All Latest NewsNews FlashPunjab News

ਵੋਟਾਂ ਰਾਹੀਂ ਵਿਦਿਆਰਥੀ-ਆਗੂਆਂ ਦੀ ਚੋਣ; ਹਰ ਹਫ਼ਤੇ ਜੁੜੇਗੀ ਵਿਦਿਆਰਥੀ-ਪਾਰਲੀਮੈਂਟ

 

ਸੀਬਾ ਸਕੂਲ ‘ਚ 26 ਜਮਾਤ-ਲੀਡਰ ‘ਸਰਬ-ਸੰਮਤੀ’ ਨਾਲ ਚੁਣੇ ਗਏ, ਲੋਕਤੰਤਰ ਦੀ ਮੁੱਢਲੀ ਸਿਖਲਾਈ ਲਈ ਕੀਤਾ ਉਪਰਾਲਾ

ਦਲਜੀਤ ਕੌਰ, ਲਹਿਰਾਗਾਗਾ

ਲੋਕਤੰਤਰ ਦੀ ਮੁੱਢਲੀ ਸਿਖਲਾਈ ਲਈ ਸੀਬਾ ਇੰਟਰਨੈਸ਼ਨਲ ਸਕੂਲ, ਲਹਿਰਾਗਾਗਾ ਦੀ ਵਿਦਿਆਰਥੀ-ਪਾਲੀਮੈਂਟ ਲਈ ਕਰਵਾਈਆਂ ਚੋਣਾਂ ਦੌਰਾਨ ਸਕੂਲ ਹੈੱਡ-ਬੁਆਏ, ਹੈੱਡ-ਗਰਲ, ਕਲਾਸ-ਲੀਡਰ ਦੇ ਨਾਲ-ਨਾਲ ਖੇਡਾਂ, ਅਨੁਸ਼ਾਸਨ ਅਤੇ ਸੱਭਿਆਚਾਰਕ ਗਤੀਵਿਧੀਆਂ ਲਈ ਆਗੂਆਂ ਦੀ ਚੋਣ ਕੀਤੀ ਗਈ। ਇਸ ਚੋਣ-ਪ੍ਰਕਿਰਿਆ ਵਿੱਚ ਬਕਾਇਦਾ ਚੋਣ-ਨਿਸ਼ਾਨ, ਬੈਲਟ-ਪੇਪਰ, ਆਦਿ ਦਾ ਪ੍ਰਬੰਧ ਕੀਤਾ ਗਿਆ।

ਉਮੀਦਵਾਰਾਂ ਦੇ ਫਾਰਮ ਭਰਨ ਲਈ ਬਕਾਇਦਾ ਨਿਯਮ ਬਣਾਏ ਗਏ ਸਨ ਅਤੇ ਪਰਚੀ ਪਾ ਕੇ ਚੋਣ-ਨਿਸ਼ਾਨ ਵੰਡੇ ਗਏ। ਵਿਦਿਆਰਥੀਆਂ ਅੰਦਰ ਵੋਟਾਂ ਲਈ ਐਨਾ ਉਤਸ਼ਾਹ ਸੀ ਕਿ ਉਮੀਦਵਾਰਾਂ ਨੇ ਆਪਣੇ ਸਮਰਥਕਾਂ ਨੂੰ ਵੋਟਾਂ ਲਈ ਨਿਰਧਾਰਤ ਦਿਨ ਗੈਰ-ਹਾਜ਼ਰ ਨਾ ਰਹਿਣ ਲਈ ਪ੍ਰੇਰਿਆ।

ਇਸ ਸਮੇਂ ਹੈੱਡ-ਗਰਲ ਬਣੀ ਅਵਨੀਤ ਕੌਰ ਰਾਮਪੁਰਾ ਜਵਾਹਰਵਾਲ਼ਾ ਨੂੰ 259, ਜਦੋੰ ਕਿ ਉਸਦੇ ਮੁਕਾਬਲੇ ਚੋਣ ਲੜ ਰਹੀਆਂ ਹਰਸਿਮਰਤ ਕੌਰ ਗਾਗਾ ਨੂੰ 171 ਅਤੇ ਦਮਨਪ੍ਰੀਤ ਕੌਰ ਨੂੰ 150 ਵੋਟਾਂ ਮਿਲੀਆਂ। ਹੈੱਡ-ਬੁਆਏ ਦੀ ਪੋਸਟ ਲਈ ਕਰਨਦੀਪ ਸਿੰਘ ਮੋਜਵਾਲ ਨੂੰ 385 ਅਤੇ ਉਸਦੇ ਮੁਕਾਬਲੇ ਦੇ ਉਮੀਦਵਾਰ ਜਸਕਰਨ ਸਿੰਘ ਚੀਮਾਂ ਨੂੰ 196 ਵੋਟਾਂ ਮਿਲੀਆਂ।

