ਸਰਕਾਰੀ ਸਕੂਲ ‘ਚ AAP ਵਿਧਾਇਕ ਦੀ ‘ਆਓ ਭਗਤ’ ਨਾ ਹੋਣ ‘ਤੇ ਅਧਿਆਪਕਾਂ ਨੂੰ ਨੋਟਿਸ ਕੱਢਣ ਦੀ ਗੌਰਮਿੰਟ ਟੀਚਰਜ਼ ਯੂਨੀਅਨ (ਵਿਗਿਆਨਿਕ) ਵੱਲੋਂ ਨਿਖੇਧੀ
ਪੰਜਾਬ ਨੈੱਟਵਰਕ, ਚੰਡੀਗੜ੍ਹ-
ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ(ਵਿਗਿਆਨਿਕ) ਦੇ ਪ੍ਰਧਾਨ ਨਵਪ੍ਰੀਤ ਬੱਲੀ, ਜਨਰਲ ਸਕੱਤਰ ਸੁਰਿੰਦਰ ਕੰਬੋਜ, ਵਿੱਤ ਸਕੱਤਰ ਸੋਮ ਸਿੰਘ ਅਤੇ ਪ੍ਰੈਸ ਸਕੱਤਰ ਐੱਨ.ਡੀ.ਤਿਵਾੜੀ ਨੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਵਲੋਂ ਸਰਕਾਰੀ ਪ੍ਰਾਇਮਰੀ ਸਕੂਲ ਗੋਦਾਰਾ, ਬਲਾਕ ਜੈਤੋ (ਫਰੀਦਕੋਟ) ਦੇ ਅਧਿਆਪਕਾਂ ਨੂੰ ਕਾਰਨ ਦੱਸੋ ਨੋਟਿਸ ਜਾਰੀ ਕਰਨ ਦੀ ਸਖ਼ਤ ਸ਼ਬਦਾਂ ਵਿਚ ਨਿਖੇਧੀ ਕੀਤੀ ਹੈ।
ਨੋਟਿਸ ਵਿਚ ਅਧਿਆਪਕਾਂ ’ਤੇ ਜੈਤੋ ਦੇ ਵਿਧਾਇਕ ਅਮੋਲਕ ਸਿੰਘ ਵਲੋਂ ਸਕੂਲ ਅਚਨਚੇਤ ਵਿਜਟ ਦੌਰਾਨ ਅਧਿਆਪਕਾਵਾਂ ਤੇ ਦੋਸ਼ ਲਗਾਏ ਗਏ ਹਨ ਕਿ ਜਮਾਤ ਕਮਰਿਆਂ ਤੋਂ ਬਾਹਰ ਆਕੇ ਵਿਧਾਇਕ ਨੂੰ ਰਸੀਵ ਨਹੀਂ ਕੀਤਾ ਅਤੇ ਵੀ. ਆਈ. ਪੀ. ਸਹੂਲਤ ਨਾ ਮਿਲਣ ਦੀ ਸ਼ਿਕਾਇਤ ਵਿਧਾਨ ਸਭਾ ਦੇ ਸਪੀਕਰ ਨੂੰ ਕੀਤੀ ਗਈ ਹੈ।
ਆਗੂਆਂ ਨੇ ਕਿਹਾ ਕਿ ਵੀ. ਆਈ. ਪੀ. ਕਲਚਰ ਦਾ ਵਿਰੋਧ ਕਰਕੇ ਸੱਤਾ ਵਿਚ ਆਈ ਸਰਕਾਰ ਦੇ ਵਿਧਾਇਕ ਤੇ ਮੰਤਰੀ ਹੁਣ ਆਪ ਸੁਪਰ ਵੀ. ਆਈ. ਪੀ. ਕਲਚਰ ਦਾ ਸ਼ਿਕਾਰ ਹੋ ਗਏ ਹਨ ਅਤੇ ਸਕੂਲਾਂ ਤੇ ਹੋਰ ਸੰਸਥਾਨਾਂ ਵਿਚ ਵੀ. ਆਈ. ਪੀ. ਟ੍ਰੀਟਮੈਂਟ ਭਾਲਦੇ ਹਨ। ਉਨ੍ਹਾਂ ਕਿਹਾ ਕਿ ਸਕੂਲਾਂ ਵਿਚ ਅਧਿਆਪਕਾਂ ਦਾ ਕੰਮ ਬੱਚਿਆਂ ਨੂੰ ਸਿੱਖਿਆ ਦੇਣਾ ਹੈ ਨਾ ਕਿ ਕਿਸੇ ਦੇ ਸਵਾਗਤ ਲਈ ਸੜਕ ’ਤੇ ਖੜਨਾ।
ਉਨ੍ਹਾਂ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਅਗਰ ਕਿਸੇ ਵੀ ਅਧਿਆਪਕ ’ਤੇ ਕੋਈ ਕਾਰਵਾਈ ਕੀਤੀ ਗਈ ਤਾਂ ਜਥੇਬੰਦੀ ਵਲੋਂ ਇਸ ਦਾ ਡੱਟਵਾਂ ਵਿਰੋਧ ਕੀਤਾ ਜਾਵੇਗਾ ਅਤੇ ਸਬੰਧਤ ਵਿਧਾਇਕ ਅਤੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਦਾ ਘਿਰਾਓ ਕੀਤਾ ਜਾਵੇਗਾ।
ਇਸ ਮੌਕੇ ਤੇ ਜਥੇਬੰਦੀ ਦੇ ਆਗੂ ਕੰਵਲਜੀਤ ਸੰਗੋਵਾਲ, ਪਰਗਟ ਸਿੰਘ ਜੰਬਰ, ਬਿਕਰਮਜੀਤ ਸਿੰਘ ਸ਼ਾਹ, ਸੁੱਚਾ ਸਿੰਘ ਚਾਹਲ, ਗੁਰਜੀਤ ਸਿੰਘ ਮੋਹਾਲੀ, ਲਾਲ ਚੰਦ, ਜਗਤਾਰ ਸਿੰਘ ਖਮਾਣੋਂ, ਗੁਰਮੀਤ ਸਿੰਘ ਖਾਲਸਾ, ਰਮਨ ਕੁਮਾਰ ਗੁਪਤਾ, ਜੰਗਬਹਾਦਰ ਸਿੰਘ ਫਰੀਦਕੋਟ, ਹਰਿੰਦਰਜੀਤ ਸਿੰਘ ਅੰਮ੍ਰਿਤਸਰ, ਬਲਵੀਰ ਸਿੰਘ ਅਤੇ ਜਰਨੈਲ ਜੰਡਾਲੀ ਨੇ ਵੀ ਵਿਧਾਨ ਸਭਾ ਦੇ ਸਪੀਕਰ ਵੱਲੋਂ ਜੋ ਅਧਿਆਪਕਾਂ ਨੂੰ ਨੋਟਿਸ ਜਾਰੀ ਕੀਤਾ ਹੈ, ਉਸ ਦੀ ਸਖਤ ਸ਼ਬਦਾਂ ਵਿੱਚ ਨਿਖੇਧੀ ਕੀਤੀ।