PSPCL ਦੇ ਠੇਕਾ ਮੁਲਾਜ਼ਮਾਂ ਨਾਲ ਕੈਬਨਿਟ ਮੰਤਰੀਆਂ ਦੀ ਅਹਿਮ ਮੀਟਿੰਗ, ਜਾਣੋ ਕੀ ਮਿਲਿਆ ਭਰੋਸਾ
ਠੇਕਾ ਕਾਮਿਆਂ ਨਾਲ ਮੰਗਾਂ ਨੂੰ ਲੈ ਕੇ ਵਿੱਤ ਵਿਭਾਗ ਮੰਤਰੀ ਤੇ ਬਿਜਲੀ ਮੰਤਰੀ ਦੀ ਪ੍ਰਧਾਨਗੀ ਹੇਠ ਸਮੇਤ ਕੈਬਨਿਟ ਮੰਤਰੀਆਂ ਨਾਲ ਪੰਜਾਬ ਭਵਨ ਵਿਖੇ ਹੋਈ ਮੀਟਿੰਗ
ਮੀਟਿੰਗ ਵਿਚ ਕਾਮਿਆਂ ਦੀਆਂ ਮੰਗਾਂ ਨੂੰ ਹੱਲ ਕਰਨ ਦਾ ਭਰੋਸਾ’ ਕਾਮਿਆਂ ਦੀ ਜਥੇਬੰਦੀ ਵੱਲੋਂ ਸੰਘਰਸ਼ ਜਾਰੀ ਰੱਖਣ ਦਾ ਫੈਸਲਾ’ ਹੋਏ ਫੈਸਲੇ ਨੂੰ ਲਿਖਤੀ ਜਾਰੀ ਕਰੇ ਮੈਨੇਜਮੈਂਟ:-ਆਗੂ
ਜੇ ਮੰਨੀਆਂ ਮੰਗਾਂ ਦਾ ਲਿਖਤੀ ਪੱਤਰ ਜਾਰੀ ਨਹੀਂ ਹੁੰਦਾ ਤਾਂ, 25 ਅਕਤੂਬਰ ਨੂੰ ਪਾਵਰਕੌਮ ਦੇ ਮੁੱਖ ਦਫਤਰ ਅੱਗੇ ਰੋਸ ਧਰਨਾ ਦੇਣ ਦਾ ਫੈਸਲਾ
ਪੰਜਾਬ ਨੈੱਟਵਰਕ, ਚੰਡੀਗੜ੍ਹ/ਮੋਹਾਲੀ
ਪਾਵਰ ਕਾਮ ਐਂਡ ਟਰਾਂਸਕੋਂ ਠੇਕਾ ਮੁਲਾਜ਼ਮ ਯੂਨੀਅਨ ਪੰਜਾਬ ਵੱਲੋਂ ਮੰਗਾਂ ਨੂੰ ਲੈ ਕੇ ਚੱਲ ਰਹੇ ਸੰਘਰਸ਼ ਦੌਰਾਨ ਅੱਜ ਕੈਬਨਿਟ ਮੰਤਰੀ ਹਰਪਾਲ ਸਿੰਘ ਚੀਮਾ, ਬਿਜਲੀ ਮੰਤਰੀ ਹਰਭਜਨ ਸਿੰਘ ਈਟੀਓ ਸਮੇਤ ਕੈਬਿਨਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਅਤੇ ਮੰਤਰੀ ਅਮਨ ਅਰੋੜਾ ਸਮੇਤ ਪਾਵਰ ਕੌਮ ਦੇ ਪਾਵਰ ਸੈਕਟਰੀ ਅਤੇ ਪਾਵਰਕਾਮ ਚੇਅਰਮੈਨ ਸਮੇਤ ਪਾਵਰਕੌਮ ਡਾਇਰੈਕਟਰ ਅਤੇ ਕਿਰਤ ਵਿਭਾਗ ਤੋਂ ਅਧਿਕਾਰੀਆਂ ਨਾਲ ਪੰਜਾਬ ਭਵਨ ਚੰਡੀਗੜ੍ਹ ਸੈਕਟਰ-3 ਵਿਖੇ ਮੀਟਿੰਗ ਹੋਈ। ਪਰ ਮੀਟਿੰਗ ਵਿੱਚ ਕਿਰਤ ਮੰਤਰੀ ਗੈਰ ਹਾਜ਼ਰ ਹੋਣ ਕਾਰਨ ਜਥੇਬੰਦੀ ਆਗੂਆਂ ਵੱਲੋਂ ਇਤਰਾਜ ਵੀ ਜਤਾਇਆ ਗਿਆ।