ਡਸਿਪਲਿਨ-ਲੀਡਰ ਲਈ ਸ਼ਗਨਪ੍ਰੀਤ ਕੌਰ ਜਵਾਹਰਵਾਲ਼ਾ ਨੇ 166 ਵੋਟਾਂ ਹਾਸਿਲ ਕਰਕੇ ਜਿੱਤ ਹਾਸਿਲ ਕੀਤੀ, ਜਦੋਂਕਿ ਜਸਪ੍ਰੀਤ ਕੌਰ ਸੰਗਤਪੁਰਾ ਨੂੰ 104 ਅਤੇ ਖ਼ੁਸ਼ਦੀਪ ਕੌਰ ਨੂੰ 88 ਵੋਟਾਂ ਮਿਲੀਆਂ। ਜਦੋਂਕਿ ਦਿਪਾਂਸ਼ੂ ਸੰਗਤਪੁਰਾ ਸਪੋਰਟਸ-ਲੀਡਰ ਅਤੇ ਸਮਨਪ੍ਰੀਤ ਕੌਰ ਵਿਰਕ ਨੂੰ ਸੱਭਿਆਚਾਰਕ-ਲੀਡਰ ਵਜੋਂ ਸਰਬ-ਸੰਮਤੀ ਨਾਲ ਚੁਣੇ ਗਏ।

26 ਜਮਾਤਾਂ ਦੇ ਲੀਡਰਾਂ ਦੀ ਚੋਣ ਵੀ ਸਰਬ-ਸੰਮਤੀ ਨਾਲ ਹੋਈ। ਜਦੋਂਕਿ 23 ਕਲਾਸਾਂ ਦੇ ਲੀਡਰਾਂ ਲਈ ਹੋਈ ਚੋਣ ਦੌਰਾਨ ਫਸਵੇਂ-ਮੁਕਾਬਲੇ ਵੇਖਣ ਨੂੰ ਮਿਲੇ। ਫੈਸਲਾ ਕੀਤਾ ਗਿਆ ਕਿ ਹਰ ਸੋਮਵਾਰ ਵਿਦਿਆਰਥੀ-ਪਾਰਲੀਮੈਂਟ ਦੌਰਾਨ ਇਹ ਲੀਡਰ ਵੱਖ-ਵੱਖ ਮਸਲਿਆਂ ‘ਤੇ ਵਿਚਾਰ-ਚਰਚਾ ਕਰਿਆ ਕਰਨਗੇ।

ਜੇਤੂ ਉਮੀਦਵਾਰਾਂ ਨੇ ਆਪਣੀ ਜਿੱਤ ਲਈ ਸਾਰੇ ਵਿਦਿਆਰਥੀਆਂ ਦਾ ਧੰਨਵਾਦ ਕੀਤਾ। ਸੀਬਾ ਚੋਣ-ਕਮਿਸ਼ਨ ਵਜੋਂ ਰਣਦੀਪ ਸੰਗਤਪੁਰਾ, ਪਿੰਕੀ ਸ਼ਰਮਾ, ਆਸ਼ਾ ਗੋਇਲ, ਮਨਪ੍ਰੀਤ ਕੌਰ, ਬੇਅੰਤ ਕੌਰ ਅਤੇ ਰਾਜਵਿੰਦਰ ਕੌਰ ਨੇ ਡਿਊਟੀ ਨਿਭਾਈ। ਸਕੂਲ-ਪ੍ਰਬੰਧਕ ਕੰਵਲਜੀਤ ਸਿੰਘ ਢੀਂਡਸਾ, ਮੈਡਮ ਅਮਨ ਢੀਂਡਸਾ, ਪ੍ਰਿੰਸੀਪਲ ਸੁਨੀਤਾ ਨੰਦਾ ਨੇ ਚੁਣੇ ਗਏ ਵਿਦਿਆਰਥੀ-ਆਗੂਆਂ ਨੂੰ ਵਧੇਰੇ ਜਿੰਮੇਵਾਰੀ ਨਾਲ ਕੰਮ ਕਰਨ ਲਈ ਪ੍ਰੇਰਿਤ ਕੀਤਾ।

 

Leave a Reply

Your email address will not be published. Required fields are marked *