋਂ ਸਪੈਸ਼ਲ ਬੀਐੱਡ ਪਾਸ ਅਧਿਆਪਕਾਂ ਵੱਲੋਂ ਸੂਬੇ ਦੀਆਂ ਹੋ ਰਹੀਆਂ ਜਿਮਨੀ ਚੋਣਾਂ ‘ਚ ਸਰਕਾਰ ਦਾ ਵਿਰੋਧ ਕਰਨ ਦਾ ਫੈਸਲਾ ਕੀਤਾ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਸੂਬਾ ਪ੍ਰਧਾਨ ਨਾਮਪ੍ਰੀਤ ਸਿੰਘ, ਮੀਤ ਪ੍ਰਧਾਨ ਨਰਿੰਦਰ ਸਿੰਘ ਤੇ ਕਨਵੀਨਰ ਮੈਡਮ ਆਸ਼ਾ ਰਾਣੀ ਨੇ ਕਿਹਾ ਕਿ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਤੇ ਸੂਬਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਆਪ ਸਰਕਾਰ ਆਉਣ ਤੋਂ ਪਹਿਲਾਂ ਆਈਈ ਵਲੰਟੀਅਰਾਂ ਨਾਲ ਇਹ ਵਾਅਦਾ ਕੀਤਾ ਸੀ ਕਿ ਸਰਕਾਰ ਬਣਾਉਣ ਲਈ ਸਾਥ ਦਿਓ ਤੇ ਤੁਹਾਡੀ ਯੋਗਤਾ ਮੁਤਾਬਕ ਤੁਹਾਨੂੰ ਪੱਕੇ ਕੀਤਾ ਜਾਵੇਗਾ ਪਰ ਅਫਸੋਸ ਕਿ ਮੁੱਖ ਮੰਤਰੀ ਮਾਨ ਵੱਲੋਂ ਆਪਣਾ ਵਾਅਦਾ ਨਾ ਪੁਗਾਕੇ ਮੁਲਾਜ਼ਮਾਂ ਵਰਗ ਨਾਲ ਧੋਖਾ ਕੀਤਾ ਹੈ।
ਉਨ੍ਹਾਂ ਕਿਹਾ ਕਿ ਪਿਛਲੇ ਸਾਲ ਭਾਵੇਂ ਆਪ ਸਰਕਾਰ ਨੇ ਸਾਨੂੰ ਪੱਕੇ ਕਰਨ ਦੇ ਨਾਅ ਤੇ ਨਿਯੁਕਤੀ ਆਰਡਰ ਦੇ ਦਿੱਤੇ ਸਨ ਪਰ ਸਾਡੀ ਵਿੱਦਿਅਕ ਯੋਗਤਾ ਜਿਸ ਵਿੱਚ ਸਪੈਸ਼ਲ ਬੀਐੱਡ, ਈਟੀਟੀ, ਐੱਨਟੀਟੀ, ਬੀਐੱਡ, ਈਟੀਟੀ ਨੂੰ ਅੱਖੋਂ ਪਰੋਖੇ ਕਰਕੇ ਸਿਰਫ ਬਾਰਵੀਂ ਹੀ ਮੰਨਕੇ ਤਨਖਾਹ ਦਿੱਤੀ ਜਾ ਰਹੀ ਹੈ ਜਦਕਿ ਬਾਰਵੀਂ ਤੋਂ ਬਾਅਦ ਦੀ ਵਿੱਦਿਅਕ ਯੋਗਤਾ ਤੇ ਸਾਡੇ ਤਜਰਬੇ ਨੂੰ ਲਾਂਬੇ ਕਰ ਦਿੱਤਾ ਹੈ।
ਉਨ੍ਹਾਂ ਅੱਗੇ ਕਿਹਾ ਕਿ ਇਸ ਸਬੰਧੀ ਉਹਨਾਂ ਦੀ ਯੂਨੀਅਨ ਵੱਲੋਂ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨਾਲ ਵੀ ਮੀਟਿੰਗ ਕਰਕੇ ਸਾਰੇ ਮਸਲੇ ਬਾਰੇ ਦੱਸਿਆ ਗਿਆ ਸੀ ਕਿ ਸਾਡੀ ਵਿੱਦਿਅਕ ਯੋਗਤਾ ਨੂੰ ਜੋੜਿਆ ਜਾਵੇ ਤਾਂ ਜੋ ਸਾਨੂੰ ਬਣਦਾ ਲਾਭ ਮਿਲ ਸਕੇ ਪਰ ਉਨ੍ਹਾਂ ਵੱਲੋਂ ਵੀ 2 ਮਹੀਨੇ ਬੀਤਣ ਤੋਂ ਬਾਅਦ ਕੋਈ ਕਾਰਵਾਈ ਅਮਲ ‘ਚ ਨਹੀਂ ਲਿਆਂਦੀ ਗਈ ਹੈ।
ਉਨ੍ਹਾਂ ਅੱਗੇ ਕਿਹਾ ਕਿ 13 ਨਵੰਬਰ ਨੂੰ ਹੋਣ ਜਾ ਰਹੀਆਂ ਜਿਮਨੀ ਚੋਣਾਂ ਤੋਂ ਪਹਿਲਾਂ ਆਪ ਸਰਕਾਰ ਖਿਲਾਫ ਰੈਲੀਆਂ ਤੇ ਲਾਊਡ ਸਪੀਕਰਾਂ ਤੇ ਬੈਨਰਾਂ ਨਾਲ ਜਿੱਥੇ ਵਿਰੋਧ ਕੀਤਾ ਜਾਵੇਗਾ ਉੱਥੇ ਸਰਕਾਰ ਦੀਆਂ ਮੁਲਾਜ਼ਮ ਵਰਗ ਪ੍ਰਤੀ ਮਾਰੂ ਚਾਲਾਂ ਤੇ ਪਿੰਡ ਵਾਸੀਆਂ ਨੂੰ ਜਾਗਰੂਕ ਕੀਤਾ ਜਾਵੇਗਾ।