ਮੀਟਿੰਗ ਦੀ ਜਾਣਕਾਰੀ ਦਿੰਦਿਆਂ ਸੂਬਾ ਪ੍ਰਧਾਨ ਬਲਿਹਾਰ ਸਿੰਘ ਸੂਬਾ ਸਹਾਇਕ ਸਕੱਤਰ ਟੇਕ ਚੰਦ ਸੂਬਾ ਦਫ਼ਤਰੀ ਸਕੱਤਰ ਸ਼ੇਰ ਸਿੰਘ ਥਿੰਦ ਸਰਕਲ ਪ੍ਰਧਾਨ ਗੁਰਮੀਤ ਸਿੰਘ ਡਵੀਜ਼ਨ ਪ੍ਰਧਾਨ ਜਸਵਿੰਦਰ ਸਿੰਘ ਸਲਿੰਦਰ ਸਿੰਘ ਸੂਬਾ ਪ੍ਰੈੱਸ ਸਕੱਤਰ ਇੰਦਰਪ੍ਰੀਤ ਸਿੰਘ ਨੇ ਦੱਸਿਆ ਕਿ ਅੱਜ ਚਾਰੋਂ ਕੈਬਨਟ ਮੰਤਰੀਆਂ ਸਮੇਤ ਪਾਵਰਕੋਮ ਮੈਨੇਜਮੈਂਟ ਅਧਿਕਾਰੀਆਂ ਨਾਲ ਚਰਚਾ ਕਰਦਿਆਂ ਮੰਗਾਂ ਉੱਤੇ ਮੰਗ ਕੀਤੀ ਕਿ ਬਿਜਲੀ ਅਦਾਰੇ ਅੰਦਰੋਂ ਨਿੱਜੀਕਰਨ ਦੀ ਨੀਤੀ ਨੂੰ ਰੱਦ ਕਰਨ ਸਮੇਤ ਪਾਵਰ ਕਾਮ ਸੀਐਚਬੀ ਤੇ ਡਬਲਿਉ ਤੇ ਸੀ ਐਚ ਐਚ ਕਾਮਿਆਂ ਨੂੰ ਸਿੱਧਾ ਵਿਭਾਗ ਵਿੱਚ ਸ਼ਾਮਿਲ ਕਰਨ ਸਮੇਤ ਘੱਟੋ ਘੱਟ ਗੁਜ਼ਾਰੇ ਯੋਗ ਤਨਖਾਹ ਨਿਸ਼ਚਿਤ ਕਰਨ।
ਬਿਜਲੀ ਦਾ ਕਰੰਟ ਲੱਗਣ ਕਾਰਨ ਮੌਤ ਦੇ ਮੂੰਹ ਪਏ ਕਾਮਿਆਂ ਦੇ ਪਰਿਵਾਰ ਨੂੰ ਮੁਆਵਜ਼ਾ ਪੱਕੀ ਨੌਕਰੀ ਪੱਕੀ ਪੈਨਸ਼ਨ ਦਾ ਪ੍ਰਬੰਧ ਕਰਨ, ਠੇਕੇਦਾਰ ਕੰਪਨੀਆਂ ਵੱਲੋਂ ਠੇਕਾ ਕਾਮਿਆਂ ਦਾ ਕੀਤਾ ਕਰੋੜਾਂ ਅਰਬਾਂ ਰੁਪਇਆ ਘਪਲੇ ਦਾ ਬਕਾਇਆ ਜਾਰੀ ਕਰਨ, ਠੇਕਾ ਕਾਮਿਆਂ ਦੀਆਂ ਦੂਰ ਦੁਰਾਡੇ ਬਦਲੀਆਂ ਨੂੰ ਰੱਦ ਕਰਨ, ਬਿਨਾਂ ਪ੍ਰਬੰਧਾਂ ਤੋਂ ਐਚਟੀ ਦਾ ਕੰਮ ਨਾ ਲੈਣ ਸਮੇਤ ਤਮਾਮ ਮੰਗ ਪੱਤਰ ਵਿੱਚ ਦਰਜ ਮੰਗਾਂ ਉੱਤੇ ਚਰਚਾ ਹੋਈ।
ਮੀਟਿੰਗ ਵਿੱਚ ਮੰਗਾਂ ਮਸਲਿਆਂ ਨੂੰ ਜਾਇਜ਼ ਠਹਿਰਾਉਂਦੇ ਹੋਏ ਕੈਬਿਨਟ ਮੰਤਰੀਆਂ ਅਤੇ ਪਾਵਰਕੌਮ ਅਧਿਕਾਰੀਆਂ ਵੱਲੋਂ ਮੰਗਾਂ ਨੂੰ ਹੱਲ ਕਰਨ ਦਾ ਭਰੋਸਾ ਦਿੱਤਾ ਗਿਆ। ਜਥੇਬੰਦੀ ਵੱਲੋਂ ਫੈਸਲਾ ਕੀਤਾ ਗਿਆ ਕਿ ਜਦੋਂ ਤੱਕ ਕਾਮਿਆਂ ਦੀਆਂ ਮੰਗਾਂ ਨੂੰ ਲੈ ਕੇ ਮੰਗਾਂ ਦਾ ਹੱਲ ਅਤੇ ਲਿਖਤੀ ਪੱਤਰ ਜਾਰੀ ਨਹੀਂ ਹੁੰਦਾ ਉਦੋਂ ਤੱਕ ਸੰਘਰਸ਼ ਜਾਰੀ ਰੱਖਿਆ ਜਾਵੇਗਾ । ਮਿਤੀ 23 ਅਕਤੂਬਰ 2024 ਨੂੰ ਮੋਹਾਲੀ ਵਿਖੇ ਦਿੱਤਾ ਜਾਣ ਵਾਲਾ ਧਰਨਾ ਮਿਤੀ 25 ਅਕਤੂਬਰ 2024 ਨੂੰ ਪਾਵਰਕੋਂਮ ਦੇ ਮੁੱਖ ਦਫਤਰ ਅੱਗੇ ਲਗਾਤਾਰ ਧਰਨਾ ਦੇਣ ਦਾ ਫੈਸਲਾ ਕੀਤਾ ਗਿਆ।